ਜਲੰਧਰ/ਬਿਊਰੋ ਨਿਊਜ਼
ਸ਼ੈਰੀ ਮਾਨ ਦੀ ਅਦਾਕਾਰੀ ਵਾਲੀ ਨਵੀਂ ਪੰਜਾਬੀ ਫਿਲਮ ‘ਓਏ ਹੋਏ ਪਿਆਰ ਹੋ ਗਿਆ’ 14 ਜੂਨ ਨੂੰ ਦੇਸ਼-ਵਿਦੇਸ਼ ‘ਚ ਰਿਲੀਜ਼ ਹੋਣ ਜਾ ਰਹੀ ਹੈ। ਸ਼ੈਰੀ ਮਾਨ ਨੇ ਕਿਹਾ ਹੈ ਕਿ ਉਸ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ ਪਰ ਫਿਲਮਾਂ ‘ਚ ਆਉਣ ਦਾ ਸਬੱਬ ਪ੍ਰਸ਼ੰਸਕਾਂ ਦੇ ਜ਼ੋਰ ਪਾਉਣ ਨਾਲ ਬਣਿਆ। ਉਨ੍ਹਾਂ ਕਿਹਾ ਕਿ ਅਦਾਕਾਰੀ ਦਾ ਖੇਤਰ ਬੇਸ਼ੱਕ ਉਸ ਲਈ ਨਵਾਂ ਤੇ ਚੁਣੌਤੀ ਭਰਪੂਰ ਸੀ ਪਰ ਉਸ ਦੇ ਸਾਥੀ ਕਲਾਕਾਰਾਂ ਬੀਨੂੰ ਢਿੱਲੋਂ ਅਤੇ ਰਾਣਾ ਰਣਬੀਰ ਜਿਨ੍ਹਾਂ ਨਾਲ ਉਹ ਪਹਿਲਾਂ ਵੀ ਸਟੇਜ ਸ਼ੋਅ ਕਰਦੇ ਰਹੇ ਹਨ, ਕਾਰਨ ਸੈਟ ‘ਤੇ ਪੂਰਾ ਮਾਹੌਲ ਦੋਸਤਾਨਾ ਰਿਹਾ ਤੇ ਉਨ੍ਹਾਂ ਨੂੰ ਅਦਾਕਾਰੀ ਵਿਚ ਕਿਸੇ ਕਿਸਮ ਦੀ ਕੋਈ ਦਿੱਕਤ ਮਹਿਸੂਸ ਨਹੀਂ ਹੋਈ।
ਸ਼ੈਰੀ ਮਾਨ ਨੇ ਦੱਸਿਆ ਕਿ ਇਹ ਫਿਲਮ ਹਾਸਰਸ ਨਾਲ ਭਰਪੂਰ ਇਕ ਪ੍ਰੇਮ ਕਹਾਣੀ ‘ਤੇ ਆਧਾਰਿਤ ਹੈ ਤੇ ਇਸ ਦਾ ਸੰਗੀਤ ਵੀ ਲੋਕਾਂ ਦੇ ਸਿਰ ਚੜ੍ਹ ਬੋਲੇਗਾ। ਫਿਲਮ ਵਿਚ ਉਹ ਸ਼ੈਰੀ ਨਾਂਅ ਦੇ ਨੌਜਵਾਨ ਦਾ ਕਿਰਦਾਰ ਨਿਭਾਅ ਰਹੇ ਹਨ ਤੇ ਉਸ ਦੇ ਦੋਸਤ ਹੈਰੀ ਦਾ ਰੋਲ ਰਾਣਾ ਰਣਬੀਰ ਵਲੋਂ ਨਿਭਾਇਆ ਜਾ ਰਿਹਾ ਹੈ। ਨੌਜਵਾਨ ਸ਼ੈਰੀ ਦੱਖਣ ਭਾਰਤੀ ਫਿਲਮਾਂ ਦੀ ਨਾਇਕਾ ਨਿਹਾਰਿਕਾ (ਮੀਤ) ਨਾਲ ਪਿਆਰ ਕਰਦਾ ਹੈ ਪਰ ਦੋਸਤ ਹੈਰੀ ਦੀਆਂ ਸਲਾਹਾਂ ਕਾਰਨ ਸ਼ੈਰੀ ਨੂੰ ਅਪਣਾ ਪਿਆਰ ਪ੍ਰਾਪਤ ਕਰਨ ਵਿਚ ਆਉਂਦੀਆਂ ਦਿੱਕਤਾਂ ਫਿਲਮ ਨੂੰ ਮਨੋਰੰਜਕ ਤੇ ਹਾਸਰਸ ਭਰਪੂਰ ਬਣਾਉਂਦੀਆਂ ਹਨ। ਆਦਿਤਿਆ ਸੂਦ ਵਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਯੋਗਰਾਜ ਸਿੰਘ ਤੇ ਬੀਨੂੰ ਢਿੱਲੋਂ ਵੀ ਅਹਿਮ ਰੋਲ ਵਿਚ ਹਨ। ਫਿਲਮ ਦੀ ਸ਼ੂਟਿੰਗ ਹਾਜ਼ੀਪੁਰ (ਹੁਸ਼ਿਆਰਪੁਰ), ਚੰਡੀਗੜ੍ਹ ਤੇ ਕੁੱਲੂ ਮਨਾਲੀ ਵਿਖੇ ਕੀਤੀ ਗਈ ਹੈ। ਫਿਲਮ ਦੇ 7 ਗੀਤਾਂ ਵਿਚੋਂ 6 ਗੀਤ ਸ਼ੈਰੀ ਮਾਨ ਵਲੋਂ ਖੁਦ ਲਿਖੇ ਅਤੇ ਗਾਏ ਗਏ ਹਨ, ਜਦਕਿ ਸੰਗੀਤ ਗੁਰਮੀਤ ਸਿੰਘ ਵਲੋਂ ਦਿੱਤਾ ਗਿਆ ਹੈ।
↧
‘ਓਏ ਹੋਏ ਪਿਆਰ ਹੋ ਗਿਆ’
↧