ਵਾਸ਼ਿੰਗਟਨ/ਬਿਊਰੋ ਨਿਊਜ਼ :
ਦੇਸ਼ ਵਿੱਚ ਵਧਦੀ ਅਸਹਿਣਸ਼ੀਲਤਾ ਖ਼ਿਲਾਫ਼ ਝੰਡਾ ਬੁਲੰਦ ਕਰਨ ਵਾਲੇ ਭਾਰਤੀ ਲੇਖਕਾਂ ਨਾਲ ਇਕਮੁਠੱਤਾ ਦਿਖਾਉਂਦਿਆਂ ਲੇਖਕਾਂ ਦੇ ਕੌਮਾਂਤਰੀ ਸੰਘ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਨੂੰ ਬਿਹਤਰ ਸੁਰੱਖਿਆ ਦੇਵੇ ਅਤੇ ਵਿਚਾਰ ਪ੍ਰਗਟ ਕਰਨ ਦੀ ਸੰਵਿਧਾਨਕ ਆਜ਼ਾਦੀ ਦੀ ਰੱਖਿਆ ਕਰੇ। ਕੈਨੇਡਾ ਦੇ ਕਿਊਬੇਕ ਸਿਟੀ ਵਿੱਚ ਪੈਨ ਇੰਟਰਨੈਸ਼ਨਲ ਦੀ 81ਵੀਂ ਕਾਂਗਰਸ ਵਿੱਚ ਹਿੱਸਾ ਲੈਣ ਵਾਲੇ 150 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਜਾਰੀ ਇਕ ਬਿਆਨ ਵਿੱਚ ਉਨ੍ਹਾਂ ਲੇਖਕਾਂ ਤੇ ਕਲਾਕਾਰਾਂ ਨਾਲ ਇਕਜੁੱਟਤਾ ਪ੍ਰਗਟਾਈ, ਜਿਨ੍ਹਾਂ ਨੇ ਵਿਰੋਧ ਦਰਜ ਕਰਵਾਉਣ ਲਈ ਆਪਣੇ ਵੱਕਾਰੀ ਪੁਰਸਕਾਰ ਵਾਪਸ ਕਰ ਦਿੱਤੇ। ਇਸ ਦੇ ਨਾਲ ਹੀ ਪੈਨ ਇੰਟਰਨੈਸ਼ਨਲ ਦੇ ਪ੍ਰਧਾਨ ਜੋਹਨ ਰਾਲਸਟੋਨ ਸੌਲ ਨੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਸਾਹਿਤ ਅਕਾਦਮੀ ਨੂੰ ਚਿੱਠੀ ਭੇਜ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲੇਖਕਾਂ ਤੇ ਕਲਾਕਾਰਾਂ ਸਣੇ ਹਰ ਕਿਸੇ ਦੇ ਅਧਿਕਾਰਾਂ ਦੀ ਰੱਖਿਆ ਲਈ ਤੁਰੰਤ ਕਦਮ ਚੁੱਕੇ। ਚਿੱਠੀ ਵਿੱਚ ਕਿਹਾ ਗਿਆ ਹੈ, ‘ਅਸੀਂ ਅਕਾਦਮੀ ਨੂੰ ਆਪਣੇ ਪੁਰਸਕਾਰ ਮੋੜਨ ਵਾਲੇ 50 ਤੋਂ ਵੱਧ ਨਾਵਲਕਾਰਾਂ, ਵਿਦਵਾਨਾਂ, ਕਵੀਆਂ ਤੇ ਬੁੱਧੀਜੀਵੀਆਂ ਨਾਲ ਖੜੇ ਹਾਂ ਤੇ ਉਨ੍ਹਾਂ ਵੱਲੋਂ ਦਿਖਾਈ ਦਲੇਰੀ ਦੀ ਪ੍ਰਸ਼ੰਸਾ ਕਰਦੇ ਹਾਂ। ਕਿਊਬੇਕ ਵਿੱਚ ਸਾਡੀ ਸਾਲਾਨਾ ਕਾਂਗਰਸ ਵਿੱਚ ਸਾਰਿਆਂ ਨੇ ਐਮਐਮ ਕਲਬੁਰਗੀ ਦੀ ਹੱਤਿਆ ਬਾਅਦ ਪੈਦਾ ਹੋਏ ਸੰਕਟ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਇਸ ਕੌਮਾਂਤਰੀ ਮੰਚ ਤੋਂ ਇਨ੍ਹਾਂ ਸਾਰਿਆਂ ਨੇ ਮੈਨੂੰ ਭਾਰਤ ਸਰਕਾਰ ਨੂੰ ਇਹ ਅਪੀਲ ਕਰਨ ਲਈ ਕਿਹਾ ਹੈ ਕਿ ਉਹ ਲੇਖਕਾਂ, ਕਲਾਕਾਰਾਂ ਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰੇ। ਸਰਕਾਰ ਕਲਬੁਗੀ, ਨਰਿੰਦਰ ਦਾਭੋਲਕਰ ਤੇ ਗੋਵਿੰਦ ਪਾਨਸਰੇ ਦੀ ਹੱਤਿਆਵਾਂ ਦੀ ਨਿਰਪੱਖ ਜਾਂਚ ਯਕੀਨੀ ਬਣਾਏ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਏ।’
ਬਿਆਨ ਵਿੱਚ ਕਿਹਾ ਗਿਆ ਹੈ ਕਿ ਕਲਬੁਗੀ ਨੂੰ ਦੇਸ਼ ਦੇ ਸਭ ਤੋਂ ਵੱਡੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਹੱਤਿਆ ਬਾਅਦ ਅਕਾਦਮੀ ਨੇ ਚੁੱਪਧਾਰ ਰੱਖੀ ਜਦ ਕਿ ਉਸ ਦੇ ਮੈਂਬਰਾਂ ਨੇ ਵਿਰੋਧ ਪ੍ਰਗਟਾਉਂਦੇ ਹੋਏ ਅਸਤੀਫ਼ੇ ਦਿੱਤੇ ਤੇ ਲੇਖਕਾਂ ਨੇ ਪੁਰਸਕਾਰ ਮੋੜੇ। ਪੈਨ ਇੰਟਰਨੈਸ਼ਨਲ ਨੇ ਪੁਰਸਕਾਰ ਮੋੜਨ ਵਾਲਿਆਂ ਤੇ ਅਕਾਦਮੀ ਜਾਂ ਇਸ ਦੀ ਗਵਰਨਿੰਗ ਕੌਂਸਲ ਤੋਂ ਅਸਤੀਫ਼ੇ ਦੇਣ ਵਾਲਿਆਂ ਨੂੰ ਸਲਾਮ ਕੀਤਾ ਹੈ।
ਮੁਨੱਵਰ ਰਾਣਾ ਨੇ ਸਾਹਿਤ ਅਕਾਦਮੀ ਪੁਰਸਕਾਰ ਮੋੜਿਆ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦੇਸ਼ ਦੇ ਮੌਜੂਦਾ ਹਾਲਾਤ ਤੋਂ ਨਿਰਾਸ਼ ਮਸ਼ਹੂਰ ਉਰਦੂ ਸ਼ਾਇਰ ਮੁਨੱਵਰ ਰਾਣਾ ਨੇ ਸਮਾਚਾਰ ਚੈਨਲ ਦੇ ਸਿੱਧੇ ਪ੍ਰਸਾਰਨ ਦੌਰਾਨ ਸਾਹਿਤ ਅਕਾਦਮੀ ਪੁਰਸਕਾਰ ਤੇ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਮੋੜਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਇਹ ਫ਼ੈਸਲਾ ਵੀ ਕੀਤਾ ਕਿ ਉਹ ਭਵਿੱਖ ਵਿੱਚ ਕੋਈ ਵੀ ਸਰਕਾਰੀ ਪੁਰਸਕਾਰ ਨਹੀਂ ਲੈਣਗੇ। ਇਸ ਦੌਰਾਨ ਇਕ ਹੋਰ ਹਿੰਦੀ ਲੇਖਕ ਤੇ ਤੇਲਗੂ ਅਨੁਵਾਦਕ ਕਾਸ਼ੀਨਾਥ ਸਿੰਘ ਨੇ ਸਾਲ 2011 ਵਿੱਚ ਮਿਲੇ ਸਾਹਿਤ ਅਕਾਦਮੀ ਪੁਰਸਕਾਰ ਨੂੰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਉਹ ਇਹ ਪੁਰਸਕਾਰ ਤੇ ਇਨਾਮੀ ਰਾਸ਼ੀ ਮੋੜਨਗੇ।
ਟੀਵੀ ਚੈਨਲ ਵਿੱਚ ਬਹਿਸ, ਜਿਸ ਵਿੱਚ ਲੇਖਕ ਤੇ ਸਿਆਸਤਦਾਨ ਸ਼ਾਮਲ ਸਨ, ਵਿੱਚ ਰਾਣਾ ਨੇ ਪੁਰਸਕਾਰ ਤੇ ਇਨਾਮੀ ਰਾਸ਼ੀ ਮੋੜਨ ਦਾ ਐਲਾਨ ਕਰ ਦਿੱਤਾ। 62 ਸਾਲਾ ਇਸ ਸ਼ਾਇਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਸਾਲ 2014 ਵਿੱਚ ਮਿਲਿਆ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਚਾਹੇ ਕਿਸੇ ਦੀ ਵੀ ਸਰਕਾਰ ਆਵੇ ਉਹ ਪੁਰਸਕਾਰ ਨਹੀਂ ਲੈਣਗੇ।
ਦੂਜੇ ਪਾਸੇ ਬਨਾਰਸ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹਿ ਚੁੱਕੇ ਕਾਸ਼ੀਨਾਥ ਸਿੰਘ ਨੇ ਕਿਹਾ ਕਿ ਸਰਕਾਰ ਲੇਖਕਾਂ ਦੇ ਫ਼ੈਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਤੇ ਇਨਾਮ ਵਾਪਸ ਕਰਨ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸੁਆਲ ਕੀਤਾ ਕੀ ਸਰਕਾਰ ਲੇਖਕਾਂ ਨੂੰ ਬੇਵਕੂਫ਼ ਸਮਝਦੀ ਹੈ ਕਿ ਉਹ ਕਿਸੇ ਦੀਆਂ ਗੱਲਾਂ ਵਿੱਚ ਆ ਜਾਣਗੇ? ਉਹ ਅਕਾਦਮੀ ਦੇ ਵਿਰੋਧ ਵਿੱਚ ਨਹੀਂ ਹਨ ਪਰ ਮਹਾਰਾਸ਼ਟਰ, ਕਰਨਾਟਕ ਤੇ ਦਾਦਰੀ ਵਿੱਚ ਜੋ ਕੁੱਝ ਹੋਇਆ ਉਹ ਬਰਦਾਸ਼ਤ ਤੋਂ ਬਾਹਰ ਹੈ।
ਵਿਦਿਆਰਥੀ ਨੇ ਸਮ੍ਰਿਤੀ ਇਰਾਨੀ ਹੱਥੋਂ ਡਿਗਰੀ ਲੈਣ ਤੋਂ ਕੀਤਾ ਇਨਕਾਰ :
ਸ੍ਰੀਨਗਰ : ਸਾਹਿਤਕਾਰਾਂ ਵਲੋਂ ਪੁਰਸਕਾਰ ਵਾਪਸ ਕਰਨ ਦਾ ਸਿਲਸਿਲਾ ਹੁਣ ਨਵੇਂ ਪੱਧਰ ‘ਤੇ ਜਾਂਦਾ ਦਿਖਾਈ ਦੇ ਰਿਹਾ ਹੈ। ਕਸ਼ਮੀਰ ਦੀ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਇਕ ਨੌਜਵਾਨ ਨੇ ਆਪਣੇ ਡਿਗਰੀ ਵੰਡ ਸਮਾਰੋਹ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੱਥੋਂ ਡਿਗਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸਮੀਰ ਗੋਜਵਾਰੀ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਿਖਿਆ ਹੈ ਕਿ ‘ਉਂਝ ਤਾਂ ਕਿਸੇ ਵਿਦਿਆਰਥੀ ਲਈ ਮਾਸਟਰ ਡਿਗਰੀ ਪ੍ਰਾਪਤ ਕਰਨਾ ਕਿਸੇ ਸਨਮਾਨਿਤ ਐਵਾਰਡ ਤੋਂ ਘੱਟ ਨਹੀਂ ਹੈ ਪਰ ਮੈਂ ਸਮੀਰ ਗੋਜਵਾਰੀ ਇਸ ਨੂੰ ਸਵੀਕਾਰ ਨਹੀਂ ਕਰਾਂਗਾ।’ ਸਮੀਰ ਨੇ 2008 ਵਿਚ ਆਈ ਯੂ.ਐਸ.ਟੀ. ਤੋਂ ਐਮ.ਬੀ.ਏ. ਦੀ ਪੜ੍ਹਾਈ ਪੂਰੀ ਕੀਤੀ ਸੀ।
The post 150 ਮੁਲਕਾਂ ਦੇ ਲੇਖਕ ਭਾਰਤੀ ਲੇਖਕਾਂ ਦੀ ਹਮਾਇਤ ‘ਤੇ ਆਏ appeared first on Quomantry Amritsar Times.