ਸਰੀ/ਬਿਊਰੋ ਨਿਊਜ਼ :
ਉਘੇ ਸ਼ਾਇਰ ਨਵਤੇਜ ਭਾਰਤੀ ਨੇ ਬੁੱਧੀ ਜੀਵੀਆਂ ਤੇ ਲੇਖਕਾਂ ਦੀ ਬੈਠਕ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੇਖਕ ਨੂੰ ਅਪਣੀ ਜ਼ਮੀਨ ਨਾਲ ਜੁੜਨਾ ਚਾਹੀਦਾ ਹੈ। ਸਰੀ ਵਿਚ ਜਰਨੈਲ ਆਰਟ ਗੈਲਰੀ ਵਿਚ ਹੋਈ ਇਸ ਬੈਠਕ ਵਿਚ ਲੰਡਨ Àਂਟਾਰੀਓ ਤੋਂ ਪਹੁੰਚੇ ਨਵਤੇਜ ਭਾਰਤੀ ਤੇ ਚੰਡੀਗੜ ਤੋਂ ਪਹੁੰਚੀ ਹਿੰਦੀ ਪੰਜਾਬੀ ਦੀ ਲੇਖਕਾ ਨਿਰਮਲ ਜਸਵਾਲ ਨੇ ਆਪਣੀ ਆਪਣੀ ਰਚਨਾ ਪ੍ਰਕਿਰਿਆ ਤੇ ਲੇਖਣੀ ਦੇ ਸਰੋਕਾਰ ਬਾਰੇ ਸਰੋਤਿਆਂ ਨਾਲ ਵਿਚਾਰ ਚਰਚਾ ਕੀਤੀ। ਸਮਾਗਮ ਦੇ ਆਰੰਭ ਵਿਚ ਆਰਟਿਸਟ ਜਰਨੈਲ ਸਿੰਘ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਦੋਹਾਂ ਲੇਖਕਾਂ ਦੀ ਹਾਜ਼ਰ ਸਰੋਤਿਆਂ ਨਾਲ ਜਾਣ ਪਛਾਣ ਕਰਵਾਈ। ਗੱਲਬਾਤ ਦੀ ਸ਼ੁਰੁਆਤ ਕਰਦਿਆਂ ਨਵਤੇਜ ਭਾਰਤੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਪਹਿਲੀ ਕਵਿਤਾ ਕਿਸੇ ਹੋਰ ਦੀ ਕਵਿਤਾ ਵਿਚ ਸਿਰਫ ਇਕ ਅਖਰ ਅਪਣੇ ਵਲੋਂ ਸ਼ਾਮਲ ਕਰ ਕੇ ਧਾਰਮਿਕ ਸਮਾਗਮ ਵਿਚ ਪੜ ਕੇ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤੀ ਪਰੰਪਰਾ ਵਿਚ ਪਹਿਲਾਂ ਇਕੱਤਰ ਕੀਤੇ ਗਿਆਨ ਅਤੇ ਵਿਚਾਰਾਂ ਨੂੰ ਆਪਣੇ ਨਵੇ ਬਿਆਨ ਤੇ ਲਫਜ਼ਾਂ ਵਿਚ ਦਸਣ ਤੇ ਪ੍ਰਗਟਾਉਣ ਦੀ ਰੀਤ ਰਹੀ ਹੈ। ਦਰਅਸਲ ਬਿਲਕੁਲ ਮੌਲਿਕ ਕਝ ਵੀ ਨਹੀਂ ਹੈ। ਸ਼ੁਰੂਆਤੀ ਦੌਰ ਵਿਚ ਪ੍ਰੀਤਲੜੀ ਦੇ ਪ੍ਰਭਾਵ ਬਾਰੇ ਉਨ੍ਹਾਂ ਦਿਲਚਸਪ ਟਿੱਪਣੀ ਕੀਤੀ ਕਿ ਇਸ ਨਾਲ ਉਨ੍ਹਾਂ ਨੂੰ ਨਵਾਂ ਨਜ਼ਰੀਆ ਤੇ ਦੂਰ ਦ੍ਰਿਸ਼ਟੀ ਤਾਂ ਜ਼ਰੂਰ ਮਿਲੀ ਪਰ ਇਸ ਨੇ ਆਪਣੇ ਮੂਲ ਨਾਲੋਂ ਤੇ ਧਰਤੀ ਨਾਲੋਂ ਤੋੜਿਆ ਵੀ। ਉਦਾਹਰਣ ਵਜੋਂ ਉਨ੍ਹਾਂ ਦਸਿਆ ਕਿ ਵੰਡ ਵੇਲੇ ਦਾ ਖੁਨ ਖਰਾਬਾ ਉਨ੍ਹਾਂ ਅਪਣੇ ਸਾਹਮਣੇ ਵਾਪਰਦਾ ਦੇਖਿਆ ਪਰ ਪ੍ਰੀਤਲੜੀ ਰਾਹੀਂ ਉਨ੍ਹਾਂ ਨੂੰ ਬਾਹਰਲੇ ਸੰਸਾਰ ਜਿਵੇਂ ਕੋਰੀਆ ਦੇ ਲੋਕਾਂ ਦੇ ਦੁਖ ਦਰਦ ਦਾ ਤਾਂ ਅਹਿਸਾਸ ਹੋਇਆ, ਪਰ ਆਪਣੇ ਸਾਹਮਣੇ ਵਾਪਰ ਰਹੇ ਸੰਤਾਪ ਨੂੰ ਉਨ੍ਹਾਂ ਨੇ ਉਨੀ ਸ਼ਿੱਦਤ ਤੇ ਸੰਵੇਦਨਾ ਨਾਲ ਮਹਿਸੂਸ ਤੇ ਉਸ ਦਾ ਪ੍ਰਗਟਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੇਖਕ ਨੂੰ ਆਪਣੀ ਜ਼ਮੀਨ ਨਾਲ ਜੁੜਨਾ ਚਾਹੀਦਾ ਹੈ, ਇਸ ਵਿਚੋਂ ਹੀ ਉਸ ਨੂੰ ਜੀਵਨ ਸ਼ਕਤੀ ਤੇ ਊਰਜਾ ਮਿਲੇਗੀ। ਇਕ ਲੇਖਕ ਵਜੋਂ ਲਿਖਤ ਵਿਚ ਨਵੀਨਤਾ ਲਿਆਉਣ ਬਾਰੇ ਭਾਰਤੀ ਹੁਰਾਂ ਨੇ ਦਸਿਆ ਕਿ ਮੈਨੂੰ ਆਪਣੀਆਂ ਪਹਿਲੀਆਂ ਰਚਨਾਵਾਂ ਹੁਣ ਫਿੱਕੀਆਂ ਲਗਦੀਆਂ ਹਨ। ਇਸ ਮੌਕੇ ਲੇਖਕ ਤੇ ਉਸ ਦੀ ਲੇਖਣੀ ਦੇ ਸਰੋਕਾਰਾਂ ਬਾਰੇ ਬਹੁਤ ਦਿਲਚਸਪ ਵਿਚਾਰ ਚਰਚਾ ਵੀ ਹੋਈ ਜਿਸ ਵਿਚ ਸੁਖਵੰਤ ਹੁੰਦਲ, ਸੁਰਜੀਤ ਕਲਸੀ, ਜਰਨੈਲ ਸਿੰਘ ਸੇਖਾ, ਨਛੱਤਰ ਸਿੰਘ ਬਰਾੜ, ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ,ਅਜਮੇਰ ਰੋਡੇ, ਹਰਿੰਦਰ ਕੌਰ ਸੋਹੀ, ਡਾ. ਸਾਧੂ ਸਿੰਘ ਨੇ ਭਾਗ ਲਿਆ।
ਸਮਾਗਮ ਵਿਚ ਸ਼ਾਮਲ ਦੂਸਰੀ ਲੇਖਕਾ ਨਿਰਮਲ ਜਸਵਾਲ ਨੇ ਆਪਣੇ ਲੇਖਣ ਬਾਰੇ ਦੱਸਿਆ ਕਿ ਮੈਂ ਮਨੁਖੀ ਜੀਵਨ ਤੇ ਰਿਸ਼ਤਿਆਂ ਦੇ ਵਖ ਵਖ ਪਹਿਲੂਆਂ ਨੂੰ ਚਿਤਰਣ ਦਾ ਯਤਨ ਕਰਦੀ ਹਾਂ ਤੇ ਬਹੁਤ ਸਾਰੀਆਂ ਕਹਾਣੀਆਂ ਅਸਲ ਜੀਵਨ ਦੀਆਂ ਘਟਨਾਵਾਂ ਤੇ ਪਾਤਰਾਂ ਉਪਰ ਆਧਾਰਤ ਹਨ। ਇਨ੍ਹਾਂ ਵਿਚ ਕਈ ਵਿਸ਼ੇ ਬੋਲਡ ਵੀ ਹਨ ਜਿਨ੍ਹਾਂ ਕਾਰਨ ਉਨ੍ਹਾਂ ਦਾ ਅਕਸਰ ਮੁਕਾਬਲਾ ਵੀਨਾ ਵਰਮਾ ਦੀਆਂ ਰਚਨਾਵਾਂ ਨਾਲ ਕੀਤਾ ਜਾਂਦਾ ਹੈ ਪਰ ਉਨ੍ਹਾਂ ਕਿਹਾ ਕਿ ਮੇਰਾ ਲਿਖਣ ਦਾ ਆਪਣਾ ਸਟਾਈਲ ਹੈ। ਉਨ੍ਹਾਂ ਆਪਣੀ ਕਹਾਣੀ ਵੀ ਸਰੋਤਿਆਂ ਨੂੰ ਸੁਣਾਈ। ਨਿਰਮਲ ਜਸਵਾਲ ਨੇ ਭਾਸ਼ਾ ਵਿਭਾਗ ਵਲੋਂ ਐਲਾਨੇ ਗਏ ਪੁਰਸਕਾਰਾਂ ਬਾਰੇ ਵਿਚਾਰ ਪ੍ਰਗਟਾਏ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਤਿਨ ਸਾਲਾਂ ਵਿਚ ਕਿਸੇ ਵੀ ਇਸਤਰੀ ਲੇਖਕਾਂ ਨੂੰ ਸਨਮਾਨ ਲਈ ਨਹੀਂ ਚੁਣਿਆ ਗਿਆ। ਕੀ ਇਸ ਦਾ ਮਤਲਬ ਇਹ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਕਿਸੇ ਪੰਜਾਬੀ ਲੇਖਕਾ ਨੇ ਕੁਝ ਵੀ ਵਧੀਆ ਨਹੀਂ ਲਿਖਿਆ। ਇਸ ਵਿਸ਼ੇ ਬਾਰੇ ਵੀ ਕਾਫੀ ਭਖਵੀਂ ਵਿਚਾਰ ਚਰਚਾ ਹੋਈ। ਸਮਾਗਮ ਦਾ ਸੰਚਾਲਨ ਜਗਜੀਤ ਸੰਧੂ ਨੇ ਬਾਖੂਬੀ ਕੀਤਾ। ਇਸ ਮੌਕੇ ਦਰਸ਼ਨ ਮਾਨ, ਜੋਗਿੰਦਰ ਸ਼ਮਸ਼ੇਰ, ਅੰਮ੍ਰਿਤ ਮਾਨ, ਗਿੱਲ ਮੋਰਾਂਵਾਲੀ, ਅਮਰਜੀਤ ਚਾਹਲ, ਦਵਿੰਦਰ ਦੂਲੇ, ਮੀਨੂ ਬਾਵਾ, ਅਮਰੀਕ ਪਲਾਹੀ, ਗੁਰਦੀਪ ਭੁੱਲਰ ਤੇ ਹੋਰ ਸਾਹਿਤ ਪ੍ਰੇਮੀ ਸ਼ਾਮਲ ਸਨ।
↧
ਲੇਖਕ ਅਪਣੀ ਜ਼ਮੀਨ ਨਾਲ ਜੁੜਨ : ਨਵਤੇਜ ਭਾਰਤੀ
↧