ਚੰਡੀਗੜ੍ਹ/ਬਿਊਰੋ ਨਿਊਜ਼ :
ਅਦਾਰਾ ‘ਹੁਣ‘ ਵੱਲੋਂ ਪੰਜਾਬ ਕਲਾ ਭਵਨ ਸੈਕਟਰ 16 ਦੇ ਰੰਧਾਵਾ ਆਡੀਟੋਰੀਅਮ ਵਿੱਚ ਦੂਸਰਾ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਸਮਾਰੋਹ 2015 ਕਰਵਾਇਆ ਗਿਆ। ਯੁਵਾ ਪੁਰਸਕਾਰ ਡਾ. ਦਵਿੰਦਰ ਸੈਫੀ ਨੂੰ ਤੇ ਲੋਕ ਗਾਇਕ ਪੁਰਸਕਾਰ ਅਮਰਜੀਤ ਗੁਰਦਾਸਪੁਰੀ ਨੂੰ ਦਿੱਤਾ ਗਿਆ। ਇਹ ਦੋਵੇਂ ਸਖਸ਼ੀਅਤਾਂ ਲੋਕ ਲਹਿਰਾਂ ਤੇ ਲੋਕ ਮਨਾਂ ਨੂੰ ਪ੍ਰਣਾਈਆਂ ਹੋਈਆਂ ਹਨ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਬੀਬੀ ਹਰਜਿੰਦਰ ਕੌਰ, ਮੋਹਨ ਭੰਡਾਰੀ, ਗੁਲਜ਼ਾਰ ਸਿੰਘ ਸੰਧੂ, ਡਾ. ਦੀਪਕ ਮਨਮੋਹਨ ਸਿੰਘ, ਡਾ. ਕਰਮਜੀਤ ਸਿੰਘ, ਡਾ. ਅਨੂਪ ਵਿਰਕ, ਸਵਰਨਜੀਤ ਕੌਰ ਜੌਹਲ, ਦਰਸ਼ਨ ਬੁੱਟਰ ਤੇ ਪ੍ਰੋ. ਮੈਨੇਜਰ ਪਾਂਡੇ ਸ਼ਾਮਲ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਗੁਰਚਰਨ, ਸਵਰਨ ਸਿੰਘ ਤੇ ਯੁੱਧਵੀਰ ਦੇ ਪੰਜਾਬੀ ਗੀਤ ‘ਹੌਲੀ ਚੱਪੂ ਮਾਰ ਵੇ ਮਾਂਝੀ ਹੌਲੀ ਚੁੱਪੂ ਮਾਰ’ ਤੋਂ ਹੋਈ। ਇਸ ਤੋਂ ਬਾਅਦ ਬਿਕਰਮਜੀਤ ਸਿੰਘ ਨੇ ਆਪਣੇ ਦੋ ਗੀਤ ‘ਆ ਵੇ ਮਾਹੀ’ ਤੇ ‘ਜੋਗੀ ਉੱਤਰ ਪਹਾੜੋਂ ਆਏ’ ਸੁਣਾ ਕੇ ਖੂਬ ਰੰਗ ਬੰਨ੍ਹਿਆ।
ਡਾ. ਸੁਖਦੇਵ ਸਿੰਘ ਸਿਰਸਾ ਨੇ ਮੁੱਖ ਵਕਤਾ ਮੈਨੇਜਰ ਪਾਂਡੇ ਨਾਲ ਜਾਣ ਪਛਾਣ ਕਰਾਈ ਤੇ ਉਨ੍ਹਾਂ ਦੇ ਸਾਹਿਤ ਚਿੰਤਨ, ਇਤਿਹਾਸ ਚਿੰਤਨ ਤੇ ਸਮਜਿਕ ਸਭਿਆਚਾਰਕ ਚਿੰਤਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮਹਾਨ ਖੋਜੀ ਦੱਸਿਆ।
ਪ੍ਰੋ. ਮੈਨੇਜਰ ਪਾਂਡੇ ਦਾ ਵਿਸ਼ਾ ਸੀ ‘ਲੋਕ ਤੰਤਰ ਤੇ ਸਾਹਿਤ ਦੇ ਸਬੰਧ’। ਉਨ੍ਹਾਂ ਕਿਹਾ ਕਿ ‘ਲੋਕ’ ਦਾ ਵਿਰੋਧੀ ਸ਼ਬਦ ‘ਪ੍ਰਲੋਕ’ ਹੁੰਦਾ ਹੈ। ਭਾਰਤ ਵਿੱਚ ਲੋਕਤੰਤਰ ਨਹੀਂ ਹੈ। ਉਨ੍ਹਾਂ ਨੇ ਵਿਅੰਗੀ ਲਹਿਜ਼ੇ ਵਿੱਚ ਲੋਕ ਸੇਵਾ ਕਮਿਸ਼ਨ, ਲੋਕ ਨਿਰਮਾਣ ਵਿਭਾਗ ਤੇ ਹੋਰ ਸਰਕਾਰੀ ਤੰਤਰ ਦਾ ਤਰਕ ‘ਤੇ ਆਧਾਰਤ ਖੂਬ ਮਜ਼ਾਕ ਉਡਾਇਆ, ਜਿਸ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਕੋਈ ਲੋਕਤੰਤਰ ਨਹੀਂ ਹੈ। ਉਨ੍ਹਾਂ ਨੇ ਭਾਰਤ ਨੂੰ ਲੋਕਤੰਤਰ ਕਹਿਣ ਦੀ ਬਜਾਏ ਜਨਤੰਤਰ ਕਹਿਣਾ ਪਸੰਦ ਮੰਨਿਅ।ਿ ਉਨ੍ਹਾਂ ਨੇ ਲੋਕਤੰਤਰ ਦੀ ਪ੍ਰੀਭਾਸ਼ਾ ਦੁਹਰਾਉਂਦਿਆਂ ਕਿਹਾ ਕਿ ਲੋਕਾਂ ਦਾ, ਲੋਕਾਂ ਲਈ ਤੇ ਲੋਕਾਂ ਦੁਆਰਾ ਕਿੱਥੇ ਹੈ? ਚੋਣ ਨੂੰ ਛੱਡ ਕੇ ਲੋਕਤੰਤਰ ਦਾ ਕੋਈ ਲੱਛਣ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਚਾਰ ਕਿਸਮ ਦੀ ਸੱਤਾ ਹੈ, ਰਾਜਸਤਾ, ਪੂੰਜੀ ਸੱਤਾ, ਜਾਤੀ ਸੱਤਾ ਤੇ ਪੁਰਸ਼ ਸੱਤਾ ਇਸ ਨੂੰ ਰਾਜਤੰਤਰ, ਪੂੰਜੀਤੰਤਰ, ਜਾਤੀਤੰਤਰ ਤੇ ਪੁਰਸ਼ ਤੰਤਰ ਵੀ ਕਿਹਾ ਜਾ ਸਕਦਾ ਹੈ।
ਕਾਨੂੰਨ ਬਣਾਉਣ ਵਾਲੇ ਖੁਦ ਨੂੰ ਕਾਨੂੰਨ ਤੋਂ ਉਪਰ ਸਮਝਦੇ ਹਨ। ‘ਦਬੰਗ’ ਹੋਣਾ ਇੱਥੇ ਯੋਗਤਾ ਬਣ ਗਿਆ ਹੈ। ਜੇ ਇੱਕ ਕਿਸਾਨ ਆਤਮ ਹੱਤਿਆ ਕਰਦਾ ਹੈ ਤਾਂ ਸਾਰਾ ਪਰਿਵਾਰ ਆਤਮ ਹੱਤਿਆ ਦੀ ਕਗਾਰ ‘ਤੇ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਪੂੰਜੀਵਾਦੀ ਵਿਵਸਥਾ ਦੇ ਦੋ ਬੁਨਿਆਦੀ ਨਿਯਮ ਹਨ ਜਨਮਜਾਤ ਬਰਾਬਰੀ ਤੇ ਅਥਾਹ ਪਖੰਡ।
ਉਨ੍ਹਾਂ ਨੇ ਸਾਹਿਤ ਦੀ ਗੱਲ ਕਰਦਿਆਂ ਪੰਜਾਬੀ ਸ਼ਾਇਰ ਪਾਸ਼, ਲਾਲ ਸਿੰਘ ਦਿਲ, ਨਾਟਕਕਾਰ ਗੁਰਸ਼ਰਨ ਸਿੰਘ ਤੇ ਪ੍ਰੋ. ਰਣਧੀਰ ਸਿੰਘ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਤੋਂ ਬਿਨਾਂ ਸਾਹਿਤ ਸੁਤੰਤਰ ਨਹੀਂ ਹੋ ਸਕਦਾ।
ਇਸ ਮੌਕੇ ਤਾਰਨ ਗੁਜਰਾਲ, ਜਗਦੀਪ ਕੌਰ ਨੂਰਾਨੀ ਤੇ ਨਿਰਮਲ ਸਿੰਘ ਲੰਗਾਹ ਦੀਆਂ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਸੁਸ਼ੀਲ ਦੁਸਾਂਝ ਨੇ ਇਨਾਮਾਂ ਤੇ ਇਨ੍ਹਾਂ ਦੀ ਚੋਣ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਪ੍ਰੋ. ਸ਼ਾਮ ਸਿੰਘ ਨੇ ਕੀਤਾ। ਸਮਾਰੋਹ ਵਿੱਚ ਚੰਡੀਗੜ੍ਹ, ਪੰਜਾਬ, ਹਰਿਆਣਾ, ਦਿੱਲੀ ਤੇ ਵਿਦੇਸ਼ਾਂ ਵਿਚੋਂ 200 ਤੋਂ ਵੱਧ ਲੇਖਕਾਂ, ਬੁੱਧੀਜੀਵੀਆਂ, ਕਵੀਆਂ ਤੇ ਅਦਾਰਾ ‘ਹੁਣ’ ਨਾਲ ਜੁੜੇ ਪਾਠਕਾਂ ਨੇ ਹਿੱਸਾ ਲਿਆ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਨੇਜਰ ਪਾਂਡੇ ਨੇ ਕਿਹਾ ਕਿ ਇੱਕ ਲੇਖਕ ਆਪਣਾ ਰੋਸ ਲਿਖ ਕੇ ਜਾਂ ਪੁਰਸਕਾਰ ਵਾਪਸ ਮੋੜ ਕੇ ਹੀ ਪ੍ਰਗਟਾ ਸਕਦਾ ਸੀ। ਸੋ ਉਹ ਉਨ੍ਹਾਂ ਲੇਖਕਾਂ ਨਾਲ ਖੜ੍ਹੇ ਹਨ, ਜਿਨ੍ਹਾਂ ਨੇ ਇਹ ਪੁਰਸਕਾਰ ਵਾਪਸ ਮੋੜੇ ਹਨ। ਮਨਮੋਹਨ ਸਿੰਘ ਨੂੰ ‘ਮੋਨ’ ਰਹਿਣ ਵਾਲਾ ਪ੍ਰਧਾਨ ਮੰਤਰੀ ਗਰਦਾਨਿਆ ਜਾਂਦਾ ਰਿਹਾ ਹੈ। ਹੁਣ ਨਰਿੰਦਰ ਮੋਦੀ ਨੂੰ ਕੀ ਕਿਹਾ ਜਾਵੇ? ਉਹ ਰੇਡੀਓ ‘ਤੇ ਮਨ ਕੀ ਬਾਤ ਕਰਦੇ ਹਨ ਪਰ ਲੇਖਕਾਂ ਦੇ ਪੁਰਸਕਾਰ ਮੋੜਨ ਤੇ ਇਸ ਤੋਂ ਪਹਿਲਾਂ ਦੀ ਸਥਿਤੀ ਬਾਰੇ ਇੱਕ ਸ਼ਬਦ ਵੀ ਨਹੀਂ ਬੋਲੇ। ਦੇਸ਼ ਲਈ ਇਹ ਅੱਛਾ ਨਹੀਂ ਹੈ। ਜੇ ਉਹ ਕੁਝ ਕਹਿੰਦੇ ਤਾਂ ਇਸ ਦਾ ਅਸਰ ਜ਼ਰੂਰ ਹੁੰਦਾ।
The post ਅਵਤਾਰ ਜੰਡਿਆਲਵੀ ਪੁਰਸਕਾਰ ਗੁਰਦਾਸਪੁਰੀ ਅਤੇ ਸੈਫ਼ੀ ਨੂੰ appeared first on Quomantry Amritsar Times.