ਸੁਰਿੰਦਰ ਸੀਰਤ ਵਲੋਂ ਪੰਜਾਬੀ ਗ਼ਜ਼ਲ ਖੇਤਰ ‘ਚ
ਕੀਤੀ ਗਈ ਵੱਖਰੀ ਸ਼ਰੂਆਤ ਦਾ ਸਵਾਗਤ
ਵਿਪਸਾ ਦੀ ਸਾਹਿਤਕ ਮਹਿਫ਼ਲ ਵਿੱਚ ਸ਼ਾਇਰ ਇਕਵਿੰਦਰ ਨਾਲ ਰੂਬਰੂ
ਫਰੀਮਾਂਟ/ਬਿਊਰੋ ਨਿਊਜ਼:
ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾ) ਨੇ ਸ਼ਬਦ, ਸੁਰ ਅਤੇ ਤਾਲ ਦਾ ਸੁਮੇਲ ਪ੍ਰਸਤੁਤ ਕਰਦੀ ਗ਼ਜ਼ਲ ਗਾਇਕੀ ਨੂੰ, ਚੜ੍ਹਦੇ ਅਤੇ ਲਹਿੰਦੇ ਪੰਜਾਬ ਦਿਆਂ ਅਦੀਬਾਂ ਦੀ ਕਰਾਈ ਗਈ ਇਕ ਮਹੱਤਵਪੂਰਨ ਇਕੱਤਰਤਾ ਵਿਚ, ਸ਼ਾਇਰ ਸੁਰਿੰਦਰ ਸੀਰਤ ਵਲੋਂ ਪ੍ਰਸਤੁਤ ਐਲਬਮ ‘ਤਿਸ਼ਨਗੀ’ ਨੂੰ ਲੋਕਅਰਪਨ ਕਰਨ ਦੀ ਖ਼ੁਸ਼ੀ ਪ੍ਰਾਪਤ ਕੀਤੀ। ਇਸ ਬੈਠਕ ਦੀ ਪ੍ਰਧਾਨਗੀ ਪੱਤਰਕਾਰ ਤੇ ਕਹਾਣੀਕਾਰ ਸਿੱਧੂ ਦਮਦਮੀ ਨੇ ਕੀਤੀ ਅਤੇ ਡਾ. ਸਰਬਜੀਤ ਸਿੰਘ ਹੁੰਦਲ ਤੇ ਡਾ. ਅਜੀਤਪਾਲ ਸਿੰਘ ਸੰਧੂ ਮੁਖ ਮਹਿਮਾਨਾਂ ਵਜੋਂ ਸ਼ਸ਼ੋਬਤ ਹੋਏ। ‘ਸਿਰਨਾਵਾਂ’ ਪਰਚੇ ਦੇ ਸੰਪਾਦਕ ਜਨਕ ਰਾਜ ਅਤੇ ਵਿਪਸਾ ਦੇ ਚੇਅਰਮੈਨ ਗੁਰੂਮੇਲ ਸਿੱਧੂ ਵੀ ਪ੍ਰਧਾਨਗੀ ਮੰਡਲ ਦੀ ਅਮੀਰੀ ਵਧਾਉਣ ਲਈ ਆਮੰਤ੍ਰਿਤ ਕੀਤੇ ਗਏ। ਵਿਪਸਾ ਦੇ ਜਨਰਲ ਸਕੱਤਰ ਹਰਜਿੰਦਰ ਕੰਗ ਨੇ ਸਟੇਜ ਸਕੱਤਰ ਦਾ ਕਾਰਜ ਬਾਖ਼ੂਬੀ ਨਿਭਾਇਆ। ਸੁਰਿੰਦਰ ਸੀਰਤ ਨੇ ਕਿਹਾ, ‘ਮੇਰੀ ਇਹ ਦਿਲੀ ਤਮੰਨਾ ਸੀ ਕਿ ਪੰਜਾਬੀ ਗ਼ਜ਼ਲਾਂ ਨੂੰ ਵੀ ਉਰਦੂ ਗ਼ਜ਼ਲਾਂ ਵਾਂਗ ਹੀ ਗਾਇਆ ਜਾਏ। ਮੇਰੀ ਇਹ ਕੋਸ਼ਿਸ਼ ਕਿੱਥੋਂ ਤੀਕ ਸਾਰਥਕ ਹੈ, ਇਸ ਦਾ ਫ਼ੈਸਲਾ ਪੰਜਾਬੀ ਗ਼ਜ਼ਲ ਦੇ ਹਿਤੈਸ਼ੀ ਹੀ ਕਰ ਸਕਦੇ ਹਨ, ਮੈਨੂੰ ਇਸ ਦੀ ਉਡੀਕ ਰਹੇਗੀ। ਇਸ ਐਲਬਮ ਦੀਆਂ ਵਖ ਵਖ ਅਠ ਬਹਿਰਾਂ ਵਿਚ ਰਚਿਤ ਗ਼ਜ਼ਲਾਂ ਨੂੰ ਵਖ ਵਖ ਅੱਠਾਂ ਰਾਗਾਂ ਤੇ ਆਧਾਰਤ, ਰਿਆਸਤ ਜੰਮੂ ਕਸ਼ਮੀਰ ਦੇ ਪ੍ਰਸਿਧ ਗ਼ਜ਼ਲ ਗਾਇਕ ਜਨਾਬ ਸ਼ਾਮ ਸਾਜਨ ਨੇ ਸੰਗੀਤ ਬੱਧ ਕੀਤਾ ਹੈ। ਮੈਂ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਸਾਰੀ ਟੀਮ, ਖਾਸ ਕਰ ਕੇ ਗੁਰਸ਼ਰਨ ਕੌਰ, ਸਰਗਮ ਪੰਤ, ਕੁਲਦੀਪ ਸਪਰੂ ਅਤੇ ਪ੍ਰਦੀਪ ਖੰਨਾ ਦਾ ਹਮੇਸ਼ਾਂ ਰਿਣੀ ਰਹਾਂਗਾ। ਸੀਰਤ ਨੇ ਪੰਜਾਬੀ ਦੇ ਮੁਮਤਾਜ਼ ਸ਼ਾਇਰ ਜਨਾਬ ਰਵਿੰਦਰ ਰਵੀ ਵਲੋਂ ਭੇਜੀ ਗਈ ਇਕ ਈਮੇਲ ਚੋਂ, ਕੁਝ ਸ਼ਬਦ, ਸਰੋਤਿਆਂ ਨਾਲ ਸਾਂਝੇ ਕੀਤੇ,’ ….your unique style, choice of diction, imagination and artistic creativity make your Ghazals outstanding. The musical composition is superb and with its classical dimensions, it explores new horizons for the Modern Punjabi Ghazal. Singers have given an excellent performance in catching the themes, shades, moods and style of the spirit of your Ghazals. The narrator has given appropriate introduction to lead us into the creative universe of your Ghazals.”
‘ਤਿਸ਼ਨਗੀ’ ਸਬੰਧੀ ਗੱਲ ਕਰਦਿਆਂ ਡਾ. ਖਵਾਜਾ ਅਸ਼ਰਫ਼ ਨੇ ਫਰਮਾਇਆ, ‘ਇਸ ਐਲਬਮ ਤੋਂ ਸਿੱਧ ਹੁੰਦਾ ਹੈ ਕਿ ਗ਼ਜ਼ਲ ਲਈ ਪੰਜਾਬੀ ਦਾ ਮਾਹੌਲ ਫ਼ਾਰਸੀ ਨਾਲੋਂ ਵਧ ਮੁਆਫ਼ਿਕ ਹੈ। ਮੈਂ ਇਸ ਨੂੰ ਸੁਣ ਕੇ ਬਹੁਤ ਮੁਤਾਸਰ ਹੋਇਆ ਹਾਂ”। ਡਾ. ਗੁਰੂਮੇਲ ਸਿੱਧੂ ਨੇ ‘ਤਿਸ਼ਨਗੀ’ ਨੂੰ ਖੂਬ ਸੁਣਿਆ ਹੈ, ਇੱਥੋਂ ਤਕ ਕਿ ਆਪ ਨੇ ਇਸ ਵਿਚ ਗਾਈਆਂ ਗਈਆਂ ਗ਼ਜ਼ਲਾਂ ਦਿਆਂ ਅੱਠਾਂ ਰਾਗਾਂ ਨੂੰ ਕਰਮਵਾਰ, ਰਾਗ ਕੀਰਵਾਨੀ, ਚਾਰੂ ਕਿਸ਼ਸ਼, ਭਿੰਨ ਸ਼ੜਗ, ਪਹਾੜੀ, ਤਿਲਕ ਕਾਮੋਜ, ਪੀਲੂ, ਦਰਬਾਰੀ ਕਾਨੜਾ ਅਤੇ ਰਾਗ ਭੈਰਵੀ ਅਨੁਸਾਰ ਦਰਸਾਇਆ। ਇੰਜ ਹੀ ਸੁਖਵਿੰਦਰ ਕੰਬੋਜ ਨੇ ‘ਤਿਸ਼ਨਗੀ’ ਨੂੰ ਪੰਜਾਬੀ ਗ਼ਜ਼ਲ ਗਾਇਕੀ ਵਿਚ ਆਰੰਭਕ ਮੀਲ ਪੱਥਰ ਹੋਣ ਵਜੋਂ ਸੰਗਿਆ ਦਿੱਤੀ। ਹੋਰ ਜਿਨ੍ਹਾਂ ਨੇ ਆਪੋ ਆਪਣੀ ਪ੍ਰਤਿਭਾ ਅਨੁਸਾਰ ਇਸ ਐਲਬਮ ਸਬੰਧੀ ਸ਼ਬਦ ਕਹੇ ਉਨ੍ਹਾਂ ਵਿਚ ਸ਼ਸ਼ੀ ਸਮੁੰਦਰਾਂ, ਸੁਰਿੰਦਰ ਧਨੋਆ, ਗੁਰਪ੍ਰੀਤ ਸਿੰਘ ਬਰਸਾਲ, ਡਾ. ਅਜੀਤਪਾਲ ਸਿੰਘ ਸੰਧੂ, ਜਨਕ ਰਾਜ ਸਿੰਘ ਅਤੇ ਜਸਪਾਲ ਸੂਸ ਪੇਸ਼ ਪੇਸ਼ ਰਹੇ। ਬੈਠਕ ਦੇ ਪ੍ਰਧਾਨ ਸਿੱਧੂ ਦਮਦਮੀ ਨੇ ਸੀਰਤ ਵਲੋਂ ਕੀਤੇ ਗਏ ਇਸ ਉਪਰਾਲੇ ਨੂੰ ਪੰਜਾਬੀ ਗ਼ਜ਼ਲ ਦੇ ਹਿਤ ਵਿਚ ਇਕ ਸ਼ਲਾਘਾਯੋਗ ਅਤੇ ਪਹਿਲੇ ਉਦਮ ਵਜੋਂ ਸਲਾਹਿਆ।
ਇਕੱਤਰਤਾ ਦੇ ਦੂਜੇ ਦੌਰ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਭਾਰਤ ਤੋਂ ਪਧਾਰੇ ਨਾਮਵਰ ਗ਼ਜ਼ਲ ਕਾਰ ਇਕਵਿੰਦਰ ਸਿੰਘ ਢੱਡ, ਜਸਪਾਲ ਸੂਸ, ਸੁਖਵਿੰਦਰ ਕੰਬੋਜ ਅਤੇ ਸੁਰਿੰਦਰ ਸੀਰਤ ਸ਼ਾਮਲ ਹੋਏ, ਦੌਰਾਨ ਦੋ ਪੁਸਤਕਾਂ ਨੂੰ ਲੋਕ ਅਰਪਣ ਕੀਤਾ ਗਿਆ।‘Another Aspect of Ghadar Movement’ ਡਾ. ਗੁਰੂਮੇਲ ਸਿੱਧੂ ਵਲੋਂ ਪ੍ਰਸਾਰਤ ਪੁਸਤਕ, ਜੋ ਕਿ ਅੰਗਰੇਜ਼ੀ ਵਿਚ ਹੈ ਨੂੰ ਲੋਕ ਅਰਪਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਫ਼ਿਜ਼ਿਕਸ ਵਿਭਾਗ ਦੇ ਰਿਟਾਇਰਡ ਪ੍ਰੋਫ਼ੈਸਰ ਹਰਦੇਵ ਸਿੰਘ ਵਿਰਕ ਨੇ ਫਰਮਾਇਆ ਕਿ ਇਹ ਅਜਿਹੀ ਖੋਜ ਭਰਪੂਰ ਪੁਸਤਕ ਹੈ ਜਿਸ ਦੁਆਰਾ ਉਸ ਸਮੇਂ ਦੇ ਇਤਿਹਾਸ ਰਾਹੀਂ ਨਸਲੀ ਵਿਤਕਰੇ ਜਿਹੇ ਸੰਦਰਭਾਂ ਤੇ ਚਾਨਣ ਪਵੇਗਾ। ਦੂਜੀ ਪੁਸਤਕ ‘ਅਣਕਹੀਆਂ’ ਵੀ ਵਿਪਸਾ ਦੀ ਬਹੁ ਚਰਚਿਤ ਸ਼ਾਇਰਾ ਗੁਲਸ਼ਨ ਦਿਆਲ ਦੀ ‘ਗਜਰ’ਤੋਂ ਬਾਅਦ ਦੂਜੀ ਕਾਵਿ ਪੁਸਤਕ ਹੈ। ਇਸ ਸਬੰਧੀ ਸੁਰਿੰਦਰ ਸੀਰਤ ਨੇ ਵਿਚਾਰ ਰਖਦਿਆਂ ਕਿਹਾ ਕਿ ਗੁਲਸ਼ਨ ਦਿਆਲ, ਇਸ ਪੁਸਤਕ ਰਾਹੀਂ ਆਪਣੀ ਵਿਲੱਖਣ ਮੋਲਕਤਾ ਪ੍ਰਾਪਤ ਕਰਨ ਵਿਚ ਸਫਲ ਹੋ ਚੁਕੀ ਹੈ। ਉਸ ਦੀ ਸ਼ਾਇਰੀ ਜਿੱਥੇ ਇਸ਼ਕ ਹਕੀਕੀ ਵਿਚ ਅਧਿਆਤਮਕ ਰੰਗਤ ਨਾਲ ਭਿੰਨ ਹੈ ਉੱਥੇ ਹੀ ਉਸ ਦੀ ਆਤਮਾ ਵਿੱਚੋਂ ਸੰਨ 47 ਤੋ ਲੈ ਕੇ ਹੁਣ ਤੀਕ ਦੀ ਅਬਲਾ ਔਰਤ ਦੀ ਦੁਰਦਿਸ਼ਾ ਦੀ ਰਤ ਟਪਕ ਰਹੀ ਹੈ ।
ਵਿਪਸਾ ਦੇ ਚੇਅਰਮੈਨ ਕੁਲਵਿੰਦਰ ਵਲੋਂ ਲਿਖਤੀ ਤੌਰ ਉਤੇ ਦਿੱਤੀ ਜਾਣਕਾਰੀ ਅਨੁਸਾਰ ਇਸੇ ਬੈਠਕ ਵਿਚ ਸ਼ਾਇਰ ਇਕਵਿੰਦਰ ਨਾਲ ਰੂ-ਬ-ਰੂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਸਾਹਿਤਕ ਸਫਰ ਪ੍ਰਤੀ ਸਾਂਝ ਦਰਸਾਈ ਅਤੇ ਆਪਣੀਆਂ ਵਿਲੱਖਣ ਗ਼ਜ਼ਲਾਂ ਦੇ ਪ੍ਰਸਾਰਨ ਨਾਲ ਸਮਾਂ ਬੰਨਿਆ। ਇਸ ਮਗਰੋਂ ਕਵੀ ਦਰਬਾਰ ਦੀ ਸ਼ਮਾਂ ਰੌਸ਼ਨ ਹੋਈ ਜਿਸ ਵਿਚ ਜਿਨ੍ਹਾਂ ਸ਼ਾਇਰਾਂ ਮੂਹਰੇ ਸ਼ਮਾਂ ਰੱਖੀ ਗਈ ਉਨ੍ਹਾਂ ਵਿਚ ਕੁਲਵਿੰਦਰ, ਈਸ਼ਰ ਸਿੰਘ ਮੋਮਨ, ਨੱਨੂ ਨੂਰ, ਪ੍ਰਿੰ. ਹਜ਼ੂਰਾ ਸਿੰਘ, ਰੇਸ਼ਮ ਸਿੱਧੂ, ਸ਼ੱਸ਼ੀ ਸਮੁੰਦਰਾ, ਅਵਤਾਰ ਗੋਂਦਾਰਾ, ਅਰਚਨਾ ਪਾਂਡੇ, ਕਰਮ ਸਿੰਘ ਮਾਨ, ਤਾਰਾ ਸਾਗਰ, ਚਰਨਜੀਤ ਸਿੰਘ ਪੰਨੂ, ਸੁਖੀ ਧਾਲੀਵਾਲ ਸ਼ਾਮਲ ਰਹੇ। ਇਹਨਾਂ ਤੋਂ ਛੁਟ ਕਾਲਮਨੀਸ ਅਸ਼ੋਕ ਭੌਰਾ, ਪੱਤਰਕਾਰ ਜਸਵੰਤ ਸੈਦੋਕੇ, ਲਖਵਿੰਦਰ ਸਿੰਘ ਗਿੱਲ, ਗੁਰਚਰਨ ਫਲਕ, ਪੰਕਜ, ਰੰਗਮੰਚ ਦੀ ਅਭਿਨੇਤਰੀ ਰਵਿੰਦਰ ਕੌਰ ਢਿੱਲੋਂ, ਅਦਾਕਾਰ ਅਮਨ ਧਾਲੀਵਾਲ, ਕਹਾਣੀਕਾਰਾ ਅਮਰਜੀਤ ਪੰਨੂ, ਅੰਮ੍ਰਿਤਸਰ ਤੋਂ ਪ੍ਰਭਦਿਆਲ ਸਿੰਘ ਰੰਧਾਵਾ, ਧਰਮ ਸਿੰਘ ਪਰਵਾਰ ਅਤੇ ਸੀਰਤ ਪਰਿਵਾਰ ਨੇ ਇਸ ਸਮਾਗਮ ਵਿਚ ਸ਼ਲਾਘਾ ਭਰਪੂਰ ਹਾਜ਼ਰੀ ਭਰੀ।
↧
‘ਤਿਸ਼ਨਗੀ’: ਸ਼ਾਇਰੀ ਅਤੇ ਸੁਰਾਂ ਦਾ ਮਾਣਨਯੋਗ ਜਸ਼ਨ
↧