ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਫਿਲਮ ਜੱਟ ਐਂਡ ਜੂਲੀਅਟ-2 ਨੇ ਅਪਣੀ ਪਹਿਲੀ ਫਿਲਮ ਦਾ ਰਿਕਾਰਡ ਤੋੜ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲੇ ਹੀ ਦਿਨ ਫਿਲਮ ਨੇ ਰਿਕਾਰਡ 1 ਕਰੋੜ 27 ਲੱਖ ਰੁਪਏ ਕਮਾਏ ਹਨ, ਜਦਕਿ ਪਹਿਲੇ ਹਫ਼ਤੇ ਦੇ ਤਿੰਨ ਦਿਨ ਫਿਲਮ ਨੇ 3 ਕਰੋੜ 82 ਲੱਖ ਰੁਪਏ ਕਮਾ ਕੇ ਨਵਾਂ ਰਿਕਾਰਡ ਬਣਾਇਆ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਆਈ ਜੱਟ ਐਂਡ ਜੂਲੀਅਟ ਨੇ ਪਹਿਲੇ ਹਫ਼ਤੇ ‘ਚ 2 ਕਰੋੜ 27 ਲੱਖ ਰੁਪਏ ਕਮਾਏ ਸਨ ਅਤੇ ਏਨੀ ਰਕਮ ਜੁਟਾਉਣ ਵਾਲੀ ਇਹ ਉਦੋਂ ਤੱਕ ਦੀ ਪਹਿਲੀ ਫਿਲਮ ਬਣੀ ਸੀ। ਜੱਟ ਐਂਡ ਜੂਲੀਅਟ-2 ਨੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਦੀ ਪੂਰੀ ਕਮਾਈ 4 ਕਰੋੜ 77 ਲੱਖ ਰੁਪਏ ਦੇ ਕਰੀਬ ਪਹੁੰਚ ਗਈ ਹੈ ਅਤੇ ਦਰਸ਼ਕਾਂ ਦੀਆਂ ਸਿਨੇਮਿਆਂ ਵਿਚ ਭੀੜਾਂ ਲੱਗ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਤੇ ਹੋਰਨਾਂ ਕਈ ਹਿੱਸਿਆਂ ਵਿਚ ਇਸ ਫਿਲਮ ਨੂੰ ਏਨੀ ਸਫ਼ਲਤਾ ਮਿਲ ਰਹੀ ਹੈ ਕਿ ਇਸ ਦੇ ਨਾਲ ਰਿਲੀਜ਼ ਹੋਈਆਂ ਫਿਲਮਾਂ ਸਾਹਮਣੇ ਨਹੀਂ ਟਿਕ ਰਹੀਆਂ ਅਤੇ ਸ਼ਹਿਰੀ ਵਰਗ ਦੀ ਵੱਡੀ ਗਿਣਤੀ ਫਿਲਮ ਵੇਖਣ ਜਾ ਰਹੀ ਹੈ। ਪਹਿਲੇ ਹਫ਼ਤੇ ਰਿਕਾਰਡ ਕਮਾਈ ਕਰਨ ਵਾਲੀਆਂ ਟੌਪ-5 ਫਿਲਮਾਂ ਵਿਚੋਂ ਪਹਿਲੀਆਂ ਦੋ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਮੁੱਖ ਭੂਮਿਕਾ ਵਾਲੀਆਂ ਜੱਟ ਐਂਡ ਜੂਲੀਅਟ ਹਨ ਅਤੇ ਅਗਲੀਆਂ ਤਿੰਨ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀਆਂ ਕੈਰੀ ਔਨ ਜੱਟਾ, ਲੱਕੀ ਦੀ ਅਣਲੱਕੀ ਸਟੋਰੀ ਅਤੇ ਮਿਰਜ਼ਾ ਹਨ।
↧
ਜੱਟ ਐਂਡ ਜੂਲੀਅਟ-2 ਨੇ ਤੋੜੇ ਰਿਕਾਰਡ
↧