ਮੁੰਬਈ/ਪੁਣੇ/ਬਿਊਰੋ ਨਿਊਜ਼ :
ਐਫ਼ਟੀਆਈਆਈ (ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ) ਦੇ ਚੇਅਰਮੈਨ ਵਜੋਂ ਗਜੇਂਦਰ ਚੌਹਾਨ ਦੀ ਨਿਯੁਕਤੀ ਰੱਦ ਕਰਨ ਦੀ ਆਪਣੀ ਮੰਗ ਸਬੰਧੀ ਕੇਂਦਰ ਸਰਕਾਰ ਵੱਲੋਂ ਟੱਸ ਤੋਂ ਮੱਸ ਨਾ ਹੋਣ ਕਾਰਨ ਆਖ਼ਰ ਇਸ ਅਦਾਰੇ ਦੇ ਵਿਦਿਆਰਥੀਆਂ ਨੇ ਹੀ ਆਪਣੀ 139 ਦਿਨ ਪੁਰਾਣੀ ਹੜਤਾਲ ਵਾਪਸ ਲੈ ਲਈ ਪਰ ਉਨ੍ਹਾਂ ਆਪਣਾ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਵਿਦਿਆਰਥੀਆਂ ਦੀ ਇਸ ਮੰਗ ਦੇ ਹੱਕ ਵਿੱਚ ਦਸ ਨਾਮੀ ਫ਼ਿਲਮਕਾਰਾਂ ਨੇ ਆਪਣੇ ਕੌਮੀ ਐਵਾਰਡ ਵਾਪਸ ਮੋੜ ਦਿੱਤੇ। ਉਨ੍ਹਾਂ ਦੇਸ਼ ਵਿੱਚ ਵਧ ਰਹੀ ਅਸਹਿਣਸ਼ੀਲਤਾ ਦਾ ਵਿਰੋਧ ਵੀ ਕੀਤਾ ਹੈ। ਇਨ੍ਹਾਂ ਵਿੱਚ ਦਿਵਾਕਰ ਬੈਨਰਜੀ ਤੇ ਆਨੰਦ ਪਟਵਰਧਨ ਸਣੇ ਵੱਖ-ਵੱਖ ਫਿਲਮਕਾਰ ਸ਼ਾਮਲ ਹਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ, ”ਬਤੌਰ ਫ਼ਿਲਮਕਾਰ ਅਸੀਂ ਐਫ਼ਟੀਆਈਆਈ ਵਿਦਿਆਰਥੀਆਂ ਨਾਲ ਖੜ੍ਹੇ ਹਾਂ ਤੇ ਅਸਹਿਣਸ਼ੀਲਤਾ ਦੇ ਮਾਹੌਲ ਪ੍ਰਤੀ ਸਰਕਾਰ ਦੀ ਢਿੱਲ-ਮੱਠ ਦਾ ਵੀ ਵਿਰੋਧ ਕਰਦੇ ਹਾਂ।” ਦੂਜੇ ਪਾਸੇ ਵਿਦਿਆਰਥੀਆਂ ਦੇ ਆਗੂਆਂ ਨੇ ਪੁਣੇ ਵਿੱਚ ਦੱਸਿਆ, ”ਅਸੀਂ ਸਰਬਸੰਮਤੀ ਨਾਲ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਤੇ ਵਿਦਿਆਰਥੀ ਆਪਣੀ ਪੜ੍ਹਾਈ ਸ਼ੁਰੂ ਕਰ ਦੇਣਗੇ। ਪਰ ਅਸੀਂ ਵਿਰੋਧ ਜਾਰੀ ਰੱਖਾਂਗੇ ਤੇ ਆਪਣੀ ਲੜਾਈ ਅੱਗੇ ਲਿਜਾਵਾਂਗੇ।”
The post ਪੁਣਾ ਵਿਦਿਆਰਥੀਆਂ ਦੀ ਹੜਤਾਲ ਖ਼ਤਮ, ਦਸ ਫ਼ਿਲਮਸਾਜ਼ਾਂ ਨੇ ਮੋੜੇ ਕੌਮੀ ਐਵਾਰਡ appeared first on Quomantry Amritsar Times.