ਫਰੀਮੌਂਟ/ਬਿਊਰੋ ਨਿਊਜ਼:
ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾਅ) ਕੈਲੀਫੋਰਨੀਆ ਵਲੋਂ 20 ਦਸੰਬਰ ਐਤਵਾਰ ਨੂੰ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਵਿੱਚ ਸ਼ਾਇਰ ਜਸਵਿੰਦਰ ਨਾਲ ਰੂਬਰੂ ਕੀਤਾ ਜਾਏਗਾ ਅਤੇ ਜਸਵਿੰਦਰ ਨੂੰ ਉਸ ਵਲੋਂ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਪਾਏ ਗਏ ਉਮਦਾ ਯੋਗਦਾਨ ਲਈ ਸਨਮਾਨਿਤ ਕੀਤਾ ਜਾਏਗਾ। ਇਹ ਪ੍ਰੋਗਰਾਮ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ ਸ਼ਾਮ 5:00 ਵਜੇ ਤੱਕ ਓਆਸਿਸ ਪੈਲੇਸ, ਨਿਵਾਰਕ (Oasis Palace, Newark, California) ਵਿੱਚ ਹੋਏਗਾ। ਉਸਤਾਦ ਪੰਜਾਬੀ ਗਾਇਕ ਸੁਖਦੇਵ ਸਾਹਿਲ ਜਸਵਿੰਦਰ ਦੀ ਸ਼ਾਇਰੀ ਨੂੰ ਸੰਗਿਤਕ ਸੁਰਾਂ ਨਾਲ ਸਜਾਉਣਗੇ।
ਸ਼ਾਇਰ ਜਸਵਿੰਦਰ ਆਧੁਨਿਕ ਪੰਜਾਬੀ ਸ਼ਾਇਰੀ, ਖਾਸ ਕਰ ਪੰਜਾਬੀ ਗ਼ਜ਼ਲ, ਦਾ ਨਾਮਵਰ ਹਸਤਾਖ਼ਰ ਹੈ ਜੋ ਪੰਜਾਬ ਤੋਂ ਪ੍ਰਵਾਸ ਕਰਕੇ ਪਿਛਲੇ ਸਾਲ ਤੋਂ ਕਨੇਡਾ ਵਿੱਖੇ ਰਹਿ ਰਿਹਾ ਹੈ। ਜਸਵਿੰਦਰ ਨੂੰ ਉਸਦੇ ਗ਼ਜ਼ਲ ਸੰਗ੍ਰਹਿ ‘‘ਅਗਰਬੱਤੀ” ਲਈ ਸਾਲ 2014 ਦੇ ਦਿੱਲੀ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ, ਪਰ ਜਸਵਿੰਦਰ ਨੇ ਦੇਸ਼ ਵਿੱਚ ਸਰਕਾਰੀ ਸ਼ਹਿ ਤੇ ਵੱਧ ਰਹੀ ਅਸਹਿਨਸ਼ੀਲਤਾ ਅਤੇ ਫਿਰਕੂ ਮਾਹੌਲ ਦੇ ਖਿਲਾਫ਼ ਲੇਖਕਾਂ ਵਲੋਂ ਆਵਾਜ਼ ਬੁਲੰਦ ਕਰਨ ਲਈ ਚਲਾਈ ਲਹਿਰ ਦੌਰਾਨ ਕੁੱਝ ਮਹੀਨੇ ਪਹਿਲਾਂ ਇਹ ਪੁਰਸਕਾਰ ਅਕਾਦਮੀ ਨੂੰ ਵਾਪਸ ਕਰ ਦਿੱਤਾ ਸੀ। ਜਸਵਿੰਦਰ ਪੰਜਾਬੀ ਸਾਹਿਤ ਨੂੰ ਹੁਣ ਤੱਕ ‘ਕਾਲੇ ਹਰਫਾਂ ਦੀ ਲੋਅ’, ‘ਕੱਕੀ ਰੇਤ ਦੇ ਵਰਕੇ’ ਅਤੇ ‘ਅਗਰਬੱਤੀ’ ਨਾਮ ਦੇ 3 ਗ਼ਜ਼ਲ ਸੰਗ੍ਰਹਿ ਦੇ ਚੁੱਕਾ ਹੈ। ਉਸਦੀ ਗ਼ਜ਼ਲ ਰਵਾਇਤੀ ਗ਼ਜ਼ਲ ਢਾਂਚੇ ਦੇ ਬਾਵਜੂਦ ਪੰਜਾਬੀ ਧਰਾਤਲ ਵਿੱਚ ਰੰਗੀ ਹੋਈ ਹੈ ਅਤੇ ਆਮ ਮਨੁੱਖ ਨੂੰ ਦਰਪੇਸ਼ ਮੁਸ਼ਕਲਾਂ, ਅਤੇ ਇਹਨਾਂ ‘ਚੋਂ ਨਿਕਲਣ ਦੇ ਰਾਹਾਂ ਦੀ ਨਿਸ਼ਾਨਦੇਹੀ ਕਰਦੀ ਹੈ। ਡਾ. ਜਗਤਾਰ ਅਤੇ ਸੁਰਜੀਤ ਪਾਤਰ ਤੋਂ ਅਗਲੀ ਪੀੜ੍ਹੀ ਦੇ ਸ਼ਾਇਰਾਂ ‘ਚੋਂ ਜਸਵਿੰਦਰ ਪੰਜਾਬੀ ਸ਼ਾਇਰੀ ਦਾ ਮੁਲਵਾਨ ਗ਼ਜ਼ਲਗੋ ਹੈ।
ਵਿਪਸਾਅ ਦੇ ਮੀਤ ਚੇਅਰਮੈਨ ਕੁਲਵਿੰਦਰ (510-367-2090 ਅਤੇ ਸਹਾਇਕ ਜਰਨਲ ਸਕੱਤਰ ਜਗਜੀਤ ਨੌਸ਼ਹਿਰਵੀ (510-676-1565) ਵਲੋਂ ਕੈਲੀਫੋਰਨੀਆ ਦੇ ਸਮੂੰਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਨਿਮਰ ਬੇਨਤੀ ਕੀਤੀ ਗਈ ਹੈ। ਓਆਸਿਸ ਪੈਲੇਸ ਦਾ ਪਤਾ ਹੈ: 35145 Newark Blvd, Newark, California
The post ਵਿਪਸਾਅ ਵਲੋਂ ਗ਼ਜ਼ਲਗੋ ਜਸਵਿੰਦਰ ਨਾਲ ਰੂਬਰੂ ਤੇ ਸਨਮਾਨ ਸਮਾਗਮ 20 ਦਸੰਬਰ ਐਤਵਾਰ ਨੂੰ appeared first on Quomantry Amritsar Times.