ਨਵੀਂ ਦਿੱਲੀ/ਬਿਊਰੋ ਨਿਊਜ਼
ਮਸ਼ਹੂਰ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਯਾਦ ‘ਚ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਡਾਕ ਟਿਕਟ ਜਾਰੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਸ੍ਰੀ ਜਗਜੀਤ ਸਿੰਘ ਨੂੰ ‘ਨਿਵੇਕਲਾ ਕਲਾਕਾਰ’ ਦੱਸਿਆ, ਜਿਸ ਦਾ ਸੰਗੀਤ ਹਮੇਸ਼ਾ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਰਹੇਗਾ। ਉਨ੍ਹਾਂ ਕਿਹਾ, ”ਸਾਡੇ ਦੇਸ਼ ਦੇ ਸੰਗੀਤ ਇਤਿਹਾਸ ‘ਚ ਜਗਜੀਤ ਸਿੰਘ ਦਾ ਖਾਸ ਸਥਾਨ ਹੈ। ਉਹ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀ ਜਾਦੁਈ ਆਵਾਜ਼ ਅਤੇ ਸੰਗੀਤ ਦਾ ਸਾਡੇ ‘ਤੇ ਹਮੇਸ਼ਾ ਅਸਰ ਰਹੇਗਾ।” ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਅਕਤੂਬਰ 2011 ‘ਚ ਦੇਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਗਜੀਤ ਸਿੰਘ ਨੇ ਕਲਾਸੀਕਲ, ਧਾਰਮਿਕ ਅਤੇ ਲੋਕ ਗੀਤ ਵੀ ਗਾਏ ਪਰ ਉਨ੍ਹਾਂ ਨੂੰ ਗ਼ਜ਼ਲਾਂ ਗਾਉਣ ਲਈ ਸਭ ਤੋਂ ਵੱਧ ਯਾਦ ਕੀਤਾ ਜਾਏਗਾ। ਡਾਕਟਰ ਮਨਮੋਹਨ ਸਿੰਘ ਨੇ ਕਿਹਾ, ”ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਜਗਜੀਤ ਸਿੰਘ ਦੀ ਗ਼ਜ਼ਲ ਗਾਇਕੀ ਦੇ ਸਟਾਈਲ ਨੇ ਦੇਸ਼ ‘ਚ ਇਸ ਕਲਾ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ।” ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਨੇ ਗ਼ਜ਼ਲ ਗਾਇਕੀ ‘ਚ ਪੱਛਮੀ ਸਾਜ਼ਾਂ ਦੀ ਵਰਤੋਂ ਦਾ ਤਜਰਬਾ ਕਰਕੇ ਇਸ ਨੂੰ ਨਿਵੇਕਲੀ ਪਛਾਣ ਦਿੱਤੀ ਅਤੇ ਉਨ੍ਹਾਂ ਦੀ ਪਤਨੀ ਚਿਤਰਾ ਸਿੰਘ ਨੇ ਉਨ੍ਹਾਂ ਦਾ ਬਾਖੂਬੀ ਸਾਥ ਨਿਭਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਗਜੀਤ ਸਿੰਘ ਵਰਗੇ ਕਲਾਕਾਰ ਕਈ ਸਦੀਆਂ ‘ਚ ਇਕ ਵਾਰ ਜਨਮ ਲੈਂਦੇ ਹਨ। ਉਨ੍ਹਾਂ ਟਿਕਟ ਜਾਰੀ ਕਰਨ ਲਈ ਡਾਕ ਵਿਭਾਗ ਨੂੰ ਵੀ ਵਧਾਈ ਦਿੱਤੀ।
ਜਗਜੀਤ ਨੂੰ ‘ਭਾਰਤ ਰਤਨ’ ਮਿਲਣਾ ਚਾਹੀਦੈ: ਚਿਤਰਾ
ਅੰਮ੍ਰਿਤਸਰ/ਬਿਊਰੋ ਨਿਊਜ਼
ਮਰਹੂਮ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਪਤਨੀ ਚਿਤਰਾ ਸਿੰਘ ਨੇ ਉਨ੍ਹਾਂ ਦੇ ਪਤੀ ਦੀ ਯਾਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਡਾਕ ਟਿਕਟ ਜਾਰੀ ਕੀਤੇ ਜਾਣ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਦੇਸ਼ ਨੇ ਵਿਛੜੇ ਗਾਇਕ ਨੂੰ ਯਾਦ ਕੀਤਾ ਹੈ, ਪਰ ਉਸ ਦੀ ਯਾਦ ਵਿੱਚ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਉਹ ਐਤਵਾਰ ਨੂੰ ਇਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ।ਦਿੱਲੀ ‘ਚ ਹੋਏ ਇਸ ਸਮਾਗਮ ਤੋਂ ਬਾਅਦ ਉਸ ਦੀ ਯਾਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਈ ਚਿਤਰਾ ਸਿੰਘ ਨੇ ਇਸ ਸਬੰਧੀ ਗੱਲ ਕਰਦਿਆਂ ਆਖਿਆ ਕਿ ਉਸ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਹ ਇਸ ਤੋਂ ਵੀ ਵਧੇਰੇ ਸਨਮਾਨ ਦਾ ਹੱਕਦਾਰ ਹੈ ਕਿਉਂਕਿ ਉਸਨੇ ਆਪਣੀ ਆਵਾਜ਼ ਦੇ ਜਾਦੂ ਰਾਹੀਂ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ।