ਨੀਰੂ ਬਾਜਵਾ ਨੇ ਬਾਂਹ ‘ਤੇ ਗੁਰਬਾਣੀ ਦੀਆਂ ਤੁਕਾਂ ਦਾ ਟੈਟੂ ਬਣਵਾਇਆ
ਸਿੰਘ ਸਾਹਿਬਾਨ ਨੇ ਗੁਰਬਾਣੀ ਤੇ ਹੋਰ ਧਾਰਮਿਕ ਚਿੰਨ੍ਹ ਵਾਲੇ ਟੈਟੂ ਬਣਵਾਉਣ ‘ਤੇ ਲਗਾਈ ਪਾਬੰਦੀ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬੀ ਫਿਲਮ ਅਭਿਨੇਤਰੀ ਨੀਰੂ ਬਾਜਵਾ ਵਲੋਂ ਅਪਣੀ ਬਾਂਹ ‘ਤੇ ਗੁਰਬਾਣੀ ਦੀਆਂ ਤੁਕਾਂ ਤੇ ਖੰਡਾ ਉਕਰਵਾਉਣ ਨੂੰ ਗੰਭੀਰਤਾ ਨਾਲ ਲੈਂਦਿਆਂ ਅਤੇ ਨੀਰੂ ਵਲੋਂ ਸਿੰਘ ਸਾਹਿਬਾਨ ਨੂੰ ਭੇਜੇ ਮੁਆਫ਼ੀਨਾਮੇ ‘ਤੇ ਵਿਚਾਰ ਕਰਦਿਆਂ ਇਸਨੂੰ ਸਵੀਕਾਰ ਕਰ ਲਿਆ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਕੱਤਰਤਾ ਵਿਚ ਨਿਰਣਾ ਕੀਤਾ ਗਿਆ ਹੈ ਕਿ ਭਵਿੱਖ ਵਿਚ ਗੁਰਬਾਣੀ ਦੀ ਬੇਅਦਬੀ ਕਰਨ ਅਤੇ ਅਪਣੇ ਸਰੀਰ ਉਤੇ ਗੁਰਬਾਣੀ ਜਾਂ ਧਾਰਮਿਕ ਚਿੰਨ੍ਹ ਟੈਟੂਆਂ ਦੇ ਰੂਪ ਵਿਚ ਉਕਰਵਾਉਣ ਵਾਲਿਆਂ ਨੂੰ ਸਿਰਫ ਮੁਆਫੀਨਾਮੇ ਨਾਲ ਛੁਟਕਾਰਾ ਨਹੀਂ ਮਿਲੇਗਾ, ਬਲਕਿ ਉਨ੍ਹਾਂ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕਰਾਇਆ ਜਾਵੇਗਾ। ਸਿੰਘ ਸਾਹਿਬਾਨ ‘ਤੇ ਸਰੀਰ ਉਤੇ ਇਕ-ਓਕਾਰ, ਖੰਡਾ ਜਾਂ ਹੋਰ ਗੁਰਬਾਣੀ ਸ਼ਬਦ ਉਕਰਾਉਣ ਤੋਂ ਮਨਾਹੀ ਕੀਤੀ ਹੈ। ਇਕ ਬਿਆਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਫਿਲਮੀ ਅਦਾਕਾਰਾ ਮੰਦਿਰਾ ਬੇਦੀ ਅਤੇ ਹੋਰ ਕਈ ਵਿਅਕਤੀਆਂ ਤੇ ਫਿਲਮੀ ਸਿਤਾਰਿਆਂ ਬਾਰੇ ਅਜਿਹੀਆਂ ਸ਼ਿਕਾਇਤਾਂ ਪੁੱਜੀਆਂ ਸਨ। ਸਿੰਘ ਸਾਹਿਬ ਨੇ ਕਿਹਾ ਕਿ ਪਾਵਨ ਗੁਰਬਾਣੀ ਦੀਆਂ ਤੁਕਾਂ ਆਪਣੇ ਸਰੀਰ ‘ਤੇ ਉਕਰਾਉਣ ਨਾਲ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ। ਉਨ੍ਹਾਂ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਉਹ ਵਿਅਕਤੀ ਜੋ ਥੋੜੀ ਜਿਹੀ ਪ੍ਰਸਿੱਧੀ ਲੈਣ ਕਾਰਨ ਅਪਣੇ ਸਰੀਰ ਦੇ ਕਿਸੇ ਹਿੱਸੇ ‘ਤੇ ਗੁਰਬਾਣੀ ਦੀਆਂ ਤੁਕਾਂ ਜਾਂ ਧਾਰਮਿਕ ਚਿੰਨ੍ਹ ਉਕਰਾਉਂਦੇ ਹਨ, ਉਹ ਬਾਜ ਆਉਣ ਨਹੀਂ ਤਾਂ ਉਨ੍ਹਾਂ ਖਿਲਾਫ਼ ਗੁਰ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਕੇਸ ਵੀ ਦਰਜ ਕਰਵਾਇਆ ਜਾਵੇਗਾ। ਨੀਰੂ ਨੇ ਕਿਹਾ ਕਿ ਉਹ ਵੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਜੋ ਗਲਤੀ ਜਾਣੇ-ਅਣਜਾਣੇ ਵਿਚ ਹੋਈ ਹੈ, ਉਸ ਲਈ ਉਹ ਪੂਰੀ ਸਿੱਖ ਕੌਮ ਤੋਂ ਮੁਆਫ਼ੀ ਮੰਗਦੀ ਹੈ। ਨੀਰੂ ਨੇ ਕਿਹਾ ਕਿ ਉਸ ਦੀ ਮਨਸ਼ਾ ਕਦੇ ਵੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ।