ਨਵੀ੬ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਸਾਹਿਤ ਅਕਾਦਮੀ ਦੀ ਕਾਰਜਕਾਰਨੀ ਮੀਟਿੰਗ ਦੇ ਮੱਦੇਨਜ਼ਰ ਦੇਸ਼ ਦੇ ਲੇਖਕਾਂ ਵੱਲੋਂ ਅਕਾਦਮੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਜੋ ਧੜੇਬੰਦੀ ਦਾ ਸ਼ਿਕਾਰ ਹੋ ਗਿਆ। ਇੱਕ ਧੜਾ ਉਹ ਸੀ ਜੋ ਮੌਨ ਰੋਸ ਮਾਰਚ ਕੱਢ ਕੇ ਅਕਾਦਮੀ ਦੇ ਦਫ਼ਤਰ ਤੱਕ ਪੁੱਜਾ ਤੇ ਦੂਜੇ ਧੜੇ ਨੇ ਇਨ੍ਹਾਂ ਪ੍ਰਗਤੀਸ਼ੀਲ ਲੇਖਕਾਂ ਦੇ ਵਿਰੁੱਧ ਹੀ ਰੋਸ ਪ੍ਰਦਰਸ਼ਨ ਕਰ ਦਿੱਤਾ। ਇਸ ਧੜੇ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਮੋਦੀ ਸਰਕਾਰ ਨੂੰ ਹਾਸ਼ੀਏ ਉਪਰ ਧੱਕਣ ਅਤੇ ਬੋਧਿਕ ਪੱਧਰ ਦਾ ਅਤਿਵਾਦ ਫੈਲਾਉਣ ਦਾ ਦੋਸ਼ ਵੀ ਲਾਇਆ ਗਿਆ। ਇਸ ਪ੍ਰਦਰਸ਼ਨ ਦੌਰਾਨ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਸਨ ਤੇ ਅੰਦੋਲਨ ਦੇ ਵੰਡੇ ਜਾਣ ਕਰਕੇ ਅਕਾਦਮੀ ਦਾ ਮੁੱਖ ਗੇਟ ਵੀ ਬੰਦ ਕਰਨਾ ਪਿਆ। ਪ੍ਰਗਤੀਸ਼ੀਲ ਸਾਹਿਤਕਾਰਾਂ ਨੇ ਪ੍ਰੋਫੈਸਰ ਕਲਬੁਰਗੀ ਦੇ ਕਤਲ, ਦੇਸ਼ ਵਿੱਚ ਵਧਦੀ ਅਸਿਹਣਸ਼ੀਲਤਾ ਸਮੇਤ ਆਪਣੇ ਵਿਚਾਰ ਥੋਪਣ ਸਮੇਤ ਹੋਰ ਮੁੱਦਿਆਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੇ ਮੂੰਹ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆ੬ ਸਨ। ਪ੍ਰਗਤੀਸ਼ੀਲ ਲੇਖਕਾਂ ਵੱਲੋਂ ਸਾਹਿਤ ਅਕਾਦਮੀ ਸਨਮਾਨ ਵਾਪਸ ਕਰਨ ਦੀ ਪਹਿਲ ਸ਼ੁਰੂ ਕੀਤੀ ਸੀ ਤੇ ਪੰਜਾਬੀ ਦੇ ਵੀ ਕਈ ਲੇਖਕਾਂ ਨੇ ਸਨਮਾਨ ਵਾਪਸ ਕੀਤੇ ਹਨ। ਦੂਜੇ ਪਾਸੇ ਰਾਸ਼ਟਰਵਾਦੀ ਹੋਣ ਦਾ ਦਾਅਵਾ ਕਰਨ ਵਾਲੇ ਲੇਖਕਾਂ ਦੇ ਧੜੇ ਨੇ ਖੱਬੇ ਪੱਖੀ ਲੇਖਕਾਂ ‘ਤੇ ਸਿਆਸਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਵੱਲੋਂ ਪ੍ਰਗਤੀਸ਼ੀਲ ਲੇਖਕਾਂ ਉਪਰ ਭਾਰੂ ਹੋਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਵੱਲੋਂ ਅਕਾਦਮੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਦਬਾਅ ਹੇਠ ਨਾ ਆਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਕਦੇ ਦੇਸ਼ ਵਿੱਚ ਦੁਰਘਟਨਾਵਾਂ ਜਾਂ ਦੰਗੇ ਹੋਏ ਤਾਂ ਕਿਸੇ ਨੇ ਸਾਹਿਤ ਅਕਾਦਮੀ ਸਨਮਾਨ ਵਾਪਸ ਨਹੀਂ ਕੀਤਾ ਸੀ। ਲੇਖਕ ਨਰਿੰਦਰ ਕੋਹਲੀ ਮੁਤਾਬਕ ਜਦੋਂ ਕਸ਼ਮੀਰ ਵਿੱਚ ਹਿੰਦੂਆਂ ‘ਤੇ ਜ਼ੁਲਮ ਹੋ ਰਿਹਾ ਸੀ ਤੇ ਪੰਜਾਬ ਵਿੱਚ ਅਤਿਵਾਦ ਸਿਖ਼ਰ ‘ਤੇ ਸੀ ਜਾਂ ਐਮਰਜੈਂਸੀ ਦੌਰਾਨ ਜਦੋਂ ਲੇਖਕਾਂ ਨੂੰ ਜੇਲ੍ਹਾਂ ਅੰਦਰ ਵੀ ਸੁੱਟਿਆ ਗਿਆ ਸੀ ਤਾਂ ਸਨਮਾਨ ਕਿਉਂ ਵਾਪਸ ਨਹੀਂ ਕੀਤੇ ਗਏ। ਇਸ ਧੜੇ ਦੇ ਇੱਕ ਲੇਖਕ ਨੇ ਸਵਾਲ ਕੀਤਾ ਕਿ ਜਦੋਂ ਕੰਨੜ ਬੁੱਧੀਜੀਵੀ ਦਾ ਕਤਲ ਹੋਇਆ ਸੀ ਤਾਂ ਕਰਨਾਟਕ ਵਿੱਚ ਕਾਂਗਰਸ ਸਰਕਾਰ ਹੈ, ਜਿਥੇ ਦਾਦਰੀ ਕਾਂਡ ਹੋਇਆ, ਉਥੇ ਸਮਾਜਾਵਾਦੀ ਪਾਰਟੀ ਦੀ ਸਰਕਾਰ ਹੈ। ਸਨਮਾਨ ਵਾਪਸ ਕਰਨ ਵਾਲੇ ਮੋਦੀ ਤੇ ਭਾਜਪਾ ਸਰਕਾਰ ਨੂੰ ਹਾਸ਼ੀਏ ‘ਤੇ ਧੱਕਣ ਲਈ ਯਤਨਸ਼ੀਲ ਹਨ, ਇਹ ਫਿਰਕਾਪ੍ਰਸਤੀ ਵੱਖਰੀ ਤਰ੍ਹਾਂ ਦੀ ਹੈ। ਸੂਰੀਆ ਕਾਂਤ ਬਾਲੀ ਮੁਤਾਬਕ ਜਿਨ੍ਹਾਂ ਲੇਖਕਾਂ ਨੇ ਸਨਮਾਨ ਵਾਪਸ ਕੀਤੇ ਹਨ, ਉਨ੍ਹਾਂ ਨੂੰ ਸਨਮਾਨ ਕਾਂਗਰਸੀ ਤੇ ਖੱਬੀਆਂ ਧਿਰਾਂ ਦੀਆਂ ਸਰਕਾਰਾਂ ਦੌਰਾਨ ਮਿਲੇ ਸਨ।
ਉਧਰ ਭਾਰਤੀ ਸਾਹਿਤ ਅਕਾਦਮੀ ਨੇ ਦੇਸ਼ ਵਿੱਚ ਵਿਆਪਕ ਵਿਰੋਧ ਦੇ ਮੱਦੇਨਜ਼ਰ ਆਖ਼ਰਕਾਰ ਕੰਨੜ ਲੇਖਕ ਐਮ.ਐਮ. ਕਲਬੁਰਗੀ ਦੇ ਕਤਲ ਦੀ ਨਿੰਦਾ ਕੀਤੀ ਹੈ ਤੇ ਅਕਾਦਮੀ ਨੇ ਇਸ ਕਤਲ ਸਮੇਤ ਦੇਸ਼ ‘ਚ ਵਧਦੀ ਅਸਹਿਣਸ਼ੀਲਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਅਕਾਦਮੀ ਨੇ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਹਿਤ ਅਕਾਦਮੀ ਨੂੰ ਮੋੜੇ ਆਪਣੇ ਸਨਮਾਨ ਵਾਪਸ ਲੈ ਲੈਣ। ਇਹ ਅਪੀਲ ਕਾਰਜਕਾਰਨੀ ਬੋਰਡ ਦੀ ਅਕਾਦਮੀ ਕੈਂਪਸ ਵਿੱਚ ਹੋਈ ਬੈਠਕ ਦੌਰਾਨ ਕੀਤੀ ਗਈ। ਅਕਾਦਮੀ ਨੇ ਲੇਖਕਾਂ ਦੇ ਵਿਚਾਰਾਂ ਦੀ ਆਜ਼ਾਦੀ ਦਾ ਸਾਥ ਦਿੱਤਾ ਹੈ। ਅਕਾਦਮੀ ਵੱਲੋਂ ਪਾਸ ਕੀਤੇ ਗਏ ਮਤੇ ‘ਤੇ ਅਕਾਦਮੀ ਮੁਖੀ ਵਿਸ਼ਵਾਨਾਥ ਪ੍ਰਸ਼ਾਦ ਤਿਵਾੜੀ ਤੇ ਮੀਤ ਪ੍ਰਧਾਨ ਚੰਦਰਸ਼ੇਖਰ ਕੰਬਦ ਵੱਲੋਂ ਦਸਤਖ਼ਤ ਕੀਤੇ ਗਏ ਹਨ। ਅਕਾਦਮੀ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਕਿਹਾ ਕਿ ਉਹ ਵੱਖ-ਵੱਖ ਫਿਰਕਿਆਂ ਵਿਚਾਲੇ ਭਾਈਚਾਰਕ ਸਾ੬ਝ ਬਣਾਈ ਰੱਖਣ ਵਿੱਚ ਭੂਮਿਕਾ ਨਿਭਾਉਣ। ਬੋਰਡ ਨੇ ਅਕਾਦਮੀ ਦੀ ਖ਼ੁਦਮੁਖ਼ਤਿਆਰੀ ਕਾਇਮ ਰੱਖਣ ਦਾ ਵੀ ਅਹਿਦ ਲਿਆ। ਅਕਾਦਮੀ ਦੇ ਮੁਖੀ ਵੱਲੋਂ ਮੀਤ ਪ੍ਰਧਾਨ ਨੂੰ ਕਿਹਾ ਗਿਆ ਸੀ ਕਿ ਉਹ ਕਲਬੁਰਗੀ ਦੇ ਪਰਿਵਾਰ ਨੂੰ ਮਿਲ ਕੇ ਹਮਦਰਦੀ ਪ੍ਰਗਟਾਉਣ।
The post ਸਾਹਿਤਕਾਰਾਂ ਦੇ ਇੱਕ ਧੜੇ ਵੱਲੋਂ ਮੌਨ ਰੋਸ ਤੇ ਦੂਜੇ ਵੱਲੋਂ ਰਾਸ਼ਟਰਵਾਦੀ ਹੋਣ ਦਾ ਦਾਅਵਾ appeared first on Quomantry Amritsar Times.