ਫਰੀਮੌਂਟ/ਬਿਊਰੋ ਨਿਊਜ਼:
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵਲੋਂ ਮਹੀਨੇਵਾਰ ਸਾਹਿਤਕ ਬੈਠਕ ਵਿੱਚ ਭਾਰਤ ਤੋਂ ਆਏ ਕਵੀ ਇੱਕਵਿੰਦਰ ਢੱਟ ਨਾਲ ਸਾਹਿਤਕ ਰੂਬਰੂ ਉਪਰੰਤ ਸਨਾਮਾਨਤ ਕੀਤਾ ਗਿਆ। ਇਹ ਬੈਠਕ ਸਥਾਨਕ ਸਕੂਲ ਕਿਡਾਂਗੋ ਦੇ ਆਡੀਟੋਰੀਅਮ ‘ਚ ਹੋਈ ਜਿਸ ਵਿੱਚ ਵਿਪਸਾਅ ਦੇ ਬੇਅ ਏਰੀਆ ਇਕਾਈ ਦੇ ਬਹੁਤ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਬੈਠਕ ਦੀ ਪ੍ਰਧਾਨਗੀ ਇੱਕਵਿੰਦਰ ਢੱਟ, ਸੁਖਵਿੰਦਰ ਕੰਬੋਜ਼, ਕਮਲ ਪਾਲ, ਜਸਪਾਲ ਸੂਸ ਅਤੇ ਰੇਸ਼ਮ ਸਿੱਧੂ ਨੇ ਕੀਤੀ।
ਇੱਕਵਿੰਦਰ ਦੀ ਜਾਣ ਪਹਿਚਾਣ ਕਰਾਉਂਦਿਆਂ ਕੁਲਵਿੰਦਰ ਨੇ ਇੱਕਵਿੰਦਰ ਦੇ ਕਈ ਸ਼ੇਅਰਾਂ ਦਾ ਹਵਾਲਾ ਦਿੱਤਾ ਅਤੇ ਅਕਾਦਮੀ ਦੇ ਮੀਤ-ਚੇਅਰਮੈਨ ਦੇ ਤੌਰ ਤੇ ਵੀ ਉਹਨਾਂ ਨੂੰ ਜੀ ਆਇਆਂ ਕਿਹਾ। ਇੱਕਵਿੰਦਰ ਪੰਜਾਬੀ ਦੇ ਜਾਣੇ ਪਹਿਚਾਣੇ ਗ਼ਜ਼ਲਗੋ ਹਨ ਜਿਹਨਾਂ ਨੇ ਸੱਤਰਵਿਆਂ/ਅੱਸੀਵਿਆਂ ਦੇ ਦਹਾਕੇ ਦੌਰਾਨ ਪੰਜਾਬੀ ਗ਼ਜ਼ਲ ਲਹਿਰ ‘ਚ ਸ਼ਾਮਲ ਹੁੰਦਿਆਂ ਗ਼ਜ਼ਲ ਦੀ ਸਿਨਫ਼ ਤੇ ਹੱਥ ਅਜਮਾਉਣਾ ਸ਼ੂਰੂ ਕੀਤਾ ਅਤੇ ਪੰਜਾਬੀ ਬੋਲੀ ਦੀ ਝੋਲੀ ‘ਚ ਖ਼ੂਬਸੂਰਤ ਗ਼ਜ਼ਲਾਂ ਪਾਈਆਂ। ਨੀਲਮ ਸੈਣੀ, ਕਮਲ ਪਾਲ ਅਤੇ ਸੁਖਵਿੰਦਰ ਕੰਬੋਜ ਨੇ ਵੀ ਇੱਕਵਿੰਦਰ ਅਤੇ ਉਸਦੀ ਸ਼ਾਇਰੀ ਬਾਰੇ ਆਪਣੇ ਵਿਚਾਰ ਰੱਖੇ। ਵੰਨਗੀ ਵਜੋਂ ਉਹਨਾਂ ਦੇ ਸ਼ੇਅਰ ਦੇਖੋ: ‘ਹਰ ਵਣਜਾਰਨ ਰਾਜ ਕੁਮਾਰੀ ਹੋਏਗੀ, ਸਾਡੇ ਦੌਰ ‘ਚ ਰੁੱਤ ਨਿਆਰੀ ਹੋਏਗੀ’, ‘ਜਿਸ ਥਾਂ ਸ਼ਹਿਰ ਬਣੇ ਨੇ ਸਾਡੇ ਘਰ ਢਾਹ ਕੇ, ਉਸ ਥਾਂ ਸਾਡੀ ਫੇਰ ਉਸਾਰੀ ਹੋਏਗੀ’, ‘ਸਾਡੀ ਹਰਿਕ ਚੀਜ਼ ਤੇ ਹੈ ਅੱਖ ਗਵਾਂਢੀਆਂ ਦੀ, ਸਾਨੂੰ ਤਾਂ ਸਮਝ ਰੱਖਿਆ ਸਭ ਨੇ ਪੰਜਾਬ ਵਾਂਗਰ’ ਅਤੇ ‘ਝੌਂਪੜੀਆਂ ਨੇ ਰੋਣਾ ਏਂ ਬਰਸਾਤਾਂ ਨੂੰ, ਮਹਿਲਾਂ ਨੇ ਖ਼ੁਸ਼ ਹੋਣਾ ਏਂ ਬਰਸਾਤਾਂ ਨੂੰ।’
ਇੱਕਵਿੰਦਰ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਾਧੂ ਸਿੰਘ ਹਮਦਰਦ ਅਤੇ ਠਾਕੁਰ ਭਾਰਤੀ ਵਰਗੇ ਉਸਤਾਦਾਂ ਦੀ ਸੰਗਤ ਕਰਨ ਦਾ ਅਵਸਰ ਮਿਲਿਆ ਹੈ। ਖਾਸ ਤੌਰ ਤੇ ਠਾਕੁਰ ਭਾਰਤੀ ਤੋਂ ਉਹਨਾਂ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਬਹੁਤ ਕੁੱਝ ਸਿਖਿਆ। ਇੱਕਵਿੰਦਰ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਮਾਤਾ ਜੀ ਅਤੇ ਦਾਦਾ ਜੀ, ਜੋ ਸਾਹਿਤਕ ਮੱਸ ਰੱਖਣ ਵਾਲੇ ਸਨ, ਤੋਂ ਵੀ ਬਹੁਤ ਪ੍ਰੇਰਣਾ ਮਿਲਦੀ ਰਹੀ ਹੈ। ਇੱਕਵਿੰਦਰ ਦੀ ਮੌਲਿਕ ਗ਼ਜ਼ਲਾਂ ਦੀ ਕਿਤਾਬ ‘‘ਪਾਣੀ ਮੈਲਾ, ਮਿੱਟੀ ਗੋਰੀ” ਕਾਫੀ ਸਾਲ ਪਹਿਲਾਂ ਆ ਚੁੱਕੀ ਹੈ। ਪਿੱਛੇ ਜਿਹੇ ਉਹਨਾਂ ਦੁਆਰਾ ਸੰਪਾਦਿਤ ‘‘ਅੰਬ ਦੁਸਹਿਰੀ ਚੂਪਣ ਆਇਓ!” ਵੀ ਛਪ ਕੇ ਆਈ ਹੈ, ਜਿਸ ਵਿੱਚ ਹੁਸ਼ਿਆਰਪੁਰ ਦੁਆਬੇ ਨਾਲ ਸਬੰਧਤ ਸੌ ਤੋਂ ਵੱਧ ਸ਼ਾਇਰਾਂ ਦਾ ਕਲਾਮ ਸ਼ਾਮਲ ਹੈ। ਇੱਕਵਿੰਦਰ ਨੇ ਆਪਣੀਆਂ ਕੁੱਝ ਗ਼ਜ਼ਲਾਂ ਸੁਣਾਕੇ ਦਾਦ ਲਈ।
ਅਕਾਡਮੀ ਮੈਂਬਰਾਂ ਵਲੋਂ ਇੱਕਵਿੰਦਰ ਢੱਟ ਨੂੰ ਲੋਈ ਦੇ ਕੇ ਉਹਨਾਂ ਦੀਆਂ ਪੰਜਾਬੀ ਬੋਲੀ ਅਤੇ ਸਾਹਿਤ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇੱਕਵਿੰਦਰ ਨੇ ਅਕਾਦਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਅਕਾਦਮੀ ਦੇ ਸਾਹਿਤਕਾਰਾਂ ਵਿੱਚ ਬੈਠ ਕੇ ਬਹੁਤ ਆਪਣਾਪਨ ਮਹਿਸੂਸ ਹੁੰਦਾ ਹੈ।
ਕਵੀ ਦਰਬਾਰ ਵਿੱਚ ਇੱਕਵਿੰਦਰ, ਕਮਲ ਦੇਵ ਪਾਲ, ਸੁਖਵਿੰਦਰ ਕੰਬੋਜ, ਕੁਲਵਿੰਦਰ, ਨੀਲਮ ਸੈਣੀ, ਪ੍ਰਿੰਸੀਪਲ ਹਜ਼ੂਰਾ ਸਿੰਘ, ਅਰਚਨਾ ਪਾਂਡੇ, ਸੁਖਦੇਵ ਸਾਹਿਲ, ਜਸਪਾਲ ਸੂਸ, ਰੇਸ਼ਮ, ਨੰਨੂ ਸਹੋਤਾ, ਤਾਰਾ ਸਿੰਘ ਸਾਗਰ, ਅਮਰਜੀਤ ਜੌਹਲ, ਜਗਜੀਤ ਨੌਸ਼ਹਿਰਵੀ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਉਸਤਾਦ ਗਾਇਕ ਸੁਖਦੇਵ ਸਾਹਿਲ ਨੇ ਸੂਫ਼ੀ ਕਲਾਮ ਗਾਅ ਕੇ ਆਪਣੀ ਹਾਜ਼ਰੀ ਲਵਾਈ। ਬਲਜਿੰਦਰ ਢਿਲੋਂ, ਮਿਸਿਜ਼ ਢਿਲੋਂ, ਅਤੇ ਗੁਰਦੀਪ ਸਿੰਘ ਨੇ ਵੀ ਸਾਹਿਤਕ ਗੱਲਬਾਤ ਵਿੱਚ ਹਿੱਸਾ ਲਿਆ। ਅਕਾਦਮੀ ਵਲੋਂ ਸਾਲ ਦੇ ਅੰਤ ਤੱਕ ਬੇਅ ਏਰੀਆ ਵਿੱਚ ਇੱਕ ਸੰਗੀਤਕ ਤੇ ਸਾਹਿਤਕ ਸ਼ਾਮ ਮਨਾਈ ਜਾਏਗੀ ਜਿਸ ਵਿੱਚ ਉੱਘੇ ਸ਼ਾਇਰ ਜਸਵਿੰਦਰ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਏਗਾ।
ਅਕਾਦਮੀ ਦੇ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਨਵੰਬਰ 29 ਨੂੰ ਫਰਿਜ਼ਨੋ ਵਿੱਚ ਹੋਣ ਵਾਲੇ ਅਕਾਦਮੀ ਦੇ ਸਾਲਾਨਾ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ। ਸਾਲਾਨਾ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਅਕਾਦਮੀ ਜਰਨਲ ਸਕੱਤਰ ਹਰਜਿੰਦਰ ਕੰਗ ਨਾਲ (559)-917-4890 ਤੇ ਰਾਬਤਾ ਕੀਤਾ ਜਾ ਸਕਦਾ ਹੈ।
The post ਵਿਪਸਾਅ ਵਲੋਂ ਕਵੀ ਇੱਕਵਿੰਦਰ ਢੱਟ ਦਾ ਰੂਬਰੂ ਅਤੇ ਸਨਮਾਨ appeared first on Quomantry Amritsar Times.