ਜਲੰਧਰ/ਬਿਊਰੋ ਨਿਊਜ਼ :
ਬਸਤਰ ਬਣਾਉਣ ਵਾਲੀ ਕੌਮਾਂਤਰੀ ਕੰਪਨੀ ਗੈਪ ਵਲੋਂ ਆਪਣੇ ਬਸਤਰਾਂ ਦੀ ਇਸ਼ਤਿਹਾਰਬਾਜ਼ੀ ਲਈ ਦਸਤਾਰਧਾਰੀ ਸਿੱਖ ਵਾਰਿਸ ਆਹਲੂਵਾਲੀਆ ਦੀ ਤਸਵੀਰ ਹਾਲੀਵੁੱਡ ਦੀ ਅਦਾਕਾਰਾ ਅਤੇ ਫਿਲਮ ਮੇਕਰ ਕੁਇਨਟੀਨ ਜੋਨਜ਼ ਨਾਲ ਲਗਾਏ ਜਾਣ ਤੇ ਜਿੱਥੇ ਸਿੱਖ ਭਾਈਚਾਰੇ ਦੇ ਇਕ ਵਰਗ ਨੇ ਇਸ ਨੂੰ ਹੇਟ ਕ੍ਰਾਈਮ ਨੂੰ ਠੱਲ੍ਹ ਪਾਉਣ ਅਤੇ ਸਿੱਖਾਂ ਦੀ ਪਛਾਣ ਬਾਰੇ ਦੁਨੀਆ ਭਰ ਦੇ ਲੋਕਾਂ ਨੂੰ ਸਿੱਖਿਅਤ ਕਰਨ ਦਾ ਇਕ ਚੰਗਾ ਜ਼ਰੀਆ ਦੱਸਿਆ ਹੈ, ਉਥੇ ਸਿੱਖਾਂ ਦੇ ਹੀ ਇਕ ਵਰਗ ਨੇ ਇਸ ਦਾ ਬੁਰਾ ਮਨਾਇਆ ਹੈ। ਕਦੇ ਕਿਸੇ ਭਾਰਤੀ ਕੰਪਨੀ ਨੇ ਵੀ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਕੀਤਾ।
ਉਘੇ ਸਿੱਖ ਕਾਲਮਨਵੀਸ ਕੰਵਰ ਸਿੰਘ ਨੇ ਇਸ ਇਸ਼ਤਿਹਾਰ ਦਾ ਸੁਆਗਤ ਕਰਦਿਆਂ ਕਿਹਾ ਕਿ ਕੰਪਨੀ ਨੇ ਸਿੱਖਾਂ ਲਈ ਇਕ ਵਿਲੱਖਣ ਕਾਰਜ ਕੀਤਾ ਹੈ, ਕਿਉਂਕਿ ਅਸੀਂ ਆਪਣੇ ਸੀਮਤ ਵਸੀਲਿਆਂ ਨਾਲ ਇਸ ਤਰ੍ਹਾਂ ਆਪਣੀ ਪਛਾਣ ਦੁਨੀਆ ਭਰ ਦੇ ਲੋਕਾਂ ਸਾਹਮਣੇ ਨਹੀਂ ਲਿਜਾ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਫਖ਼ਰ ਵਾਲੀ ਗੱਲ ਹੈ ਕਿ ਦਸਤਾਰ ਨੂੰ ਵੀ ਫੈਸ਼ਨ ਦਾ ਹਿੱਸਾ ਬਣਾਇਆ ਗਿਆ ਹੈ।
ਪਰ ਅਮਰੀਕਾ ਮੂਲ ਦੇ ਇਕ ਸਿੱਖ ਆਗੂ ਗੁਰਸੰਤ ਸਿੰਘ ਨੇ ਕਿਹਾ ਕਿ ਉਹ 5 ਨਵੰਬਰ ਨੂੰ ਇਸ ਤਸਵੀਰ ਖਿਲਾਫ਼ ਡੇਵਿਕ ਕੈਲੀਫੋਰਨੀਆ ਗੈਪ ਸਟੋਰ ਅੱਗੇ ਰੋਸ ਮੁਜ਼ਾਹਰਾ ਕਰਨਗੇ। ਉਹ ਚਾਹੁੰਦੇ ਹਨ ਕਿ ਇਹ ਤਸਵੀਰ ਹਟਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਇਤਰਾਜ਼ ਹੈ ਕਿ ਇਸ ਇਸ਼ਤਿਹਾਰ ਵਿਚ ਇਕ ਔਰਤ ਨੇ ਵਾਰਿਸ ਆਹਲੂਵਾਲੀਆ ਦੀ ਪੱਗ ਉਪਰ ਹੱਥ ਰੱਖਿਆ ਹੋਇਆ ਹੈ ਤੇ ਦੂਜਾ ਉਸ ਦੀ ਛਾਤੀ ਤੇ ਰੱਖਿਆ ਹੈ ਜਿਸ ਤੋਂ ਨਿਰਾਦਰ ਦੀ ਝਲਕ ਵਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਸਿੱਖਾਂ ਬਾਰੇ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਹਨ।
ਕੰਵਰ ਸਿੰਘ ਨੇ ਇਸ ਤਰ੍ਹਾਂ ਦਾ ਕੋਈ ਰੋਸ ਮੁਜ਼ਾਹਰਾ ਨਾ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਵਿਗਿਆਪਨ ਖਿਲਾਫ਼ ਇਸ ਤਰ੍ਹਾਂ ਦਾ ਰੋਸ ਮੁਜ਼ਾਹਰਾ ਕਰਨ ਨਾਲ ਅਜਿਹੀਆਂ ਕਾਰਪੋਰੇਸ਼ਨਾਂ ਤੇ ਕੰਪਨੀਆਂ ਪਹਿਲਕਦਮੀ ਕਰਨੀ ਬੰਦ ਕਰ ਦੇਣਗੀਆਂ ਜੋ ਜਾਗਰੂਕਤਾ ਲਈ ਸਾਡੇ ਸਾਂਝੇ ਸੰਘਰਸ਼ ਵਿਚ ਆਪਣੇ ਕੀਮਤੀ ਵਸੀਲੇ ਵਰਤ ਰਹੀਆਂ ਹਨ।
↧
ਵਾਰਿਸ ਆਹਲੂਵਾਲੀਆ ਦੀ ਤਸਵੀਰ ਚਰਚਾ ਦਾ ਕੇਂਦਰ ਬਣੀ
↧