ਛੋਟੇ ਹੁੰਦਿਆਂ ਮੇਰਾ ਬਾਬਾ (ਦਾਦਾ ਜੀ) ਇਕ ਬਾਤ ਸੁਣਾਇਆ ਕਰਦਾ ਸੀ, ਜਿਸ ਵਿਚ ਇਕ ਰਾਖਸ਼ ਤੋਂ ਡਰਦੇ ਸਾਰਾ ਸ਼ਹਿਰ ਖਾਲੀ ਹੋ ਗਿਆ ਅਤੇ ਉਸ ਸ਼ਹਿਰ ਵਿਚ ਇਕ ਪ੍ਰਦੇਸੀ, ਉਸੇ ਰਾਖਸ਼ ਦੇ ਘਰ ਪਹੁੰਚ ਗਿਆ ਅਤੇ ਉਸ ਦੀ ਧੀ ਨੇ ਆਦਮ ਜਾਤ ਵੇਖ ਕੇ ਉਸ ਨੂੰ ਸਤਿਕਾਰ ਦਿੱਤਾ ਅਤੇ ਉਸ ਦੀ ਮਹਿਮਾਨ ਨਿਵਾਜੀ ਕੀਤੀ। ਜਦ ਰਾਖਸ਼ ਸ਼ਹਿਰ ਦੀ ਜੂਹ ਵਿਚ ਵੜ੍ਹਿਆ ਉਸ ਨੂੰ ਆਦਮੀ ਦਾ ਪਤਾ ਲੱਗ ਗਿਆ ਅਤੇ ਉਹ ਆਦਮ ਬੋਅ ਆਦਮ ਬੋਅ ਕਰਦਾ ਘਰ ਆ ਵੜਿਆ ਅਤੇ ਉਸ ਕੁੜੀ ਨੇ ਚਲਾਕੀ ਨਾਲ ਉਸ ਬੰਦੇ ਨੂੰ ਇਕ ਕੋਠੜੀ ਵਿਚ ਬੰਦ ਕਰ ਦਿੱਤਾ ਅਤੇ ਰਾਖਸ਼ ਨਾਲ ਇੱਧਰ ਉਧਰ ਦੀਆਂ ਗੱਲਾਂ ਕਰਕੇ ਉਸ ਦੀ ਜਾਨ ਬਚਾ ਲਈ। ਜਦੋਂ ਮੇਲਿਆਂ ਵਿਚ ਲੋਕ ਢਾਡੀ ਮਿਰਜ਼ੇ ਦੀਆਂ ਕਲੀਆਂ ਗਾਉਂਦੇ ਹੁੰਦੇ ਸੀ ਤਾਂ ਉਹ ਮਿਰਜ਼ੇ ਦੇ ਜੰਡ ਹੇਠ ਵੱਢੇ ਜਾਣ ਦੇ ਦ੍ਰਿਸ਼ ਦਾ ਵਰਨਣ ਕਰਨ ਵੇਲੇ ਇਕ ਗੱਲ ਜ਼ਰੂਰ ਕਹਿੰਦੇ ਕਿ ਉਸ ਵੇਲੇ ਜੰਡ ਤੇ ਕਲਜੋਗਣਾ ਦਾ ਪਹਿਰਾ ਸੀ ਜਿਸ ਕਰਕੇ ਨਿਹੱਥਾ ਮਿਰਜ਼ਾ ਸਹਿਬਾਂ ਦੇ ਭਰਾਵਾਂ ਹੱਥੋਂ ਮਾਰਿਆ ਗਿਆ। ਭਾਵੇਂ ਮਿਰਜ਼ੇ ਨੇ ਅਪਰਾਧ ਕੀਤਾ ਸੀ ਪਰ ਉਹ ਮੌਤ ਦਾ ਅਧਿਕਾਰੀ ਨਹੀਂ ਸੀ ਜੋ ਉਸ ਨੂੰ ਕਲਜੋਗਣਾ ਦੇ ਪਹਿਰੇ ਕਾਰਨ ਮਿਲੀ।
ਇਕ ਰਾਖਸ਼ ਦੀ ਧੀ ਨੇ ਭਾਵੇਂ ਇਕ ਪ੍ਰਦੇਸੀ ਆਦਮੀ ਦੀ ਜਾਨ ਬਚਾ ਲਈ ਸੀ ਪਰ ਸਹਿਬਾਂ ਆਪਣੇ ਭਰਾਵਾਂ ਤੋਂ ਮਿਰਜ਼ੇ ਨੂੰ ਨਹੀਂ ਬਚਾ ਸਕੀ। ਕਲਜੋਗਣਾ ਦਾ ਪਹਿਰਾ ਸ਼ਾਇਦ ਬਹੁਤ ਭਾਰੀ ਸੀ।
ਜਦੋਂ ਸੰਨ 1982 ਵਿਚ ਪੰਜਾਬੀ ਦੇ ਸਿਰਮੌਰ ਨਾਵਲਕਾਰ ਅਜਮੇਰ ਸਿੰਘ ਔਲਖ ਦਾ ਨਕਸਲਬਾੜੀ ਲਹਿਰ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਲਿਖਿਆ ਨਾਟਕ ‘ਭੱਠ ਖੇੜਿਆਂ ਦਾ ਰਹਿਣਾ’ ਤਿਆਰ ਕਰਨ ਲੱਗੇ ਤਾਂ ਮੈਨੂੰ ਬਾਬੇ ਦੀ ਰਾਖਸ਼ ਵਾਲੀ ਬਾਤ ਅਤੇ ਢਾਡੀਆਂ ਦਾ ਮਿਰਜ਼ੇ ਵਾਲਾ ਪ੍ਰਸੰਗ ਫਿਰ ਯਾਦ ਆ ਗਿਆ। ਨਾਟਕ ਦੇ ਇਕ ਦ੍ਰਿਸ਼ ਵਿਚ ਪੁਲਿਸ ਮੁਕਾਬਲੇ ਤੋਂ ਪਹਿਲਾਂ ਹੀ ਇਸ ਮੁਕਾਬਲੇ ਬਾਰੇ ਪ੍ਰੈਸ ਨੋਟ ਲਿਖਵਾਇਆ ਜਾ ਰਿਹਾ ਹੈ ਅਤੇ ਪੁਲਿਸ ਟੁਕੜੀ ਵਿਚ ਸ਼ਾਮਲ ਇਕ ਬੇਵਸ ਤੇ ਲਾਚਾਰ ਸਿਪਾਹੀ ਨਿਰਮਲ ਚਾਹੁੰਦਿਆਂ ਹੋਇਆਂ ਵੀ ਆਪਣੇ ਕਾਲਜ ਦੇ ਸਹਿਪਾਠੀ ਰਹੇ ਬਾਗੀ ਦਰਸ਼ਨ ਦੀ ਜਾਨ ਨਹੀਂ ਬਚਾ ਸਕਦਾ। ਨਿਰਮਲ ਦੀ ਹਾਲਤ ਵੀ ਉਸ ਵਕਤ ਮੈਨੂੰ ਸਹਿਬਾਂ ਵਰਗੀ ਲਗਦੀ ਅਤੇ ਕਲਜੋਗਣਾ ਦਾ ਪਹਿਰਾ ਉਸ ਤੋਂ ਵੱਧ ਭਾਰੀ ਲਗਦਾ, ਕਿਉਂਕਿ ਮਿਰਜ਼ਾ ਨਿਹੱਥਾ ਜ਼ਰੂਰ ਸੀ ਪਰ ਸਹਿਬਾਂ ਦੇ ਭਰਾਵਾਂ ਨੇ ਜੰਡ ਨਾਲ ਉਸ ਦੇ ਹੱਥ ਨਹੀਂ ਸੀ ਬੰਨ੍ਹੇ, ਜਿਵੇਂ ਪੁਲਿਸ ਵਾਲਿਆਂ ਨੇ ਬਾਗੀਆਂ ਦੇ ਬੰਨੇ ਸਨ। ਇਨ੍ਹਾਂ ਗੱਲਾਂ ਨੂੰ ਤਿੰਨ ਦਹਾਕੇ ਬੀਤ ਗਏ ਅਤੇ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਲੰਘ ਗਿਆ। ਇਸ ਦੌਰਾਨ ਪੰਜਾਬ ਵਿਚ ਵੀਹਵੀਂ ਸਦੀ ਦੇ 90ਵਿਆਂ ਦੇ ਦਹਾਕੇ ਵਿਚ ‘ਦਹਿਸ਼ਤ’ ਦਾ ਬੋਲਬਾਲਾ ਰਿਹਾ। ਉਦੋਂ ਵੀ ਕਲਜੋਗਣਾ ਦਾ ਪਹਿਰਾ ਸੀ। ਕਿੰਨੇ ਹੀ ਝੂਠੇ ਸੱਚੇ ਪੁਲਿਸ ਮੁਕਾਬਲੇ, ਕਿੰਨੇ ਹੀ ਮੁੱਛ ਫੁੱਟ ਗੱਭਰੂ ਪੰਚਾਇਤਾਂ ਵਲੋਂ ਥਾਣਿਆਂ ਵਿਚ ਪੇਸ਼ ਕੀਤੇ ਗਏ ਅਤੇ ਉਨ੍ਹਾਂ ਨੂੰ ਹਵਾਲਾਤਾਂ ਹੀ ਖਾ ਗਈਆਂ। ਮੁਨਸ਼ੀਆਂ ਦੇ ਕੋਰੇ ਰੋਜ਼ਨਾਮਚੇ ਕੋਰਾ ਝੂਠ ਬੋਲਦੇ ਰਹੇ। ਬੱਸਾਂ ਵਿਚ ਬੈਠੀਆਂ ਸਵਾਰੀਆਂ ਨੂੰ ਮੰਜ਼ਿਲਾਂ ਉਡੀਕਦੀਆਂ ਰਹੀਆਂ। ਉਦੋਂ ਵੀ ਸਹਿਬਾਂ ਦਾ ਤਰਲਾ ਗੋਲੀਆਂ ਦੀ ਗੜਗੜਾਹਟ ਵਿਚ ਗੁੰਮ ਹੋ ਕੇ ਰਹਿ ਗਿਆ।
ਪਿਛਲੇ ਮਹੀਨੇ ਦਿੱਲੀ ਦੇ ਚਿੜੀਆ ਘਰ ਵਿਚ ਇਕ ਨੌਜਵਾਨ ਸ਼ੇਰ ਦੇ ਵਾੜੇ ਵਿਚ ਡਿੱਗ ਪਿਆ। ਸ਼ੇਰ ਕਿੰਨਾ ਚਿਰ ਉਸ ਨੂੰ ਵੇਖਦਾ ਅਤੇ ਉਸ ਦੇ ਬਚਨ ਦੀ ਬੋਅ ਲੈਂਦਾ ਰਿਹਾ ਅਤੇ ਜਦ ਬਾਹਰ ਜੁੜੀ ਭੀੜ ਅਤੇ ਟੀ.ਵੀ. ਚੈਨਲਾਂ ਵਾਲਿਆਂ ਨੇ ਰੌਲਾ ਰੱਪਾ ਪਾ ਦਿੱਤਾ ਤਾਂ ਸ਼ੇਰ ਘਬਰਾ ਕੇ ਉਸ ਨੌਜਵਾਨ ਉਪਰ ਟੁੱਟ ਪਿਆ ਤੇ ਉਸ ਨੂੰ ਮਾਰ ਦਿੱਤਾ। ਕਹਿੰਦੇ ਹਨ ਕਿ ਜਿਹੜੇ ਸ਼ੇਰ ਦੇ ਮੂੰਹ ਨੂੰ ਇਕ ਵਾਰ ਆਦਮੀ ਦਾ ਖੂਨ ਲੱਗ ਜਾਵੇ, ਉਹ ਆਦਮਖੋਰ ਬਣ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਦਮਮਾਸ ਤੋਂ ਬਿਨਾਂ ਹੋਰ ਕਿਸੇ ਜਾਨਵਰ ਦਾ ਮਾਸ ਨਹੀਂ ਖਾਂਦਾ। ਪਰ ਚਿੜੀਆ ਘਰ ਵਿਚ ਅਜਿਹਾ ਨਹੀਂ ਹੋਇਆ, ਸ਼ੇਰ ਨੇ ਉਸ ਨੂੰ ਮਾਰ ਕੇ ਉਸ ਵੱਲ ਵੇਖਿਆ ਤੱਕ ਨਹੀਂ, ਉਸ ਦਾ ਮਾਸ ਖਾਣ ਦੀ ਗੱਲ ਤਾਂ ਦੂਰ ਰਹੀ। ਸ਼ਾਇਦ ਉਸ ਨੂੰ ਇਹ ਗਿਆਨ ਹੋਵੇ ਕਿ ਮਰਨ ਵਾਲੇ ਦੀ ਲਾਸ਼ ਦੀ ਵੀ ਕੋਈ ਅਹਿਮੀਅਤ ਹੁੰਦੀ ਹੈ।
ਕਾਸ਼ ਇਹ ਗਿਆਨ ਸਾਡੇ ਕਾਨੂੰਨ ਦੇ ਰਾਖਿਆਂ ਨੂੰ ਵੀ ਹੁੰਦਾ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਇਕੋ ਸ਼ਮਸ਼ਾਨਘਾਟ ਵਿਚ ਦੋ ਹਜ਼ਾਰ ਤੋਂ ਵੱਧ ਲਾਸ਼ਾਂ ਦਾ ਅਣਪਛਾਤੀਆਂ ਅਤੇ ਲਾਵਾਰਸ ਕਹਿ ਕੇ ਸਸਕਾਰ ਕਰ ਦਿੱਤਾ। ਪਿਛਲੇ ਮਹੀਨੇ ਹੀ ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲੇ ਵਿਚ ਪੁਲਿਸ ਮੁਕਾਬਲਿਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਦੇਸ਼ ਦੀ ਸਰਬਉਚ ਅਦਾਲਤ ਨੇ ਹਦਾਇਤਾਂ ਦਿੰਦੇ ਸਮੇਂ ਇਹ ਵੀ ਸੰਕੇਤ ਦਿੱਤਾ ਕਿ ਜ਼ਿਆਦਾਤਰ ਪੁਲਿਸ ਮੁਕਾਬਲੇ ਫਰਜ਼ੀ ਹੁੰਦੇ ਹਨ। ਇਹ ਫੈਸਲਾ ਆਏ ਨੂੰ ਅਜੇ ਇਕ ਹਫ਼ਤਾ ਹੀ ਹੋਇਆ ਸੀ ਕਿ ਲੁਧਿਆਣਾ ਦੇ ਜਮਾਲਪੁਰਾ ਇਲਾਕੇ ਵਿਚ ਇਕ ਪੁਲਿਸ ਮੁਕਾਬਲੇ ਵਿਚ ਦੋ ਸਕੇ ਭਰਾ ਮਾਰੇ ਗਏ। ਲੋਕਾਂ ਦੇ ਰੋਹ ਅਤੇ ਹਾਲਾਤ ਨੂੰ ਵੇਖਦਿਆਂ ਭਾਵੇਂ ਪ੍ਰਸ਼ਾਸਨ ਨੇ ਸਬੰਧਤ ਪੁਲਿਸ ਵਾਲਿਆਂ ਅਤੇ ਇਸ ਮੁਕਾਬਲੇ ਲਈ ਜਿੰਮੇਵਾਰ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇਸ ਫਰਜ਼ੀ ਪੁਲਿਸ ਮੁਕਾਬਲੇ ਨੂੰ ਅਸਲੀ ਰੰਗਤ ਦੇਣ ਅਤੇ ਖੰਨਾ ਪੁਲਿਸ ਥਾਣੇ ਤਹਿਤ ਬੋਹਾਪੁਰ ਪਿੰਡ ਦੇ ਇਨ੍ਹਾਂ ਸਕੇ ਭਰਾਪਾਂ ਦੇ ਕਤਲ ਨੂੰ ਜਾਇਜ਼ ਠਹਿਰਾਉਣ ਲਈ ਸਿਆਸੀ ਤੌਰ ‘ਤੇ ਜੋ ਹਥਕੰਡੇ ਵਰਤੇ ਜਾ ਰਹੇ ਹਨ, ਉਹ ਵੀ ਮਾਨਵਤਾ ਦੇ ਨਾਂ ‘ਤੇ ਕਲੰਕ ਕਹੇ ਜਾ ਸਕਦੇ ਹਨ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਕਤਲ ਨੂੰ ਜਾਇਜ਼ ਠਹਿਰਾਉਣ ਲਈ, ਸਿਆਸੀ ਦਬਾਅ ਬਣਾਉਣ ਅਤੇ ਲੋਕ ਇਕੱਠੇ ਕਰਕੇ ਧਰਨਾ ਦਿੱਤਾ ਗਿਆ ਹੋਵੇ। ਮਕਤੂਲ ਨੌਜਵਾਨਾਂ ਦੇ ਅਪਰਾਧੀ ਪਿਛੋਕੜ ਬਾਰੇ ਪੋਸਟਰ ਲਗਾਏ ਗਏ ਹੋਣ।
ਐਮਨੇਸਟੀ ਇੰਟਰਨੈਸ਼ਨਲ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ, ਅਦਾਲਤਾਂ ਵਲੋਂ ਦੋਸ਼ੀ ਠਹਿਰਾਏ ਗਏ ਬੰਦੇ ਨੂੰ ਫਾਂਸੀ ਦੇਣ ਖਿਲਾਫ਼ ਵੀ ਹਾਅ ਦਾ ਨਾਹਰਾ ਮਾਰਦੀਆਂ ਹਨ, ਪਰ ਇਹ ਤਾਂ ਹੱਦ ਹੋ ਗਈ ਕਿ ਕਿਸੇ ਵੀ ਕਤਲ ਨੂੰ ਜਾਇਜ਼ ਠਹਿਰਾਉਣ ਲਈ ਜਮਹੂਰੀ ਢੰਗ ਤਰੀਕਿਆਂ ਦੀ ਆੜ ਵਿਚ ਜਮਹੀਰਅਤ ਨੂੰ ਕਲੰਕਤ ਕੀਤਾ ਜਾਵੇ। ਅਸੀਂ ਬਹੁਤ ਹੀ ਆਦਮਹਿਤੈਸ਼ੀ ਹੋਣ ਦਾ ਦਾਅਵਾ ਕਰਦੇਹਾਂ। ਆਦਮ ਹਿਤੈਸ਼ੀ ਹੀ ਨਹੀਂ ਅਸੀਂ ਤਾਂ ਅਵਾਰਾ ਕੁੱਤਿਆਂ ਬਿੱਲਿਆਂ ਅਤੇ ਹੋਰ ਚਿੜੀ ਜਨੌਰ ਦਾ ਵੀ ਪੂਰਾ ਖਿਆਲ ਰੱਖਦੇ ਹਾਂ। ਕਾਨੂੰਨ ਬਣਾ ਰਹੇ ਹਾਂ। ਪਰ ਕਾਨੂੰਨ ਦੇ ਰਾਖੇ ਇਹ ਜੋ ਸਭ ਕੁਝ ਕਰ ਰਹੇ ਹਨ ਅਤੇ ਆਦਮ ਬੋਅ, ਆਦਮ ਬੋਅ ਕਰਦੇ, ਆਦਮ ਜਾਤ ਦੇ ਦੁਸ਼ਮਣ ਬਣੇ ਹੋਏ ਹਨ, ਉਨ੍ਹਾਂ ਨੂੰ ਕੋਈ ਰੋਕ ਸਕਦਾ ਹੈ। ਜੇ ਲੋਕ, ਢਾਡੀ ਅੱਜ ਵੀ ਇਨ੍ਹਾਂ ਦੇ ਕਿੱਸੇ ਕਹਾਣੀਆਂ ਸੁਣਾਉਂਦੇ ਹਨ ਉਨ੍ਹਾਂ ਨੇ ਫਿਰ ਕਹਿਣਾ ਸੀ ਕਿ ਕਲਜੋਗਣਾ ਦਾ ਪਹਿਰਾ ਬਹੁਤ ਭਾਰੀ ਹੈ।
The post ਕਲਯੋਗਣਾਂ ਦਾ ਪਹਿਰਾ appeared first on Quomantry Amritsar Times.