ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਆਮ ਲੋਕਾਂ ਲਈ ਨਿਆਂ ਅਤੇ ਇਕਸਾਰਤਾ ਦੀ ਤਾਂਘ ਵਿਚ ਜੁਟੀ ਗੈਰ ਮੁਨਾਫ਼ਾਕਾਰੀ ਸੰਸਥਾ ਇਨਸਾਫ਼ (5nsaaf) ਵਲੋਂ ਪੰਜਾਬ ਵਿਚ ਵਾਪਰੇ ਖੂਨੀ ਦੌਰ ਦੌਰਾਨ ਵਾਪਰੀਆਂ ਹਿਰਦੇਵੇਧਕ ਘਟਨਾਵਾਂ ਵਿਚੋਂ ਇਕ ਘਟਨਾ ਉਪਰ ਲਘੂ ਫਿਲਮ ‘ਦ ਲਾਸਟ ਕਿਲਿੰਗ (ਆਖ਼ਰੀ ਹੱਤਿਆ) ਤਿਆਰ ਕੀਤੀ ਗਈ ਹੈ ਜੋ ਨਵੰਬਰ ਮਹੀਨੇ ਰਿਲੀਜ਼ ਹੋਵੇਗੀ ਅਤੇ ਇਸ ਦਾ ਪ੍ਰੀਮੀਅਰ 23 ਨਵੰਬਰ ਨੂੰ ਔਰੇਂਜ (ਲਾਸ ਏਂਜਲਸ) ਵਿਖੇ ਸਿੱਖ ਆਰਟ ਐਂਡ ਫਿਲਮ ਫੈਸਟੀਵਲ ਵਿਚ ਕੀਤਾ ਜਾਵੇਗਾ। ਇਹ ਫਿਲਮ ਸਤਵੰਤ ਸਿੰਘ ਮਾਣਕ ਨਾਂ ਦੇ ਇਕ ਪੁਲਿਸਮੈਨ ਦੀ ਜੀਵਨ ਕਹਾਣੀ ਉਪਰ ਆਧਾਰਤ ਹੈ ਜਿਸ ਵਿਚ ਮਾਣਕ ਇਹ ਸੁਪਨਾ ਲੈ ਕੇ ਪੰਜਾਬ ਪੁਲਿਸ ਵਿਚ ਭਰਤੀ ਹੁੰਦਾ ਹੈ ਕਿ ਉਹ ਆਪਣੀ ਕਮਿਊਨਿਟੀ ਦੀ ਰਾਖੀ ਕਰੇਗਾ। ਪਰ 1980ਵਿਆਂ ਅਤੇ 90ਵਿਆਂ ਦੇ ਦਹਾਕੇ ਦੌਰਾਨ ਪੁਲਿਸ ਬਗਾਵਤ ਉਪਰ ਕਾਬੂ ਪਾਉਣ ਦੇ ਨਾਂ ਹੇਠ ਆਪਣੇ ਹੀ ਲੋਕਾਂ ਉਪਰ ਦਹਿਸ਼ਤ ਪਾਉਣਾ ਸ਼ੁਰੂ ਕਰ ਦਿੰਦਾ ਹੈ ਜੋ ਲੋਕਾਂ ਉਪਰ ਤਸ਼ੱਦਦ ਚਾਹੁੰਦੀ ਹੈ, ਉਨ੍ਹਾਂ ਨੂੰ ਲਾਪਤਾ ਕਰਦੀ ਹੈ ਅਤੇ ਸਮੂਹਿਕ ਤੌਰ ‘ਤੇ ਹੱਤਿਆਵਾਂ ਕਰਦੀ ਹੈ।
ਮਾਣਕ ਚੁਪ ਚੁਪੀਤੇ ਇਹ ਵੇਖਦਾ ਹੈ ਕਿ ਕਿਵੇਂ ਉਸ ਦੇ ਸਾਥੀ ਪੁਲਿਸ ਅਫ਼ਸਰਾਂ ਹੱਥੋਂ 15 ਨਿਹੱਥੇ ਲੋਕਾਂ ਉਪਰ ਤਸ਼ੱਦਦ ਹੁੰਦਾ ਹੈ ਅਤੇ ਉਨ੍ਹਾਂ ਦਾ ਕਤਲ ਹੁੰਦਾ ਹੈ। ਉਹ ਦੇਖਦਾ ਹੈ ਕਿ ਅਖ਼ੀਰ ਵਿਚ ਇਕ ਦਸਵੀਂ ਜਮਾਤ ਵਿਚ ਪੜ੍ਹਦੇ ਕਿਸ਼ੋਰ ਉਮਰ ਦੇ ਬੱਚੇ ਕੁਲਵੰਤ ਸਿੰਘ ਨੂੰ ਕਤਲ ਕੀਤਾ ਜਾਂਦਾ ਹੈ। ਇਹ ਬੇਇਨਸਾਫ਼ੀ ਅਤੇ ਜ਼ੁਲਮ ਮਾਣਕ ਨੂੰ ਝੰਜੋੜਦਾ ਹੈ। ਉਹ ਨੌਕਰੀ ਛੱਡ ਜਾਂਦਾ ਹੈ ਅਤੇ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਖਿਲਾਫ਼ ਕੇਸ ਦਾਇਰ ਕਰ ਦਿੰਦਾ ਹੈ।
ਉਸ ਨੂੰ ਇਹ ਹਿੰਮਤ ਅਤੇ ਹੌਂਸਲਾ ਬਹੁਤ ਮਹਿੰਗਾ ਪੈਂਦਾ ਹੈ। ਪੁਲਿਸ ਉਸਨੂੰ ਫੜ ਕੇ ਤਸ਼ੱਦਦ ਕਰਦੀ ਹੈ ਅਤੇ ਉਸ ਦੇ ਪਿਤਾ ਉਪਰ ਤਸ਼ੱਦਦ ਕੀਤਾ ਜਾਂਦਾ ਹੈ ਜਿਸ ਦੀ ਤਸੀਹੇ ਦੇਣ ਕਾਰਨ ਮੌਤ ਹੋ ਜਾਂਦੀ ਹੈ। ਪਰ ਮਾਣਕ 20 ਸਾਲ ਆਪਣੀ ਇਨਸਾਫ਼ ਦੀ ਜੰਗ ਜਾਰੀ ਰੱਖਦਾ ਹੈ। ਉਹ ਪੁਲਿਸ ਹੱਥੋਂ ਮਾਰੇ ਗਏ ਜਾਂ ਲਾਪਤਾ ਕੀਤੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਜਥੇਬੰਦ ਕਰਦਾ ਹੈ ਅਤੇ ਉਨ੍ਹਾਂ ਨੂੰ ਕੇਸਾਂ ਦੀ ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਲੈ ਕੇ ਆਉਂਦਾ ਹੈ।
ਕੀ ਅਦਾਲਤ ਇਨ੍ਹਾਂ ਕੇਸਾਂ ਨੂੰ ਮੁੜ ਖੋਲ੍ਹੇਗੀ ਅਤੇ ਇਨ੍ਹਾਂ ਦੀ ਜਾਂਚ ਕਰਵਾਏਗੀ? ਕੀ ਇਨ੍ਹਾਂ ਲੋਕਾਂ ਨੂੰ ਇਨਸਾਫ਼ ਮਿਲ ਸਕੇਗਾ? ਫਿਲਮ ਅਜਿਹੇ ਸੁਆਲ ਖੜ੍ਹੇ ਕਰਦੀ ਹੈ। ਇਸ ਫਿਲਮ ਵਿਚ ਪੰਜਾਬ ਵਿਚ ਮਾਰੇ ਗਏ ਬੇਗੁਨਾਹਾਂ ਦੇ ਪਰਿਵਾਰਾਂ, ਕੇਸ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਅਤੇ ਮਨੁੱਖੀ ਹੱਕਾਂ ਦੀ ਕਾਰਜਕਰਤਾ ਬੀਬੀ ਪਰਮਜੀਤ ਕੌਰ ਖਾਲੜਾ, ਸੁਪਤਨੀ ਭਾਈ ਜਸਵੰਤ ਸਿੰਘ ਖਾਲੜਾ, ਦੀਆਂ ਇੰਟਰਵਿਊਆਂ ਵੀ ਦਿੱਤੀਆਂ ਗਈਆਂ ਹਨ।
↧
‘ਦ ਲਾਸਟ ਕਿਲਿੰਗ’ : ਅਣਖੀ ਬੰਦੇ ਦੀ ਗਾਥਾ
↧