ਲੰਡਨ/ਬਿਊਰੋ ਨਿਊਜ਼-
ਬਰਤਾਨਵੀ ਫਿਲਮਸਾਜ਼ ਸਟੀਵ ਮੈਕੁਈਨ ਦੀ ਗ਼ੁਲਾਮ ਪ੍ਰਥਾ ਬਾਰੇ ਫਿਲਮ ’12 ਯੀਅਰਜ਼ ਏ ਸਲੇਵ’ ਨੇ ਬਾਫਟਾ 2014 ਸਮਾਰੋਹ ਵਿੱਚ ਦੋ ਸਭ ਤੋਂ ਵੱਡੇ ਇਨਾਮ ਹਾਸਲ ਕੀਤੇ ਹਨ ਪਰ ਅਲਫਾਂਸੋ ਕੁਆਰੌਨ ਦੀ 3ਡੀ ਪੁਲਾੜ ਫਿਲਮ ‘ਗ੍ਰੈਵਿਟੀ’ ਨੇ ਛੇ ਟਰਾਫੀਆਂ ਜਿੱਤ ਕੇ ਧੁੰਮ ਮਚਾ ਦਿੱਤੀ।
’12 ਯੀਅਰਜ਼ ਏ ਸਲੇਵ’ ਅਮਰੀਕਾ ਵਿੱਚ ਦਾਸਤਾ ਦੀ ਇਕ ਹੌਲਨਾਕ ਦਾਸਤਾਂ ਹੈ ਜਿਸ ਨੂੰ ਸਰਬੋਤਮ ਪਿਕਚਰ ਦਾ ਪੁਰਸਕਾਰ ਮਿਲਿਆ ਅਤੇ ਇਸ ਦੇ ਮੋਹਰੀ ਸਟਾਰ ਚਿਵੈਟਲ ਇਓਫੋਰ (36) ਨੂੰ ਸਰਬੋਤਮ ਅਦਾਕਾਰ ਦਾ ਖ਼ਿਤਾਬ ਦਿੱਤਾ ਗਿਆ ਹੈ। ਮੈਕੁਈਨ ਨੇ ਕਿਹਾ, ”ਇਸ ਵੇਲੇ ਜਦੋਂ ਅਸੀਂ ਇੱਥੇ ਬੈਠੇ ਹਾਂ ਹਾਂ ਤਾਂ ਵੀ 2.1 ਕਰੋੜ ਲੋਕ ਗੁਲਾਮਦਾਰੀ ਵਿੱਚ ਜਕੜੇ ਹੋਏ ਹਨ। ਮੈਂ ਉਮੀਦ ਹੀ ਕਰ ਸਕਦਾ ਹਾਂ ਕਿ ਹੁਣ ਤੋਂ 150 ਸਾਲ ਬਾਅਦ ਸਾਡਾ ਸੂਰਜ ਕਿਸੇ ਹੋਰ ਫਿਲਮਸਾਜ਼ ਨੂੰ ਇਹ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ।”
ਇਓਫੋਰ ਨੇ ਪੁਰਸਕਾਰ ਲਈ ਆਪਣੇ ਫਿਲਮਸਾਜ਼ ਦੀ ਤਾਰੀਫ਼ ਕਰਦਿਆਂ ਕਿਹਾ, ”ਇਹ ਤੁਹਾਡਾ ਹੈ, ਮੈਂ ਜਾਣਦਾ ਹਾਂ। ਤੁਸੀਂ ਜਾਣਦੇ ਹੋ। ਮੈਂ ਇਸ ਨੂੰ ਰੱਖ ਲਵਾਂਗਾ ਅਤੇ ਮੈਂ ਇਸੇ ਤਰ੍ਹਾਂ ਦਾ ਬੰਦਾ ਹਾਂ ਪਰ ਇਹ ਤੁਹਾਡਾ ਹੈ।” ਉਂਜ, ਕੁਆਰੌਨ ਨੇ 44 ਸਾਲਾ ਮੈਕੁਈਨ ਨੂੰ ਪਛਾੜ ਕੇ ਸਰਬੋਤਮ ਫਿਲਮਸਾਜ਼ ਦੀ ਟਰਾਫੀ ਜਿੱਤ ਲਈ। ਇਸ 52 ਸਾਲਾ ਮੈਕਸੀਕਨ ਫਿਲਮਸਾਜ਼ ਨੇ 13 ਸਾਲਾਂ ਤੋਂ ਲੰਡਨ ਹੀ ਆਪਣਾ ਘਰ ਬਣਾਇਆ ਹੋਇਆ ਹੈ। ਉਸ ਨੇ ਕਿਹਾ ਕਿ ਉਸ ਦਾ ਉਚਾਰਨ ਵੱਖਰਾ ਹੋ ਸਕਦਾ ਹੈ ਪਰ ਉਹ ਖ਼ੁਦ ਨੂੰ ਬਰਤਾਨਵੀ ਫਿਲਮ ਸਨਅਤ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਮੋਹਰੀ ਨਾਇਕਾ ਸੈਂਡਰਾ ਬੁਲੌਕ ਤੋਂ ਬਿਨਾਂ ‘ਗ੍ਰੈਵਿਟੀ’ ਬਣਨੀ ਸੰਭਵ ਨਹੀਂ ਸੀ। ਉਨ੍ਹਾਂ ਮਜ਼ਾਕੀਆ ਲਹਿਜੇ ‘ਚ ਆਖਿਆ, ”ਮੇਰਾ ਖਿਆਲ ਹੈ ਕਿ ਮੈਂ ਆਵਾਸ ਨੂੰ ਰੋਕਣ ਲਈ ਵਧੀਆ ਕੇਸ ਤਿਆਰ ਕੀਤਾ ਹੈ।” ਇਸ ਨੂੰ ਸਰਬੋਤਮ ਬਰਤਾਨਵੀ ਫਿਲਮ, ਸਰਬੋਤਮ ਸਿਨਮੈਟੋਗ੍ਰਾਫੀ, ਸਰਬੋਤਮ ਸਾਊਂਡ, ਸਰਬੋਤਮ ਮੂਲ ਸੰਗੀਤ ਅਤੇ ਸਰਬੋਤਮ ਸਪੈਸ਼ਲ ਵਿਜ਼ੂਅਲ ਇਫੈਕਟਸ ਦੇ ਖ਼ਿਤਾਬ ਵੀ ਮਿਲੇ ਹਨ। ਸਰਬੋਤਮ ਅਦਾਕਾਰਾ ਦਾ ਖ਼ਿਤਾਬ ਕੇਟ ਬਲਾਂਚੈਟ ਨੂੰ ਮਿਲਿਆ ਜਿਸ ਨੇ ‘ਬਲੂ ਜੈਸਮੀਨ’ ਵਿੱਚ ਇਕ ਫੈਸ਼ਨਦਾਰ ਔਰਤ ਦੀ ਭੂਮਿਕਾ ਨਿਭਾਈ ਹੈ, ਜਿਸ ਨੂੰ ਆਪਣੀ ਜੀਵਨ ਸ਼ੈਲੀ ਬਦਲਣ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਜ 44 ਸਾਲਾ ਬਲਾਂਚੈਟ ਨੇ ਫਿਲਮ ਦੇ ਨਿਰਦੇਸ਼ਕ ਵੂਡੀ ਐਲਨ ਦਾ ਜ਼ਿਕਰ ਨਹੀਂ ਕੀਤਾ, ਜਿਸ ਨੂੰ ਆਪਣੀ ਮੁਤਬੰਨੀ ਧੀ ਨਾਲ ਦੁਰਾਚਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੇਵਿਡ ਓ ਰਸਲ ਦੀ ‘ਅਮੇਰਿਕਨ ਹਸਲ’ ਨੂੰ ਤਿੰਨ ਪੁਰਸਕਾਰ ਅਤੇ ‘ਕੈਪਟਨ ਫਿਲਿਪਸ’ ਵਿੱਚ ਨਿਭਾਏ ਕਿਰਦਾਰ ਲਈ ਬਰਖ਼ਦ ਆਬਦੀ ਨੂੰ ਸਰਬੋਤਮ ਸਹਾਇਕ ਕਲਾਕਾਰ ਦਾ ਐਜਾਜ਼ ਮਿਲਿਆ।
↧
‘ਗਰੈਵਿਟੀ’ਅਤੇ ’12 ਯੀਅਰਜ਼ ਏ ਸਲੇਵ’ਫਿਲਮਾਂ ਵੱਲੋਂ ਬਾਫਟਾ 2014 ਇਨਾਮਾਂ ਤੇ ਹੂੰਝਾ
↧