ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਕਰਨਗੇ ਲੋਕਾਂ ਦਾ ਮਨੋਰੰਜਨ
ਫਰਿਜ਼ਨੋਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)
ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਫਰਿਜ਼ਨੋਂ ਵਲੋਂ ਇਸ ਸਾਲ ਅਪਣਾ ਸਲਾਨਾ ਸਭਿਅਚਾਰਕ ਮੇਲਾ 3 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਪੰਜਾਬੀਆਂ ਦਾ ਮਨੋਰੰਜਨ ਕਰਨਗੇ। ਇਹ ਫੈਸਲਾ ਸੰਸਥਾ ਦੇ ਅਹੁਦੇਦਾਰਾਂ ਅਤੇ ਸਰਗਰਮ ਮੈਂਬਰਾਂ ਦੀ ਬੀਤੇ ਦਿਨੀਂ ਇੱਥੇ ਹੋਈ ਮੀਟਿੰਗ ਸਮੇਂ ਕੀਤਾ ਗਿਆ। ਸੰਸਥਾ ਚਾਹੁੰਦੀ ਹੈ ਕਿ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਇਸ ਮੇਲੇ ਵਿੱਚ ਸੱਦਾ ਦਿੱਤਾ ਜਾਵੇ ਤਾਂ ਜੋ ਜਿਹੜੇ ਲੋਕ ਆਮ ਸ਼ੋਆਂ ਵਿੱਚ ਮਹਿੰਗੀਆਂ ਟਿਕਟਾਂ ਨਹੀਂ ਖਰੀਦ ਸਕਦੇ ਜਾਂ ਸਾਡੇ ਬਜੁਰਗ ਆਪਣੇ ਮਹਿਬੂਬ ਕਲਾਕਾਰ ਨੂੰ ਕੁਝ ਕਾਰਨਾਂ ਕਰਕੇ ਨਹੀਂ ਵੇਖ ਸਕਦੇ ਉਹ ਸਾਰੇ ਇਸ ਪੀਸੀਏ ਮੇਲੇ ਦੌਰਾਨ ਗੁਰਦਾਸ ਮਾਨ ਨੂੰ ਸੁਣ ਸਕਣ । ਇਸੇ ਕਰਕੇ ਲੋਕਾਂ ਦੀ ਸਹੂਲਤ ਨੂੰ ਮੁਖ ਰੱਖ ਕੇ ਅਤੇ ਗੁਰਦਾਸ ਮਾਨ ਦੇ ਰੁਝੇਂਵਿਆਂ ਨੂੰ ਧਿਆਨ ਵਿੱਚ ਰਖਦਿਆਂ ਇਹ ਮੇਲਾ ਐਤਕੀਂ ਅਗਸਤ ਦੀ 3 ਤਾਰੀਖ ਦਿਨ ਐਤਵਾਰ ਦੁਪਿਹਰ ਨੂੰ ਰੱਖਿਆ ਗਿਆ ਹੈ । ਵੈਸੇ ਹਰੇਕ ਸਾਲ ਇਹ ਮੇਲਾ ਮਈ ਮਹੀਨੇ ਕਰਵਾਇਆ ਜਾਂਦਾ ਰਿਹਾ ਹੈ।
ਇਸ ਮੇਲੇ ਦੀ ਟਿਕਟ ਸਿਰਫ ਵੀਹ ਡਾਲਰ ਰੱਖੀ ਗਈ ਹੈ ਜਦੋਂ ਬਜੁਰਗ ਸੀਨੀਅਰ ਸਿਟੀਜ਼ਨਾਂ ਅਤੇ 7 ਸਾਲ ਦੀ ਉਮਰ ਤੱਕ ਦੇ ਬਚਿਆਂ ਲਈ ਮੇਲੇ ਵਿੱਚ ਦਾਖਲਾ ਮੁਫਤ ਹੋਵੇਗਾ । ਪਰ ਬਜੁਰਗਾਂ ਦੇ ਸਨਾਖਤੀ ਕਾਰਡ ਵੇਖ ਕੇ ਮੁਫਤ ਦਾਖਲੇ ਦੀ ਸਹੂਲਤ ਪ੍ਰਦਾਂਨ ਕੀਤੀ ਜਾਵੇਗੀ । ਇਸ ਮੇਲੇ ਸਬੰਧੀ ਹੋਰ ਜਾਣਕਾਰੀ ਆਉਣ ਵਾਲੇ ਦਿਨਾਂ ਦੌਰਾਨ ਦਿੱਤੀ ਜਾਵੇਗੀ । ਇਸ ਮੇਲੇ ਦੀ ਸਟੇਜ ਤੋ ਪੰਜਾਬੀ ਲੋਕ ਨਾਚ ਗਿਧੇ ਅਤੇ ਭੰਗੜੇ ਦੇ ਜੌਹਰ ਵੀ ਵੇਖਣ ਨੂੰ ਮਿਲਣਗੇ ਜਿਹੜੀਆਂ ਟੀਮਾਂ ਭਾਗ ਲੈਣਾਂ ਚਾਹੁੰਦੀਆਂ ਹਨ ਉਹ ਫੋਨ ਨੰਬਰ 559-333-5776 ਜਾਂ 408-966-7019 ਉੱਤੇ ਸੰਪਰਕ ਕਰ ਸਕਦੇ ਹਨ।