Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

‘ਨਾਬਰ’ਹੋ ਜਾਣ ਦਾ ਐਲਾਨ

$
0
0

ਬੇਹਤਰੀਨ ਪੰਜਾਬੀ ਫ਼ਿਲਮ ਦਾ ਜਿੱਤਿਆ ਹੈ ਰਾਸ਼ਟਰੀ ਐਵਾਰਡ

ਭਾਰਤ ਦੇ 60ਵੇਂ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿਚ ਪੰਜਾਬੀ ਫ਼ਿਲਮ ‘ਨਾਬਰ’ ਨੂੰ ਬੇਹਤਰੀਨ ਪੰਜਾਬੀ ਫ਼ਿਲਮ ਐਲਾਨਿਆ ਗਿਆ ਹੈ। ਲੁਧਿਆਣਾ ਦੇ ਮੁੱਲਾਂਪੁਰ ਕਸਬੇ ਦਾ ਪਿਛੋਕੜ ਰੱਖਣ ਵਾਲੇ 44 ਸਾਲਾ ਨਿਰਦੇਸ਼ਕ ਰਾਜੀਵ ਸ਼ਰਮਾ ਦੀ ਇਹ ਪਹਿਲੀ ਫ਼ਿਲਮ ਹੈ। ਹੁਣ ਤੱਕ ਸੁਰਖ਼ੀਆਂ ਤੋਂ ਪਰੇ ਰਹੇ ਨਿਰਦੇਸ਼ਕ ਰਾਜੀਵ ਸ਼ਰਮਾ ਬਾਰੇ ਜਾਣਕਾਰੀ ਦੇ ਰਹੇ ਹਨ ਉਨ੍ਹਾਂ ਦੇ ਦੋਸਤ ਤੇ ਲੇਖਕ-ਫਿਲਮ ਮੇਕਰ ਦਲਜੀਤ ਅਮੀ

ਰਾਜੀਵ ਸ਼ਰਮਾ ਦੀ ਬਣਾਈ ਫ਼ਿਲਮ ‘ਨਾਬਰ’ ਨੂੰ ਬੇਹਤਰੀਨ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਐਵਾਰਡ ਮਿਲਿਆ ਹੈ। ਮੈਂ ਪਿਛਲੇ 20 ਸਾਲਾਂ ਵਿਚ ਉਸ ਦੇ ਸਫ਼ਰ ਦਾ ਸਾਥੀ ਰਿਹਾ ਹਾਂ। ਹੋਸਟਲ ‘ਚ ਇਕੋ ਹੀ ਕਮਰੇ ਵਿਚ ਰਹਿੰਦੇ ਸੀ। ਉਹ ਬੜਾ ਸਾਦਾ ਬੰਦਾ ਹੈ। ਵੱਡੇ ਸ਼ਹਿਰ ਵਿਚ ਰਹਿੰਦਾ ਹੈ ਅਤੇ ਵਿਦੇਸ਼ ਵੀ ਆਉਂਦਾ ਜਾਂਦਾ ਰਿਹਾ ਹੈ ਪ੍ਰੰਤੂ ਉਸ ਨੇ ਸਾਦਗੀ ਨਹੀਂ ਛੱਡੀ। ਅਸੀਂ ਪਹਿਲੀ ਵਾਰ 1992 ਵਿਚ ਮਿਲੇ ਸੀ। ਦੋਵੇਂ ਪੇਂਡੂ ਤੇ ਕੁਝ ਰੁਚੀਆਂ ਵਿਚ ਇਕੋ ਜਿਹੀਆਂ। ਰਾਜੀਵ ਸ਼ਰਮਾ ਮੁੰਬਈ ‘ਚ ਰਹਿੰਦਾ ਹੈ ਪਰ ਜਦੋਂ ਪੰਜਾਬ ਪਰਤਦਾ ਹੈ ਤਾਂ ਪੰਜਾਬੀ ‘ਚ ਕੁੱਝ ਨਾ ਕੁੱਝ ਜ਼ਰੂਰ ਕਰਦਾ ਹੈ। ਪਿਛਲੇ ਸਾਲ ਉਸ ਦੀ ਸ਼ਾਰਟ ਫ਼ਿਲਮ ‘ਆਤੂ ਖੋਜੀ’ ਆਈ ਸੀ।
ਰਾਜੀਵ ਸਾਇੰਸ ਦਾ ਵਿਦਿਆਰਥੀ ਸੀ, ਫਿਰ ਗਿਆਨੀ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਪੰਜਾਬੀ ਸਾਹਿਤ ਵਿਚ ਗਰੈਜੂਏਸ਼ਨ ਕੀਤੀ ਅਤੇ ਅੱਗੇ ਪੜ੍ਹਨ ਲਈ ਚੰਡੀਗੜ੍ਹ ਆ ਗਿਆ। ਪੰਜਾਬੀ ਯੂਨੀਵਰਸਿਟੀ ਵਿਚ ਉਹ ਥੀਏਟਰ ਵਿਭਾਗ ‘ਚ ਪੜ੍ਹਨ ਲੱਗਿਆ। ਉਸ ਦੀ ਪਹਿਲੀ ਫ਼ਿਲਮ ‘ਅਪਣਾ ਪਾਸ਼’ ਸੀ ਜਿਹੜੀ ਕਿਸੇ ਦਸਤਾਵੇਜ਼ ਦੀ ਤਰ੍ਹਾਂ ਸੀ। ਮੇਰੀ ਲਈ ਵੀ ਫ਼ਿਲਮ ਮੇਕਿੰਗ ‘ਚ ਆਉਣ ਦਾ ਪਹਿਲਾ ਕਦਮ ਇਹ ਫ਼ਿਲਮ ਰਹੀ। ਬਾਅਦ ਵਿਚ ਰਾਜੀਵ ਟੀਵੀ ਲਾਈਨ ਵਿਚ ਚਲਾ ਗਿਆ। ਇਸ ਦੌਰਾਨ ਰਾਜੀਵ ਨੇ ‘ਨਾਬਰ’ ਦੀ ਕਹਾਣੀ ਲਿਖੀ। ਕਈ ਲੋਕਾਂ ਨੇ ਤਾਰੀਫ਼ ਵੀ ਕੀਤੀ ਪਰ ਫ਼ਿਲਮ ਬਣਾਉਣ ਲਈ ਪੈਸਾ ਲਗਾਉਣ ਵਾਸਤੇ ਕੋਈ ਰਾਜ਼ੀ ਨਾ ਹੋਇਆ। ਰਾਜੀਵ ਸ਼ਰਮਾ ‘ਚੈਨਲ ਪੰਜਾਬ’ ਵਿਚ ਕੰਮ ਕਰ ਚੁੱਕਿਆ ਸੀ। ਚੈਨਲ ਦੇ ਜਸਵੀਰ ਸਿੰਘ ਡੇਰੇਵਾਲ ਨੇ ਫ਼ਿਲਮ ਮੇਕਿੰਗ ‘ਚ ਆਉਣ ਬਾਰੇ ਸੋਚੀ। ਦੋਵੇਂ ਇਕੱਠੇ ਹੋਏ ਅਤੇ ‘ਨਾਬਰ’ ਫ਼ਿਲਮ ਬਣਾਉਣ ਦਾ ਸੁਪਨਾ ਪੂਰਾ ਕਰ ਲਿਆ।
ਇਹ ਫ਼ਿਲਮ ਪਿਤਾ-ਪੁੱਤਰ ਦੇ ਰਿਸ਼ਤੇ ਦੀ ਜਟਿਲਤਾ ਅਤੇ ਬਾਰੀਕੀਆਂ ਨੂੰ ਪਰੋਂਦੇ ਹੋਏ ਪੰਜਾਬੀਆਂ ਦੇ ਵਿਦੇਸ਼ ਜਾਣ ਸਬੰਧੀ ਮੁੱਦੇ ਨੂੰ ਚੁੱਕਦੀ ਹੈ। ਇਸੇ ਦਰਮਿਆਨ ਇਕ ਸ਼ਾਂਤ ਅਤੇ ਚੁੱਪ ਰਹਿਣ ਵਾਲਾ ਕਿਰਦਾਰ ਨਾਬਰ ਹੋ ਜਾਣ ਦਾ ਐਲਾਨ ਕਰਦਾ ਹੈ। ਉਹ ਦੂਸਰਿਆਂ ਦੇ ਦਰਦ ਨੂੰ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਪੰਜਾਬੀ ਫ਼ਿਲਮਾਂ ਵਿਚ ਦਿਖਾਉਣਾ ਚਾਹੁੰਦਾ ਹੈ। ‘ਨਾਬਰ’ ਨੂੰ ਮਿਲੇ ਸਨਮਾਨ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਹੁਣ ਉਸ ਨੂੰ ਪੰਜਾਬ ‘ਚ ਰਹਿੰਦੇ ਹੋਏ ਹੀ ਸਾਰਥਿਕ ਫ਼ਿਲਮਾਂ ਬਣਾਉਣ ਅਤੇ ਵਿਖਾਉਣ ਦੇ ਬੇਹਤਰ ਮੌਕੇ ਮਿਲਣਗੇ।
————————————
ਕੁਆਲਿਟੀ ਤੇ ਸਰਥਿਕਤਾ ਤਾਂ ਖੇਤਰੀ ਸਿਨੇਮੇ ‘ਚ ਹੀ ਬਚੀ ਹੈ : ਰਾਜੀਵ

‘ਨਾਬਰ’ ਫ਼ਿਲਮ ਦੀ ਕਹਾਣੀ ਕੀ ਹੈ?
- ਪੰਜਾਬ ਵਿਚ ਇਕ ਨੌਜਵਾਨ ਨੂੰ ਕੁਝ ਦਲਾਲ ਵਿਦੇਸ਼ ਭੇਜਣ ਦਾ ਲਾਲਚ ਦਿੰਦੇ ਹਨ। ਬਾਅਦ ਵਿਚ ਉਸ ਦੇ ਪੈਸੇ ਲੈ ਲੈਂਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ। ਇਸ ਤੋਂ ਬਾਅਦ ਉਸ ਦਾ ਪਿਤਾ ਪੁੱਤਰ ਨੂੰ ਨਿਆਂ ਦਿਵਾਉਣ ਦੀ ਲੜਾਈ ਲੜਦਾ ਹੈ।

ਰਾਸ਼ਟਰੀ ਐਵਾਰਡ ਮਿਲਣ ਤੋਂ ਬਾਅਦ ਕੀ ਪ੍ਰਤੀਕਰਮ ਆ ਰਹੇ ਹਨ?
- ਮੈਨੂੰ ਕਾਫ਼ੀ ਵਧੀਆ ਹੁੰਗਾਰਾ ਮਿਲਿਆ ਹੈ। ਪ੍ਰੋਡਿਊਸਰ ਫੋਨ ਕਰ ਰਹੇ ਹਨ ਅਤੇ ਆਪਣੇ ਪ੍ਰੋਜੈਕਟ ਦੇ ਲਈ ਦੱਸ ਰਹੇ ਹਨ। ਪ੍ਰੰਤੂ ਸਾਡਾ ਧਿਆਨ ਆਮ ਲੋਕਾਂ ਤੱਕ Ḕਨਾਬਰ’ ਫ਼ਿਲਮ ਨੂੰ ਪਹੁੰਚਾਉਣ ਦਾ ਹੈ।

ਪੰਜਾਬੀ ਦਾ ਕੋਈ ਕਹਾਣੀਕਾਰ ਜਾਂ ਸ਼ਖ਼ਸੀਅਤ ਜਿਸ ਨੇ ਪ੍ਰੇਰਿਤ ਕੀਤਾ?
- ਗੁਰਸ਼ਰਨ ਸਿੰਘ। ਲੋਕਾਂ ਦੇ ਲਈ ਥੀਏਟਰ ਵਿਚ ਉਨ੍ਹਾਂ ਦਾ ਬੇਹਤਰੀਨ ਯੋਗਦਾਨ ਰਿਹਾ ਹੈ। ਮੈਂ ਉਨ੍ਹਾਂ ਨਾਲ ਕਾਫ਼ੀ ਸਮਾਂ ਕੰਮ ਕੀਤਾ। ਉਨ੍ਹਾਂ ਨੇ ਬਹੁਤ ਕੁਝ ਸਿਖਾਇਆ ਕਿ ਕਲਾ ਜਗਤ ਦੀ ਭਲਾਈ ਲਈ ਹੁੰਦੀ ਹੈ।

ਇਸ ਵਾਰ ਖੇਤਰੀ ਸਿਨੇਮੇ ਵਿਚ ਕਈ ਫ਼ਿਲਮਾਂ ਛਾਈਆਂ ਹਨ?
- ਖੇਤਰੀ ਸਿਨੇਮਾ ਜ਼ਿੰਦਗੀ ਦੇ ਸਭ ਤੋਂ ਨੇੜੇ ਹੁੰਦਾ ਹੈ। ਮੁੱਖ ਧਾਰਾ ਜਾਂ ਫਿਰ ਕਮਰਸ਼ੀਅਲ ਸਿਨੇਮਾ ਸ਼ਹਿਰੀ ਹੋ ਗਿਆ ਹੈ। ਕੁਆਲਿਟੀ ਅਤੇ ਸਾਰਥਿਕਤਾ ਤਾਂ ਖੇਤਰੀ ਸਿਨੇਮੇ ਵਿਚ ਹੀ ਬਚੀ ਹੈ।

ਰਾਸ਼ਟਰੀ ਐਵਾਰਡ ਤੋਂ ਪਹਿਲਾਂ ਤੁਹਾਡੀ ਫ਼ਿਲਮ ਦਾ ਸ਼ਾਇਦ ਕਿਸੇ ਨੇ ਨਾਂ ਨਹੀਂ ਸੁਣਿਆ ਸੀ, ਫ਼ਿਲਮ ਕਦੋਂ ਰਿਲੀਜ਼ ਹੋਵੇਗੀ?
- Ḕਨਾਬਰ’ ਫ਼ਿਲਮ ਅਸੀਂ ਜੂਨ ਮਹੀਨੇ ਵਿਚ ਰਿਲੀਜ਼ ਕਰਨੀ ਸੀ, ਇਸ ਲਈ ਪ੍ਰਮੋਸ਼ਨ ਵੀ ਸ਼ੁਰੂ ਨਹੀਂ ਕੀਤੀ ਸੀ। ਹੁਣ ਸ਼ਾਇਦ ਅਸੀਂ ਇਸ ਨੂੰ ਹੋਰ ਅੱਗੇ ਪਾ ਸਕਦੇ ਹਾਂ। ਅਸੀਂ ਡਿਸਟ੍ਰੀਬਿਊਸ਼ਨ ਲਈ ਕੋਈ ਵੱਖਰਾ ਰਸਤਾ ਲੱਭ ਰਹੇ ਹਾਂ, ਜਿਸ ਉਤੇ ਮਿਹਨਤ ਅਤੇ ਸੰਘਰਸ਼ ਹੋਣਾ ਸੁਭਾਵਿਕ ਹੈ। ਅਸੀਂ ਨਹੀਂ ਚਾਹੁੰਦੇ ਕਿ ਲੋਕ ਜ਼ਿਆਦਾ ਪੈਸਾ ਖ਼ਰਚ ਕੇ ਸਾਡੀ ਫ਼ਿਲਮ ਵੇਖਣ।

50 ਲੱਖ ਸੀ ਫ਼ਿਲਮ ਦਾ ਬਜਟ
ਪੰਜਾਬੀ ਸਿਨੇਮੇ ਵਿਚ ਜਿਥੇ ਕਰੋੜਾਂ ਰੁਪਏ ਦੀਆਂ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ ਉਥੇ ਸਭ ਤੋਂ ਘੱਟ ਬਜਟ ਦੀ ਫ਼ਿਲਮ ਨੇ ਰਾਸ਼ਟਰੀ ਐਵਾਰਡ ਜਿੱਤ ਕੇ ਵੱਡੀ ਮੱਲ ਮਾਰੀ ਹੈ। ‘ਨਾਬਰ’ ਫ਼ਿਲਮ ਮਹਿਜ਼ 50 ਲੱਖ ਰੁਪਏ ਦੇ ਬਜਟ ਨਾਲ ਤਿਆਰ ਹੋਈ ਹੈ, ਜਿਸ ਵਿਚ ਕਈ ਗੰਭੀਰ ਮੁੱਦੇ ਵੀ ਉਠਾਏ ਗਏ ਹਨ। ਫ਼ਿਲਮ ਦਾ ਅਧਾਰ ਇਕ ਸੱਚੀ ਘਟਨਾ ਹੈ। ਹੁਸ਼ਿਆਰਪੁਰ ਦੇ ਇਕ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਗ਼ੈਰ ਕਾਨੂੰਨੀ ਏਜੰਟ ਨੇ ਮੁੰਬਈ ‘ਚ ਕਤਲ ਕਰ ਦਿੱਤਾ ਸੀ। ਫ਼ਿਲਮ ਵਿਚ ਇਸ ਲੜਕੇ ਦੀ ਭੂਮਿਕਾ ਪੰਜਾਬੀ ਕਲਾਕਾਰ ਨਿਸ਼ਾਨ ਭੁੱਲਰ ਨੇ ਨਿਭਾਈ ਹੈ। ਆਪਣੇ ਪੁੱਤਰ ਲਈ ਨਿਆਂ ਦੀ ਲੜਾਈ ਲੜਨ ਵਾਲੇ ਬਾਪ ਦੀ ਭੂਮਿਕਾ ਥੀਏਟਰ ਕਲਾਕਾਰ ਹਰਦੀਪ ਗਿੱਲ ਨੇ ਨਿਭਾਈ ਹੈ। ਫ਼ਿਲਮ ਵਿਚ ਰਾਣਾ ਰਣਬੀਰ, ਹਰਵਿੰਦਰ ਕੌਰ, ਗੀਤਾਜ਼ਲੀ ਗਿੱਲ ਅਤੇ ਅਸ਼ੀਸ਼ ਦੁੱਗਲ ਨੇ ਵੀ ਅਦਾਕਾਰੀ ਕੀਤੀ ਹੈ।


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>