ਨਿਰਮਲਪ੍ਰੀਤ ਕੌਰ
nirmalpmaan@gmail.com
ਸ਼ਹੀਦ ਸਰਦਾਰ ਭਗਤ ਸਿੰਘ ‘ਤੇ ਉਂਜ ਤਾਂ ਕਈ ਗਾਣੇ ਲਿਖੇ ਤੇ ਗਾਏ ਗਏ ਨੇ, ਕਈ ਫਿਲਮਾਂ ਬਣੀਆਂ ਨੇ ਆਜ਼ਾਦੀ ਦੇ ਇਸ ਪਰਵਾਨੇ ਦੀ ਸ਼ਹਾਦਤ ਨੂੰ ਸਮਰਪਿਤ। ਇਸ ਸਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਮੰਨੇ ਪ੍ਰਮੰਨੇ ਗਾਇਕ ਜਸਬੀਰ ਜੱਸੀ ਨੇ ਗਾਣਿਆਂ ਦੀ ਇੱਕ ਐਲਬਮ ਲਾਂਚ ਕੀਤੀ, ਜਿਸ ਵਿੱਚ ਸਾਰੇ ਹੀ ਗਾਣੇ ਸਰਦਾਰ ਭਗਤ ਸਿੰਘ ‘ਤੇ ਲਿਖੇ ਅਤੇ ਗਾਏ ਗਏ ਹਨ। ਜਸਬੀਰ ਜੱਸੀ ਓਹ ਗਾਇਕ ਹੈ ਜਿਸਨੂੰ ਜ਼ਿਆਦਾਤਰ ਪੌਪ ਗਾਣਿਆਂ ਜਿਵੇਂ ਕਿ ‘ਦਿਲ ਲੈ ਗਈ’, ‘ਕੁੜੀ ਕੁੜੀ’ ਅਤੇ ਫਿਲਮੀ ਗਾਣੇ ਲੌਂਗ ਦਾ ਲਿਸ਼ਕਾਰਾ ਲਈ ਜਾਣਿਆ ਜਾਂਦਾ। ਪਰ ਜੱਸੀ ਨੇ ਇਨ੍ਹਾਂ ਗਾਣਿਆਂ ਤੋਂ ਇਲਾਵਾ ਸਮੇਂ ਸਮੇਂ Ḕਤੇ ਪੰਜਾਬੀ ਫੋਕ ਜਿਵੇਂ ਹੀਰ, ਮਿਰਜ਼ਾ ਤੇ ਬਾਬਾ ਬੁੱਲੇ ਸ਼ਾਹ, ਸੰਤ ਰਾਮ ਉਦਾਸੀ ਦੀਆਂ ਰਚਨਾਵਾਂ ਨੂੰ ਗਾ ਕੇ ਵੀ ਖੁਦ ਨੂੰ ਅੱਜ ਦੇ ਸਮੇਂ ਦੇ ਹੋਰਨਾਂ ਗਾਇਕਾਂ ਨਾਲੋਂ ਵੱਖਰਾ ਸਾਬਿਤ ਕੀਤਾ।
ਬੀਂਇੰਗ ਯੰਗ ਨਾਂ ਹੇਠ ਰੀਲੀਜ਼ ਹੋਈ ਇਸ ਐਲਬਮ ਦੇ ਗਾਣੇ ਭਗਤ ਸਿੰਘ ਦੇ ਜੀਵਨ, ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਅਤੇ ਉਨ੍ਹਾਂ ਦੀ ਸ਼ਹਾਦਤ ‘ਤੇ ਅਧਾਰਿਤ ਹਨ। ਗੀਤਕਾਰ ਵੀਜੇ ਧਾਮੀ, ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਬਲਜੀਤ ਸਿੰਘ ਅਤੇ ਰਾਮ ਪ੍ਰਸਾਦ ਬਿਸਮਿਲ ਨੇ ਗਾਣੇ ਜਿੰਨੀ ਖੂਬਸੂਰਤੀ ਨਾਲ ਲਿਖੇ ਹੋਏ ਹਨ, ਗਾਇਕ ਜੱਸੀ ਨੇ ਓਨੀ ਹੀ ਖੁਬਸੂਰਤੀ ਤੇ ਭਾਵਨਾ ਨਾਲ ਗਾ ਕੇ ਗਾਣਿਆਂ ਦੇ ਲਫਜ਼ਾਂ ‘ਚ ਜਿਵੇਂ ਰੂਹ ਭਰ ਦਿੱਤੀ ਹੈ। ‘ਮੇਰਾ ਰੰਗ ਦੇ ਬੰਸਤੀ ਚੋਲਾ’, ‘ਪਗੜੀ ਸੰਭਾਲ ਜੱਟਾ’ ਅਤੇ ‘ਸਰਫਰੋਸ਼ੀ ਕੀ ਤੰਮਨਾ’ ਗਾਣਿਆਂ ਨੂੰ ਅੱਜ ਦੀ ਤਾਰੀਖ ਤੱਕ ਪਤਾ ਨਹੀਂ ਕਿੰਨੇ ਹੀ ਗਾਇਕ ਅਪਣੀ ਅਵਾਜ਼ ਦੇ ਚੁਕੇ ਹਨ, ਪਰ ਜੱਸੀ ਦੀ ਅਵਾਜ਼ ਵਿਚ ਇਹ ਗਾਣੇ ਦਿਲ ਨੂੰ ਛੂਹ ਜਾਂਦੇ ਨੇ। ਇਸ ਦੇ ਨਾਲ ਹੀ ਗਾਣਿਆਂ ਦਾ ਸੰਗੀਤ ਵੀ ਅੱਜ ਦੀ ਨੌਜਵਾਨ ਪੀੜੀ ਨੂੰ ਧਿਆਨ Ḕਚ ਰੱਖਦਿਆਂ ਚਿਰਾਗ ਸਹਿਗਲ ਵਲੋਂ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਭਗਤ ਸਿੰਘ ਦੀ ‘ਘੋੜੀ’ ਸੁਣ ਕੇ ਸੁਨਣ ਵਾਲੇ ਦੀਆਂ ਅੱਖਾਂ ਭਿੱਜ ਜਾਂਦੀਆਂ ਨੇ। ਘੋੜੀ ਸੁਣ ਕੇ ਭਗਤ ਸਿੰਘ ਦੀ ਗੱਲ ਯਾਦ ਆਉਂਦੀ ਹੈ ਜੋ ਉਨ੍ਹਾਂ ਕਿਹਾ ਸੀ ਕਿ ਜੇਕਰ ਗੁਲਾਮ ਭਾਰਤ ਵਿਚ ਉਨ੍ਹਾਂ ਦਾ ਵਿਆਹ ਹੋਵੇਗਾ ਤਾਂ ਮੌਤ ਉਨ੍ਹਾਂ ਦੀ ਲਾੜੀ ਹੋਵੇਗੀ ਅਤੇ ਬਰਾਤੀ ਹੋਣਗੇ ਸ਼ਹੀਦ।
ਭਗਤ ਸਿੰਘ ਨੂੰ ਫਾਂਸੀ ਦਾ ਫੁਰਮਾਨ ਸੁਣਾਉਣ ਵਾਲੇ ਜੇਲ੍ਹ ਦੇ ਮੁਲਾਜ਼ਮ ਦਾ ਦਰਦ ਬਿਆਨ ਕਰਦਾ ਗਾਣਾ Ḕਚੱਲ ਉੱਠ ਚੱਲ ਭਗਤ ਸਿੰਹਾ, ਵੇਲਾ ਚੱਲ ਫਾਂਸੀ ਦਾ ਹੋਇਆ’ ਲੂਹ ਕੰਡੇ ਖੜੇ ਕਰਨ ਵਾਲਾ ਲਗਦਾ, ਕਿ ਕਿਸ ਤਰ੍ਹਾਂ ਜੇਲ੍ਹ ਦਾ ਮੁਲਾਜ਼ਮ ਜੋ ਕਿ ਖੁਦ ਸਿੱਖ ਹੈ, ਹਿੰਦੁਸਤਾਨੀ ਹੈ ਅਤੇ ਸਭ ਤੋਂ ਵਧ ਕੇ ਭਗਤ ਸਿੰਘ ਦੀ ਫਾਂਸੀ ਦੇ ਖਿਲਾਫ ਹੈ, ਪਰ ਅੰਗਰੇਜ਼ ਹਕੂਮਤ ਦਾ ਫੁਰਮਾਨ ਭਗਤ ਸਿੰਘ ਨੂੰ ਸੁਣਾ ਰਿਹਾ, ਓਸ ਦੇ ਦਿਲ ਤੇ ਓਸ ਵੇਲੇ ਕੀ ਬੀਤ ਰਹੀ ਹੈ ਇਸ ਨੂੰ ਗੀਤਕਾਰ ਤੇ ਗਾਇਕ ਦੋਹਾਂ ਨੇ ਬਾਖੂਬੀ ਪੇਸ਼ ਕੀਤਾ।
ਕੁੱਲ ਮਿਲਾ ਕੇ ‘ਬੀਂਇੰਗ ਯੰਗ’ ਨਾਂ ਦੀ ਇਸ ਐਲਬਮ ਦੇ ਸਾਰੇ ਹੀ ਗਾਣੇ ਖੁਬਸੂਰਤ ਹਨ ਅਤੇ ਵਾਰ ਵਾਰ ਸੁਨਣ ਨੂੰ ਜੀਅ ਕਰਦਾ। ਐਲਬਮ ਦੇ ਗਾਣੇ ਆਨਲਾਈਨ ਕੁਝ ਵੈੱਬਸਾਈਟਾਂ ‘ਤੇ ਉਪਲਬਧ ਹਨ ਅਤੇ ਸੀਡੀ, ਡੀਵੀਡੀ ਵੀ ਲਾਂਚ ਕੀਤੀ ਗਈ ਹੈ।