ਸਿਡਨੀ ਵਿਚ ‘ਜਿਸ ਲਾਹੌਰ ਨਹੀਂ ਦੇਖਿਆ’ ਨਾਟਕ ਦੇਖਣ ਆਈ ਇਕ ਔਰਤ ਦਾ ਆਈ-ਡਕਟ ਆਪਰੇਸ਼ਨ ਹੋਣਾ ਸੀ। ਉਸ ਦੇ ਹੰਝੂ ਸੱਕ ਗਏ ਸਨ ਪਰ ਨਾਟਕ ਦੇਖ ਕੇ ਉਹ ਐਨਾ ਰੋਈ ਕਿ ਆਪਰੇਸ਼ਨ ਦੀ ਲੋੜ ਹੀ ਨਾ ਪਈ।
ਪਾਕਿਸਤਾਨ ‘ਚ ਨਾਟਕ ਦੀ ਏਨੀ ਤਾਰੀਫ਼ ਹੋਈ ਕਿ ਅਖ਼ਬਾਰਾਂ ਨੇ ਲਿਖਿਆ ਕਿ ਅਜਿਹੀ ਸਹਿਣਸ਼ੀਲਤਾ ਦੀ ਜ਼ਰੂਰਤ ਪਾਕਿਸਤਾਨ ਨੂੰ ਹੈ, ਜਦਕਿ ਪੁਲੀਸ ਨੇ ਨਾਟਕ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਅਸਗਰ ਵਜਾਹਤ’
ਇਕ ਗ਼ਜ਼ਲ ਹੈ, ‘ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ…।’ ਗ਼ਜ਼ਲਾਂ ਵਿਚ ਰੁਚੀ ਰੱਖਣ ਵਾਲਿਆਂ ਨੇ ਇਸ ਨੂੰ ਜ਼ਰੂਰ ਸੁਣਿਆ ਹੋਵੇਗਾ। ਇਸ ਦੇ ਸ਼ਾਇਰ ਹਨ ਹਸਰਤ ਮੋਹਾਨੀ। ਸੰਨ 1875 ਵਿਚ ਪੈਦਾ ਹੋਏ ਅਤੇ ਸੰਨ 1951 ਤਕ ਜਿਉਂਦੇ ਰਹੇ। ਇਹ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਸੰਨ 1921 ਵਿਚ ਕਾਂਗਰਸ ਦੇ ਸੰਮੇਲਨ ਵਿਚ ਪੂਰਨ ਸਵਰਾਜ ਦਾ ਪ੍ਰਸਤਾਵ ਰੱਖਿਆ ਸੀ। ਗਾਂਧੀ, ਉਦੋਂ ਇਹ ਪ੍ਰਸਤਾਵ ਨਹੀਂ ਚਾਹੁੰਦੇ ਸਨ, ਪਰ ਰਾਮ ਪ੍ਰਸਾਦ ਬਿਸਮਿਲ ਵਰਗੇ ਨੌਜਵਾਨ ਸੁਤੰਤਰਤਾ ਸੈਨਾਨੀ ਤੇ ਕਰਾਂਤੀਕਾਰੀਆਂ ਨੇ ਇਸ ਨੂੰ ਪਾਸ ਕਰਵਾ ਲਿਆ। ਮੋਹਾਨੀ ਸੰਵਿਧਾਨ ਸਭਾ ਦੇ ਵੀ ਮੈਂਬਰ ਸਨ। ਇਨ੍ਹਾਂ ਬਾਰੇ ਬੜੇ ਰੌਚਕ ਕਿੱਸੇ ਉਰਦੂ ਦੇ ਲੇਖਕ ਤੇ ਨਾਟਕਕਾਰ ਐਸ.ਐਮ. ਮੇਂਹਦੀ ਨੇ ਸੁਣਾਏ।
ਰਾਸ਼ਟਰੀ ਅੰਦੋਲਨ ਦੌਰਾਨ ਸੰਨ 1922-23 ਵਿਚ ਮੋਹਾਨੀ ਕਾਨਪੁਰ ਵਿਚ ਰਹਿੰਦੇ ਸਨ। ਰਾਸ਼ਟਰੀ ਅੰਦੋਲਨ ਬੜੇ ਜ਼ੋਰਾਂ ‘ਤੇ ਸੀ। ਕਾਂਗਰਸ ਦੇ ਸਾਰੇ ਵੱਡੇ ਨੇਤਾ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ। ਨੌਜਵਾਨ ਅੰਦੋਲਨਕਾਰੀਆਂ ਸਾਹਮਣੇ ਸੰਕਟ ਸੀ ਕਿ ਹੁਣ ਉਹ ਕਿਸ ਨਾਲ ਸਲਾਹ-ਮਸ਼ਵਰਾ ਕਰਨ? ਲਿਹਾਜ਼ਾ ਇਹ ਮੋਹਾਨੀ ਦੇ ਘਰ ਪਹੁੰਚੇ। ਗਰਮੀ ਦੇ ਦਿਨ ਸਨ। ਦਰਵਾਜ਼ਾ ਖੜਕਾਉਣ ‘ਤੇ ਮੋਹਾਨੀ ਸਾਹਮਣੇ ਆਏ। ਕਮਰ ਤੋਂ ਉਪਰ ਪਿੰਡਾ ਨੰਗਾ ਸੀ ਤੇ ਹੱਥ ਵਿਚ ਖਜੂਰ ਦਾ ਪੱਖਾ। ਵਿਦਿਆਰਥੀਆਂ ਨੇ ਆਉਣ ਦਾ ਉਦੇਸ਼ ਦੱਸਿਆ ਤਾਂ ਮੋਹਾਨੀ ਨੇ ਕਿਹਾ, ‘ਦੇਖੋ ਮੇਰੇ ਘਰ ਵਿਚ ਲੱਕੜ ਖ਼ਤਮ ਹੋ ਗਈ ਹੈ ਤੇ ਮੈਂ ਲੱਕੜ ਲੈਣ ਲਈ ਟਾਲ ਜਾ ਰਿਹਾ ਹਾਂ। ਨਾਲ ਚੱਲੋ ਤਾਂ ਰਸਤੇ ਵਿਚ ਗੱਲ ਹੋ ਜਾਵੇਗੀ।’ ਵਿਦਿਆਰਥੀ ਉਨ੍ਹਾਂ ਦੇ ਨਾਲ ਤੁਰ ਪਏ। ਉਹ ਉਥੇ ਗਏ ਲੱਕੜਾਂ ਤੁਲਵਾਈਆਂ ਤੇ ਗੱਟਾ ਮੋਢੇ ‘ਤੇ ਰੱਖ ਲਿਆ ਅਤੇ ਵਾਪਸ਼ੀ ਸ਼ੁਰੂ ਹੋ ਗਈ। ਉੱਘੇ ਨੇਤਾ ਸਨ। ਰਾਹ ਵਿਚ ਲੋਕ ਦੁਆ-ਸਲਾਮ ਕਰ ਰਹੇ ਸਨ। ਗੱਲਾਂ ਕਰ ਰਹੇ ਸਨ। ਉਹ ਸਾਰਿਆਂ ਦਾ ਜਵਾਬ ਵੀ ਦਿੰਦੇ। ਵਿਦਿਆਰਥੀਆਂ ਨਾਲ ਗੱਲ ਕਰਦੇ ਕਰਦੇ ਘਰ ਆ ਗਏ। ਵਿਦਿਆਰਥੀਆਂ ਦਾ ਮਾਰਗ ਦਰਸ਼ਨ ਹੋ ਗਿਆ ਤੇ ਸਹਿਯੋਗ ਦਾ ਭਰੋਸਾ ਵੀ ਮਿਲ ਗਿਆ।
ਇਕ ਵਾਰ ਲਖਨਊ ਵਿਚ ਕੋਈ ਸੰਮੇਲਨ ਸੀ ਤੇ ਵਿਦਿਆਰਥੀ ਚਾਹੁੰਦੇ ਸਨ ਕਿ ਮੋਹਾਨੀ ਉਨ੍ਹਾਂ ਵਲੋਂ ਉਥੇ ਜਾਣ। ਉਨ੍ਹਾਂ ਕਿਹਾ, ‘ਮੈਂ ਚਲਾ ਤਾਂ ਜਾਵਾਂ, ਪਰ ਉਥੇ ਜਾਣ ਲਈ ਮੇਰੇ ਕੋਲ ਪੈਸੇ ਨਹੀਂ। ਛੇ ਆਨੇ ਉਥੇ ਜਾਣ ਦੇ ਤੇ ਏਨੇ ਹੀ ਵਾਪਸੀ ਦੇ। ਸਟੇਸ਼ਨ ਤੋਂ ਸੰਮੇਲਨ ਵਾਲੀ ਥਾਂ ‘ਤੇ ਜਾਣ ਲਈ ਦੋ ਆਨੇ ਦਾ ਤਾਂਗਾ ਕਰਨਾ ਪਏਗਾ। ਦੋ ਆਨੇ ਵਾਪਸੀ ਦੇ। ਇਸ ਤਰ੍ਹਾਂ ਸੋਲ੍ਹਾਂ ਆਨੇ ਦਾ ਖ਼ਰਚ ਹੈ।’ ਮੁੰਡਿਆਂ ਨੇ ਚੰਦਾ ਕਰਕੇ ਸੋਲ੍ਹਾਂ ਆਨੇ ਇਕੱਠੇ ਕਰਕੇ ਉਨ੍ਹਾਂ ਨੂੰ ਦੇ ਦਿੱਤੇ। ਲਖਨਊ ਸੰਮੇਲਨ ਵਿਚ ਸ਼ਾਮਲ ਹੋ ਕੇ ਜਦੋਂ ਉਹ ਪਰਤੇ ਤਾਂ ਉਨ੍ਹਾਂ ਨੇ ਮੁੰਡਿਆਂ ਨੂੰ ਸੱਦ ਲਿਆ-‘ਭਾਈ ਇਹ ਦੋ ਆਨੇ ਬਚੇ ਹਨ, ਇਹ ਤੁਸੀਂ ਵਾਪਸ ਲੈ ਲਓ।’ ਮੁੰਡਿਆਂ ਨੇ ਪੁਛਿਆ ਕਿ ‘ਇਹ ਦੋ ਆਨੇ ਕਿਵੇਂ ਬਚ ਗਏ?’ ਉਨ੍ਹਾਂ ਕਿਹਾ ਕਿ ਸੰਮੇਲਨ ਤੋਂ ਬਾਅਦ ਮੋਤੀ ਲਾਲ ਨਹਿਰੂ ਨੇ ਆਪਣੀ ਕਾਰ ਰਾਹੀਂ ਉਨ੍ਹਾਂ ਨੂੰ ਸਟੇਸ਼ਨ ‘ਤੇ ਛੱਡ ਦਿੱਤਾ ਸੀ। ਇਸ ਤਰ੍ਹਾਂ ਤਾਂਗੇ ਦੇ ਦੋ ਆਨੇ ਬਚ ਗਏ। ਮੋਹਾਨੀ ਹਰ ਸਾਲ ਹੱਜ ਕਰਨ ਜਾਂਦੇ ਸਨ। ਇਕ ਵਾਰ ਮੁੰਡਿਆਂ ਨੇ ਉਨ੍ਹਾਂ ਤੋਂ ਪੁਛਿਆ ਕਿ ਮੌਲਾਨਾ ਤੁਸੀਂ ਹਰ ਸਾਲ ਹੱਜ ਕਰਨ ਕਿਉਂ ਜਾਂਦੇ ਹੋ? ਉਨ੍ਹਾਂ ਕਿਹਾ, ‘ਜਹਾਜ਼ ‘ਤੇ ਮੈਨੂੰ ਕੌਮਾਂਤਰੀ ਸਰੋਤਾ ਮਿਲ ਜਾਂਦੇ ਹਨ। ਉਨ੍ਹਾਂ ਨਾਲ ਗੱਲਬਾਤ ਕਰਕੇ ਆਜ਼ਾਦੀ ਅੰਦੋਲਨ ਦਾ ਪ੍ਰਚਾਰ ਹੋ ਜਾਂਦਾ ਹੈ।’ ਫੇਰ ਕੁਝ ਸ਼ਰਾਰਤੀ ਅੰਦਾਜ਼ ਵਿਚ ਬੋਲੇ ਕਿ ਜੇਕਰ ਕੋਈ ਹਸੀਨਾ ਦਿਸ ਗਈ ਤਾਂ ਸਾਲ ਭਰ ਗ਼ਜ਼ਲ ਲਿਖਣ ਦਾ ਇੰਤਜ਼ਾਮ ਹੋ ਜਾਂਦਾ ਹੈ।’ ਅਜਿਹਾ ਸਿੱਧਾ-ਸੱਚਾ ਉਨ੍ਹਾਂ ਦਾ ਵਿਅਕਤੀਤਵ ਸੀ। ਅੱਜ ਸਾਡੀ ਲੀਡਰਸ਼ਿਪ ਦਾ ਧਿਆਨ ਇਸ ਗੱਲ ‘ਤੇ ਹੈ ਕਿ ਉਹ ਕਿਵੇਂ ਦਿਖ ਰਿਹਾ ਹੈ। ਮੋਹਾਨੀ ਦਾ ਵਿਅਕਤੀਤਵ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਕਿਵੇਂ ਪਹਿਰਾਵਾ ਨਹੀਂ ਸਗੋਂ ਤੁਹਾਡੀ ਜੋ ਭੂਮਿਕਾ ਹੈ, ਸਮਝਦਾਰੀ ਹੈ, ਗਿਆਨ ਹੈ, ਉਹ ਵੱਡੀ ਚੀਜ਼ ਹੈ।
ਰਚਨਾਤਮਕਤਾ ਆਪਣੇ ਆਪ ਵਿਚ ਵੱਡੀ ਗੱਲ ਹੈ। ਇਸ ਵਿਚ ਉਮੀਦ ਹੈ, ਪ੍ਰੇਰਣਾ ਤਾਂ ਖੈਰ ਹੈ ਹੀ, ਸਭ ਕੁਝ ਹੈ। ਮੈਨੂੰ ਪੁਛਿਆ ਜਾਂਦਾ ਹੈ ਕਿ ਮੈਂ ਨਾਵਲ, ਕਹਾਣੀ, ਨਾਟਕ ਲਿਖੇ, ਯਾਦਾਂ, ਯਾਤਰਾਵਾਂ ਬਾਰੇ ਲਿਖਿਆ, ਯਾਤਰਾਵਾਂ ਕੀਤੀਆਂ। ਪੇਟਿੰਗ ਕੀਤੀ। ਡਾਕੂਮੈਂਟਰੀ ਫ਼ਿਲਮਾਂ ਬਣਾਈਆਂ। ਤੁਸੀਂ ਏਨੇ ਕੰਮ ਕਰਦੇ ਹੋ, ਇਹ ਕੀ ਮਾਮਲਾ ਹੈ? ਮੈਂ ਕਿਹਾ ਕਿ ਕੁਝ ਬੇਚੈਨ ਆਤਮਾਵਾਂ ਹੁੰਦੀਆਂ ਹਨ ਤੇ ਉਨ੍ਹਾਂ ਨੂੰ ਰਸਤੇ ਦੀ ਭਾਲ ਰਹਿੰਦੀ ਹੈ। ਉਹ ਕੋਈ ਪ੍ਰਯੋਗ ਕਰ ਕੇ ਰਸਤਾ ਭਾਲਦੇ ਰਹਿੰਦੇ ਹਨ। ਮੈਂ ਇਸੇ ਤਰ੍ਹਾਂ ਦੀ ਆਤਮਾ ਹਾਂ ਕਿ ਪਤਾ ਨਹੀਂ ਕਿੱਥੇ ਕੀ ਮਿਲ ਜਾਵੇ। ਇਹ ਆਪਣੇ ਸਮਾਜ ਨਾਲ ਸੰਵਾਦ ਦੀ ਕੋਸ਼ਿਸ਼ ਹੈ। ਲੋਕ ਮੈਨੂੰ ਕਹਿੰਦੇ ਹਨ ਕਿ ਤੁਸੀਂ ਏਨੀਆਂ ਕੌੜੀਆਂ ਗੱਲਾਂ ਕਿਉਂ ਕਹਿ ਦਿੰਦੇ ਹੋ ਕਿ ਲੋਕ ਭਲਾ-ਬੁਰਾ ਕਹਿੰਦੇ ਹਨ। ਗਾਲ੍ਹਾਂ ਦਿੰਦੇ ਹਨ। ਮੈਂ ਕਿਹਾ ਕਿ ਗਾਲ੍ਹਾਂ ਦੇਣ ਵਾਲੇ ਸਾਡੇ ਹੀ ਲੋਕ ਹਨ, ਦੂਸਰੇ ਨਹੀਂ। ਅਸੀਂ ਲੋਕ ਜੋ ਲੇਖਕ ਹਾਂ ਜਾਂ ਕਲਾ ਨਾਲ ਜਿਨ੍ਹਾਂ ਦਾ ਸਬੰਧ ਹੈ, ਸਾਨੂੰ ਉਸ ਤਰ੍ਹਾਂ ਕਿਸੇ ਨੂੰ ਖ਼ੁਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸਾਨੂੰ ਅਹੁਦਾ ਨਹੀਂ ਚਾਹੀਦਾ। ਪੈਸਾ ਨਹੀਂ ਚਾਹੀਦਾ। ਜੇਕਰ ਅਸੀਂ ਕੌੜੀ ਗੱਲ ਨਹੀਂ ਕਰਾਂਗੇ ਤਾਂ ਕੀ ਇਹ ਸਿਆਸਤਦਾਨ ਕਰਨਗੇ। ਉਹ ਇਹ ਕੰਮ ਨਹੀਂ ਕਰ ਸਕਦੇ। ਰਚਨਾਤਮਕਤਾ ਕਿਵੇਂ ਬਦਲਾਅ ਲਿਆਂਦੀ ਹੈ, ਇਸ ਦਾ ਉਦਾਹਰਣ ਹੈ ਮੇਰਾ ਨਾਟਕ ‘ਜਿਸ ਲਾਹੌਰ ਨਹੀਂ ਦੇਖਿਆ’। ਗੱਲ ਹੈ ਸੰਨ 1985-86 ਦੀ। ਪਾਕਿਸਤਾਨ ਦੇ ਨਿਰਦੇਸ਼ਕ ਖਾਲਿਦ ਅਹਿਮਦ ਇਸ ਨੂੰ ਉਥੇ ਖੇਡਣਾ ਚਾਹੁੰਦੇ ਸਨ, ਪਰ ਕਰਾਚੀ ਪੁਲੀਸ ਕਮਿਸ਼ਨਰ ਨੇ ਆਗਿਆ ਨਾ ਦਿੱਤੀ। ਉਨ੍ਹਾਂ ਨੇ ਇਤਰਾਜ਼ ਜ਼ਾਹਰ ਕੀਤਾ ਕਿ ਇਸ ਵਿਚ ਤੁਸੀਂ ਮੌਲਵੀ ਦੀ ਹੱਤਿਆ ਦਿਖਾਈ ਹੈ ਤੇ ਦਰਅਸਲ ਇਹ ਇਸਲਾਮ ਦੀ ਹੱਤਿਆ ਹੈ। ਫਿਰ ਤੁਸੀਂ ਹਿੰਦੂ ਬੁੱਢੀ ਦੇ ਕਿਰਦਾਰ ਨੂੰ ਏਨਾ ਸਕਾਰਾਤਮਕ ਦਿਖਾਇਆ ਹੈ। ਏਨੀ ਚੰਗੀ ਤੇ ਏਨੀ ਲੋਕ ਪ੍ਰਿਯ। ਲਾਹੌਰ ਦੇ ਸਾਰੇ ਲੋਕ ਉਸ ਨੂੰ ਮਾਈ ਕਹਿੰਦੇ ਹਨ। ਸਨਮਾਨ ਦਿੰਦੇ ਹਨ। ਤੀਸਰੀ ਗੱਲ, ਲੇਖਕ ਪਾਕਿਸਤਾਨੀ ਨਹੀਂ ਹੈ, ਉਹ ਭਾਰਤੀ ਹੈ। ਖਾਲਿਦ ਅਹਿਮਦ ਨੇ ਕਰਾਚੀ ਸਥਿਤ ਜਰਮਨ ਦੂਤਾਵਾਸ ਦੇ ਗੋਥੇ ਸੈਂਟਰ ‘ਤੇ ਨਾਟਕ ਦਾ ਮੰਚਨ ਕੀਤਾ, ਕਿਉਂਕਿ ਦੂਸਤਾਵਾਸ ਵਿਚ ਉਸ ਦੇਸ਼ ਦਾ ਕਾਨੂੰਨ ਚਲਦਾ ਹੈ। ਫਿਰ ਪਾਕਿਸਤਾਨੀ ਅਖ਼ਬਾਰਾਂ ਵਿਚ ਏਨੀਆਂ ਚੰਗੀਆਂ ਸਮੀਖਿਆਵਾਂ ਪ੍ਰਕਾਸ਼ਤ ਹੋਈਆਂ। ਇਕ ਅਖ਼ਬਾਰ ਨੇ ਤਾਂ ਲਿਖਿਆ ਕਿ ਇਹ ਨਾਟਕ ਧਾਰਮਕ ਸਹਿਣਸ਼ੀਲਤਾ ‘ਤੇ ਆਧਾਰਤ ਹੈ, ਜਿਸ ਦੀ ਪਾਕਿਸਤਾਨ ਨੂੰ ਸਖ਼ਤ ਜ਼ਰੂਰਤ ਹੈ।
ਸਿਡਨੀ ਵਿਚ ਸ਼ੋਅ ਸ਼ੁਰੂ ਹੋਇਆ ਤਾਂ ਬਾਅਦ ਵਿਚ ਨਾਟਕ ਦੀ ਡਾਇਰੈਕਟਰ ਨੇ ਮੈਨੂੰ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ ਦੇ ਈ-ਮੇਲ ਭੇਜੇ। ਇਕ ਵਿਅਕਤੀ ਨੇ ਲਿਖਿਆ ਸੀ ਕਿ ਉਸ ਦੀ ਪਤਨੀ ਦਾ ਆਈ-ਡਕਟ ਆਪਰੇਸ਼ਨ ਹੋਣ ਵਾਲਾ ਸੀ। ਅੱਖ ਵਿਚ ਜਦੋਂ ਪਾਣੀ ਨਹੀਂ ਆਉਂਦਾ ਤਾਂ ਅੱਖਾਂ ਸੁੱਕ ਜਾਂਦੀਆਂ ਹਨ, ਤਾਂ ਇਹ ਛੋਟਾ ਜਿਹਾ ਆਪਰੇਸ਼ਨ ਹੁੰਦਾ ਹੈ। ਪਰ ਤੁਹਾਡਾ ਨਾਟਕ ਦੇਖ ਕੇ ਮੇਰੀ ਪਤਨੀ ਬਹੁਤ ਰੋਈ। ਅਗਲੇ ਦਿਨ ਆਪਰੇਸ਼ਨ ਲਈ ਗਏ ਤਾਂ ਡਾਕਟਰ ਨੇ ਕਿਹਾ ਕਿ ਹੁਣ ਇਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਨਹੀਂ ਹੈ। ਅੱਖ ਦੀਆਂ ਨਸਾਂ ਆਪਰੇਸ਼ਨ ਨਾਲ ਖੋਲ੍ਹਣੀਆਂ ਸਨ, ਉਹ ਆਪਣੇ ਆਪ ਖੁੱਲ੍ਹ ਗਈਆਂ। ਕਲਾ ਦਾ ਅਸਰ ਮਨ ਦੀ ਹੀ ਨਹੀਂ, ਸਰੀਰ ਦੀਆਂ ਗੱਠਾਂ ਵੀ ਖੋਲ੍ਹ ਦਿੰਦਾ ਹੈ।
ਪਹਿਲਾ ਸ਼ੋਅ ਨਵੀਂ ਦਿੱਲੀ ਵਿਚ ਹਬੀਬ ਤਨਵੀਰ ਨੇ ਕੀਤਾ ਸੀ ਤਾਂ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਦੇਖਿਆ। ਬਾਅਦ ਵਿਚ ਉਹ ਆਏ ਅਤੇ ਮੈਨੂੰ ਤੇ ਹਬੀਬ ਸਾਹਿਬ ਨੂੰ ਬੋਲੇ ਕਿ ਤੁਹਾਨੂੰ ਲੋਕਾਂ ਨੂੰ ਪਤਾ ਨਹੀਂ ਹੈ ਕਿ ਤੁਸੀਂ ਕੀ ਕਰ ਦਿੱਤਾ ਹੈ। ਤੁਸੀਂ ਦੋਵੇਂ ਨਾ ਤਾਂ ਵੰਡ ਦੇ ਭੁਗਤਭੋਗੀ ਹੋ ਤੇ ਨਾ ਪੰਜਾਬ ਤੋਂ ਹੋ। ਫਿਰ ਵੀ ਤੁਸੀਂ ਜੋ ਕੰਮ ਕੀਤਾ, ਉਸ ਨੇ ਸਾਨੂੰ ਬਹੁਤ ਬੇਚੈਨ ਕਰ ਦਿੱਤਾ। ਨਾਟਕ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਹੋਇਆ। ਕੰਨੜ ਵਿਚ ਇਸ ਦੇ ਬਹੁਤ ਸਾਰੇ ਸ਼ੋਅ ਹੁੰਦੇ ਹਨ। ਮੈਂ ਕੰਨੜ ਭਾਸ਼ਾਈਆਂ ਨੂੰ ਪੁਛਿਆ ਕਿ ਤੁਹਾਡੇ ਲੋਕਾਂ ਦਾ ਤਾਂ ਇਹ ਯਥਾਰਥ ਨਹੀਂ ਹੈ। ਤੁਹਾਨੂੰ ਲੋਕਾਂ ਨੂੰ ਇਹ ਨਾਟਕ ਪਸੰਦ ਕਿਉਂ ਆਉਂਦਾ ਹੈ। ਕਹਿਣ ਲੱਗੇ, ‘ਦੇਖੋ, ਨਾਟਕ ਦਾ ਜੋ ਮਾਨਵੀ ਪੱਖ ਹੈ, ਉਹ ਸਾਨੂੰ ਆਕਰਸ਼ਤ ਕਰਦਾ ਹੈ।’ ਮਾਨਵੀ ਸਬੰਧ ਜਿਸ ਤਰ੍ਹਾਂ ਨਾਟਕ ਵਿਚ ਬਣਦੇ ਹਨ, ਉਸ ਤੋਂ ਸਿੱਧ ਹੁੰਦਾ ਹੈ ਕਿ ਭਾਸ਼ਾ, ਧਰਮ, ਭਗੌਲਿਕਤਾ ਖੇਤਰ ਤੇ ਇਨ੍ਹਾਂ ਸਾਰਿਆਂ ਤੋਂ ਉਪਰ ਹੈ ਮਾਨਵੀ ਸਬੰਧ। ਮਾਨਵਤਾ ਸਭ ਤੋਂ ਉਪਰ ਹੈ। ਭਾਸ਼ਾ, ਧਰਮ ਤੇ ਸਭਿਆਚਾਰ ਬਾਅਦ ਵਿਚ ਆਉਂਦੇ ਹਨ।
ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਤ,
ਨਾਟਕਕਾਰ, ਲੇਖਕ, ਨਿਰਮਾਤਾ ਤੇ ਚਿਤਰਕਾਰ
(‘ਦੈਨਿਕ ਭਾਸਕਰ’ ਵਿਚੋਂ ਧੰਨਵਾਦ ਸਹਿਤ)
The post ਮਨ ਹੀ ਨਹੀਂ ਸਰੀਰ ਦੀਆਂ ਗੱਠਾਂ ਵੀ ਖੋਲ੍ਹ ਦਿੰਦੀ ਹੈ ਕਲਾ appeared first on Quomantry Amritsar Times.