ਚੰਡੀਗੜ੍ਹ/ਬਿਊਰੋ ਨਿਊਜ਼:
ਹਰਮਨਪਿਆਰੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦੁਆਰਾ ਗਾਏ ਨਵੇਂ ਗੀਤ ‘ਸਰਦਾਰ ਜੀ’ ਨੂੰ ਦੁਨੀਆਂ ਭਰ ਦੇ ਸਰੋਤਿਆਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਉੱਤੇ (25 ਦਸੰਬਰ 2013) ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਹੁਣ ਤਕ ਯੂਟਿਊਬ ਉੱਤੇ ਸਵਾ ਲੱਖ ਤੋਂ ਵੱਧ ਵਿਊਅਰਜ਼ ਦੁਆਰਾ ਵੇਖਿਆ ਜਾ ਚੁੱਕਿਆ ਹੈ। ਸਰੋਤਿਆਂ ਦੁਆਰਾ ਇਸ ਗੀਤ ਦੀ ਤਾਰੀਫ ‘ਚ ਕੀਤੀਆਂ ਟਿੱਪਣੀਆਂ ਵਿਚ ਇਸ ਨੂੰ ‘ਸਰਤਾਜ ਦਾ ਹੁਣ ਤਕ ਦਾ ਸਭ ਤੋਂ ਵਧੀਆ ਗੀਤ’ ਦਾ ਦਰਜਾ ਦਿੱਤਾ ਗਿਆ ਹੈ। ਇਸ ਗੀਤ ਨੂੰ ਆਈਟਿਊਨਜ਼ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ, ਜਿੱਥੇ ਇਸ ਦੀ ਕੀਮਤ 99 ਸੈਂਟ ਰੱਖੀ ਗਈ ਹੈ।
ਇਸ ਗੀਤ ਵਿਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੁਆਰਾ ਦਿੱਤੀ ਲਾਸਾਨੀ ਸ਼ਹਾਦਤ ਅਤੇ ਸਿੱਖ ਕੌਮ ਅੰਦਰ ਭਰੀ ਅਦੁੱਤੀ ਦਲੇਰੀ ਅਤੇ ਕੁਰਬਾਨੀ ਦਾ ਜ਼ਜ਼ਬੇ ਦਾ ਜ਼ਿਕਰ ਹੈ।
ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਗਾਇਕ ਸਤਿੰਦਰ ਸਰਤਾਜ ਨੇ ਦੱਸਿਆ ਕਿ ਇਹ ਧਾਰਮਿਕ ਗੀਤ ਗੁਰੂ ਗੋਬਿੰਦ ਸਿੰਘ ਅਤੇ ਚਾਰ ਸਾਹਿਬਜ਼ਾਦਿਆਂ ਦੁਆਰਾ ਦਿੱਤੀਆਂ ਕੁਰਬਾਨੀਆਂ ਲਈ ਇਕ ਸ਼ਰਧਾਂਜਲੀ ਹੈ। ਇਹ ਗੀਤ ਇਕ ਅਜਿਹੇ ਸਮਕਾਲੀ ਸਿੱਖ ਦੀ ਬਾਤ ਪਾਉਂਦਾ ਹੈ, ਜਿਹੜਾ ਕਿਸੇ ਹੋਰ ਭਾਈਚਾਰੇ ਦੇ ਵਿਅਕਤੀ ਦੁਆਰਾ ਉਸ ਦੀ ਅਮੀਰ ਵਿਰਾਸਤ ਬਾਰੇ ਪੁੱਛੇ ਜਾਣ ਤੇ ਸਿੱਖ ਧਰਮ ਦੇ ਮਹਾਨ ਸ਼ਹੀਦਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ ਅਤੇ ਆਪਣੇ ਆਪ ਦੀ ਪੜਚੋਲ ਕਰਦਾ ਹੈ।
ਫਿਰਦੌਸ ਪ੍ਰੋਡਕਸ਼ਨ ਦੁਆਰਾ ਤਿਆਰ ਕਰਵਾਏ ਇਸ ਗੀਤ ਨੂੰ ਖੁਦ ਸਰਤਾਜ ਨੇ ਲਿਖਿਆ ਅਤੇ ਸੁਰਾਂ ‘ਚ ਬੰਨ੍ਹਿਆ ਹੈ। ਇਸ ਦਾ ਸੰਗੀਤ ਪਾਰਟਨਰਜ਼ ਇਨ ਰਾਈਮ ਦੁਆਰਾ ਤਿਆਰ ਕੀਤਾ ਗਿਆ ਹੈ। ਹਰਨਵ ਬੀਰ ਸਿੰਘ ਨੇ ਇਸ ਗੀਤ ਦਾ ਵੀਡਿਓ ਬਣਾ ਕੇ ਪਹਿਲੀ ਵਾਰ ਇਸ ਪਿੜ ਵਿਚ ਪੈਰ ਪਾਇਆ ਹੈ।
↧
ਸਤਿੰਦਰ ਸਰਤਾਜ ਦੇ ‘ਸਰਦਾਰ ਜੀ’ ਗੀਤ ਦੀਆਂ ਧੁੰਮਾਂ
↧