Image may be NSFW.
Clik here to view.
ਰਵਾਇਤੀ ਤੇ ਅਧੁਨਿਕ ਸੂਫ਼ੀ ਸੰਗੀਤ ਸ਼ੈਲੀ ਦੇ ਸੰਗਮ ਨਾਲ ਦੋ ਸਾਲ ਬਾਅਦ ਕੀਤੀ ਵਾਪਸੀ
ਮਿਊਜ਼ਿਕ ਸੀਡੀ ਦੀ ਵਿੱਕਰੀ ਦਾ ਇੱਕ ਹਿੱਸਾ ਕੈਂਸਰ ਰੋਗੀਆਂ ਦੀ ਭਲਾਈ ਲਈ ਚੱਲ ਰਹੀ ਗੈਰ ਲਾਭਕਾਰੀ ਸੰਸਥਾ ਨੂੰ ਕੀਤਾ ਜਾਵੇਗਾ ਦਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਸੰਗੀਤ ਦੇ ਨਾਲ ਅਧੁਨਿਕ ਸੂਫ਼ੀ ਦੇ ਮਸ਼ਹੂਰ ਗਾਇਕ ਡਾæ ਸਤਿੰਦਰ ਸਰਤਾਜ ਨੇ ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਆਪਣੀ ਨਵੀਂ ਮਿਊਜ਼ਿਕ ਐਲਬਮ Ḕਅਫ਼ਸਾਨੇ ਸਰਤਾਜ ਦੇ’ ਲਾਂਚ ਕੀਤੀ। ਡਾæ ਸਰਤਾਜ ਨੇ ਦੋ ਸਾਲ ਬਾਅਦ ਪਰੰਪਰਾਗਤ ਤੇ ਅਧੁਨਿਕ ਸੂਫ਼ੀ ਸੰਗੀਤ ਨਾਲ ਇਸ ਐਲਬਮ ਨਾਲ ਸੰਗੀਤ ਜਗਤ ‘ਚ ਵਾਪਸੀ ਕੀਤੀ ਹੈ। ਉਨ੍ਹਾਂ ਦੀ ਇਸ ਨਵੀਂ ਮਿਊਜ਼ਿਕ ਐਲਬਮ ਦੀ ਸੀਡੀ ਦੀ ਕੁੱਲ ਵਿੱਕਰੀ ਦਾ ਇੱਕ ਹਿੱਸਾ ਕ੍ਰਿਕੇਟਰ ਯੁਵਰਾਜ ਸਿੰਘ ਵੱਲੋਂ ਕੈਂਸਰ ਰੋਗੀਆਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਗੈਰ ਲਾਭਕਾਰੀ ਸੰਸਥਾ Ḕਯੂਵੀਕੈਨ’ ਨੂੰ ਦਾਨ ‘ਚ ਦਿੱਤਾ ਜਾਵੇਗਾ।
Ḕਅਫ਼ਸਾਨੇ ਸਰਤਾਜ ਦੇ’ ਪਰੰਪਾਰਿਕ ਲੋਕ ਅਤੇ ਅਧੁਨਿਕ ਸੂਫ਼ੀ ਸੰਗੀਤ ਦਾ ਵਧੀਆ ਸੰਗਮ ਹੈ। ਇਸ ਐਲਬਮ ‘ਚ ਡਾæ ਸਰਤਾਜ ਨੇ ਆਪਣੀ ਉਸ ਪੁਰਾਣੀ ਗਾਇਨ ਸ਼ੈਲੀ ਨੂੰ ਸਰੋਤਿਆਂ ਦੇ ਮਨ ਦੀਆਂ ਭਾਵਨਾਂ ਨੂੰ ਛੋਹਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਐਲਬਮ ਦੇ ਦਸ ਗੀਤ ਸਰੋਤਿਆਂ ਦੀ ਜ਼ਿੰਦਗੀ ਨਾਲ ਜੁੜ੍ਹੇ ਵੱਖ ਵੱਖ ਮੁੱਦਿਆਂ ‘ਤੇ ਚਾਨ੍ਹਣਾ ਪਾਉਂਦੇ ਹਨ। ਐਲਬਮ ਦਾ ਸੰਗੀਤ ਬਹੁਤ ਹੀ ਸਾਫ, ਸਧਾਰਣਅਤੇ ਦਿਲ ਨੂੰ ਛੋਹਣ ਵਾਲਾ ਹੈ।
ਸਤਿੰਦਰ ਸਰਤਾਜ ਨੇ ਦੱਸਿਆ ਕਿ ਐਲਬਮ ਦਾ ਟਾਈਟਲ ਗੀਤ Ḕਸੂਹੇ ਖ਼ਤ’ ਉਸ ਅਣਵੰਡੇ ਪੰਜਾਬ ਨੂੰ ਸਮਰਪਿਤ ਹੈ ਜਿਸਨੇ ਹਾਲੇ 1947 ਦੇ ਸੰਤਾਪ ਦਾ ਸੇਕ ਨਹੀਂ ਸੀ ਝੱਲਿਆ। ਜਦੋਂ ਪੰਜਾਂ ਪਾਣੀਆਂ ‘ਚ ਲੀਕਾਂ ਨਹੀਂ ਸਨ ਖਿੱਚੀਆਂ ਗਈਆਂ। ਸਾਡਾ ਉਸ ਸਾਂਝੇ ਪੰਜਾਬ ਦੀਆਂ ਹਵਾਵਾਂ ‘ਚ ਜਵਾਨ ਹੋਈਆਂ ਪਾਕ ਮੁਹੱਬਤਾਂ ਨੂੰ ਸਜਦਾ ਹੈ। Ḕਖਿਡਾਰੀ’ ਗੀਤ ਆਪਣੇ ਆਪ ‘ਚ ਇੱਕ ਮੁਕੰਮਲ ਜਹਾਨ ਸਮੋਈ ਬੈਠਾ ਹੈ। ਇੱਥੇ ਅਸੀਂ ਜ਼ਿੰਦਗੀ ਨੂੰ ਜੂਏ ਨਾਲ ਤਸ਼ਬੀਹ ਦੇ ਕੇ ਹਾਰ ਕਬੂਲਣ ਦੇ ਜਜ਼ਬੇ ਦੀ ਕਦਰ ਕਰਨ ਤੇ ਇੱਕ ਜੁਆਰੀ ਵਾਂਗ ਜ਼ਿੰਦਗੀ ਨੂੰ ਖੇਲ੍ਹਣ ਦਾ ਉਤਸਾਹ ਭਰਨ ਦੀ ਕੋਸ਼ਿਸ਼ ਕੀਤੀ ਹੈ। Ḕਆਖ਼ਰੀ ਅਪੀਲ’ ਗੀਤ ‘ਚ ਅੱਲ੍ਹੜ ਉਮਰ ਦੀ ਹਿਲੋਰੇ ਖਾਂਦੀ ਮਹੁੱਬਤ ਦੇ ਨਿੱਕੇ-ਨਿੱਕੇ ਸ਼ਿਕਵਿਆਂ ਦੇ ਖੁਸ਼ਰੰਗ ਚਿੱਤਰ ਨੂੰ ਉਸੇ ਉਮਰ ਦੀ ਬੋਲੀ ‘ਚ ਬਿਆਨ ਕੀਤਾ ਗਿਆ ਹੈ। ਗੀਤ Ḕਜੰਗ ਜਾਣ ਵਾਲੇ’ ਧਰਤੀ ਮਾਂ ਦੀ ਆਨ ਖ਼ਾਤਿਰ ਮਰ ਮਿਟਣ ਵਾਲੇ ਅਮਰ ਯੋਧਿਆਂ ਨੂੰ ਸਮਰਪਿਤ ਹੈ। ਕੁਰਬਾਨ ਹੋਣ ਦੇ ਜਜ਼ਬੇ ਦੀ ਲਾਸਾਨੀ ਮਿਸਾਲ ਨੂੰ ਸਮਰਪਿਤ ਜਿਸਨੇ ਪੰਜਾਬ ਦੀ ਧਰਤੀ ‘ਤੇ ਆਸ਼ਿਕ, ਭਗਤ ਅਤ ਯੋਧਿਆਂ ਨੂੰ ਜਨਮ ਦਿੱਤਾ ਉਨ੍ਹਾਂ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ। Ḕਕੁੜਿਓ ਰੋਇਆ ਨਾ ਕਰੋ’ ਗੀਤ ਸਾਡੇ ਸਮਾਜ ਅੰਦਰ ਘੁੱਟ – ਘੁੱਟ ਕੇ ਜੀਵਨ ਜਿਊਣ ਵਾਲੀਆਂ ਕੁੜੀਆਂ ਦੇ ਸੁਪਨਿਆਂ, ਰੀਝਾਂ ਅਤੇ ਅਰਮਾਨਾਂ ਨੂੰ ਟੁੰਬਣ ਵਾਲਾ ਹੈ। ਸਮਾਜ ‘ਚ ਕ੍ਰਾਈਮ ਅਗੇਂਸਟ ਵੂਮੈਨ ਦਾ ਸਰੂਪ ਬਹੁਤ ਹੀ ਰਿਦੇਵੇਧਕ ਹੈ। ਇਸ ਗੀਤ ‘ਚ ਕੁੜੀਆਂ ਦੀਆਂ ਵਿਡੰਬਨਾਵਾਂ ਤੇ ਵੇਦਨਾਵਾਂ ਨੂੰ ਉਲੀਕਿਆ ਹੈ। Ḕਖਿਡਾਰੀ’ ਗੀਤ ਨਿੱਜੀ ਸਵਾਰਥਾਂ ਦੀ ਦੌੜ੍ਹ ‘ਚ ਫ਼ਰਜ਼ਾਂ ਨੂੰ ਭੁੱਲ ਚੁੱਕੇ ਇਨਸਾਨ ਨੂੰ ਕੁਝ ਚੇਤੇ ਕਰਾਉਣ ਜਿਹਾ ਯਤਕ ਕੀਤਾ ਹੈ ਤੇ ਮਨੁਖ ਦੇ ਦੋਹਰੇ ਕਿਰਦਾਰ ਦਾ ਚਿਤਰਣ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਰਤਾਜ ਨੇ ਅੱਗੇ ਦੱਸਿਆ ਕਿ Ḕਦਰਦ ਗ਼ਰੀਬਾਂ ਦਾ’ ਗੀਤ ਉਸ ਅਣਗੌਲੇ ਬਚਪਨ ਦੇ ਨਾਂਅ ਹੈ ਜਿਸਨੂੰ ਬਾਲ-ਉਮਰ ਦੀਆਂ ਬੇ- ਪਰਵਾਹੀਆਂ ਨਸੀਬ ਨਹੀਂ ਹੋਈਆਂ ਤੇ ਖੇਡਾਂ-ਚਾਵਾਂ ਦੀ ਉਮਰ ‘ਚ ਹੀ ਰੋਜ਼ੀ-ਰੋਟੀ ਦੇ ਮਸਲਿਆਂ ਨਾਲ ਦੋ-ਚਾਰ ਹੋਣਾ ਪਿਆ। ਇਸ ਗੀਤ ‘ਚ ਐਸੇ ਲੋਕਾਂ ਦੇ ਦਰਦ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। Ḕਦਰਖ਼ਤਾ ਨੂੰ’ ਗੀਤ ‘ਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰੇ-ਭਰੇ ਚੌਗਿਰਦੇ ਤੋਂ ਬੇ-ਮੁੱਖ ਹੋਇਆ ਇਨਸਾਨ ਜਿਹੜਾ ਪੈਸੇ ਦੀ ਅੰਨ੍ਹੀ ਲਾਲਸਾ ‘ਚ ਮਲੂਕ ਦਰਖ਼ਤਾਂ ਨੂੰ ਕੱਟ ਕੇ ਕੰਕਰੀਟ ਦੇ ਜੰਗਲ ਖੜ੍ਹੇ ਕਰ ਰਿਹਾ ਹੈ ਪਰ ਸਾਨੂੰ ਗਲੋਬਲ ਵਾਰਮਿੰਗ ਪ੍ਰਤੀ ਫ਼ਿਕਰਮੰਦ ਹੋਣਾ ਚਾਹੀਦਾ ਹੈ। ਗੀਤ Ḕਪੁੱਤ ਸਾਡੇ’ ਰੋਜ਼ੀ-ਰੋਟੀ ਦੀ ਖ਼ਾਤਿਰ ਦੇਸੋਂ-ਪਰਦੇਸ ਹੋਏ ਬੱਚਿਆਂ ਦੇ ਸੁਪਨਿਆਂ ਦੀ ਸਲਾਮਤੀ ਮੰਗਦੇ ਮਾਪਿਆਂ ਦੇ ਖ਼ਦਸ਼ਿਆਂ ਤੇ ਖ਼ਵਾਹਿਸ਼ਾਂ ਦੀ ਤਰਜ਼ਮਾਨੀ ਕਰਦਾ ਹੈ। ਪਰਦੇਸੀ ਵਸਦੇ ਪੁੱਤਰਾਂ ਦੇ ਮਾਪੇ ਉਨ੍ਹਾਂ ਪ੍ਰਤੀ ਫਿਕਰਮੰਦ ਵੀ ਹਨ ਤੇ ਆਸਵੰਦ ਵੀ। Ḕਮੌਲ਼ਾ ਜੀ’ ਗੀਤ ਜ਼ਿੰਦਗੀ ਦੀਆਂ ਔਂਕੜਾਂ ਦੇ ਝੰਬੇ-ਹੰਬੇ, ਬੇਵੱਸ ਅਤੇ ਨਿਰਾਸ਼ ਮਨੁੱਖ ਦੇ ਮੂੰਹੋਂ ਉਸ ਅਕਾਲ ਪੁਰਖ ਨੂੰ ਕੀਤੀ ਗਈ ਸਿੱਧੀ-ਸਾਧੀ ਅਰਦਾਸ ਹੈ। ਇੱਥੇ ਮਨੁੱਖ ਦਰਦਾਂ ਦੀ ਘੁੰਮਣਘੇਰੀ ਤੋਂ ਨਿਜ਼ਾਤ ਪਾਉਣ ਦੇ ਆਹਰ ‘ਚ ਹੈ।
ਇਹ ਐਲਬਮ ਸਰਤਾਜ ਦੇ ਪ੍ਰੋਡਕਸ਼ਨ ਹਾਊਸ Ḕਫਿਰਦੌਸ ਪ੍ਰੋਡਕਸ਼ਨ’ ਅਤੇ ਦੁਨੀਆਂ ਦੇ ਮਸ਼ਹੂਰ ਡਿਸਟ੍ਰੀਬਿਊਟਰ ਈਰੋਜ਼ ਇੰਟਰਨੈਸ਼ਨਲ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ। ਸੀਡੀ ਦੇ ਪੈਕ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਐਲਬਮ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸੀਡੀ ਦੇ ਨਾਲ ਇੱਕ ਬੁੱਕਲੇਟ ਵੀ ਹੈ, ਜਿਸ ‘ਚ ਡਾæ ਸਰਤਾਜ ਦੀਆਂ ਤਸਵੀਰਾਂ ਦੇ ਨਾਲ ਸਾਰੇ ਗੀਤਾਂ ਦਾ ਅੰਗਰੇਜ਼ੀ ਅਨੁਵਾਦ ਵੀ ਸ਼ਾਮਲ ਹੈ।
ਸਤਿੰਦਰ ਸਰਤਾਜ ਇੱਕ ਭਾਰਤੀ ਪੰਜਾਬੀ ਸੂਫ਼ੀ ਗਾਇਕ ਤੇ ਕਵੀ ਹਨ, ਜਿਨ੍ਹਾਂ ਨੂੰ Ḕਚੀਰ੍ਹੇ ਵਾਲੀਆ’ ਗੀਤ ਨਾਲ ਕਾਫ਼ੀ ਪ੍ਰਸਿੱਧੀ ਮਿਲੀ ਸੀ। ਸਰਤਾਜ ਉਦੋਂ ਤੋਂ ਦੁਨੀਆਂ ਭਰ ‘ਚ ਆਪਣੇ ਸਟੇਸ਼ ਸ਼ੋਆਂ ਨਾਲ ਵਿਦੇਸ਼ੀ ਮਹੌਲ ਨੂੰ ਪੰਜਾਬ ਦੀ ਖੁਸ਼ਬੂ ਨਾਲ ਮਹਿਕਾਉਂਦੇ ਆ ਰਹੇ ਹਨ, ਜਿਸ ਨਾਲ ਇਨ੍ਹਾਂ ਦੀ ਪ੍ਰਸਿੱਧੀ ਨੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ।
ਸਰਤਾਜ ਨੂੰ ਅੰਤਰਰਾਸਟਰੀ ਪ੍ਰਸਿੱਧੀ 2009 ‘ਚ ਆਪਣੇ ਪਹਿਲੇ ਕਨੇਡਾ ਟੂਰ ਤੋਂ ਮਿਲੀ, ਜਿਸ ‘ਚ ਸਰਤਾਜ ਨੇ ਟੋਰਾਂਟੋ, ਵੈਨਕੂਵਰ, ਵਿਨੀਪੈਗ, ਐਡਮਿੰਟਨ ਅਤੇ ਕੈਲਗਿਰੀ ਸਹਿਤ ਕਈ ਵੱਡੇ ਸ਼ਹਿਰਾਂ ‘ਚ ਸਟੇਜ ਸ਼ੋਅ ਕੀਤੇ। ਫਿਰ ਸਾਲ 2010 ਅਤੇ 2011 ‘ਚ ਉਨ੍ਹਾਂ ਨੇ ਅਮਰੀਕਾ ਦਾ ਰੁਖ ਕੀਤਾ ਅਤੇ ਨਿਊਯਾਰਕ, ਲਾਂਸ ਐਂਜਲਿਸ, ਸ਼ਿਕਾਗੋ, ਵਾਸ਼ਿੰਗਟਨ ਸਹਿਤ 16 ਦੇਸ਼ਾਂ ‘ਚ ਲਾਈਵ ਪਰਫਾਰਮ ਕੀਤਾ। ਸਾਲ 2009 ਅਤੇ 2011 ‘ਚ ਉਨ੍ਹਾਂ ਨੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ‘ਚ ਵੀ ਲਾਈਵ ਪਰਫਾਰਮ ਕੀਤੀ। ਸਾਲ 2011 ‘ਚ ਯੂਰਪ ਟੂਰ ਦੌਰਾਨ ਇਟਲੀ, ਜਰਮਨੀ, ਨਾਰਵੇ, ਆਸਟਰੀਆ, ਗ੍ਰੀਸ ਅਤੇ ਸਵੀਡਨ ‘ਚ ਉਨ੍ਹਾਂ ਦੀ ਗਾਇਕੀ ਨੂੰ ਕਾਫ਼ੀ ਪਸੰਦੀ ਕੀਤਾ ਗਿਆ। ਬ੍ਰਿਟੇਨ ‘ਚ 2010 ਅਤੇ 2012 ‘ਚ ਉਨ੍ਹਾਂ ਨੇ ਸ਼ੋਅ ਕੀਤੇ। ਆਪਣੇ ਟੂਰ ਦੌਰਾਨ ਸਰਤਾਜ ਨੂੰ ਕਨੇਡਾ ‘ਚ ਰਾਜ ਅਤੇ ਰਾਸ਼ਟਰੀ ਸੰਸਦ ਵੱਲੋਂ ਸਨਮਾਨਤ ਕੀਤਾ ਗਿਆ। ਅਮਰੀਕਾ ਅਤੇ ਕੈਲੀਫੋਰਨੀਆ ਲੈਜੀਸਲੇਟਿਵ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ। ਉਨ੍ਹਾਂ ਨੂੰ ਭਾਰਤ ਦੇ ਮਸ਼ਹੂਰ ਅਵਾਰਡ Ḕਵਾਰਿਸ ਸ਼ਾਹ ਦਾ ਵਾਰਿਸ’ ਅਤੇ Ḕਗੋਲਡਨ ਗਲੋਬਲ ਇੰਡੀਅਨ ਅਵਾਰਡ’ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ।
ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ‘ਚ ਪੈਦਾ ਹੋਏ ਸਤਿੰਦਰ ਸਰਤਾਜ ਨੇ ਆਪਣੀ ਸਕੂਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ, ਚਾਹੇਵਾਲ ਅਤੇ ਪੱਟੀ ਤੋਂ ਪੂਰੀ ਕੀਤੀ। ਉਨ੍ਹਾਂ ਨੇ ਤੀਜੀ ਜਮਾਨ ਤੋਂ ਸਟੇਜ ‘ਤੇ ਪਰਫਾਰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ‘ਚ ਸੰਗੀਤ ‘ਚ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਜਲੰਧਤ ਤੋਂ ਸ਼ਾਸਤਰੀ ਸੰਗੀਤ ‘ਚ ਪੰਜ ਸਾਲਾ ਡਿਪਲੋਮਾ ਕੋਰਸ ਕਿਆ।
ਸੂਫ਼ੀ ਸੰਗੀਤ ਗਾਇਕੀ ‘ਚ ਐਮਫਿਲ ਕਰਦੇ ਹੋਏ ਉਨ੍ਹਾਂ ਨੇ ਸੂਫ਼ੀ ਸੰਗੀਤ ‘ਚ ਕਰੀਅਰ ਬਨਾਉਣ ‘ਤੇ ਧਿਆਨ ਦਿੱਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੂਫੀ ਗਾਇਕੀ ‘ਚ ਡਾਕਟਰੇਟ ਕੀਤਾ। ਸਰਤਾਜ ਨੇ ਪਾਰਸੀ ਭਾਸ਼ਾ ‘ਚ ਸਰਟੀਫਿਕੇਟ ਕੋਰਸ ਅਤੇ ਡਿਪਲੋਮਾ ਵੀ ਕੀਤਾ ਹੈ। ਕਾਲਜ ‘ਚ ਰਹਿੰਦੇ ਹੋਏ ਉਨ੍ਹਾਂ ਨੇ ਅਪਣੇ ਤਖੱਲੁਸ ਸਰਤਾਜ ਤੋਂ ਕਵਿਤਾਵਾਂ ਲਿਖਣਾ ਸ਼ੁਰੂ ਕੀਤਾ।