ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਲਾਕਾਰ ‘ਬੈੱਡ ਸੋਰਜ਼ ਦਾ ਸ਼ਿਕਾਰ ਹੋਇਆ
ਪਟਿਆਲਾ/ਬਿਊਰੋ ਨਿਊਜ਼-
ਦਹਾਕਿਆਂ ਬੱਧੀ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਫ਼ਿਲਮੀ ਅਦਾਕਾਰ ਸਤੀਸ਼ ਕੌਲ ਅੱਜ ਤਰਸ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਪਿਛਲੇ ਕਰੀਬ ਦੋ ਮਹੀਨੇ ਤੋਂ ਉਹ ਚੂਲਾ ਟੁੱਟਣ ਕਾਰਨ ਇੱਥੋਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ ਤੇ ਇੰਨੀ ਦਿਨੀਂ ‘ਬੈੱਡ ਸੋਰ’ ਦਾ ਵੀ ਸ਼ਿਕਾਰ ਹੋ ਚੁੱਕਿਆ ਹੈ।
ਡੇਢ ਸੌ ਦੇ ਕਰੀਬ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸਤੀਸ਼ ਕੌਲ ਕੋਲ ਅੱਜ ਨਾ ਹੀ ਕੋਈ ਪਰਿਵਾਰਕ ਮੈਂਬਰ ਹੈ ਤੇ ਨਾ ਹੀ ਆਪਣਾ ਘਰ। ਦੋ ਮਹੀਨੇ ਪਹਿਲਾਂ ਬਾਥਰੂਮ ਵਿੱਚ ਨਹਾਉਣ ਵੇਲੇ ਡਿੱਗ ਜਾਣ ਕਾਰਨ ਕੌਲ ਦਾ ਸੱਜਾ ਚੂਲਾ ਟੁੱਟ ਗਿਆ ਸੀ ਜਿਸ ਮਗਰੋਂ ਉਸ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹੁਣ ਵੀ ਇਹ ਅਦਾਕਾਰ ਹਸਪਤਾਲ ਵਿੱਚ ਹੀ ਹੈ। ਭਾਵੇਂ ਚੂਲੇ ਤੇ ਲੱਤ ਦੇ ਦੋ ਅਪਰੇਸ਼ਨਾਂ ਮਗਰੋਂ ਇਸ ਨੂੰ ਕੁਝ ਰਾਹਤ ਮਿਲੀ ਹੈ ਪਰ ਹਸਪਤਾਲ ਦੇ ਬਿਸਤਰੇ ‘ਤੇ ਪਿਆਂ ਇਹ ‘ਬੈੱਡ ਸੋਰ’ ਦਾ ਸ਼ਿਕਾਰ ਹੋ ਚੁੱਕਿਆ ਹੈ।
ਇਸ ਕਲਾਕਾਰ ਦਾ ਦਰਦ ਵੰਡਾਉਣ ਲਈ ਨਾ ਹੀ ਪੰਜਾਬ ਸਰਕਾਰ ਤੇ ਨਾ ਹੀ ਫ਼ਿਲਮੀ ਲੋਕ ਅੱਗੇ ਆਏ ਹਨ। ਕੁਝ ਸਮਾਜਸੇਵੀ ਸੰਸਥਾਵਾਂ ਨੇ ਥੋੜ੍ਹੀ-ਬਹੁਤੀ ਮਦਦ ਕੀਤੀ ਪਰ ਲੰਮੇ ਡਾਕਟਰੀ ਇਲਾਜ ਅੱਗੇ ਅਜਿਹੀ ਮਦਦ ਤੁੱਛ ਹੈ। ਇਸ ਕਲਾਕਾਰ ਦੇ ਇਲਾਜ ‘ਤੇ ਆਏ ਖਰਚੇ ਨੂੰ ਤਾਰਨ ਵਾਲਾ ਕੋਈ ਨਹੀਂ ਹੈ। ਡੀ.ਸੀ. ਵਰੁਣ ਰੂਜ਼ਮ ਨੇ ਮਹੀਨਾ ਕੁ ਪਹਿਲਾਂ ਇਸ ਕਲਾਕਾਰ ਦਾ ਹਾਲ-ਚਾਲ ਪੁੱਛਣ ਲਈ ਐੱਸ.ਡੀ.ਐੱਮ. ਪਟਿਆਲਾ ਨੂੰ ਭੇਜਿਆ ਸੀ ਪਰ ਅਜੇ ਤਕ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕਲਾਕਾਰ ਨੂੰ ਮਦਦ ਨਹੀਂ ਜੁੜ ਸਕੀ ਹੈ।
ਸਤੀਸ਼ ਕੌਲ ਦਾ ਕਹਿਣਾ ਹੈ ਕਿ ਐੱਸ.ਡੀ.ਐੱਮ. ਨੇ ਭਰੋਸਾ ਦਿਵਾਇਆ ਸੀ ਕਿ ਸਰਕਾਰ ਮਦਦ ਲਈ ਬਹੁੜੇਗੀ ਪਰ ਕੁਝ ਵੀ ਨਹੀਂ ਹੋਇਆ। ਇਸ ਕਲਾਕਾਰ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਆਪਣੇ ਇਲਾਜ ਦਾ ਖਰਚਾ ਕਿਵੇਂ ਤਾਰੇਗਾ ਤੇ ਛੁੱਟੀ ਹੋਣ ਮਗਰੋਂ ਕਿੱਥੇ ਰਹੇਗਾ। ਕੌਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਹੁਣ ਤਕ ਕਈ ਕਲਾਕਾਰਾਂ ਨੂੰ ਮਾਣ-ਸਤਿਕਾਰ ਤੇ ਵਿੱਤੀ ਖਰਚੇ ਅਤੇ ਘਰ ਦਿੱਤੇ ਹਨ ਪਰ ਉਸ ਲਈ ਪਤਾ ਨਹੀਂ ਕਿਉਂ ਸਾਰੇ ਹੀ ਦਰਵਾਜ਼ੇ ਬੰਦ ਕੀਤੇ ਹੋਏ ਹਨ।
ਸਤੀਸ਼ ਕੌਲ ਨੇ ਭਰੇ ਮਨ ਨਾਲ ਆਖਿਆ ਕਿ ਉਸ ਨੇ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ ਹੈ ਪਰ ਹਸਪਤਾਲ ਤਕ ਉਸ ਦੀ ਮਹਿਜ਼ ਸਿਹਤਯਾਬੀ ਲਈ ਵੀ ਕੋਈ ਕੱਦਾਵਰ ਧਿਰ ਨਹੀਂ ਪੁੱਜੀ। ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਸਕੱਤਰ ਜਨਰਲ, ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਪੰਜਾਬ ਯੂਥ ਫੋਰਮ ਦੇ ਪ੍ਰਧਾਨ ਗੁਰਧਿਆਨ ਸਿੰਘ ਭਾਨਰੀ, ਨਟਾਸ ਦੇ ਨਿਰਦੇਸ਼ਕ ਪ੍ਰਾਣ ਸੱਭਰਵਾਲ ਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਬਲਬੀਰ ਕੌਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਤੀਸ਼ ਕੌਲ ਦੀ ਮਦਦ ਲਈ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ।
The post ਅਦਾਕਾਰ ਸਤੀਸ਼ ਕੌਲ ਨੂੰ ਬੀਮਾਰੀ ਤੇ ਗਰੀਬੀ ਨੇ ਘੇਰਿਆ appeared first on Quomantry Amritsar Times.