ਕੀਰਤਪਾਲ ਧਾਲੀਵਾਲ, ਜਸਲੀਨ ਜੌਹਲ ਉਪ ਜੇਤੂ
ਟੋਰਾਂਟੋ/ਬਿਊਰੋ ਨਿਊਜ਼ :
ਕੈਨੇਡਾ ਦੀ ਧਰਤੀ ‘ਤੇ ਜੰਮੀ ਜਾਈ ਕੈਲੀਡਨ ਸ਼ਹਿਰ ਦੀ ਰਹਿਣ ਵਾਲੀ ਪਰਮਿੰਦਰ ਕੌਰ ਗਰੇਵਾਲ ਨੇ ਆਪਣੀ ਸੀਰਤ, ਸੂਰਤ ਤੇ ਲਿਆਕਤ ਨਾਲ ਜੱਜਾਂ ਅਤੇ ਦਰਸ਼ਕਾਂ ਨੂੰ ਕੀਲ ਕੇ ਛੇਵਾਂ ਸਭਿਆਚਾਰਕ ਸੁੰਦਰਤਾ ਮੁਕਾਬਲਾ ‘ਮਿਸ ਕੈਨੇਡਾ ਪੰਜਾਬਣ 2015’ ਜਿੱਤ ਕੇ, ਅਗਲੇ ਵਰ੍ਹੇ ਭਾਰਤ ਵਿਚ ਹੋ ਰਹੇ ਬਹੁਚਰਚਿਤ ਤੇਰਵੇਂ ਅੰਤਰਰਾਸ਼ਟਰੀ ਵਿਲੱਖਣ ਸੁੰਦਰਤਾ ਮੁਕਾਬਲੇ ਦੇ ਸੈਮੀਫਲ ਵਿਚ ਆਪਣੀ ਸੀਟ ਪੱਕੀ ਕਰ ਲਈ ਹੈ। ਈਟੋਬੀਕੋ ਦੇ ਆਪਣੀ ਕਪੈਸਟੀ ਤੋਂ ਵੱਧ ਭਰੇ ਮਰਾਜ਼ ਬੈਂਕਟ ਹਾਲ ਵਿਚ ਵਤਨੋਂ ਦੂਰ ਰੇਡੀਓ ਅਤੇ ਟੀ ਵੀ ਵਲੋਂ ਸਭਿਆਚਾਰਕ ਸੱਥ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਮੁਕਾਬਲੇ ਵਿਚ ਬਰੈਂਮਪਟਨ ਦੀ ਕੀਰਤਪਾਲ ਧਾਲੀਵਾਲ ਪਹਿਲੀ ਉਪ ਜੇਤੂ ਬਣੀ ਜਦੋਂ ਕਿ ਅੋਟਵਾ ਤੋਂ ਆਈ ਜਸਲੀਨ ਜੌਹਲ ਦੀ ਝੋਲੀ ਦੂਜੀ ਉਪ ਜੇਤੂ ਦਾ ਖਿਤਾਬ ਪਿਆ।
ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਆਏ ਵਿਸ਼ਵ ਪੰਜਾਬਣ ਮੁਕਾਬਲਿਆਂ ਦੇ ਬਾਨੀ ਤੇ ਚੇਅਰਮੈਨ ਨਿਰਦੇਸ਼ਕ ਸਰਦਾਰ ਜਸਮੇਰ ਸਿੰਘ ਢੱਟ ਦੀ ਸ੍ਰਪਰਸਤੀ ਵਿਚ ਹੋਏ ਇਸ ਮੁਕਾਬਲੇ ਵਿਚ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਪਹਿਲਾਂ ਚੁਣੀਆਂ ਪੰਜਾਬੀ ਮੁਟਿਆਰਾਂ ਨੇ ਹਿੱਸਾ ਲਿਆ। ਵੱਖ ਵੱਖ ਪੇਸ਼ਕਾਰੀਆਂ ਵਿਚ ਵਧੀਆ ਕਾਰਗੁਜ਼ਾਰੀ ‘ਤੇ ਆਧਾਰਤ ਬਰੈਮਪਟਨ ਦੀ ਮਨਪ੍ਰੀਤ ਕੌਰ ਨੂੰ ‘ਗਿੱਧਿਆਂ ਦੀ ਰਾਣੀ’, ਸਿਮਰਨ ਢੀਂਡਸਾ ਨੂੰ ਗੁਣਵੰਤੀ ਪੰਜਾਬਣ, ਕੈਲਗਰੀ ਦੀ ਹਰਮਨਪ੍ਰੀਤ ਧਾਲੀਵਾਲ ਨੂੰ ‘ਸੁੱਘੜ-ਸਿਆਣੀ ਪੰਜਾਬਣ’ ਅਤੇ ਨਿਤਾਸਾ ਸਿਆਨ ਨੂੰ ‘ਖੂਬਸੂਰਤ ਲੋਕ ਨਾਚ’ ਦੇ ਸਬ-ਟਾਈਟਲਾਂ ਨਾਲ ਨਿਵਾਜ਼ਿਆ ਗਿਆ। ਅੋਟਵਾ ਦੀ ਰਜਿੰਦਰ ਕੌਰ, ਬਰੈਂਪਟਨ ਦੀਆਂ ਨਵਨੀਤ ਕੌਰ, ਜਸਪ੍ਰੀਤ ਕੌਰ, ਮਨਜਾਪ ਧਾਲੀਵਾਲ, ਮਨਸਿਮਰਨ ਕੌਰ, ਈਟੋਬੀਕੋ ਤੋਂ ਅਮਰਪ੍ਰੀਤ ਕੌਰ, ਮਿਸੀਸਾਗਾ ਦੀ ਨਿਸ਼ਾ ਸਿੱਧੂ ਨੂੰ ਹੌਸਲਾ ਅਫ਼ਜ਼ਾਈ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ। ਜੇਤੂ ਮੁਟਿਆਰਾਂ ਨੂੰ ਰਵਾਇਤੀ ਗਹਿਣੇ- ਸੱਗੀ ਫੁੱਲ, ਬੁਗਤੀਆਂ, ਖੂਬਸੂਰਤ ਟਰਾਫੀਆਂ ਤੇ ਸਰਟੀਫੀਕੇਟ ਦਿਤੇ ਗਏ। ਨਿਰਣਾਇਕਾਂ ਦੀ ਭੂਮਿਕਾ ਗਾਇਕ ਅਦਾਕਾਰ ਰਵਿੰਦਰ ਗਰੇਵਾਲ, ਫਿਲਮੀ ਅਦਾਕਾਰ ਗੋਲਡੀ ਸੁਮਲ, ਗਾਇਕ ਰਾਜ ਬਰਾੜ, ਡਾਕਟਰ ਰਾਜਵਰਿੰਦਰ ਕੌਰ ਸੋਢੀ, ਮੈਡਮ ਨਵਦੀਪ ਕੌਰ ਕੈਲਗਰੀ ਨੇ ਨਿਭਾਈ। ਸਟੇਜ ਦਾ ਸੰਚਾਲਨ ਬੀਬਾ ਹਰਪ੍ਰੀਤ ਕੌਰ ਤੇ ਦੇਵ ਮਾਂਗਟ ਵਲੋਂ ਕੀਤਾ ਗਿਆ। ਗਾਇਕਾ ਰਾਬੀਆ ਸੱਗੂ, ਏ ਕੇ, ਰਾਜ ਬਰਾੜ ਅਤੇ ਕੰਵਰਪਾਲ ਚੀਮਾ ਨੇ ਗੀਤ ਸੁਣਾ ਕੇ ਮਾਹੌਲ ਨੂੰ ਹੋਰ ਰੰਗੀਨ ਬਣਾ ਦਿੱਤਾ।
The post ਪਰਮਿੰਦਰ ਗਰੇਵਾਲ ਨੇ ਚੁੰਮਿਆ ‘ਮਿਸ ਕੈਨੇਡਾ ਪੰਜਾਬਣ’ ਦਾ ਖ਼ਿਤਾਬ appeared first on Quomantry Amritsar Times.