ਮੁੰਬਈ/ਬਿਊਰੋ ਨਿਊਜ਼ :
ਉੱਘੇ ਪੰਜਾਬੀ ਪਿੱਠਵਰਤੀ ਗਾਇਕ ਲਾਭ ਜੰਜੂਆ ਦਾ ਦੇਹਾਂਤ ਹੋ ਗਿਆ। ‘ਮੁੰਡਿਆਂ ਤੋਂ ਬਚ ਕੇ ਰਹੀਂ’, ‘ਲੰਡਨ ਠੁਮਕਦਾ’ ਅਤੇ ‘ਜੀਅ ਕਰਦਾ’ ਵਰਗੇ ਸੁਪਰਹਿੱਟ ਗੀਤ ਗਾਉਣ ਵਾਲੇ ਲਾਭ ਜੰਜੂਆ ਦੀ ਗੋਰੇਗਾਓਂ ਸਥਿਤ ਰਿਹਾਇਸ਼ ਤੋਂ ਲਾਸ਼ ਮਿਲੀ ਹੈ। ਉਨ੍ਹਾਂ ਦੀ ਮੌਤ ਬਾਰੇ ਉਦੋਂ ਪਤਾ ਲੱਗਾ ਜਦੋਂ ਸਵੇਰੇ ਸਫ਼ਾਈ ਲਈ ਨੌਕਰਾਣੀ ਪੁੱਜੀ। ਉਸ ਨੇ ਆਸ ਪਾਸ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ। ਵਧੀਕ ਪੁਲੀਸ ਕਮਿਸ਼ਨਰ (ਉੱਤਰੀ ਖੇਤਰ) ਫਤਹਿ ਸਿੰਘ ਪਾਟਿਲ ਨੇ ਦੱਸਿਆ ਕਿ ਪੋਸਟਮਾਰਟਮ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਲਾਭ ਜੰਜੂਆ ਪੰਜਾਬ ਦੇ ਸ਼ਹਿਰ ਖੰਨਾ ਨਾਲ ਸਬੰਧਤ ਸਨ। ਇਸ ਗਾਇਕ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਸਿੰਘ ਇਜ਼ ਬਲਿੰਗ’ ਤੋਂ ਇਲਾਵਾ ‘ਰੱਬ ਨੇ ਬਨਾ ਦੀ ਜੋੜੀ’ ਅਤੇ ‘ਪਾਰਟਨਰ’ ਵਰਗੀਆਂ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਸੀ। ਉਨ੍ਹਾਂ ਦੀ ਮੌਤ ਉਤੇ ਸੰਗੀਤ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਸਲੀਮ ਮਰਚੈਂਟ ਨੇ ਟਵੀਟ ਕੀਤਾ, ‘ਲਾਭ ਜੰਜੂਆ ਦੀ ਮੌਤ ਬਾਰੇ ਸੁਣਿਆ। ਕੀ ਕਲਾਕਾਰ ਸੀ। ਵਿਛੜੀ ਰੂਹ ਲਈ ਅਰਦਾਸ ਤੇ ਪਰਿਵਾਰ ਨਾਲ ਹਮਦਰਦੀ ਹੈ।‘ ਗਾਇਕ ਤੇ ਅਦਾਕਾਰ ਅਯੁਸ਼ਮਨ ਖੁਰਾਣਾ ਨੇ ਕਿਹਾ ਕਿ ਲਾਭ ਜੰਜੂਆ ਦੀ ਆਵਾਜ਼ ਗੂੰਜਦੀ ਰਹੇਗੀ। ਇਸ ਵਿੱਚ ਪੰਜਾਬ ਦੀ ਰੂਹ ਹੈ।’ ਹਰਸ਼ਦੀਪ ਕੌਰ ਸਮੇਤ ਹੋਰ ਕਲਾਕਾਰਾਂ ਨੇ ਜੰਜੂਆ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ।
The post ‘ਲੰਡਨ ਠੁਮਕਦਾ’ ਵਰਗੇ ਹਿੱਟ ਗਾਣੇ ਦੇਣ ਵਾਲੇ ਲਾਭ ਜੰਜੂਆ ਦਾ ਦੇਹਾਂਤ appeared first on Quomantry Amritsar Times.