ਸੁਰਖੀਆਂ ਨਾਲੋਂ ਲੋਕਾਂ ਨੂੰ ਵੱਧ ਤਰਜੀਹ ਦਿੰਦੀ ਹੈ ਨੌਜਵਾਨ ਸਿੱਖ ਟੈਲੀਵਿਜ਼ਨ ਪੱਤਰਕਾਰ
ਪ੍ਰਭਜੋਤ ਕੌਰ ਰੰਧਾਵਾ, ਜਿਨ੍ਹਾਂ ਨੂੰ ਕੋਟਾ ਟੀਵੀ ਦੇ ਦਰਸ਼ਕ ਪੀ.ਜੇ. ਰੰਧਾਵਾ ਦੇ ਨਾਂ ਨਾਲ ਜਾਣਦੇ ਹਨ, ਪਹਿਲੀ ਸਿੱਖ ਟੈਲੀਵਿਜ਼ਨ ਪੱਤਰਕਾਰ ਹੈ ਜੋ ਏਬੀਸੀ ਨਾਲ ਸਬੰਧਤ ਇਸ ਟੀਵੀ ਪ੍ਰੋਗਰਾਮਾਂ ਰਾਹੀਂ ਖ਼ਬਰਾਂ ਵਿਚ 5 ਸੂਬਿਆਂ ਸਾਊਥ ਡਕੋਟਾ, ਨਾਰਥ ਡਕੋਟਾ, ਵਾਈਓਮਿੰਗ, ਨੇਬਰਾਸਿਕਾ ਅਤੇ ਮੌਨਟਾਨਾ ਦੇ ਟੀਵੀ ਦਰਸ਼ਕਾਂ ਵਿਚ ਇਕ ਪਰਪੱਕ ਬਰਾਡਕਾਸਟਰ ਵਜੋਂ ਹਰਮਨਪਿਆਰੀ ਹੈ। ਉਸ ਵਲੋਂ ਪੇਸ਼ ਕੀਤਾ ਜਾਂਦਾ ਸਵੇਰ ਦਾ ਪ੍ਰੋਗਰਾਮ ‘ਗੁੱਡ ਮਾਰਨਿੰਗ ਅਮਰੀਕਾ’ ਇਨ੍ਹਾਂ ਸੂਬਿਆਂ ਵਿਚ ਬੜੀ ਸ਼ਿੱਦਤ ਨਾਲ ਦੇਖਿਆ ਜਾਂਦਾ ਹੈ।
ਪਿਛਲੇ ਦਿਨੀਂ ਪੱਤਰਕਾਰ ਪਾਰਕਰ ਮੈਕਲੇਨ ਨੇ ਉਨ੍ਹਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਕਸਬ ਸਬੰਧੀ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਕੁੱਝ ਅੰਸ਼:
ਸਵਾਲ : ਤੁਸੀਂ ਪੱਤਰਕਾਰੀ ਦੇ ਖੇਤਰ ਵਿਚ ਕਿਵੇਂ ਆਏ?
ਜਵਾਬ : ਸਾਡੇ ਪਰਿਵਾਰ ਵਿਚ ਇਕ ਵੀਡੀਓ ਨੂੰ ਬਹੁਤ ਦੇਖਿਆ ਜਾਂਦਾ ਸੀ, ਜਿਸ ਵਿਚ ਗੁਰਦਾਸ ਮਾਨ ਗਾ ਰਿਹਾ ਹੁੰਦਾ ਸੀ ਤੇ ਉਦੋਂ ਮੈਂ ਮਸਾਂ 4-5 ਸਾਲ ਦੀ ਸੀ। ਮੈਂ ਹਿਸਾਬ ਲਾਇਆ ਕਿ ਇਹ ਪੇਸ਼ਕਾਰੀ ਮੇਰੇ ਮਾਪਿਆਂ ਨੂੰ ਬਹੁਤ ਪ੍ਰਭਾਵਤ ਕਰਦੀ ਹੈ। ਇਸ ਲਈ ਮੈਨੂੰ ਵੀ ਇਕ ਟੀਵੀ ਕਲਾਕਾਰ ਬਣਨਾ ਚਾਹੀਦਾ ਹੈ। ਉਸ ਵੇਲੇ ਮੈਂ ਇਹ ਨਹੀਂ ਸੀ ਸੋਚਿਆ ਕਿ ਮੈਂ ਇਕ ਗਾਇਕ ਬਣਾਂਗੀ ਜਾਂ ਕੁੱਝ ਹੋਰ। ਪਰ ਕਾਲਜ ਪਹੁੰਚਣ ਤੱਕ ਮੇਰਾ ਇਹ ਦ੍ਰਿੜ ਵਿਸ਼ਵਾਸ਼ ਬਣ ਗਿਆ ਕਿ ਮੈਂ ਖ਼ਬਰਾਂ ਪੇਸ਼ ਕਰਾਂਗੀ। ਮੈਂ ਇਕ ਲੇਖਕ ਅਤੇ ਕਲਾਕਾਰ ਹਾਂ ਪਰ ਕਈ ਸਾਲ ਮੈਂ ਸ਼ਰਮਾਉਂਦੀ ਰਹੀ।
ਸਵਾਲ : ਕੀ ਤੁਹਾਡੇ ਪਰਿਵਾਰ ਨੂੰ, ਤੁਹਾਡੇ ਬਰਾਡਕਾਸਟਰ ਬਣਨ ‘ਤੇ ਕੋਈ ਝਿਜਕ ਸੀ, ਕਿਉਂਕਿ ਖ਼ਬਰਾਂ ਦੇ ਖੇਤਰ ਵਿਚ ਬਹੁਤੇ ਪੰਜਾਬੀ ਨਹੀਂ ਹਨ?
ਜਵਾਬ : ਮੈਂ ਸਮਝਦੀ ਹਾਂ ਕਿ ਇਹ ਮੇਰੇ ਲਈ ਇਕ ਬਹੁਤ ਵੱਡਾ ਬੋਨਸ ਹੈ। ਮੈਂ ਬੜੇ ਫ਼ਖ਼ਰ ਨਾਲ ਆਪਣੇ ਵਿਰਸੇ ਨੂੰ ਪੇਸ਼ ਕਰਨਾ ਚਾਹੁੰਦੀ ਹਾਂ। ਮੈਂ ਕੈਨੇਡਾ ਵਿਚ ਜੰਮੀ-ਪਲੀ ਜਿਥੇ ਜ਼ਿੰਦਗੀ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਦੋਸਤਾਂ ਤੇ ਹੋਰ ਲੋਕਾਂ ਨਾਲ ਬਾ-ਵਾਸਤਾ ਰਹੀ। ਮੈਂ ਹਮੇਸ਼ਾ ਇਹ ਮਹਿਸੂਸ ਕੀਤਾ ਕਿ ਬਹੁਤ ਕੁੱਝ ਅਜਿਹਾ ਹੈ ਜੋ ਅਸੀਂ ਸਿੱਧੀ ਤਰ੍ਹਾਂ ਨਹੀਂ ਵੇਖ ਸਕਦੇ ਪਰ ਉਸ ਦੀ ਗਹਿਰਾਈ ਵਿਚ ਜਾ ਕੇ ਉਸ ਦੀ ਅਸਲੀਅਤ ਦਾ ਪਤਾ ਲੱਗਦਾ ਹੈ। ਮੈਂ ਇਹ ਵੀ ਮਹਿਸੂਸ ਕੀਤਾ ਕਿ ਅਸਲ ਵਿਚ ਨਸਲੀ ਤੌਰ ‘ਤੇ ਇਹ ਦੁਨੀਆਂ ਕਿੰਨੀ ਰੰਗੀਲੀ ਹੈ ਤੇ ਕਈ ਵਾਰ ਮੈਂ ਜਦ ਭਾਰਤ ਵੱਲ ਵੇਖਿਆ ਤਾਂ ਉਥੇ ਅਜਿਹੀ ਗੁਰਬਤ ਨੂੰ ਵੀ ਮਹਿਸੂਸ ਕੀਤਾ ਜਿਸ ਵੱਲ ਪੱਛਮੀ ਮੁਲਕਾਂ ਨੇ ਬਿਲਕੁਲ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਅਜਿਹੇ ਤਜਰਬਿਆਂ ਨੂੰ ਮੈਂ ਆਪਣੀ ਪੱਤਰਕਾਰੀ ਦਾ ਹਿੱਸਾ ਬਣਾਇਆ ਹੈ।
ਸਵਾਲ : ਤੁਸੀਂ ਬਰਾਡਕਾਸਟਿੰਗ ਲਈ ਹੁਣ ਤੱਕ ਕਿਸ ਤਰ੍ਹਾਂ ਦੀ ਸਿੱਖਿਆ ਹਾਸਲ ਕੀਤੀ ਹੈ?
ਜਵਾਬ : ਮੈਂ ਸਾਲ 2011 ਵਿਚ ਡੀਪੋਲ ਯੂਨੀਵਰਸਿਟੀ ਤੋਂ ਬਰਾਡਕਾਸਟ ਜਰਨਲਿਜ਼ਮ ਵਿਚ ਮਾਸਟਰ ਡਿਗਰੀ ਹਾਸਲ ਕੀਤੀ। ਯੂਨੀਵਰਸਿਟੀ ‘ਚ ਆਪਣੀ ਪੜ੍ਹਾਈ ਦੌਰਾਨ ਮੈਂ ਫ਼ਿਲਮ ਨਿਰਮਾਣ ਅਤੇ ਸੰਚਾਰ ਦੀ ਸਿੱਖਿਆ ਲਈ। ਮੈਂ ਫਿਰ ਕੈਮਰੇ ਦੇ ਅੱਗੇ ਆਈ ਤੇ ਵੱਖ ਵੱਖ ਮੁੱਦਿਆਂ ‘ਤੇ ਜਿਨ੍ਹਾਂ ‘ਚ ਮੁੱਖ ਤੌਰ ‘ਤੇ ਅਪਰਾਧ ਤੇ ਸਮਾਜਿਕ ਨਿਆਂ ਸ਼ਾਮਲ ਸੀ, ਉਪਰ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਜੋ ਕੁਝ ਅਸੀਂ ਲਿਖਦੇ ਹਾਂ ਜਾਂ ਸਟੂਡਿਓ ਵਿਚ ਤਿਆਰ ਕਰਦੇ ਹਾਂ, ਸੱਚਾਈ ਉਸ ਤੋਂ ਵੀ ਕਿਤੇ ਵੱਧ ਦਿਲਚਸਪ ਹੁੰਦੀ ਹੈ। ਮੈਂ ਆਪਣੀਆਂ ਪੜਤਾਲੀਆ ਰਿਪੋਰਟਾਂ ਰਾਹੀਂ ਸਾਊਥ ਡਕੋਟਾ ਸਰਕਾਰ ਦੇ ਆਗੂਆਂ ਜਿਵੇਂ ਗਵਰਨਰ ਡੈਨਿਸ ਡੋਗਾਰਡ, ਅਮਰੀਕਾ ਦੇ ਅਟਾਰਨੀ ਬਰੈਂਡਨ ਜੌਨਸਨ ਅਤੇ ਅਟਾਰਨੀ ਜਨਰਲ ਮਾਰਟੀ ਜੈਕਲੀ ਨਾਲ ਇੰਟਰਵਿਊਆਂ ਕਰਨ ਵਿਚ ਕਾਮਯਾਬ ਹੋਈ।
ਸਵਾਲ : ਇਕ ਸਿੱਖ ਹੋਣ ਦੇ ਨਾਤੇ ਹੁਣ ਤੱਕ ਤੁਹਾਡੇ ਜੀਵਨ ‘ਤੇ ਕੀ ਅਸਰ ਪਿਆ?
ਜਵਾਬ : ਮੇਰੇ ਧਾਰਮਿਕ ਵਿਸ਼ਵਾਸ਼ ਨੇ ਹਮੇਸ਼ਾ ਮੈਨੂੰ ਗਾਈਡ ਕੀਤਾ ਹੈ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣਨ ਲਈ ਮੈਂ ਆਪਣਾ ਦਿਲੋ ਦਿਮਾਗ਼ ਅਤੇ ਕੰਨ ਖੁਲ੍ਹੇ ਰੱਖੇ ਹਨ। ਮੈਂ ਲੋਕ ਮੁੱਦਿਆਂ ਦੇ ਉੱਤੇ ਰਿਪੋਰਟਿੰਗ ਕੀਤੀ ਹੈ। ਇਹ ਮੇਰੇ ਲਈ ਬਹੁਤ ਹੀ ਮਹੱਤਵਪੂਰਨ ਹੈ, ਜਦ ਮੈਂ ਕਤਲ, ਅਪਰਾਧ, ਗ਼ਰੀਬੀ ਜਾਂ ਇਨਸਾਫ਼ ਬਾਰੇ ਸੰਵੇਦਨਸ਼ੀਲ ਖ਼ਬਰਾਂ ਦਿੰਦੀ ਹਾਂ। ਸਿੱਖੀ ਨੇ ਮੈਨੂੰ ਹਮੇਸ਼ਾ ਇਹ ਸਿਖਾਇਆ ਹੈ ਕਿ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ। ਮੀਡੀਆ ਕੋਲ ਕਿਸੇ ਵੀ ਗੱਲ ਨੂੰ ਅਸਰ ਅੰਦਾਜ਼ ਕਰਨ ਦੀ ਬਹੁਤ ਤਾਕਤ ਹੁੰਦੀ ਹੈ ਪਰ ਇਕ ਸਿੱਖ ਵਜੋਂ ਮੇਰਾ ਵਿਸ਼ਵਾਸ਼ ਅਤੇ ਇਕ ਸਿੱਖਿਅਤ ਪੱਤਰਕਾਰ ਹੋਣ ਦੇ ਨਾਤੇ ਮੈਂ ਸੁਰਖੀਆਂ ਦੀ ਬਜਾਏ ਲੋਕਾਂ ਨੂੰ ਪਹਿਲਾਂ ਤਰਜੀਹ ਦਿੰਦੀ ਹਾਂ।
ਸਵਾਲ : ਇਕ ਸਿੱਖ ਜੋ ਪੱਤਰਕਾਰ ਜਾਂ ਬਰਡਕਾਸਟਰ ਬਣਨਾ ਚਾਹੁੰਦਾ ਹੈ, ਉਨ੍ਹਾਂ ਨੂੰ ਤੁਹਾਡੀ ਕੀ ਸਲਾਹ ਹੈ?
ਜਵਾਬ : ਪਹਿਲਾਂ ਆਪਣੀ ਸੀਮਾ ਨਿਸ਼ਚਿਤ ਕਰੋ। ਤੁਹਾਨੂੰ ਲਗਾਤਾਰ, ਜੋ ਤੁਸੀਂ ਹੋ ਉਸ ਵਿਚ ਬਦਲਾਅ ਲਿਆਉਣ ਲਈ ਕਿਹਾ ਜਾਏਗਾ। ਮੈਨੂੰ ਆਪਣਾ ਨਾਂ ਇਸ ਲਈ ਛੋਟਾ ਕਰਨਾ ਪਿਆ ਕਿਉਂਕਿ ਬਹੁਤੇ ਲੋਕਾਂ ਨੂੰ ਬੋਲਣ ਵਿਚ ਤਕਲੀਫ਼ ਹੁੰਦੀ ਸੀ। ਮੇਰੇ ਮਾਤਾ ਜੀ ਇਸ ‘ਤੇ ਬਹੁਤ ਦੁਖੀ ਹੋਏ ਪਰ ਜਦ ਉਨ੍ਹਾਂ ਨੂੰ ਸਮਝਾਇਆ ਤਾਂ ਉਹ ਮੰਨ ਗਏ। ਮੈਂ ਕੋਈ ਅੰਗਰੇਜ਼ੀ ਨਾਂ ਨਹੀਂ ਚੁਣਿਆ, ਸਗੋਂ ਆਪਣੇ ਹੀ ਨਾਂ ਨੂੰ ਛੋਟਾ ਕਰ ਲਿਆ। ਮੈਨੂੰ ਕਈ ਵਾਰ ਇਹ ਵੀ ਕਿਹਾ ਗਿਆ ਕਿ ਮੈਂ ਆਪਣੇ ਕੇਸ ਰੰਗ ਕੇ ਭੂਰੇ ਕਰ ਲਵਾਂ ਤੇ ਕੈਮਰੇ ਅੱਗੇ ਵਧੇਰੇ ਚਮਕਣਗੇ। ਜਦ ਤੁਸੀਂ ਹੋਰਨਾਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਆਪਣਾ ਕੁਝ ਗਵਾਉਣਾ ਸੌਖਾ ਹੁੰਦਾ ਹੈ। ਇਸ ਲਈ ਬਗ਼ੈਰ ਇਹ ਭੁਲਿਆਂ ਕਿ ਤੁਸੀਂ ਕੀ ਹੋ, ਤੁਸੀਂ ਆਪਣੀ ਹੱਦ ਨਿਸ਼ਚਿਤ ਕਰੋ।
ਸਵਾਲ : ਕੀ ਵਿਸਕੌਂਸਿਨ ਸਿੱਖ ਗੁਰਦੁਆਰੇ ਵਿਚ ਹੋਏ ਕਤਲੇਆਮ ਦੀ ਖ਼ਬਰ ਦੇਣ ਵੇਲੇ ਤੁਹਾਨੂੰ ਔਖ ਮਹਿਸੂਸ ਹੋਈ?
ਜਵਾਬ : ਇਹ ਹਰ ਇਕ ਲਈ ਦਰਦਨਾਕ ਦਿਨ ਸੀ ਜੋ ਆਜ਼ਾਦੀ ਅਤੇ ਧਾਰਮਿਕ ਸੁਤੰਤਰਤਾ ਦੀ ਕਦਰ ਕਰਦੇ ਹਨ। ਬਦਕਿਸਮਤੀ ਨਾਲ ਇਸ ਇਲਾਕੇ ‘ਚ ਮੈਂ ਇਕੱਲੀ ਸਿੱਖ ਹੋਣ ਦੇ ਨਾਤੇ ਮੈਂ ਸੋਚਿਆ ਕਿ ਮੇਰੇ ਨਾਲ ਕੰਮ ਕਰਦੇ ਸਹਿਕਰਮੀਆਂ ਅਤੇ ਭਾਈਚਾਰੇ ਨੂੰ ਮੈਂ ਸਿੱਖੀ ਦੇ ਅਮਨ ਪਸੰਦ ਸੁਭਾਅ ਬਾਰੇ ਜਾਗਰੂਕ ਕਰ ਸਕਦੀ ਹਾਂ। ਮੈਨੂੰ ਵਿਸ਼ਵਾਸ਼ ਹੈ ਕਿ ਸਿੱਖ ਮੁੱਦਿਆਂ ਬਾਰੇ ਰਿਪੋਰਟਿੰਗ ਕਰਨ ਸਮੇਂ ਦਰਸ਼ਕ ਇਸ ਬਾਰੇ ਵਧੇਰੇ ਜਾਨਣ ਲਈ ਹੋਰ ਹੁੰਗਾਰਾ ਦੇਣਗੇ। ਕਈ ਵਾਰ ਨਸਲਪ੍ਰਸਤੀ ਦਾ ਮੁਕਾਬਲਾ ਕਰਨ ਸਮੇਂ ਰਿਪੋਰਟਿੰਗ ਕਰਨ ਵੇਲੇ ਨਸਲਪ੍ਰਸਤੀ ਬਾਰੇ ਸਮਝ ਨਾ ਹੋਣ ਕਾਰਨ ਲੋਕਾਂ ਵਲੋਂ ਅੜਿੱਕੇ ਲਗਾਏ ਜਾਂਦੇ ਹਨ।
ਸਵਾਲ : ਤੁਸੀਂ ਆਪਣੇ ਭਵਿੱਖ ਬਾਰੇ ਕੀ ਸੋਚਦੇ ਹੋ?
ਜਵਾਬ : ਮੈਂ ਵੈਸਟ ਕੋਸਟ ਦੇ ਕਿਸੇ ਵੱਡੇ ਸ਼ਹਿਰ ਵਿਚ ਪੜਤਾਲੀਆ ਰਿਪੋਰਟਿੰਗ ਦੇ ਖੇਤਰ ਵਿਚ ਕੰਮ ਕਰਨਾ ਚਾਹੁੰਦੀ ਹਾਂ। ਅਪਰਾਧਾਂ ਬਾਰੇ ਰਿਪੋਰਟਿੰਗ ਕਰਨਾ ਪਹਿਲਾਂ ਹੀ ਮੇਰੀ ਨੌਕਰੀ ਦਾ ਹਿੱਸਾ ਹੈ ਕਿਉਂਕਿ ਇਸ ਦੇ ਸਮਾਜ ਉਪਰ ਬਹੁਤ ਦੂਰਰਸ ਅਸਰ ਦੇਖੇ ਜਾ ਸਕਦੇ ਹਨ। ਮੈਂ ਆਪਣੇ ਮਾਪਿਆਂ ਤੋਂ ਅਤੇ ਤਾਅ ਉਮਰ ਉਨ੍ਹਾਂ ਵਲੋਂ ਕੀਤੀ ਸਖ਼ਤ ਮਿਹਨਤ ਤੋਂ ਪ੍ਰੇਰਨਾ ਲੈਂਦੀ ਰਹਾਂਗੀ। ਉਹ ਕੋਈ 40 ਸਾਲ ਪਹਿਲਾਂ ਪੰਜਾਬ ‘ਚੋਂ ਕੈਨੇਡਾ ਆਏ ਸਨ ਅਤੇ ਉਨ੍ਹਾਂ ਨੇ ਉਮਰ ਭਰ ਕਾਰਖਾਨਿਆਂ ਵਿਚ ਕੰਮ ਕੀਤਾ ਅਤੇ ਭਵਿੱਖ ਲਈ ਪੈਸਾ ਪੈਸਾ ਜੋੜਿਆ। ਮੈਂ ਸਖ਼ਤ ਮਿਹਨਤ ਕਰਨਾ ਜਾਰੀ ਰੱਖਾਂਗੀ ਤੇ ਸਿਰਫ਼ ਆਪਣੇ ਸੁਪਨੇ ਹੀ ਸਾਕਾਰ ਨਹੀਂ ਕਰਾਂਗਾ ਸਗੋਂ ਮੇਰੇ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਦੀ ਕੋਸ਼ਿਸ਼ ਕਰਾਂਗੀ।
ਪ੍ਰਭਜੋਤ ਕੌਰ ਰੰਧਾਵਾ ਬਾਰੇ ਹੋਰ ਜਾਣਨ ਲਈ ਵੇਖੋ ਵੈਬਸਾਈਟ www.PJRandhawa.com