ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਸਾਹਿਤ ਅਕਾਦਮੀ ਦੇ ਵਕਾਰੀ ਪੁਰਸਕਾਰਾਂ ਲਈ ਪੰਜਾਬੀ ਭਾਸ਼ਾ ਵਿਚੋਂ ਡਾਕਟਰ ਜਸਵਿੰਦਰ ਦੇ ਨਾਵਲ ‘ਮਾਤ ਲੋਕ’, ਅੰਗਰੇਜ਼ੀ ਭਾਸ਼ਾ ਦੇ ਨਾਵਲਕਾਰ ਅਤੇ ਨਾਟਕਕਾਰ ਸਾਇਰਸ ਮਿਸਤਰੀ ਦੇ ਨਾਵਲ ‘ਕਰੋਨੀਕਲ ਆਫ ਏ ਕੋਰਪਸ ਬੀਅਰਰ’, ਮਲਿਆਲਮ ਭਾਸ਼ਾ ਵਿਚੋਂ ਕੇ ਆਰ ਮੀਰਾ ਦੇ ‘ਆਰਾਚਾਰ’ ਨੂੰ ਚੁਣਿਆ ਗਿਆ ਹੈ। ਪੁਰਸਕਾਰ ਹਾਸਲ ਕਰਨ ਵਾਲੀਆਂ ਰਚਨਾਵਾਂ ਵਿੱਚ ਛੇ ਕਵਿਤਾ ਸੰਗ੍ਰਹਿ, ਛੇ ਕਹਾਣੀਆਂ ਦੀਆਂ ਪੁਸਤਕਾਂ, ਚਾਰ ਨਾਵਲ, ਦੋ ਲੇਖ-ਸੰਗ੍ਰਹਿ, ਦੋ ਨਾਟਕ, ਦੋ ਸਮਾਲੋਚਨਾ ਤੇ ਇੱਕ ਯਾਦਾਂ ਦੀ ਲਿਖੀ ਕਿਤਾਬ ਸਮੇਤ 23 ਕਿਤਾਬਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਪੁਰਸਕਾਰਾਂ ਦੀ ਸਿਫਾਰਸ਼ 23 ਭਾਰਤੀ ਭਾਸ਼ਾਵਾਂ ਦੇ ਨੁਮਾਇੰਦਿਆਂ ਉੱਤੇ ਆਧਾਰਤ ਕਮੇਟੀ ਨੇ ਕੀਤੀ ਹੈ ਅਤੇ ਨਾਵਾਂ ਨੂੰ ਅਕਾਦਮੀ ਦੇ ਪ੍ਰਧਾਨ ਡਾਕਟਰ ਵਿਸ਼ਵਨਾਥ ਪ੍ਰਸਾਦ ਤਿਵਾੜੀ ਦੀ ਅਗਵਾਈ ਵਿੱਚ ਅਕੈਡਮੀ ਦੇ ਕਾਰਜਕਾਰੀ ਬੋਰਡ ਨੇ ਪ੍ਰਵਾਨਗੀ ਦਿੱਤੀ ਹੈ। ਇਹ ਪ੍ਰਗਟਾਵਾ ਅਕਾਦਮੀ ਦੇ ਸਕੱਤਰ ਕੇ ਸ੍ਰੀਨਿਵਾਸ ਰਾਓ ਨੇ ਕੀਤਾ ਹੈ। ਪੁਰਸਕਾਰ ਵਿੱਚ ਇੱਕ ਸਨਮਾਨ ਚਿੰਨ੍ਹ, ਸ਼ਾਲ ਅਤੇ ਇੱਕ ਲੱਖ ਰੁਪਏ ਦੀ ਰਾਸ਼ੀ ਸ਼ਾਮਲ ਹੈ। ਇਹ ਪੁਰਸਕਾਰ ਅਗਲੇ ਸਾਲ 16 ਫਰਵਰੀ ਨੂੰ ਸਾਹਿਤ ਅਕਾਦਮੀ ਦੇ ਵਿਸ਼ੇਸ਼ ਸਮਾਰੋਹ ਦੌਰਾਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਭਾਸ਼ਾ ਸਨਮਾਨ ਪੁਰਸਕਾਰ ਲੇਖਕ ਅਤੇ ਬੁੱਧੀਜੀਵੀ ਸ੍ਰੀਕਾਂਤ ਬਹੁਲਕਰ ਨੂੰ ਦਿੱਤਾ ਗਿਆ ਹੈ। ਬੰਗਾਲੀ ਭਾਸ਼ਾ ਵਿੱਚ ਪੁਰਸਕਾਰ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਇਸ ਦੌਰਾਨ ਅਕਾਦਮੀ ਦੇ ਸਕੱਤਰ ਰਾਓ ਨੇ ਦੱਸਿਆ ਕਿ ਅਕਾਦਮੀ ਨੂੰ 35 ਸਾਹਿਤਕਾਰਾਂ ਦੇ ਚੈੱਕ ਮਿਲੇ ਸਨ ਜੋ ਅਕਾਦਮੀ ਨੇ ਵਾਪਸ ਨਾ ਲੈਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ 39 ਸਾਹਿਤਕਾਰਾਂ ਨੇ ਸਾਹਿਤ ਅਕਾਦਮੀ ਬੋਰਡ ਦੇ ਮੈਂਬਰ ਐੱਮ ਐੱਮ ਕਾਲਬੁਰਗੀ ਦੀ ਹੱਤਿਆ ਬਾਰੇ ਅਕਾਡਮੀ ਵੱਲੋਂ ਧਾਰੀ ਚੁੱਪ ਅਤੇ ਦਾਦਰੀ ਕਾਂਡ ਤੋਂ ਬਾਅਦ ਦੇਸ਼ ਵਿੱਚ ਅਸਿਹਣਸ਼ੀਲਤਾ ਦੇ ਰੋਸ ਵਜੋਂ ਪੁਰਸਕਾਰ ਮੋੜ ਦਿੱਤੇ ਸਨ। ਪੰਜਾਬੀ ਭਾਸ਼ਾ ਦੇ ਸਾਹਿਤ ਅਕਾਦਮੀ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਦੱਸਿਆ ਕਿ ਪੰਜਾਬੀ ਵਿੱਚ ਇਨਾਮ ਦੇਣ ਵਾਲੀ ਜਿਊਰੀ ਵਿੱਚ ਪ੍ਰੋਫੈਸਰ ਮਨਜੀਤ ਸਿੰਘ, ਸ਼ਾਇਰ ਸੁਰਜੀਤ ਪਾਤਰ ਅਤੇ ਪ੍ਰੇਫੈਸਰ ਆਰਐੱਸ ਭੱਟੀ ਸ਼ਾਮਲ ਸਨ।
ਰਾਮ ਦਰਸ਼ ਨੂੰ ਹਿੰਦੀ ਕਵਿਤਾ ਸੰਗ੍ਹਿਹ ‘ਆਗ ਕੀ ਹੰਸੀ’ ਲਈ, ਉਰਦੂ ਵਿੱਚ ਸ਼ਮੀਮ ਤਾਕਿਰ ਦੀ ਸਮਾਲੋਚਨਾ ਦੀ ਕਿਤਾਬ ‘ਤਸਬੂਫ਼ ਔਰ ਭਗਤੀ’ ਲਈ, ਅੰਗਰੇਜ਼ੀ ਲਈ ਸਾਇਰਸ ਮਿਸਤਰੀ ਦੀ ‘ਕਰਾਨੀਕਲ ਆਫ ਏ ਕਾਰਪਸ ਬੀਅਰਰ’ ਨੂੰ ਸਾਲਾਨਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਡਾ. ਜਸਵਿੰਦਰ ਸਿੰਘ ਦਾ ਨਾਵਲ ‘ਮਾਤ ਲੋਕ’ 2011 ਵਿੱਚ ਪ੍ਰਕਾਸ਼ਤ ਹੋਇਆ ਸੀ। ਪੰਜਾਬੀ ਸਾਹਿਤ ਜਗਤ ਵਿੱਚ ਡਾਕਟਰ ਜਸਵਿੰਦਰ ਸਿੰਘ ਆਲੋਚਕ ਵਜੋਂ ਵਧੇਰੇ ਜਾਣੇ ਜਾਂਦੇ ਹਨ। ਜਦੋਂ ਡਾਕਟਰ ਜਸਵਿੰਦਰ ਨੂੰ ਸਵਾਲ ਕੀਤਾ ਕਿ ਪੁਰਸਕਾਰ ਉਦੋਂ ਪੁਰਸਕਾਰ ਮਿਲ ਰਿਹਾ ਹੈ, ਜਦੋਂ ਪੰਜਾਬੀ ਸਾਹਿਤਕਾਰਾਂ ਵੱਲੋਂ ਪੁਰਸਕਾਰ ਵਾਪਸੀ ਦੀ ਲਹਿਰ ਆਰੰਭੀ ਗਈ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਰੇ ਜਲਦੀ ਹੀ ਲਿਖਣਗੇ ਪਰ ਇਸ ਮੌਕੇ ਇਹ ਮਾਮਲਾ ਵਿਚਾਰਨ ਦਾ ਢੁਕਵਾਂ ਸਮਾਂ ਨਹੀ ਹੈ।
The post ਡਾ. ਜਸਵਿੰਦਰ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ appeared first on Quomantry Amritsar Times.