ਮੁੰਬਈ/ਬਿਊਰੋ ਨਿਊਜ਼ :
ਪ੍ਰਸਿੱਧ ਅਦਾਕਾਰ ਦਲੀਪ ਕੁਮਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸ੍ਰੀ ਰਾਜਨਾਥ ਸਿੰਘ ਅਦਾਕਾਰ ਦੀ ਬਾਂਦਰਾ ਸਥਿਤ ਰਿਹਾਇਸ਼ ‘ਤੇ ਗਏ ਤੇ ਉਨ੍ਹਾਂ ਨੂੰ ਇਕ ਤਮਗਾ, ਇਕ ਸਰਟੀਫਿਕੇਟ ਤੇ ਇਕ ਸ਼ਾਲ ਭੇਟ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਵੀ ਹਾਜ਼ਰ ਸਨ। ਸਰਕਾਰ ਨੇ ਦਲੀਪ ਕੁਮਾਰ ਨੂੰ ਅਮਿਤਾਭ ਬਚਨ ਤੇ ਕੁਝ ਹੋਰ ਸ਼ਖ਼ਸੀਅਤਾਂ ਸਮੇਤ ਗਣਤੰਤਰ ਦਿਵਸ ਮੌਕੇ 25 ਜਨਵਰੀ, 2015 ਨੂੰ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਣ ਕਾਰਨ ਉਹ ਇਸ ਸਬੰਧੀ ਅਪ੍ਰੈਲ ਵਿਚ ਰਾਸ਼ਟਰਪਤੀ ਭਵਨ ਵਿਚ ਹੋਏ ਵਿਸ਼ੇਸ਼ ਪੁਰਸਕਾਰ ਵੰਡ ਸਮਾਗਮ ਵਿਚ ਹਾਜ਼ਰ ਨਹੀਂ ਸੀ ਹੋ ਸਕੇ। ਪੇਸ਼ਾਵਰ ਵਿਚ ਪੈਦਾ ਹੋਏ ਮੁਹੰਮਦ ਯੂਸਫ ਖਾਨ (ਦਲੀਪ ਕੁਮਾਰ ਦਾ ਪਹਿਲਾ ਨਾਂ) ਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਬੰਬੇ ਟਾਕੀਜ਼ ਵੱਲੋਂ 1944 ਵਿਚ ਬਣਾਈ ਫਿਲਮ ‘ਜਵਾਰ ਭਾਟਾ’ ਤੋਂ ਕੀਤੀ ਸੀ। ਉਪਰੰਤ ਆਪਣੇ 6 ਦਹਾਕਿਆਂ ਦੇ ਫਿਲਮੀ ਕਰੀਅਰ ਦੌਰਾਨ ਉਹ ਫਿਲਮ ਜਗਤ ਵਿਚ ਛਾਏ ਰਹੇ ਤੇ ਉਨ੍ਹਾਂ ਨੇ ‘ਅੰਦਾਜ਼’, ‘ਦੇਵਦਾਸ’, ‘ਅਜ਼ਾਦ’, ‘ਮੁਗਲ-ਏ-ਆਜ਼ਮ’ ‘ਗੰਗਾ ਯਮਨਾ’ ਵਰਗੀਆਂ ਕਈ ਇਤਿਹਾਸਿਕ, ਰੋਮਾਂਟਕਿ ਤੇ ਸਮਾਜਿਕ ਫਿਲਮਾਂ ਵਿਚ ਕੰਮ ਕੀਤਾ। ਟਰੈਜ਼ਡੀ ਕਿੰਗ ਵਜੋਂ ਜਾਣੇ ਜਾਂਦੇ ਦਲੀਪ ਕੁਮਾਰ ਨੇ ਕਰਾਂਤੀ, ਸ਼ਕਤੀ, ਕਰਮਾ, ਸੌਦਾਗਰ ਵਰਗੀਆਂ ਹਲਕੇ ਫੁਲਕੇ ਅੰਦਾਜ਼ ਵਾਲੀਆਂ ਫ਼ਿਲਮਾਂ ਵਿਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਉਨ੍ਹਾਂ ਦੀ ਆਖਰੀ ਫਿਲਮ ਕਿਲ੍ਹਾ ਸੀ ਜੋ 1998 ਵਿਚ ਬਣੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 1991 ਵਿਚ ਪਦਮ ਭੂਸ਼ਣ ਤੇ 1994 ਵਿਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲ ਚੁੱਕਾ ਹੈ।
The post ਦਲੀਪ ਕੁਮਾਰ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ appeared first on Quomantry Amritsar Times.