ਸਿੱਖ ਇਤਿਹਾਸ ਤੇ ਸੱਭਿਆਚਾਰ ਨੂੰ ਵਿਦੇਸ਼ੀ
ਧਰਤੀ ‘ਤੇ ਜ਼ਿੰਦਾ ਰੱਖਣ ਦਾ ਸਫ਼ਲ ਮਿਸ਼ਨ
ਲਾਸ ਏਂਜਲਸ/ਬਿਊਰੋ ਨਿਊਜ਼ :
ਸਿੱਖ ਲੈਨਜ਼ ਦੇ ਮਿਸ਼ਨ ਨੇ ਸਿੱਖੀ, ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਨੂੰ ਪਿਛਲੇ ਸਾਲਾਂ ਤੋਂ ਵਿਦੇਸ਼ੀ ਧਰਤੀ ‘ਤੇ ਜ਼ਿੰਦਾ ਰੱਖਿਆ ਹੋਇਆ ਹੈ। ਵਿਮਲਪ੍ਰੀਤ ਸਿੰਘ ਘੁੰਮਣ ਨੇ ਕਿਹਾ ਕਿ ਇਹ ਵੀਕੈਂਡ ਬਹੁਤ ਹੀ ਸ਼ਾਨਦਾਰ ਰਿਹਾ, ਅਸੀਂ ਹਰ ਸਾਲ ਆਪਣੀਆਂ ਸਰਗਰਮੀਆਂ ਵਿਚ ਵਾਧਾ ਕਰ ਰਹੇ ਹਾਂ ਅਤੇ ਕਮਿਊਨਿਟੀ ਦੀ ਅੰਦਰ ਤੇ ਬਾਹਰ ਕਮਿਊਨਿਟੀ ਦਾ ਨਾਂ ਬਣਾ ਰਹੇ ਹਾਂ ਤੇ ਇਹ ਸਾਲਾਨਾ ਉਤਸਵ ਹੁਣ ਇਕ ਸੰਸਥਾ ਦਾ ਰੂਪ ਧਾਰਨ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ 100 ਤੋਂ ਵੱਧ ਲੋਕਾਂ ਦੇ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਮੇਲ SAFF-2013 ਵਿਚ ਲਗਾਤਾਰ ਸੇਵਾ ਕੀਤੀ ਅਤੇ ਇਸ ਨੂੰ ਕਾਮਯਾਬ ਕੀਤਾ।
ਇਸ ਚਾਰ ਦਿਨਾਂ ਮੇਲੇ ਦੀ ਸ਼ੁਰੂਆਤ ਚੈਂਪਮੈਨ ਯੂਨੀਵਰਸਿਟੀ ਦੀ ਲੈਦਰਬਾਈ ਲਾਇਬ੍ਰੇਰੀ ਵਲੋਂ ਕੀਤੀ ਗਈ ਜਿਥੇ ਡੀਨ ਚਾਰਲੀਨ ਬਾਲਡਵਿਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਕ ਨਯਾਬ ਨੁਮਾਇਸ਼ ਲਗਾਈ ਜਿਸ ਵਿਚ ਪਹਿਲੀ ਸੰਸਾਰ ਜੰਗ ਅਤੇ ਦੂਜੀ ਸੰਸਾਰ ਜੰਗ ਦੌਰਾਨ ਸਿੱਖਾਂ ਵਲੋਂ ਵਿਖਾਈ ਬਹਾਦਰੀ ਅਤੇ ਕੁਰਬਾਨੀਆਂ ਨੂੰ ਦਰਸਾਇਆ ਗਿਆ ਸੀ। ਇਨ੍ਹਾਂ ਵਿਚ ਬਹੁਤ ਹੀ ਬੇਸ਼ਕੀਮਤੀ ਤਸਵੀਰਾਂ, ਪੁਰਾਸਾਰੀ ਛਾਪਾਂ (ਪ੍ਰਿੰਟ) ਅਤੇ ਹੋਰ ਕਲਾ ਵਸਤਾਂ ਦੀਵਾਰਾਂ ਉਪਰ ਟੰਗੀਆਂ ਹੋਈਆਂ ਸਨ। ਇਸ ਸ਼ਾਮ ਸੰਸਾਰ ਦੇ ਜਾਣੇ ਪਛਾਣੇ ਸਿੱਖ ਕਲਾਕਾਰਾਂ ਸਿੰਘ ਟਵਿਨਜ਼ ਵਲੋਂ ਬਣਾਇਆ, ਵਿਸ਼ਵ ਜੰਗਾਂ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਸਿੱਕਾ ਜਾਰੀ ਕੀਤਾ ਗਿਆ। ਇਸ ਯਾਦਗਾਰੀ ਸਿੱਕੇ ਉਪਰ ‘ਲੀਗੇਸੀ ਆਫ਼ ਵੈਲਰ : ਦ ਸਿੱਖ ਕੰਟਰੀਬਿਊਸ਼ਨ ਟੂ ਦ ਵਰਲਡ ਵਾਰਜ਼’ (ਬਹਾਦਰੀ ਦੀ ਵਿਰਾਸਤ : ਵਿਸ਼ਵ ਜੰਗਾਂ ਵਿਚ ਸਿੱਖਾਂ ਦਾ ਯੋਗਦਾਨ) ਉਕਰਿਆ ਹੋਇਆ ਹੈ। ਇਸ ਮੌਕੇ ਪੁਰਸਕਾਰ ਜੇਤੂ ਦਸਤਾਵੇਜੀ ਫਿਲਮ ‘ਪਰਿਜ਼ਨਰਜ਼ ਸਾਂਗ’ ਵਿਚੋਂ 7 ਮਿੰਟ ਦੇ ਅੰਸ਼ ਵਿਖਾਏ ਗਏ। ਇਹ ਫਿਲਮ ਪਹਿਲੀ ਸੰਸਾਰ ਜੰਗ ਨਾਲ ਸਬੰਧਤ ਜੰਗੀ ਕੈਦੀ ਦੀ ਆਵਾਜ਼ ਤੇ ਆਧਾਰਤ ਹੈ ਜੋ ਫਲੈਂਡਰਜ਼ (ਬੈਲਜੀਅਮ) ਵਿਚ ਫੜਿਆ ਗਿਆ ਸੀ।
ਇਸ ਮੌਕੇ ਸਿੰਘ ਟਵਿਨਜ਼ ਨਾਲ ਰੂਬਰੂ ਪ੍ਰੋਗਰਾਮ ਵੀ ਹੋਇਆ। ਮਿਸ਼ੇਲ ਵਲੋਂ ਬਣਾਈ ਗਈ ਫਿਲਮ ਵਿਖਾਈ ਗਈ। ਸਮਾਗਮ ਦਾ ਸੰਚਾਲਨ ਚੈਂਪਮੈਨ ਯੂਨੀਵਰਸਿਟੀ ਦੇ ਇਤਿਹਾਸ ਦੇ ਮੁਖੀ ਪ੍ਰੋ. ਡਾ. ਜੈਨੀਫਰ ਡੀ.ਕੀਨ ਨੇ ਕੀਤਾ। ਅੰਤ ਵਿਚ ਸੁਆਦਲੇ ਪੰਜਾਬੀ ਪਕਵਾਨ ਵਰਤਾਏ ਗਏ।
ਸ਼ੁੱਕਰਵਾਰ ਚੈਪਮੈਨ ਯੂਨੀਵਰਸਿਟੀ ਦੇ ਡੌਜ ਕਾਲਿਜ ਫਿਲਮ ਐਂਡ ਮੀਡੀਆ ਆਰਟਸ ਵਿਖੇ ਡਿਨਰ ਦਾ ਪ੍ਰੋਗਰਾਮ ਰੱਖਿਆ ਗਿਆ। ਜਿਸ ਵਿਚ 200 ਤੋਂ ਵੱਧ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਸ ਵਿਚ ਭਾਈ ਮਰਦਾਨਾ ਵਲੋਂ ਭਾਰਤੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ।
ਪ੍ਰੋਗਰਾਮ ਦਾ ਸੰਚਾਲਨ ਬੌਬੀ ਕੋਹਲੀ ਅਤੇ ਸੁਮੀਤਾ ਬੱਤਰਾ ਨੇ ਕੀਤਾ। ਇਸ ਪ੍ਰੋਗਰਾਮ ਵਿਚ ਦਸਤਾਵੇਜੀ ਅਤੇ ਪ੍ਰਯੋਗਵਾਦੀ ਫਿਲਮਾਂ ਵੀ ਵਿਖਾਈਆਂ ਗਈਆਂ। ਡੌਜ਼ ਕਾਲਜ ਦੇ ਗੈਰ ਸਿੱਖ ਵਿਦਿਆਰਥੀਆਂ ਨੇ ਸਕਾਲਰਸ਼ਿਪ ਲਈ ਸਿੱਖਾਂ ਨਾਲ ਸਬੰਧਤ ਵਿਸ਼ਿਆਂ ਉਪਰ ਫਿਲਮਾਂ ਬਣਾ ਕੇ ਉਨ੍ਹਾਂ ਦਾ ਪ੍ਰਦਰਸ਼ਨ ਕੀਤਾ।
ਇਸ ਤੋਂ ਬਾਅਦ ਡੀ.ਜੇ. ਉਪਰ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਖੂਬ ਡਾਂਸ ਕੀਤਾ। ਡਾਂਸ ਸਵੇਰੇ 2.00 ਵਜੇ ਤੱਕ ਜਾਰੀ ਰਿਹਾ।
ਸ਼ਨਿਚਰਵਾਰ ਦੇ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਦੀਆਂ ਫਿਲਮਾਂ ਨਾਲ ਹੋਈ, ਜਿਸ ਵਿਚ ਜਨਮ ਸਾਖੀ ਉਪਰ ਆਧਾਰਤ ਫਿਲਮ ‘ਐਨਚੈਂਟਡ ਗਾਰਡਨ ਆਫ਼ ਤਲਵੰਡੀ’ ਦੀ ਸਕਰੀਨਿੰਗ ਬਹੁਤ ਪ੍ਰਭਾਵਸ਼ਾਲੀ ਰਹੀ।
ਸ਼ਨਿਚਰਵਾਰ ਤੀਜੇ ਪਹਿਰ ਨੌਜਵਾਨ ਸਿੱਖ ਕਲਾਕਾਰਾਂ ਨੂੰ ਸਟੇਜ ਤੇ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਗਿਆ, ਜਿਸ ਵਿਚ ਨੌਜਵਾਨ ਮੁੰਡੇ ਕੁੜੀਆਂ ਨੇ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ। ਸ਼ਾਮ ਨੂੰ ਪੰਜਾਬ ਵਿਚ ਨਸ਼ਿਆਂ ਦੀ ਬੁਰਾਈ ਬਾਰੇ ਇਕ ਫੀਚਰ ਫਿਲਮ ਵਿਖਾਈ ਗਈ।
ਐਤਵਾਰ ਪ੍ਰੋਗਰਾਮ ਦੀ ਸ਼ੁਰੂਆਤ ਸਿੱਖਾਂ ਬਾਰੇ ਅਤੇ ਉਨ੍ਹਾਂ ਦੇ ਕਮਿਊਨਿਟੀ ਅਤੇ ਪੂਰੀ ਦੁਨੀਆ ਉਪਰ ਪ੍ਰਭਾਵ ਬਾਰੇ ਲਘੂ ਫਿਲਮਾਂ ਨਾਲ ਹੋਈ। ਤੀਜੇ ਪਹਿਰ ਸਿੱਖ ਵਿਰਸੇ ਬਾਰੇ ਅਤੇ ਸਿੱਖਾਂ ਵਲੋਂ ਬਣਾਈਆਂ ਹਾਲੀਵੁੱਡ ਦੀਆਂ ਫਿਲਮਾਂ ਵਿਖਾਈਆਂ ਗਈਆਂ।
ਇਸ ਚਾਰ ਦਿਨਾਂ ਫਿਲਮ ਉਤਸਵ ਦੀ ਸਮਾਪਤੀ ਐਤਵਾਰ ਰਾਤ ਨੂੰ ਹੋਈ। ਇਸ ਪ੍ਰੋਗਰਾਮ ਵਿਚ ਕਲਾਸੀਕਲ ਭਾਰਤੀ ਸੰਗਤ ਤੋਂ ਇਲਾਵਾ ਅਮਰੀਕੀ ਲੋਕ ਸੰਗੀਤ ਅਤੇ ਰੈਂਪ ਸੰਗੀਤ ਦੀ ਪੇਸ਼ਕਾਰੀ ਕੀਤੀ। ਸੰਗੀਤਮਈ ਪ੍ਰੋਗਰਾਮ ਦੇ ਅਖ਼ੀਰ ਵਿਚ ਸਾਰੀਆਂ ਵਿਧਾਵਾਂ ਦੇ ਕਲਾਕਾਰ ਤੇ ਸੰਗੀਤਕਾਰ ਇਕੱਠੇ ਮੰਚ ਉਪਰ ਆਏ ਅਤੇ ਸੰਗੀਤ ਦੀ ਜੁਗਲਬੰਦੀ ਕੀਤੀ। ਫਿਲਮ ਉਤਸਵ ਵਿਚ ਲਗਾਤਾਰ ਹਿੱਸਾ ਲੈ ਰਹੀ ਸੁਮੀਤਾ ਸੇਠੀ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇਸ ਉਤਸਵ ਵਿਚ ਆ ਰਹੇ ਹਨ ਇਸ ਵਿਚ ਗੀਤ ਸੰਗੀਤ, ਦਸਤਾਵੇਜ਼ੀ ਫਿਲਮਾਂ ਅਤੇ ਕਲਾਤਮਕ ਫਿਲਮਾਂ ਰਾਹੀਂ ਮਨੋਰੰਜਨ ਤੋਂ ਇਲਾਵਾ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਥੇ ਆ ਕੇ ਹੀ ਪਤਾ ਲਗਦਾ ਹੈ ਕਿ ਇੰਮੀਗ੍ਰੈਂਟਸ ਨੇ ਕਿੰਨੀ ਪ੍ਰਾਪਤੀ ਅਤੇ ਕਾਮਯਾਬੀ ਹਾਸਲ ਕੀਤੀ ਹੈ।
ਸਿੱਖ ਕੈਨਜ਼ ਇਕੋ ਇਕ ਜਥੇਬੰਦੀ ਹੈ ਜੋ ਦੁਨੀਆਂ ਭਰ ਵਿਚ ਫਿਲਮ ਸਕੂਲ ਨਾਲ ਜੁੜੀ ਹੋਈ ਹੈ, ਜਿਥੇ ਗੈਰ ਸਿੱਖ ਫਿਲਮ ਸਟੂਡੈਂਟਸ ਵੀ ਹਨ ਜੋ ਭਵਿੱਖ ਦੇ ਹਾਲੀਵੁੱਡ ਦੇ ਫਿਲਮਕਾਰ ਹਨ।
ਸਿੱਖ ਲੈਨਜ਼ ਦਾ ਇਹ ਪ੍ਰੋਗਰਾਮ ਸਿੱਖੀ ਅਤੇ ਸਿੱਖ ਇਤਿਹਾਸ ਤੇ ਸਾਖੀਆਂ/ਸਾਕਿਆਂ ਨੂੰ ਮੁੱਖ ਧਾਰਾ ਦਾ ਹਿੱਸਾ ਬਣਾਉਂਦਾ ਹੈ, ਇਸ ਪ੍ਰੋਗਰਾਮ ਰਾਹੀਂ ਇਹ ਸੰਸਥਾ ਹੋਰਨਾਂ ਸੰਸਥਾਵਾਂ ਜਿਵੇਂ ਸਾਲਡੇਫ਼, ਸਿੱਖ ਕੁਲੀਸ਼ਨ, ਕੋਰ ਫਾਊਂਡੇਸ਼ਨ, ਜੈਕਾਰਾ ਅਤੇ ਇਨਸਾਫ਼ ਦੀ ਮਦਦ ਵੀ ਕਰ ਰਹੀ ਹੈ। ਅਗਲੇ ਸਾਲ ਦੇ ਮੇਲੇ ਦੀਆਂ ਤਰੀਕਾਂ 20-23 ਨਵੰਬਰ 2014 ਨਿਸ਼ਚਿਤ ਕੀਤੀਆਂ ਗਈਆਂ ਹਨ।
↧
ਬਹੁਤ ਕਾਮਯਾਬ ਰਿਹਾ ਸਿੱਖ ਕਲਾ ਅਤੇ ਫਿਲਮ ਉਤਸਵ-2013
↧