ਮਾਦੀਕੇਰੀ(ਕਰਨਾਟਕ)/ਬਿਊਰੋ ਨਿਊਜ਼ :
ਕਰਨਾਟਕ ਵਿਚ ਟੀਪੂ ਸੁਲਤਾਨ ਦੀ ਜਯੰਤੀ ਮਨਾਉਣ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਮਾਮਲੇ ਵਿਚ ਬਿਆਨ ਦੇਣ ‘ਤੇ ਲੇਖਕ ਤੇ ਅਦਾਕਾਰ ਗਿਰੀਸ਼ ਕਰਨਾਡ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਕਰਨਾਡ ਨੂੰ ਧਮਕੀ ਦਿੱਤੀ ਹੈ ਕਿ ਉਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ, ਜੋ ਕੰਨੜ ਲੇਖਕ ਐਮ.ਐਮ. ਕਲਬੁਰਗੀ ਦਾ ਹੋਇਆ ਸੀ। ਜ਼ਿਕਰਯੋਗ ਹੈ ਕਿ ਕਲਬੁਰਗੀ ਦੀ ਅਗਸਤ ਵਿਚ ਹੱਤਿਆ ਕਰ ਦਿੱਤੀ ਗਈ ਸੀ। ਗਿਆਨਪੀਠ ਪੁਰਸਕਾਰ ਨਾਲ ਸਨਮਾਨਤ ਕਰਨਾਡ ਨੇ ਧਮਕੀ ਮਿਲਣ ਤੋਂ ਬਾਅਦ ਆਪਣੇ ਬਿਆਨ ‘ਤੇ ਮੁਆਫ਼ੀ ਮੰਗ ਲਈ ਹੈ। ਦਰਅਸਲ, ਕਰਨਾਟਕ ਸਰਕਾਰ ਟੀਪੂ ਸੁਲਤਾਨ ਦੀ ਜਯੰਤੀ ਮਨਾ ਰਹੀ ਹੈ। ਉਧਰ ਹਿੰਦੂਵਾਦੀ ਸੰਗਠਨ ਇਸ ਦੇ ਵਿਰੋਧ ਵਿਚ ਹਨ। ਜਯੰਤੀ ਮਨਾਉਣ ਖ਼ਿਲਾਫ਼ ਪ੍ਰਦਰਸ਼ਨ ਦੌਰਾਨ 10 ਨਵੰਬਰ ਨੂੰ ਹੋਈ ਹਿੰਸਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਕ ਮੈਂਬਰ ਦੀ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਕਰਨਾਡ ਨੇ ਕਿਹਾ ਸੀ ਕਿ ਜੇਕਰ ਟੀਪੂ ਸੁਲਤਾਨ ਹਿੰਦੂ ਹੁੰਦੇ ਤਾਂ ਉਨ੍ਹਾਂ ਦਾ ਕਦ ਮਰਾਠਾ ਸ਼ਾਸਕ ਛਤਰਪਤੀ ਸ਼ਿਵਾਜੀ ਵਾਂਗ ਹੁੰਦਾ। ਉਨ੍ਹਾਂ ਮੰਗ ਕੀਤੀ ਸੀ ਕਿ ਬੰਗਲੌਰ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਟੀਪੂ ਸੁਲਤਾਨ ਦੇ ਨਾਂ ‘ਤੇ ਰੱਖਿਆ ਜਾਵੇ। ਫ਼ਿਲਹਾਲ ਇਸ ਏਅਰਪੋਰਟ ਦਾ ਨਾਂ ਵਿਜਯਨਗਰ ਦੇ ਸ਼ਾਸਕ ਰਹੇ ਕੇਂਪੇਗੌੜਾ ਦੇ ਨਾਂ ‘ਤੇ ਹੈ। ਗਿਰੀਸ਼ ਕਰਨਾਡ ਦਾ ਤਰਕ ਸੀ ਕਿ ਕੇਂਪੇਗੌੜਾ ਟੀਪੂ ਸੁਲਤਾਨ ਵਾਂਗ ਸੁਤੰਤਰਤਾ ਸੈਨਾਨੀ ਨਹੀਂ ਸਨ। ਉਨ੍ਹਾਂ ਦੇ ਇਸ ਬਿਆਨ ‘ਤੇ ਕਈ ਹਿੰਦੂਵਾਦੀ ਸੰਗਠਨਾਂ ਨੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ। ਇਸ ‘ਤੇ ਕਰਨਾਡ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੀ ਕਿਹਾ, ਉਹ ਉਨ੍ਹਾਂ ਦੀ ਨਿੱਜੀ ਰਾਏ ਸੀ। ਉਨ੍ਹਾਂ ਕਿਹਾ, ‘ਇਸ ਪਿਛੇ ਕੋਈ ਦੁਸ਼ਭਾਵਨਾ ਨਹੀਂ ਸੀ। ਜੇਕਰ ਕਿਸੇ ਨੂੰ ਇਸ ਨਾਲ ਦੁੱਖ ਪਹੁੰਚਿਆ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।’
ਕਰਨਾਟਕ ਸਰਕਾਰ 18ਵੀਂ ਸਦੀ ਵਿਚ ਮੈਸੂਰ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੀ 265ਵੀਂ ਜਯੰਤੀ ਮਨਾ ਰਹੀ ਹੈ। ਭਾਜਪਾ ਨਾਲ ਜੁੜੇ ਸੰਗਠਨ ਆਰ.ਐਸ.ਐਸ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਇਸ ਦਾ ਵਿਰੋਧ ਕਰ ਰਹੇ ਹਨ। ਟੀਪੂ ਨੂੰ ਆਰ.ਐਸ.ਐਸ. ਨੇ ਸਭ ਤੋਂ ਵੱਡਾ ਅਸਹਿਣਸ਼ੀਲ ਸ਼ਾਸਕ ਕਰਾਰ ਦਿੱਤਾ ਹੈ।
The post ਲੇਖਕ ਗਿਰੀਸ਼ ਕਰਨਾਡ ਨੂੰ ਕਲਬੁਰਗੀ ਵਾਲਾ ਹਾਲ ਕਰਨ ਦੀ ਧਮਕੀ appeared first on Quomantry Amritsar Times.