ਨਵੀਂ ਦਿੱਲੀ/ਬਿਊਰੋ ਨਿਊਜ਼ :
ਦੇਸ਼ ਭਰ ਦੇ ਬੁੱਧੀਜੀਵੀਆਂ ਵੱਲੋਂ ਦੇਸ਼ ਵਿੱਚ ਵਧਦੀ ਅਸਹਿਣਸ਼ੀਲਤਾ ਖ਼ਿਲਾਫ਼ ਬੁਲੰਦ ਕੀਤੀ ਜਾ ਰਹੀ ਆਵਾਜ਼ ਵਿੱਚ ਬਾਲੀਵੁੱਡ ਸਿਤਾਰੇ ਆਮਿਰ ਖ਼ਾਨ ਨੇ ਵੀ ਆਪਣੀ ਸੁਰ ਮਿਲਾਉਂਦਿਆਂ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਤਾਂ ਇਸ ਕਾਰਨ ਉਨ੍ਹਾਂ ਨੂੰ ਦੇਸ਼ ਛੱਡ ਜਾਣ ਤੱਕ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਇਸ ਮਾਮਲੇ ਉਤੇ ਇਕ ਤਰ੍ਹਾਂ ਐਵਾਰਡ ਮੋੜਨ ਵਾਲੇ ਬੁੱਧੀਜੀਵੀਆਂ ਦੀ ਵੀ ਹਮਾਇਤ ਕਰਦਿਆਂ ਆਖਿਆ ਕਿ ਸਿਰਜਣਹਾਰ ਲੋਕਾਂ ਕੋਲ ਆਪਣਾ ਵਿਰੋਧ ਜਾਂ ਅਸੰਤੁਸ਼ਟੀ ਜ਼ਾਹਰ ਕਰਨ ਦਾ ਤਰੀਕਾ ਆਪਣੇ ਐਵਾਰਡ ਵਾਪਸ ਮੋੜਨਾ ਹੀ ਹੁੰਦਾ ਹੈ। ਇਥੇ ਰਾਮਨਾਥ ਗੋਇਨਕਾ ਪੱਤਰਕਾਰੀ ਐਵਾਰਡ ਵੰਡ ਸਮਾਗਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ, ‘‘ਇਕ ਆਮ ਦੇਸ਼ ਵਾਸੀ ਵਜੋਂ ਅਸੀਂ ਵਾਪਰ ਰਹੀਆਂ ਘਟਨਾਵਾਂ ਸਬੰਧੀ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ ਅਤੇ ਅਸੀਂ ਅਨੇਕਾਂ ਅਜਿਹੀਆਂ ਖ਼ਬਰਾਂ ਪੜ੍ਹਦੇ ਹਾਂ ਜੋ ਸਾਨੂੰ ਹੈਰਾਨ-ਪ੍ਰੇਸ਼ਾਨ ਕਰ ਦਿੰਦੀਆਂ ਹਨ। ਯਕੀਨਨ ਮੈਂ ਅਜਿਹੀਆਂ ਅਨੇਕਾਂ ਘਟਨਾਵਾਂ ਤੋਂ ਪ੍ਰੇਸ਼ਾਨ ਹਾਂ।”
ਇਸ ‘ਤੇ ਮਸ਼ਹੂਰ ਫਿਲਮ ਅਦਾਕਾਰ ਅਨੁਪਮ ਖੇਰ ਨੇ ਆਮਿਰ ਖਾਨ ‘ਤੇ ਇਕ ਤੋਂ ਬਾਅਦ ਇਕ ਕਈ ਸਵਾਲ ਕਰ ਦਿੱਤੇ। ਅਨੁਪਮ ਖੇਰ ਨੇ ਟਵੀਟ ਕੀਤਾ ਕਿ ਪਿਆਰੇ ਆਮਿਰ ਖਾਨ ਕੀ ਤੁਸੀਂ ਕਿਰਨ ਨੂੰ ਦੱਸਿਆ ਨਹੀਂ ਕਿ ਉਨ੍ਹਾਂ ਨੇ ਇਸ ਦੇਸ਼ ਵਿਚ ਇਸ ਤੋਂ ਵੀ ਵੱਧ ਬੁਰਾ ਦੌਰ ਦੇਖਿਆ ਹੈ ਪਰ ਉਨ੍ਹਾਂ ਨੇ ਕਦੀ ਵੀ ਦੇਸ਼ ਛੱਡਣ ਬਾਰੇ ਨਹੀਂ ਸੋਚਿਆ ਸੀ। ਅਨੁਪਮ ਨੇ ਇਹ ਵੀ ਸਵਾਲ ਕੀਤਾ ਕਿ ਕੀ ਆਮਿਰ ਨੇ ਕਿਰਨ ਨੂੰ ਪੁੱਛਿਆ ਕਿ ਉਹ ਭਾਰਤ ਛੱਡ ਕੇ ਕਿਸ ਦੇਸ਼ ਵਿਚ ਜਾਣਾ ਚਾਹੁਣਗੇ। ਕੀ ਉਨ੍ਹਾਂ ਨੇ ਕਿਰਨ ਨੂੰ ਦੱਸਿਆ ਕਿ ਇਸ ਦੇਸ਼ ਨੇ ਉਨ੍ਹਾਂ ਨੂੰ ਆਮਿਰ ਖਾਨ ਬਣਾਇਆ ਹੈ।
The post ਆਮਿਰ ਖਾਨ ਨੇ ਵੀ ਅਸਹਿਣਸ਼ੀਲਤਾ ਦੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਰ ਕੀਤੀ appeared first on Quomantry Amritsar Times.