ਮਾਈ ਭਾਗੋ ਹੋਰਾਂ ਦਾ ਚੂੜੀਆਂ ਪਹਿਨ ਲੈਣ ਦਾ ਮਿਹਣਾ ਸੁਣਨ ਮਗਰੋਂ ਭਾਈ ਮਹਾਂ ਸਿੰਘ ਮੁਕਤਸਰ ਦੇ ਮੈਦਾਨੇ ਜੰਗ ਵਿਚ ਅਜਿਹੇ ਜੂਝੇ ਕਿ ਦਸਮ ਪਿਤਾ ਨੇ ਪ੍ਰਸੰਨ ਹੋ ਕੇ ਉਨ੍ਹਾਂ ਦਾ ਬੇਦਾਵਾ ਪਾੜ ਦਿੱਤਾ।
ਪ੍ਰੋ. ਸ਼ੇਰ ਸਿੰਘ ਕੰਵਲ
(ਮੋਬਾਇਲ : 1-602-484-2276)
ਮਾਘੀ ਦਾ ਮੇਲਾ ਵੀ ਮੌਸਮੀ ਤਿਓਹਾਰਾਂ ਦੇ ਰੂਪ ਵਿਚ ਲੱਗਣਾ ਆਰੰਭ ਹੋਇਆ ਹੈ। ਪੁਰਾਤਨ ਸਮੇਂ ਤੋਂ ਇਸ ਦਿਨ ਤੜਕੇ ਤੀਰਥਾਂ ‘ਤੇ ਇਸ਼ਨਾਨ ਕਰਨ ਦਾ ਵੱਡਾ ਮਹਾਤਮ ਮੰਨਿਆ ਜਾਂਦਾ ਰਿਹਾ ਹੈ। ਇਸ ਦਾ ਵਿਵਰਣ ਵੈਦਾਂ ਅਤੇ ਹੋਰ ਹਿੰਦੂ ਧਰਮ ਸ਼ਾਸਤਰਾਂ ਵਿਚ ਮਿਲਦਾ ਹੈ। ਗੁਰਬਾਣੀ ਵਿਚ ਵੀ ਅਸਿੱਧੇ ਰੂਪ ਵਿਚ ਇਸ ਦਾ ਜ਼ਿਕਰ ਆਉਂਦਾ ਹੈ :
Ḕਮਾਘੀ ਮਜਨੁ ਸੰਗ ਸਾਧੂਆਂ ਧੂੜੀ ਕਰਿ ਇਸਨਾਨੁ।’
(ਬਾਰਹਮਾਹਾ ਮਾਝ ਮਹਲਾ 5 ਘਰੁ 4)
ਮਾਘੀ ਦੇ ਤੜਕੇ ਲੋਕ ਤੀਰਥਾਂ ਉਤਲੇ ਸਰੋਵਰਾਂ, ਦਰਿਆਵਾਂ ਵਿਚ ਇਸ਼ਨਾਨ ਕਰਨਾ ਵੱਡਾ ਪੁੰਨ ਸਮਝਦੇ ਹਨ ਅਤੇ ਮੰਨਦੇ ਹਨ ਕਿ ਐਸਾ ਕਰਨ ਨਾਲ ਉਨ੍ਹਾਂ ਦੇ ਪਾਪ ਖੰਡੇ ਜਾਂਦੇ ਹਨ। ਨਗਰਾਂ-ਗਰਾਵਾਂ ਵਿਚਲੇ ਤੀਰਥਾਂ ‘ਤੇ ਇਸ ਦਿਨ ਲੋਕਾਂ ਦੀ ਭੀੜ ਜੁੜਨ ਤੋਂ ਹੀ ਮਾਘੀ ਦੇ ਇਨ੍ਹਾਂ ਲਗਦੇ ਮੇਲਿਆਂ ਦਾ ਆਰੰਭ ਹੋਇਆ। ਮਾਘੀ ਦੇ ਇਨ੍ਹਾਂ ਮੇਲਿਆਂ ਦਾ ਆਰੰਭਿਕ ਸਰੂਪ ਭਾਵੇਂ ਧਾਰਮਿਕ ਸੀ ਪਰ ਲੋਕ ਬਿਰਤੀ ਅਨੁਸਾਰ ਇਸ ਵਿਚ ਸੱਭਿਆਚਾਰਕ ਰੰਗ ਵੀ ਭਰੀਂਦਾ ਆਇਆ ਹੈ। ਜਿਵੇਂ ਪੰਜਾਬ ਵਿਚ :
Ḕਮੇਲੇ ਮੁਕਸਰ ਦੇ ਚੱਲ ਚੱਲੀਏ ਨਣਦ ਦਿਆ ਵੀਰਾ।’
ਪੰਜਾਬ ਵਿਚ ਸ੍ਰੀ ਮੁਕਤਸਰ ਸਾਹਿਬ ਦਾ ਮੇਲਾ ਵੀ ਇਕ ਪ੍ਰਸਿੱਧ ਮੇਲਾ ਹੈ, ਜਿਸ ਦਾ ਸਿੱਖ ਇਤਿਹਾਸ ਨਾਲ ਗਹਿਰਾ ਤੇ ਅਟੁੱਟ ਰਿਸ਼ਤਾ ਹੈ। ਮੁਕਤਸਰ ਸਾਹਿਬ ਦੇ ਇਸ ਮੇਲੇ ਦੇ ਮੁੱਖ ਅਸਥਾਨ ‘ਤੇ ਸੋਲਵੀਂ-ਸਤਾਰਵ੍ਹੀਂ ਸਦੀ ਵਿਚ ਇਕ ਵੱਡੀ ਤੇ ਡੂੰਘੀ ਢਾਬ ਹੁੰਦੀ ਸੀ ਜਿਸ ਦੇ ਪਾਸੀਂ ਉਚੇ ਟਿੱਬੇ ਸਨ। ਇਸ ਇਲਾਕੇ ਵਿਚ ਪਾਣੀ ਦੀ ਬਹੁਤ ਕਿੱਲਤ ਸੀ, ਪਰ ਵਰਖਾ ਦੀ ਰੁੱਪ ਵਿਚ ਆਸਿਓਂ ਪਾਸਿਓਂ ਪਾਣੀ ਆ ਕੇ ਇਸ ਢਾਬ ਵਿਚ ਭਰ ਜਾਂਦਾ ਸੀ ਜਿਸ ਨੂੰ ਇਲਾਕੇ ਦੇ ਲੋਕ ਮਗਰੋਂ ਲੋੜ ਅਨੁਸਾਰ ਵਰਤਦੇ ਰਹਿੰਦੇ ਸਨ। ਇਸ ਢਾਬ ਦਾ ਨਾਂ ਖਿਦਰਾਣੇ ਦੀ ਢਾਬ ਸੀ।
ਦਸਮ ਪਾਤਸ਼ਾਹ ਦਾ ਪਿੱਛਾ ਕਰਦੇ ਆਉਂਦੇ ਸੂਬਾ ਸਰਹੰਦ ਵਜੀਰ ਖਾਨ ਦੀਆਂ ਫੌਜਾਂ ਨਾਲ ਇਸੇ ਢਾਬ ‘ਤੇ ਕਲਗੀਧਰ ਪਿਤਾ ਦੀ ਗਹਿਗੱਚ ਲੜਾਈ ਹੋਈ ਸੀ। ਇਸੇ ਜੰਗ ਵਿਚ ਮਾਝੇ ਦੇ ਬੇਦਾਵੀਏ ਸਿੰਘ ਜੋ ਸ੍ਰੀ ਆਨੰਦਪੁਰ ਸਾਹਿਬ ਦੇ ਘੇਰੇ ਸਮੇਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ, ਜਾਨਾਂ ਹੂਲ ਕੇ ਲੜੇ। ਇਥੇ ਹੀ ਮੈਦਾਨਿ-ਜੰਗ ਵਿਚ ਕਲਗੀਧਰ ਪਾਤਸ਼ਾਹ ਨੇ ਮਹਾਂ ਸਿੰਘ ਦਾ ਬੇਦਾਵਾ ਪਾੜਿਆ ਤੇ ਉਸ ਸਮੇਤ ਸ਼ਹੀਦ ਹੋਏ ਚਾਲੀ ਸਿੰਘਾਂ ਦਾ ਸਸਕਾਰ ਆਪਣੇ ਕਰ ਕਮਲਾਂ ਨਾਲ ਕੀਤਾ। ਸੂਰਬੀਰ ਮਾਈ ਭਾਗੋ (ਪਿੰਡ ਝਬਾਲ-ਅੰਮ੍ਰਿਤਸਰ) ਜਿਸ ਨੇ ਉਕਤ ਬੇਦਾਵੀਏ ਸਿੰਘਾਂ ਨੂੰ ਤਰਕਾਂ ਮਾਰ ਕੇ ਗੁਰੂ ਸ਼ਰਨ ਲਿਆਂਦਾ ਸੀ, ਇਸੇ ਜੰਗ ਵਿਚ ਮਰਦਾਵਾਂ ਭੇਸ ਧਾਰ ਕੇ ਸਿੰਘਾਂ ਦੇ ਬਰਾਬਰ ਜੂਝਦੀ ਘਾਇਲ ਹੋਈ ਅਤੇ ਦਸਮ ਪਿਤਾ ਨੇ ਉਸਦਾ ਇਲਾਜ ਕਰਵਾ ਕੇ ਫਿਰ ਅੰਮ੍ਰਿਤ ਛਕਾ ਕੇ ਮਾਈ ਭਾਗ ਕੌਰ ਬਣਾਇਆ। ਯਾਦ ਰਹੇ ਕਿ ਜਿਹੜੇ ਚਾਲੀ ਸਿੰਘ ਜੰਗ ਚਮਕੌਰ ਵਿਚ ਭਾਈ ਬੁਧੀ ਚੰਦ ਦੀ ਹਵੇਲੀ ਅਥਵਾ ਕੱਚੀ ਗੜ੍ਹੀ ਵਿਚੋਂ ਨਿਕਲ ਕੇ ਦੁਸ਼ਮਣ ਫ਼ੌਜਾਂ ਨਾਲ ਜੂਝ ਕੇ ਸ਼ਹੀਦ ਹੋਏ ਸਨ, ਉਹ Ḕਚਾਲੀ ਮੁਕਤੇ’ ਸਨ, ਜਿਨ੍ਹਾਂ ਦਾ ਜ਼ਿਕਰ ਸਿੱਖ ਅਰਦਾਸ ਵਿਚ ਆਉਂਦਾ ਹੈ, ਇਸ ਜੰਗ ਵਿਚਲੇ ਇਹ ਚਾਲੀ ਸਿੰਘ ਉਨ੍ਹਾਂ ਤੋਂ ਵੱਖਰੇ ਸਨ।
ਖਿਦਰਾਣੇ ਦੀ ਢਾਬ ਅਥਵਾ ਮੁਕਤਸਰ ਸਾਹਿਬ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਮ ਹਨ : ਭਾਈ ਕਰਨ ਸਿੰਘ ਜੀ, ਭਾਈ ਸਮੀਰ ਸਿੰਘ, ਭਾਈ ਮਈਆ ਸਿੰਘ, ਭਾਈ ਹਰੀ ਸਿੰਘ, ਭਾਈ ਮਹਾਂ ਸਿੰਘ, ਭਾਈ ਗੁਲਾਬ ਸਿੰਘ, ਭਾਈ ਗੰਗਾ ਸਿੰਘ, ਭਾਈ ਧੰਨਾ ਸਿੰਘ, ਭਾਈ ਕਾਲਾ ਸਿੰਘ, ਭਾਈ ਹਰਸਾ ਸਿੰਘ, ਭਾਈ ਕੀਰਤ ਸਿੰਘ, ਭਾਈ ਗੰਡਾ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਚੰਬਾ ਸਿੰਘ, ਭਾਈ ਸੁਲਤਾਨ ਸਿੰਘ, ਭਾਈ ਸੋਭਾ ਸਿੰਘ, ਭਾਈ ਸੁਹੇਲ ਸਿੰਘ, ਭਾਈ ਸੰਤ ਸਿੰਘ, ਭਾਈ ਦਿਆਲ ਸਿੰਘ, ਭਾਈ ਭਾਗ ਸਿੰਘ, ਭਾਈ ਲਛਮਣ ਸਿੰਘ, ਭਾਈ ਕ੍ਰਿਪਾਲ ਸਿੰਘ, ਭਾਈ ਬੂੜ ਸਿੰਘ, ਭਾਈ ਜੋਗਾ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਨਿਧਾਨ ਸਿੰਘ, ਭਾਈ ਮਾਨ ਸਿੰਘ, ਭਾਈ ਨਰਾਇਣ ਸਿੰਘ, ਭਾਈ ਸਰਜਾ ਸਿੰਘ, ਭਾਈ ਭੋਲਾ ਸਿੰਘ, ਭਾਈ ਭੰਗਾ ਸਿੰਘ, ਭਾਈ ਮੱਜਾ ਸਿੰਘ, ਭਾਈ ਰਾਇ ਸਿੰਘ, ਭਾਈ ਜੰਗ ਸਿੰਘ, ਭਾਈ ਖੁਸ਼ਾਲ ਸਿੰਘ, ਭਾਈ ਕਰਮ ਸਿੰਘ, ਭਾਈ ਜਾਦੋ ਸਿੰਘ, ਭਾਈ ਦਰਬਾਰਾ ਸਿੰਘ ਤੇ ਭਾਈ ਨਿਹਾਲ ਸਿੰਘ। ਇਨ੍ਹਾਂ ਸ਼ਹੀਦ ਸਿੰਘਾਂ ਨੂੰ ਵੀ ਦਸਮ ਪਿਤਾ ਨੇ ਸ਼ਹੀਦੀਆਂ ਪ੍ਰਾਪਤ ਕਰਨ ‘ਤੇ ਮੁਕਤਿਆਂ ਦੀ ਉਪਾਧੀ ਨਾਲ ਨਿਵਾਜਿਆ ਸੀ।
ਸ੍ਰੀ ਮੁਕਤਸਰ ਸਾਹਿਬ ਵਿਖੇ ਨਿਮਨ ਲਿਖਤ ਇਤਿਹਾਸਕ ਸਥਾਨ ਹਨ :
1æ ਗੁਰਦੁਆਰਾ ਦਰਬਾਰ ਸਾਹਿਬ-ਜਿਥੇ ਕਲਗੀਧਰ ਪਾਤਸ਼ਾਹ ਬਿਰਾਜੇ ਸਨ।
2æਗੁਰਦੁਆਰਾ ਸ਼ਹੀਦ ਗੰਜ ਸਾਹਿਬ-ਜਿਥੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ।
3æਗੁਰਦੁਆਰਾ ਟਿੱਬੀ ਸਾਹਿਬ-ਜਿਸ ਅਸਥਾਨ ‘ਤੇ ਬੈਠ ਕੇ ਸਤਿਗੁਰੂ ਨੇ ਦੁਸ਼ਮਣ-ਸੈਨਾ ‘ਤੇ ਤੀਰਾਂ ਦੀ ਬਾਰਿਸ਼ ਕੀਤੀ ਸੀ।
4æਗੁਰਦੁਆਰਾ ਤੰਬੂ ਸਾਹਿਬ-ਜਿਥੇ ਸਿੱਖ ਸੈਨਿਕਾਂ ਦੀ ਛਾਉਣਸੀ।
5æਗੁਰਦੁਆਰਾ ਰਕਾਬ ਸਰ-ਜਿਥੇ ਦਸਮ ਪਿਤਾ ਨੇ ਘੋੜ ਸਵਾਰੀ ਕਰਨ ਸਮੇਂ ਰਕਾਬ ਵਿਚ ਚਰਨ ਪਾਏ ਸਨ।
ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਭਾਈ ਲੰਗਰ ਸਿੰਘ (ਪਿੰਡ ਹਰੀਕੇ) ਜੋ ਇਸ ਜੰਗ ਵਿਚ ਦਸਮ ਪਿਤਾ ਨਾਲ ਰਹੇ ਸਨ, ਨੇ ਸਿੱਖਾਂ ਨੂੰ ਜੰਗ ਦੇ ਸਥਾਨ, ਘਟਨਾਵਾਂ ਤੇ ਸ਼ਹੀਦੀਆਂ ਬਾਰੇ ਜਾਣਕਾਰੀ ਦੇ ਕੇ ਕਈ ਵਰ੍ਹਿਆਂ ਮਗਰੋਂ ਇਸ ਅਸਥਾਨ ‘ਤੇ ਮਾਘੀ ਦਾ ਇਹ ਮੇਲਾ ਲਾਉਣਾ ਆਰੰਭ ਕੀਤਾ।
ਉਸ ਤੋਂ ਮਗਰੋਂ ਅੱਜ ਤੱਕ ਇਸ ਇਤਿਹਾਸਕ ਸਥਾਨ ‘ਤੇ ਲਗਦੇ ਮਾਘੀ ਦੇ ਇਸ ਮੇਲੇ ‘ਤੇ ਆ ਕੇ ਸੰਗਤਾਂ ਦਸਮ ਪਿਤਾ ਅਤੇ ਉਨ੍ਹਾਂ ਮਰਜੀਵੜੇ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਦੇ ਹਨ। ਕਥਾ ਕੀਰਤਨ ਤੇ ਵਾਰਾਂ ਦੇ ਗਾਇਨ ਹੁੰਦੇ ਹਨ। ਰਾਗੀਆਂ-ਢਾਡੀਆਂ ਵਲੋਂ ਸੰਗਤਾਂ ਨੂੰ ਗੁਰੂ ਜਸ ਅਤੇ ਇਤਿਹਾਸਕ ਪ੍ਰਸੰਗ ਸਰਵਣ ਕਰਵਾਏ ਜਾਂਦੇ ਹਨ। ਗਤਕੇ ਦੇ ਜੌਹਰ ਵਿਖਾਏ ਜਾਂਦੇ ਹਨ ਅਤੇ ਹੋਰ ਖੇਡਾਂ ਵੀ ਹੁੰਦੀਆਂ ਹਨ। ਲੀਡਰ ਲੋਕ ਆਦਤ ਅਨੁਸਾਰ ਸ਼ਹੀਦ ਸਿੰਘਾਂ ਦੀ ਯਾਦ ਵਿਚ ਲਗਦੇ ਮੇਲੇ ਦਾ ਰਾਜਸੀ ਲਾਹਾ ਲੈਂਦੇ ਹਨ।
(ਛਪ ਰਹੀ ਪੁਸਤਕ Ḕਪੰਜਾਬ ਦੇ ਮੇਲੇ’ ‘ਚੋਂ)