ਪ੍ਰਸਿੱਧ ਗੀਤਕਾਰ , ਸ਼ਾਇਰ , ਲੇਖਕ , ਫ਼ਿਲਮਕਾਰ ਅਮਰਦੀਪ ਸਿੰਘ ਗਿੱਲ ਦੀ ਲਿਖੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ‘ਯੋਧਾ’ ਆਉਂਦੇ ਦਿਨਾਂ ‘ਚ ਰਿਲੀਜ਼ ਹੋ ਰਹੀ ਹੈ । ਇਸ ਸਬੰਧ ‘ਚ ਅਮਰਦੀਪ ਨਾਲ ਹੋਈ ਸੰਖੇਪ ਗੱਲਬਾਤ ਦੇ ਅੰਸ਼ ਪੇਸ਼ ਹਨ ।
‘ਯੋਧਾ’ ਦੀ ਕਹਾਣੀ ਦਾ ਕੇਂਦਰ ਬਿੰਦੂ ਕੀ ਹੈ?
ਅਮਰਦੀਪ ਗਿੱਲ : ਯੋਧਾ ਦੀ ਕਹਾਣੀ ਦਾ ਕੇਂਦਰ ਬਿੰਦੂ ਤਾਂ ਯੋਧਾ ਹੀ ਹੈ ਪਰ ਇਹ ਸਮਝਣ ਲਈ ਕਿ ਅਸਲ ਯੋਧਾ ਕੌਣ ਹੁੰਦਾ ਹੈ ਤੁਹਾਨੂੰ ਇਹ ਫ਼ਿਲਮ ਵੇਖਣੀ ਪਵੇਗੀ , ਮੈਂ ਇੰਨਾ ਹੀ ਦੱਸ ਸਕਦਾ ਹਾਂ ਕਿ ਯੋਧਾ ਹਰ ਉਹ ਆਦਮੀ ਹੈ ਜੋ ਹਾਲਾਤ ਖਿਲਾਫ਼ , ਸਿਸਟਮ ਖਿਲਾਫ਼, ਗਲਤ ਕਦਰਾਂ-ਕੀਮਤਾਂ ਖਿਲਾਫ, ਲੜਦਾ ਹੈ । ਯੋਧਾ ਅੱਜ ਦੇ ਪੰਜਾਬ ਦੀ ਕਹਾਣੀ ਹੈ, ਜਿੱਥੇ ਰਾਜਨੀਤਕ ਗੁੰਡਾਇਜ਼ਮ ਹੈ, ਜਿੱਥੇ ਭ੍ਰਿਸ਼ਟ ਸਿਸਟਮ ਹੈ, ਲੋਕ-ਦੋਖੀ ਨੇਤਾ ਹਨ, ਇਨ੍ਹਾਂ ਸਭਨਾਂ ਖਿਲਾਫ਼ ਇੱਕ ਆਮ ਆਦਮੀ ਦਾ ਯੁੱਧ ਹੀ ਯੋਧਾ ਫ਼ਿਲਮ ਦੀ ਕਹਾਣੀ ਹੈ ।
? ਤੁਸੀਂ ਇਸ ਫ਼ਿਲਮ ਦੇ ਗੀਤ ਵੀ ਲਿਖੇ ਹਨ ?
ਅਮਰਦੀਪ ਗਿੱਲ : ਜੀ, ਮੈਂ ਇਸ ਫ਼ਿਲਮ ਦੀ ਕਹਾਣੀ, ਡਾਇਲਾਗ, ਸਕਰੀਨਪਲੇਅ ਅਤੇ ਚਾਰ ਗੀਤ ਵੀ ਲਿਖੇ ਹਨ । ਫ਼ਿਲਮ ਲਿਖਣ ‘ਚ ਮੇਰਾ ਸਾਥ ਕੁਲਜਿੰਦਰ ਸਿੰਘ ਸਿੱਧੂ ਨੇ ਵੀ ਦਿੱਤਾ ਹੈ, ਜੋ ਇਸ ਫਿਲਮ ਦੇ ਹੀਰੋ ਅਤੇ ਨਿਰਮਾਤਾ ਹਨ । ਗੁਰਮੀਤ ਸਿੰਘ ਨੇ ਸੰਗੀਤ ਤਿਆਰ ਕੀਤਾ ਹੈ ਅਤੇ ਮੇਰੇ ਲਿਖੇ ਗੀਤ ਦਲੇਰ ਮਹਿੰਦੀ, ਜੈਜ਼ੀ ਬੈਂਸ, ਨਿਰਮਲ ਸਿੱਧੂ ਅਤੇ ਗੁਰਮੀਤ ਸਿੰਘ ਨੇ ਗਾਏ ਹਨ।
? ਫ਼ਿਲਮ ਬਣ ਕੇ ਤਿਆਰ ਹੈ, ਫ਼ਿਲਮ ਦਾ ਟਰੇਲਰ ਵੀ ਲੋਕ ਕਾਫ਼ੀ ਪਸੰਦ ਕਰ ਰਹੇ ਹਨ, ਕੀ ਤੁਸੀਂ ਡਾਇਰੈਕਟਰ ਮਨਦੀਪ ਬੈਨੀਪਾਲ ਦੇ ਕੰਮ ਤੋਂ ਸੰਤੁਸ਼ਟ ਹੋ ਮਤਲਬ ਕੀ ਤੁਹਾਨੂੰ ਇਹ ਲਗਦਾ ਹੈ ਕਿ ਉਨਾਂ ਤੁਹਾਡੀ ਲਿਖੀ ਸਕਰਿਪਟ ਨਾਲ ਇਨਸਾਫ ਕੀਤਾ ਹੈ ?
ਅਮਰਦੀਪ ਗਿੱਲ: ਹਾਂ ਜੀ , ਮਨਦੀਪ ਮੇਰਾ ਦੋਸਤ ਵੀ ਹੈ ਅਤੇ ਬਹੁਤ ਵਧੀਆ ਡਾਇਰੈਕਟਰ ਵੀ ਹੈ, ਉਹ ਪਹਿਲਾਂ ‘ਏਕਮ’ ਅਤੇ ‘ਸਾਡਾ ਹੱਕ’ ਵਰਗੀਆਂ ਸਫਲ ਫਿਲਮਾਂ ਦੇ ਚੁੱਕਾ ਹੈ । ਇਸ ਫਿਲਮ ਨੂੰ ਉਸਨੇ ਬਹੁਤ ਵਧੀਆ ਲੁਕ ਦਿੱਤੀ ਹੈ, ਪ੍ਰੋਡਿਊਸਰ ਨੇ ਵੀ ਇਸ ਫਿਲਮ ਤੇ ਚੰਗਾ ਪੈਸਾ ਖਰਚ ਕੀਤਾ ਹੈ ਤਾਂ ਕਿ ਜਿਸ ਪ੍ਰਭਾਵ ਦੀ ਜ਼ਰੂਰਤ ਹੈ ਉਹ ਪੈਦਾ ਕੀਤਾ ਜਾ ਸਕੇ । ਮੇਰੀ ਤੇ ਮਨਦੀਪ ਦੀ ਸੋਚ ਮਿਲਦੀ ਹੈ ਜੋ ਕਿ ਫਿਲਮ ਲਈ ਬਹੁਤ ਜ਼ਰੂਰੀ ਹੁੰਦਾ ਹੈ । ਮੈਂ ਮਨਦੀਪ ਦੇ ਕੰਮ ਤੋਂ ਬਹੁਤ ਖੁਸ਼ ਹਾਂ, ਅਸੀਂ ਭਵਿੱਖ ਵਿੱਚ ਇੱਕ ਹੋਰ ਬਹੁਤ ਵੱਡੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਾਂ, ਉਮੀਦ ਹੈ ਇਸ ਫ਼ਿਲਮ ਤੋਂ ਬਾਅਦ ਉਹ ਫ਼ਿਲਮ ਸ਼ੁਰੂ ਕਰਾਂਗੇ।
? ਫ਼ਿਲਮ ‘ਚ ਹੋਰ ਕਿਹੜੇ ਕਿਹੜੇ ਐਕਟਰ ਹਨ ਅਤੇ ਉਨ੍ਹਾਂ ਦੀ ਕੀ ਖਾਸੀਅਤ ਹੈ?
ਅਮਰਦੀਪ ਗਿੱਲ : ਕੁਲਜਿੰਦਰ ਸਿੰਘ ਸਿੱਧੂ ਤੋਂ ਇਲਾਵਾ ਰਾਹੁਲ ਦੇਵ, ਗਿਰਜਾ ਸ਼ੰਕਰ, ਮਹਾਂਵੀਰ ਭੁੱਲਰ, ਉੱਨਤੀ ਡਾਵਰਾ, ਦਿਨੇਸ਼ ਸੂਦ, ਅਜੇ ਜੇਠੀ, ਨਾਸਿਰ ਖਾਨ, ਹੈਕਟਰ ਸੰਧੂ, ਦਰਸ਼ਨ ਘਾਰੂ, ਸੰਦੀਪ ਕਪੂਰ ਅਤੇ ਹਰਦੀਪ ਗਿੱਲ ਫਿਲਮ ਦੇ ਹੋਰ ਪ੍ਰਮੁੱਖ ਅਦਾਕਾਰ ਹਨ, ਰਾਹੁਲ ਦੇਵ ਨੇ ਜੋ ਕਿਰਦਾਰ ਨਿਭਾਇਆ ਹੈ ਉਹ ਵੀ ਦਰਸ਼ਕਾਂ ਤੇ ਡੂੰਘੀ ਛਾਪ ਛੱਡੇਗਾ । ਕੁਲਜਿੰਦਰ ਸਿੰਘ ਸਿੱਧੂ ਦੁਆਰਾ ਨਿਭਾਇਆ ਪਾਤਰ ਤਾਂ ਪੰਜਾਬੀ ਸਿਨੇਮਾ ਲਈ ਇੱਕ ਮਿਸਾਲ ਹੈ । ਇਸ ਤੋਂ ਪਹਿਲਾਂ ਪੰਜਾਬੀ ‘ਚ ਕਿਸੇ ਐਕਟਰ ਨੇ ਆਪਣੀ ਭੂਮਿਕਾ ਨਿਭਾਉਣ ਲਈ ਕਦੇ ਵੀ ਐਨੀ ਮਿਹਨਤ ਨਹੀਂ ਕੀਤੀ ਹੋਣੀ । ਤੁਸੀਂ ਵੇਖ ਸਕਦੇ ਹੋ ‘ਸਾਡਾ ਹੱਕ’ ਵਾਲਾ ਕੁਲਜਿੰਦਰ ਅਤੇ ‘ਯੋਧਾ’ ਵਾਲਾ ਕੁਲਜਿੰਦਰ ਇੱਕ ਦੂਜੇ ਤੋਂ ਕਿੰਨੇ ਵੱਖ ਹਨ। ਜੇ ਫ਼ਿਲਮ ਦਾ ਨਾਂਅ ‘ਯੋਧਾ’ ਹੈ ਤਾਂ ਕੁਲਜਿੰਦਰ ਸੱਚਮੁੱਚ ਯੋਧਾ ਲਗਦਾ ਹੈ , ਉਸਨੇ ਸਾਲ ਭਰ ਜਿਮ ਜਾ ਕੇ ਜੋ ਮਿਹਨਤ ਕੀਤੀ ਹੈ ਉਹ ਸਕਰੀਨ ਤੇ ਦਿਖਾਈ ਦਿੰਦੀ ਹੈ । ਇਸ ਤੋਂ ਪਹਿਲਾਂ ਆਮਿਰ ਖਾਨ ਨੇ ਫ਼ਿਲਮ ‘ਗਜਨੀ’ ਲਈ ਅਜਿਹਾ ਕੀਤਾ ਸੀ ਪਰ ਕੁਲਜਿੰਦਰ ਦੀ ਬਾਡੀ ਅਸਲੀ ਹੈ ਤਾਂ ਮੈਨੂੰ ਖੁਸ਼ੀ ਹੁੰਦੀ ਹੈ। ਮੈਂ ਆਪਣੀ ਕਹਾਣੀ ਦਾ ਮੁੱਖ-ਪਾਤਰ ਅਜਿਹਾ ਹੀ ਚਿਤਰਿਆ ਹੈ ।
? ਆਖਿਰ ‘ਚ ਤੁਸੀਂ ਇਹ ਦੱਸੋ ਕਿ ਲੋਕ ‘ਯੋਧਾ’ ਫ਼ਿਲਮ ਕਿਉਂ ਵੇਖਣ?
ਅਮਰਦੀਪ ਗਿੱਲ : ਪਹਿਲੀ ਗੱਲ ਤਾਂ ਇਹ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਫ਼ਿਲਮ ਹੈ ਇਸ ਲਈ ਦਰਸ਼ਕਾਂ ਨੂੰ ਵੇਖਣੀ ਚਾਹੀਦੀ ਹੈ, ਦੂਜੀ ਗੱਲ ਜੇ ਤੁਹਾਨੂੰ ਅਜੋਕੇ ਪੰਜਾਬ ਬਾਰੇ ਚਿੰਤਾ ਹੈ, ਰਾਜਨੀਤਕ ਗੁੰਡਾਇਜ਼ਮ ਬਾਰੇ ਚਿੰਤਾ ਹੈ, ਡਰੱਗ ਸਮਗਲਰਾਂ ਬਾਰੇ ਚਿੰਤਾ ਹੈ ਕਿ ਉਹ ਪੰਜਾਬ ਨੂੰ ਬਰਬਾਦ ਕਰ ਰਹੇ ਹਨ, ਪੰਜਾਬ ਦੀ ਜਵਾਨੀ ਬਾਰੇ ਚਿੰਤਾ ਹੈ, ਪੰਜਾਬ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਾਰੇ ਚਿੰਤਾ ਹੈ ਤਾਂ ਇਹ ਫ਼ਿਲਮ ਤੁਹਾਨੂੰ ਜ਼ਰੂਰ ਵੇਖਣੀ ਚਾਹੀਦੀ ਹੈ। ਇਹ ਫਿਲਮ ਭ੍ਰਿਸ਼ਟ ਨੇਤਾਵਾਂ, ਭ੍ਰਿਸ਼ਟ ਪੁਲਿਸ ਅਫਸਰਾਂ ਅਤੇ ਭ੍ਰਿਸ਼ਟ ਸਿਸਟਮ ਦੇ ਖਿਲਾਫ਼ ਇੱਕ ਲੜਾਈ ਹੈ। 31 ਅਕਤੂਬਰ ਨੂੰ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ ਸੋ ਦੁਨੀਆਂ ਭਰ ‘ਚ ਬੈਠੈ ਪੰਜਾਬੀ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾਂ ਦੇਣਗੇ ਅਜਿਹੀ ਮੈਨੂੰ ਆਸ ਹੈ।
ਮੁਲਾਕਾਤੀ: ਸੁਰਜੀਤ ਜੱਸਲ
The post ‘ਯੋਧ’ ਅੱਜ ਦੇ ਪੰਜਾਬ ਦੀ ਤਸਵੀਰ ਹੈ : ਅਮਰਦੀਪ ਸਿੰਘ ਗਿੱਲ appeared first on Quomantry Amritsar Times.