Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਹਰਜਿੰਦਰ ਕੰਗ:  ਅਨੁਭਵੀ ਸ਼ਾਇਰ

$
0
0

titleaappadoveyrus
ਗੁਰੂਮੇਲ ਸਿੱਧੂ
ਹਰਜਿੰਦਰ ਕੰਗ ਬਹੁਤ ਹੀ ਅਨੁਭਵੀ ਸ਼ਾਇਰ ਹੈ। ਮੇਰਾ ਇਹ ਵਿਚਾਰ ਉਸ ਦੀ ਸਮੁੱਚੀ ਕਵਿਤਾ ਨੂੰ ਪੜ੍ਹਨ Àਪਰੰਤ ਬਣਿਆਂ ਹੈ। ਅਨੁਭਵ (Perception)  ਤੋਂ ਵਗੈਰ ਕਵਿਤਾ ਰਚੀ ਨਹੀਂ, ਬਣਾਈ ਜਾ ਸਕਦੀ ਹੈ। ਹਰਜਿੰਦਰ ਦੀ ਬਹੁਤੀ ਕਵਿਤਾ ਰਚੀ ਹੋਈ ਮਹਿਸੂਸ ਹੁੰਦੀ ਹੈ। ਅਨੁਭਵ ਕੀ ਹੈ? ਪੰਜਾਬੀ ਦੇ ਵਿਦਵਾਨ ਆਲੋਚਕ, ਸੰਤ ਸਿੰਘ ਸੇਖੋਂ ਅਨੁਸਾਰ, ”ਮਨੁੱਖ ਉੱਤੇ ਜੋ ਵਰਤਦੀ ਘਟਦੀ ਹੈ, ਉਸ ਦੀ ਸੂਝ ਅਤੇ ਇਸ ਸੂਝ ਦੇ ਸੁਭਾਵ ਔਰ ਕਰਮ ਰਾਹੀਂ ਪ੍ਰਗਟ ਹੋਣ ਨੂੰ ਅਸੀਂ ਅਨੁਭਵ ਦਾ ਪ੍ਰਕਾਸ਼ ਕਹਿ ਸਕਦੇ ਹਾਂ।” ਸੇਖੋਂ ਹੋਰੀਂ ਜਿਸ ਨੂੰ ਪ੍ਰਕਾਸ਼ ਕਹਿੰਦੇ ਉਹ ਸਾਡੇ ਆਲੇ-ਦੁਆਲੇ ਪੱਸਰੀ ਹੋਈ ਕਾਇਨਾਤ ਦਾ ਕ੍ਰਿਸ਼ਮਾ ਹੈ ਜਿਸ ਨੂੰ ਗਿਆਨ ਇੰਦਰੀਆਂ (Sensory organs) ਮਹਿਸੂਸ ਕਰਕੇ ਅਨੁਭਵ ਦਾ ਹਿੱਸਾ ਬਣਾਉਂਦੀਆਂ ਹਨ। ਕੁਦਰਤ ਦੇ ਪ੍ਰਕਾਸ਼  ਨੂੰ ਅੱਖ ਨਿਹਾਰਦੀ ਹੈ, ਕੰਨ ਇਸ ਦੀ ਸਿੰਫਨੀ ਨੂੰ ਸੁਣਦੇ ਹਨ, ਇਸ ਵਿਚ ਰਚੀ ਹੋਈ ਖੁਸ਼ਬੋ ਨੂੰ ਨੱਕ ਸੁੰਘਦਾ ਹੈ, ਇਸ ‘ਚੋਂ ਟਪਕਦੇ ਰਸ ਨੂੰ ਜੀਭਾ ਚੱਖਦੀ ਹੈ ਅਤੇ ਤਵਚਾ ਦੇ ਸਪੱਰਸ਼ ਰਾਹੀਂ ਇਸ ਦੀ ਛੋਹ ਨੂੰ ਮਹਿਸੂਸ ਕਰਦੇ ਹਾਂ। ਇਹ ਕਿਰਿਆਵਾਂ ਮਿਲ ਕੇ ਸਾਡੇ ਆਲੇ ਦੁਆਲੇ ਪ੍ਰਕਾਸ਼ ਹੋਈ ਪਈ ਕੁਦਰਤ ਨਾਲ ਇਕਮਿਕ ਹੋਣ ਦਾ ਅਹਿਸਾਸ (6eelings) ਪੈਦਾ ਕਰਦੀਆਂ ਹਨ। ਇਹ ਅਹਿਸਾਸ, ਚੇਤਨਾ (3onsciousness) ਅਤੇ ਅਵਚੇਤਨਾ (Sub-3onsciousness) ਰਾਹੀਂ  ਪ੍ਰਤੱਖ ਗਿਆਨ (Perception)  ਦਾ ਹਿੱਸਾ ਬਣਦਾ  ਹੈ ਜਿਸ ਨੂੰ ਅਸੀਂ ਅਨੁਭਵ ਕਹਿੰਦੇ ਹਾਂ। ਅਨੁਭਵ ਇਨਸਾਨ ਦੀ ਬਹੁਤ ਹੀ ਸੂਖਮ ਅਤੇ ਮਹੱਤਵਪੂਰਨ ਕਿਰਿਆ ਹੈ, ਜਿਸ ਤੋਂ ਵਗੈਰ ਸਾਡੀ ਹੋਂਦ ਦੀ ਗਤੀ ਨਹੀਂ।
ਅਨੁਭਵੀ ਕਵਿਤਾ ਦੀ ਪਰਖ ਕੀ ਹੈ? ਕਵਿਤਾ ਦਾ ਆਪਣਾ ਇਕ ਊਰਜਾ-ਖੇਤਰ ਹੁੰਦਾ  ਹੈ ਜਿਸ ਦੀਆਂ ਤਰੰਗਾਂ (Wavelengths)  ਲੇਖਕ  ਅਤੇ ਪਾਠਕ ਵਿਚਕਾਰ ਨਾਤਾ ਸਥਾਪਤ ਕਰਦੀਆਂ ਹਨ। ਉਸੇ ਤਰਾਂ ਜਿਵੇਂ  ਰੇਡੀਉ ਵੇਵ ਜਿੰਗਥ (Radio wave length)  ਦੇ ਘੇਰਾ ਵਿਚ ਵਸਦੇ ਸਰੋਤੇ ਰੇਡੀਉ ਨੂੰ ਸੁਣ ਸਕਦੇ ਹਨ। ਸਵਾਲ ਹੈ ਕਿ ਕਵਿਤਾ ਅਤੇ ਪਾਠਕ ਵਿਚਕਾਰ ਇਹ ਸੰਪਰਕ ਕਿਸ ਪੱਧਰ ਤੇ ਵਿਚਰਦਾ  ਹੈ?  ਇਸ ਦਾ ਨਿਤਾਰਾ  ਕਵਿਤਾ ਦੇ ਅਰਥ-ਸੰਚਾਰ ਦੇ ਪੱਧਰ ਤੇ ਨਿਰਭਰ ਹੈ ਜਿਸ ਨੂੰ ਆਲੋਚਕ ਅਤੇ ਪਾਠਕ  ਆਪਣੇ ਆਪਣੇ ਢੰਗ ਨਾਲ ਪਰਖਦੇ ਹਨ। ਪੜ੍ਹੇ ਲਿਖੇ ਪਾਠਕ ਅਨੁਭਵੀ ਕਵਿਤਾ  ਚੋਂ ਗਿਆਨ ਗ੍ਰਹਿਣ ਕਰਦੇ ਹਨ, ਸੁਲਝੇ ਹੋਏ ਇਸ ਦਾ ਆਨੰਦ ਮਾਣਦੇ  ਹਨ ਅਤੇ ਸਾਧਾਰਨ ਪਾਠਕਾਂ ਲਈ ਇਹ ਗੁੰਗੇ ਦੇ ਗੁੜ ਖਾਣ ਵਾਲੀ ਗੱਲ ਹੁੰਦੀ  ਹੈ। ਅਨੁਭਵ ਦੀ ਨਿਸ਼ਾਨਦੇਹੀ ਵਿਸ਼ੇ (3ontent)  ਅਤੇ ਰੂਪ (6orm)  ਦੀ ਪੂਰਕਤਾ ਕਰਦੀ ਹੈ। ਇਹ ਸੰਧੀ ਤਦ ਹੀ ਸਥਾਪਤ ਹੋਵੇਗੀ ਜੇ ਰੂਪ, ਵਿਸ਼ੇ ਦੀ ਤਾਸੀਰ ਅਨੁਸਾਰ ਢਲਿਆ ਹੋਇਆ ਹੋਵੇਗਾ। ਅੰਗਰੇਜ਼ੀ ਦੇ ਪ੍ਰਸਿੱਧ ਕਵੀ ਅਤੇ ਆਲੋਚਕ, ਚਾਰਲਜ਼  ਔਲਸਨ, ਨੇ ਇਨ੍ਹਾਂ ਤੱਥਾਂ ਨੂੰ ਮੁੱਖ ਰਖਦਿਆਂ ਇਕ ਮਨੌਤ ਦੀ ਸਥਾਪਨਾ ਕੀਤੀ ਸੀ ਜਿਸ ਅਨੁਸਾਰ, ‘ਰੂਪ, ਵਿਸ਼ੇ ਦੇ ਵਾਹਣ ਤੋਂ ਕਦੇ ਵੀ ਬਾਹਰਾ ਨਹੀਂ ਹੁੰਦਾ’ (6orm is  never more  than an extension of content)।  ਭਾਵਆਰਥ  ਇਹ ਕਿ ਵਿਸ਼ਾ ਆਪਣਾ ਰੂਪ ਖੁਦ ਸਿਰਜਦਾ ਹੈ। ਸਿੱਧੇ ਸ਼ਬਦਾ ਵਿਚ ਵਿਸ਼ੇ ਦੇ ਊਰਜਾ-ਖੇਤਰ  ਦੀ ਹੱਦਬੰਦੀ, ਰੂਪ ਕਰਦਾ ਹੈ, ਅਤੇ ਇਸ ਖੇਤਰ ਦਾ ਕੇਂਦਰੀ ਬਿੰਦੂ ਹੁੰਦਾ ਹੈ ਅਨੁਭਵ। ਅਨੁਭਵ ਕਲਿਆਣਕਾਰੀ  ਸਾਹਿਤ ਦਾ ਖਾਸਾ ਹੈ ਜੋ ਕਵਿਤਾ  ਦੀ ਕਿਸੇ ਵੀ ਵਿਧਾ ਰਾਹੀਂ ਵਿਅਕਤ ਹੋ ਸਕਦਾ ਹੈ।
ਹਰਜਿੰਦਰ ਕੰਗ ਆਪਣੇ ਹਾਵਾਂ ਭਾਵਾਂ ਨੂੰ ਵਿਅਕਤ ਕਰਨ ਲਈ ਗੀਤ ਅਤੇ ਗ਼ਜ਼ਲ  ਦੀ ਵਿਧਾ ਵਰਤਦਾ ਹੈ। ਕਵਿਤਾ ਦੇ ਇਹ ਦੋਵੇਂ ਭੇਦ  ਛੰਦਾਬੰਦੀ ਅਤੇ ਅਰੂਜ਼ ਦੇ ਪਾਬੰਦ ਹਨ, ਫਲਸਰੂਪ, ਤੋਲ, ਤਾਲ ਅਤੇ ਲੈਅ ਦੇ ਧਾਰਨੀ ਹਨ। ਛੰਦਬੱਧ ਕਵਿਤਾ ਵਿਚ ਤੋਲ ਅਤੇ ਲੈਅ ਦੀ ਨਿਰਖ-ਪਰਖ ਮਾਤਰਾਂ ਜਾਂ ਵਰਣਾਂ ਰਾਹੀਂ ਅਤੇ ਗ਼ਜ਼ਲ ਵਿਚ ਰੁਕਨਾਂ ਦੀ ਗਿਣਤੀ ਅਤੇ ਤਰਤੀਬ  ਰਾਹੀਂ ਕੀਤੀ ਜਾਂਦੀ ਹੈ। ਹਰਜਿੰਦਰ ਕੰਗ ਦੇ ਗੀਤਾਂ ਦੀ ਪੁਸਤਕ, ”ਆਪਾਂ ਦੋਵੇਂ ਰੁੱਸ ਬੈਠੇ” ਦੇ ਮੁਖਬੰਦ ਵਿਚ ਮੈਂ ਲਿਖਿਆ ਸੀ ਕਿ ਉਸ ਦੇ ਗੀਤਾਂ ਦੇ ਵਿਸ਼ੇ ਅਤੇ ਰੂਪ ਘਿਓ ਖਿਚੜੀ ਵਾਂਗ ਰਚੇ ਹੋਏ ਹਨ। ਇਸ ਨਿਬੰਧ ਵਿਚ  ਉਸ ਦੀਆਂ ਗ਼ਜ਼ਲਾਂ ਨੂੰ ਇਸ ਧਾਰਨਾ ਪੱਖੋਂ  ਪਰਖਿਆ ਜਾਵੇਗਾ।
ਟਕਸਾਲੀ  ਮੱਤ ਅਨੁਸਾਰ ਗ਼ਜ਼ਲ ਵਿਕੋਲਿਤਰੇ ਵਿਸ਼ਿਆਂ ਵਾਲੇ ਸਿਅਰਾਂ ਦੇ ਕੋਲਾਜ ਮਾਤਰ ਹੈ। ਇਸ ਵਿਚ ਵਿਸ਼ੇ ਦੀ ਇਕਾਗਰਤਾ, ਅਰਥਾਤ  ਸੁਜੀਵੀ ਇਕਰੂਪਤਾ (Organic ”nity) ਦੀ ਘਾਟ ਹੁੰਦੀ ਹੈ। ਇਸ ਮਨੌਤ ਅਨੁਸਾਰ, ”ਇਕ ਵਿਸ਼ਾ-ਇਕ ਸ਼ਿਅਰ” ਦੀ ਸੰਧੀ ਸਥਾਪਤ ਹੋ ਜਾਂਦੀ ਹੈ। ਇਸ ਸੰਧੀ ਦਾ ਨਿਕਾਸ ਉਸ ਵੇਲੇ ਹੋਇਆ ਜਦ ਗ਼ਜ਼ਲ ਸ਼ਾਹੀ ਦਰਬਾਰਾਂ ਅਤੇ ਰਾਈਸਾਂ ਦੀਆਂ ਮਹਿਫਲਾਂ  ਦੀ ਬਾਂਦੀ ਸੀ। ਇਨ੍ਹਾਂ ਥਾਵਾਂ ਤੇ ਮੌਕੇ ਦੇ ਅਨੁਸਾਰ ਸ਼ਿਅਰ ਕਹਿਣ ਵਾਲੇ  ਦਰਬਾਰੀ ਕਵੀ ਹੁੰਦੇ ਜੋ ਹਾਜ਼ਰ ਜਵਾਬ ਵੀ ਹੁੰਦੇ ਸਨ। ਉਹ ਮੌਕਾ ਅਤੇ ਬੰਦਾ ਤਾੜ ਕੇ ਫਟਾ-ਫੱਟ ਸ਼ਿਅਰ ਘੜ ਦਿੰਦੇ ਸਨ। ਇਹ ਇਸ ਲਈ ਕਰਦੇ ਹੋਣਗੇ ਕਿÀਂਕਿ ਗ਼ਜ਼ਲ ਦੀ ਮੁਢਲੀ ਪਰਿਭਾਸ਼ਾ ਇਹ ਸਥਾਪਤ ਕਰਦੀਮ ਹੈ ਕਿ ਗ਼ਜ਼ਲ ਦੀ ਸ਼ਿਅਰਾਂ ਵਿਚ ਤਕਨੀਕੀ ਸਾਂਝ ਦਾ ਹੋਣਾ ਜ਼ਰੂਰੀ ਹੈ ਵਿਸ਼ੇ ਵਿਚ  ਇਕਸਾਰਤਾ ਹੋਣਾ ਜ਼ਰੂਰੀ ਨਹੀਂ। ਸ਼ਾਇਦ ਇਸੇ ਕਰਕੇ ਗ਼ਜ਼ਲਾਂ ਵਿਚ ਭਾਂਤ ਭਾਂਤ ਦੇ ਵਿਸ਼ਿਆਂ ਵਾਲੇ ਸ਼ਿਅਰਾਂ ਦੀ ਰਵਾਇਤ ਸ਼ੁਰੂ ਹੋਈ ਹੋਵੇਗੀ। ਮੁਕਾਬਲੇ ਤੇ ਅਧੁਨਿਕ ਅਨੁਭਵੀ ਗ਼ਜ਼ਲਗੋ ਜਦ ਸ਼ਿਅਰ ਕਹਿੰਦੇ ਹਨ ਤਾਂ ਸੁਭਾਵਕ ਹੀ ਇਕ ਮਹੌਲ ਪੈਦਾ ਹੋ ਜਾਂਦਾ ਹੈ ਜਿਸ ਦੇ ਪ੍ਰਭਾਵ ਹੇਠਾਂ ਬਾਕੀ ਦੇ ਸ਼ਿਅਰ ਸਹਿਬਨ ਉਸੇ ਮਹੌਲ ਵਿਚ ਢਲੀ ਜਾਂਦੇ ਹਨ। ਫਲਸਰੂਪ, ਗ਼ਜ਼ਲ ਵਿਚ ਸੁਜੀਵੀ ਇਕਰੂਪਤਾ ਕਾਇਮ ਰਹਿੰਦੀ ਹੈ। ਓਪਰੀ  ਨਜ਼ਰੇ ਕਈ ਸ਼ਿਅਰਾਂ ਵਿਚ ਭਿੰਨਤਾ ਦਾ ਪ੍ਰਭਾਵ ਪੈਂਦਾ ਹੈ, ਪਰ ਉਨ੍ਹਾਂ ਦੀ ਤਹਿ ਤਕ ਜਾ ਕੇ ਪਤਾ ਲਗਦਾ ਹੈ ਕਿ ਦਰਅਸਲ ਇਹ ਸਾਡੀ ਪਹੁੰਚ ਦੀ ਅਸਮਰੱਥਾ ਦਾ ਪ੍ਰਤੀਕਰਮ ਹੈ। ਉਦਾਹਰਨ ਵਜੋਂ ਉਰਦੂ ਦੇ ਮੋਢੀ ਗ਼ਜ਼ਲਗੋ (ਗ਼ਾਲਿਬ ਅਤੇ ਜ਼ਫਰ), ਪ੍ਰਗਤੀਵਾਦੀ ਉਰਦੂ ਸ਼ਾਇਰ (ਇਕਬਾਲ ਅਤੇ ਫੈਜ਼) ਅਤੇ ਪੰਜਾਬੀ ਦੇ ਟਕਸਾਲੀ  (ਮੌਲਾ ਬਖਸ਼ ਕੁਸ਼ਤਾ, ਬਾਵਾ ਬਲਵੰਤ) ਅਤੇ ਸਮਕਾਲੀ ਕਵੀਆਂ ਦੀਆਂ ਗ਼ਜ਼ਲਾਂ (ਜਗਤਾਰ, ਪਾਤਰ)  ਵਿਚ ਵਿਸ਼ੇ ਦੀ ਭਿੰਨਤਾ ਨਾਲੋਂ ਵਿਚਾਰ ਦੀ ਇਕਾਗਰਤਾ ਪ੍ਰਧਾਨ ਹੈ। ਇਹ ਸੱਚੇ-ਸੁੱਚੇ ਅਨੁਭਵ ਦੀ ਗਵਾਹੀ ਹੈ। ਹਰਜਿੰਦਰ ਕੰਗ ਦੀਆਂ ਗ਼ਜ਼ਲਾਂ ਵਿਚ ਵੀ ਵਿਸ਼ੇ ਦੀ ਇਕਾਗਰਤਾ ਵਿਦਮਾਨ ਰਹਿੰਦੀ ਹੈ ਕਿਉਂਕਿ ਉਹ ਇਕ ਅਨੁਭਵੀ ਸ਼ਾਇਰ ਹੈ। ਅਨੁਭਵ ਨੂੰ ਵਿਅਕਤ ਕਰਨ ਲਈ ਤਰੱਦਦ ਨਹੀਂ ਕਰਨਾ ਪੈਂਦਾ, ਸ਼ਿਅਰਾਂ  ਵਿਚ ਸੁਤੇ-ਸਿਧੇ ਹੀ ਸਾਦਗੀ, ਰਵਾਨਗੀ  ਅਤੇ ਸਪੱਸ਼ਟਤਾ ਆ ਜਾਂਦੀ ਹੈ। ਇਸੇ ਕਰਕੇ ਹਰਜਿੰਦਰ ਦੇ ਬਹੁਤੇ ਸ਼ਿਅਰ ਸਹਿਜੇ ਹੀ ਪਾਠਕ ਦੀ ਸਹਿਜ  ਬਿਰਤੀ ਵਿਚ ਬਹਿ  ਜਾਂਦੇ ਹਨ। ਉਸ ਦੇ ਅਨੇਕ ਸ਼ਿਅਰਾਂ ਦੀ ਸਾਦਗੀ ਚੋਂ ਜੀਵਨ ਦਰਸ਼ਨ ਦੀ ਝਲਕ ਪੈਂਦੀ ਹੈ, ਪਰ ਜੋ ਸਤਈ ਪੱਧਰ ਤੇ ਵਿਚਰਦੇ ਹਨ, ਉਹ ਸ਼ਿਅਰ ਵੀ ਤੁਹਾਨੂੰ ਸੋਚਣ ਲਈ ਮਜ਼ਬੂਰ ਜ਼ਰੂਰ ਕਰਦੇ ਹਨ।

ਹਰਜਿੰਦਰ ਆਧੁਨਿਕ ਸਮੇਂ ਦੀ ਪੈਦਾਵਾਰ ਹੈ ਅਤੇ ਆਧੁਨਿਕ ਗ਼ਜ਼ਲ ਵਿਚ ਸੁਜੀਵੀ ਇਕਰੂਪਤਾ ਦਾ ਹੋਣਾ ਬੜਾ ਸੁਭਾਵਕ ਹੈ। ਕਾਰਨ ਇਹ ਹੈ ਕਿ ਸਮਕਾਲੀ  ਜੀਵਨ ਐਨਾ ਗੁੰਝਲਦਾਰ ਅਤੇ ਉਲਝਿਆ ਹੋਇਆ ਹੈ ਕਿ ਇਸ ਨੂੰ, ਚਾਹੁੰਦਿਆਂ ਹੋਇਆਂ ਵੀ, ਟੁਕੜਿਆਂ ਵਿਚ ਵੰਡ ਕੇ ਨਹੀਂ ਚਿਤਰਿਆ ਜਾ ਸਕਦਾ।ਅਲੰਕਾਰਕ ਤੌਰ ਤੇ ਆਧੁਨਿਕ ਜੀਵਨ, ਵੱਖ ਵੱਖ ਰੂੰ ਦੇ ਰੰਗਾਂ ਦੀ ਪੂਣੀ ਵਾਂਗ ਹੈ। ਇਸ ਚੋਂ ਖਿੱਚੇ ਹੋਏ ਤੰਦਾਂ ਵਿਚ  ਰੰਗਾਂ ਦਾ ਮਿਸ਼ਰਨ ਆਵੱਸ਼ ਹੋਵੇਗਾ। ਪਰ ਯਾਦ ਰਹੇ ਕਿ ਇਹ ਤੰਦ ਇਕੋ ਪੂਣੀ ਚੋਂ ਖਿੱਚੇ ਹੋਏ ਹਨ। ਇਸੇ ਤਰਾਂ ਆਧੁਨਿਕ ਗ਼ਜ਼ਲਾਂ ਦੇ ਸਿਅਰਾਂ ਵਿਚ ਵਿਚਾਰਾਂ ਦੀ ਅਨੇਕਤਾ ਹੋ ਸਕਦੀ ਹੈ, ਪਰ ਇਸ ਅਨੇਕਤਾ ਵਿਚੋਂ ਵੀ ਏਕਤਾ ਦੀ ਤੰਦ ਖਿੱਚੀ ਜਾ ਸਕਦੀ ਹੈ। ਅੱਜ ਦੇ ਬੰਦੇ ਦੀ ਮਨੋਦਸ਼ਾ ਹੀ ਅਜੇਹੀ ਹੈ ਕਿ ਉਹ ਹਰ ਵਕਤ ਜੀਵਨ ਦੀ ਖੱਡੀ ਤੇ ਫਿਕਰਾਂ ਦੀ ਤਾਣੀ  ਬੁਣਦਾ ਰਹਿੰਦਾ ਹੈ। ਜਦ ਕੋਈ ਗ਼ਜ਼ਲਗੋ ਅਜਿਹੇ ਬੰਦੇ ਦੀ ਮਨੋਦਸ਼ਾ ਬਾਰੇ ਸ਼ਿਅਰ ਕਹੇਗਾ ਤਾਂ ਉਸ ਦੇ ਮਨੋਭਾਵ ਵਿਚ ”ਫਿਕਰ” ਦੀ ਸਾਂਝ ਜ਼ਰੂਰ ਹੋਵੇਗੀ। ਇਸ ਲਈ ਆਧੁਨਿਕ ਇਨਸਾਨ ਦੇ ਹਾਵਾਂ-ਭਾਵਾਂ ਦਾ ਸਿਲਸਿਲਾ ਸਮੇਂ ਅਤੇ ਸਥਾਨ ਵਿਚ ਸੁੰਨ ਹੋਣ ਦੀ ਵਜਾਏ  ਇਕ ਲੜੀ ਵਿਚ ਪਰੋਇਆ ਰਹਿੰਦਾ ਹੈ। ਹਰਜਿੰਦਰ ਕੰਗ ਦੀਆਂ ਗ਼ਜ਼ਲਾਂ ਵਿਚ ਵੀ, ਕਿਸੇ-ਨ-ਕਿਸੇ ਰੂਪ ਵਿਚ, ਫਿਕਰ ਦਾ ਜ਼ਿਕਰ ਵਿਦਮਾਨ ਰਹਿੰਦਾ ਹੈ। ਇਸ ਫਿਕਰ ਦੇ ਸੋਮਾ ਸਰੋਤ ਹਨ ਰਿਸ਼ਤੇ-ਨਾਤੇ, ਇਕੱਲਾਪਨ, ਇਕਾਂਤ, ਘਰ ਅਤੇ ਪ੍ਰਦੇਸ। ਇਹ ਸਾਰੇ ਰੂਪ  ਉਸ ਦੇ ਅਨੁਭਵ ਵਿਚ ਸਮਾਧੀ ਲਾਈ ਬੈਠੇ ਹਨ। ਇਸ ਕਰਕੇ ਉਸ ਦੀਆਂ ਗ਼ਜ਼ਲਾਂ ਵਿਚ ”ਫਿਕਰ” ਦੀ ਇਕਾਗਰਤਾ  ਭੰਗ ਨਹੀਂ ਹੁੰਦੀ। ਇਸ ਮਨੌਤ ਦੀ ਗਵਾਹੀ ਵਿਚ ਹਰਜਿੰਦਰ ਦੇ ਵੱਖ ਵੱਖ ਵਿਸ਼ਿਆ ਵਾਲੇ ਸ਼ਿਅਰਾਂ ਦਾ ਜਾਇਜ਼ਾ ਲੈਂਦੇ ਹਾਂ।

ਰਿਸ਼ਤੇ-ਨਾਤੇ: ਰਿਸ਼ਤਾ ਕਈ ਪੱਧਰ ਤੇ ਵਿਚਰਦਾ ਹੈ, ਜਿਵੇਂ ਮਾਂ-ਪੁਤ, ਭੈਣ-ਭਰਾ, ਪਤੀ-ਪਤਨੀ  ਪ੍ਰੇਮੀ-ਪ੍ਰੁਮਿਕਾ, ਬਾਲ-ਬੱਚੇ ਆਦਿ। ਅਨੁਭਵ ਦੀ ਆਧਾਰਸ਼ਿਲਾ ਬੰਦੇ ਦੀਆਂ ਗਿਆਨ-ਇੰਦਰੀਆਂ ਹਨ ਜੋ ਅਨੁਭਵ ਨੂੰ ਸਹਿਜ ਗਿਆਨ ਦਾ ਹਿੱਸਾ ਬਣਾਉਂਦੀਆਂ ਹੈ। ਵਿਸ਼ੇ ਨਾਲ ਜਿੰਨੀ ਵੱਧ ਸਾਂਝ ਹੋਵੇਗੀ  ਓਨਾ ਹੀ ਉਸ ਦਾ ਅਨੁਭਵ ਸ਼ਕਤੀਸ਼ਾਲੀ  ਹੋਵੇਗਾ। ਕਹਾਵਤ ਹੈ, ਜਿੰਨਾ ਗੂੜ੍ਹਾ ਨਾਤਾ ਓਨਾ ਡਾਢਾ ਦੁੱਖ। ਰਿਸ਼ਤੇ-ਨਾਤੇ ਦੇ ਦੁੱਖ ਦੀ ਗਹਿਰਾਈ ਹਰਜਿੰਦਰ ਦੇ ਕਈ ਸ਼ਿਅਰਾਂ ਚੋਂ ਵਿਅਕਤ ਹੁੰਦੀ ਹੈ :

ਕੁਝ ਰਿਸ਼ਤੇ ਤਾਂ ਰੱਖੀਏ ਹਰਦਮ ਘੁੱਟ ਘੁੱਟ ਲਾ ਕੇ ਸੀਨੇ ਨਾਲ।
ਕੁਝ ਰਿਸ਼ਤੇ ਕਿਰ ਜਾਂਦੇ ਜੀਕਣ ਕੰਘੀ ਕਰਦਿਆਂ ਕਿਰਦੇ ਵਾਲ।

ਰੋਜ਼ ਨਵੇਂ ਇਕ ਰਿਸ਼ਤੇ ਵਿਚ ਵਟ ਜਾਂਦਾ ਹਾਂ,
ਰੋਜ਼ ਕਿਸੇ ਰਿਸ਼ਤੇ ਦੇ ਹੱਥੋਂ ਮਰ ਜਾਵਾਂ।

ਟੁਕੜੇ ਟੁਕੜੇ ਹੋਏ ਰਿਸ਼ਤੇ ਕੀ ਮੁੜ ਮੁੜ ਕੇ ਜੋੜਾਂ,
ਕੀ ਗਲ਼ ਲਾਵਾਂ ਅੱਧ-ਪਚੱਧੇ ਯਾਦਾਂ ਦੇ ਮਹਿਮਾਨ।

ਲੋੜ ਮੁਤਾਬਿਕ ਘਰ ਵਿਚ ਮੈਨੂੰ ਹਰ ਰਿਸ਼ਤੇ ਨੇ ਵੰਡ ਲਿਐ,
ਥੋੜ੍ਹਾ ਥੋੜ੍ਹਾ ਹਰ ਰਿਸ਼ਤੇ ਦੇ ਹੱਥੋਂ ਨਿੱਤ ਮਰ ਜਾਈਦਾ।

ਇਹ ਸ਼ਿਅਰ ਰਿਸ਼ਤਿਆਂ ਦੇ ਵੱਖਰੇ ਵੱਖਰੇ ਤੰਦਾਂ ਵਿਚ ਪਰੋਏ ਹੋਏ ਹੋਣ ਦੇ ਬਾਵਜੂਦ, ਇਕੋ ਪ੍ਰਕਾਰ ਦਾ ਅਹਿਸਾਸ ਜਗਾਉਂਦੇ ਹਨ। ਇਕ ਰਿਸ਼ਤਾ ਸਦੀਵੀ ਹੈ ਅਤੇ ਦੂਜਾ ਕੰਘੀ ਕਰਦਿਆਂ ਕਿਰਦੇ ਵਾਲਾਂ ਵਰਗਾ ਹੈ। ਇਕ ਰਿਸ਼ਤਾ ਰੋਜ਼ ਟੁਕੜੇ ਟੁਕੜੇ ਹੁੰਦਾ ਹੈ ਤੇ ਇਕ ਨੂੰ ਘਰ ਵਿਚ ਟੁਕੜੇ ਟੁਕੜੇ ਕਰ ਕੇ ਵੰਡ ਲਿਆ ਜਾਂਦਾ ਹੈ। ਇਸ ਤਰਾਂ ਹਰ ਰਿਸ਼ਤੇ ਦੇ ਹੱਥੋਂ ਬੰਦਾ ਹਮੇਸ਼ਾ ਟੁਟਦਾ-ਭੱਜਦਾ ਅਤੇ ਮਰਦਾ ਹੈ। ਇਨ੍ਹਾਂ ਸ਼ਿਅਰਾਂ ਦੇ ਸਮੁੱਚੇ ਪ੍ਰਭਾਵ ਤੋਂ ਰਿਸ਼ਤੇ ਦੀ ਤਾਸੀਰ ਅਨੁਸਾਰ ਦਰਦ ਦਾ ਅਹਿਸਾਸ ਪੈਦਾ ਹੁੰਦਾ ਹੈ ਜੋ ਹਰਜਿੰਦਰ  ਦੇ ਅੰਤਹਿਕਰਨ ਦਾ ਹਿਸਾ ਹੈ। ਕਿਸੇ ਵਿਚਾਰ ਦਾ ਅੰਤਹਿਕਰਨ ਦਾ ਹਿੱਸਾ ਬਣ ਜਾਣਾ, ਉਸ ਦੇ ਅਨੁਭਵ ਦੀ ਗਹਿਰਾਈ ਦੀ ਗਵਾਹੀ ਭਰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਰਿਸ਼ਤੇ ਦੇ ਬਦਲਦੇ ਰੂਪਾਂ ਦੀ ਤਾਸੀਰ ਸਮਕਾਲੀ ਇਨਸਾਨ ਦੀ ਤਰਾਸਦੀ ਦੀਆਂ ਭਾਤਾਂ ਮਾਤਰ ਹੈ। ਇਹ ਸਾਰੇ ਸ਼ਿਅਰ ਵੱਖ ਵੱਖ ਗ਼ਜ਼ਲਾਂ ਚੋਂ ਲਏ ਗਏ ਹਨ, ਪਰ ਜੇ ਤੁਸੀਂ ਸੰਬੰਧਤ ਗ਼ਜ਼ਲਾਂ ਨੂੰ ਪੜ੍ਹੋ ਤਾਂ ਉਨ੍ਹਾਂ ਚੋਂ  ਭਲੀਭਾਂਤ ਵਿਸ਼ੇ ਦੀ ਇਕਾਗਰਤਾ ਦਾ ਅਹਿਸਾਸ ਹੁੰਦਾ ਹੈ।

ਏਥੇ ਰਿਸ਼ਤੇ ਦੇ ਅਨੁਭਵ ਦੀ ਵਿਗਿਆਨਿਕ ਅਤੇ ਮਨੋਵਿਗਿਆਨਿਕ ਪਿੱਠਭੂਮੀ ਦਾ ਸੰਖੇਪ ਜਿਹਾ ਜਾਇਜ਼ਾ ਲੈਣਾ ਕੁਥਾਵਾਂ ਨਹੀਂ ਹੋਵੇਗਾ। ਉਦਾਹਰਣ ਵਜੋਂ ਮਾਂ-ਪੁੱਤ ਦੇ ਰਿਸ਼ਤੇ ਦੇ ਅਨੁਭਵ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਂਦੇ ਹਾਂ। ਇਸ ਰਿਸ਼ਤੇ ਦੇ ਅਨੁਭਵ ਵਿਚ ਪੰਜੇ ਗਿਆਨ ਇੰਦਰੀਆਂ ਸਮੇਂ ਸਮੇਂ ਹਿੱਸਾ ਪਾਉਂਦੀਆਂ ਹਨ। ਜਦ ਬੱਚਾ ਮਾਂ ਦੀ ਕੁੱਖ ਵਿਚ ਹੁੰਦਾ ਹੈ ਤਾਂ ਕੁੱਖ ਦੇ ਨਿੱਘ ਦਾ ਅਨੁਭਵ  ਹੋਣਾ ਸ਼ੁਰੂ ਹੋ ਜਾਂਦਾ ਹੈ। ਜੰਮਣ ਤੋਂ ਬਾਅਦ ਮਾਂ ਦੀਆਂ ਛਾਤੀਆਂ ਨਾਲ ਭੌਤਿਕ ਸ਼ਪਰਸ਼ ਅਤੇ ਦੁੱਧ ਦਾ ਸੁਆਦ ਉਸ ਦੇ ਅਨੁਭਵ ਦੇ ਹਿੱਸੇ ਬਨਣੇ ਸ਼ੁਰੂ ਹੋ ਜਾਂਦੇ ਹਨ। ਜਦ ਅੱਖ ਖੋਲ੍ਹਦਾ ਹੈ ਤਾਂ ਪਹਿਲਾ ਚਿਹਰਾ ਮਾਂ ਦਾ ਨਜ਼ਰ ਆਉਂਦਾ ਹੈ ਜੋ ਉਸ ਦੇ ਨੇਤਰੀ-ਉਤੇਜਨਾ  ਦਾ ਸਾਧਨ ਬਣਦਾ ਹੈ। ਅਤੇ ਪਹਿਲਾ ਬੋਲ ਵੀ ਉਹ ਮਾਂ ਤੋਂ ਹੀ ਸੁਣਦਾ ਹੈ ਜੋ ਉਸ ਦੇ ਕੰਨ-ਰਸ ਦਾ ਭਾਗ ਬਣਦਾ ਹੈ। ਇਸ ਤਰਾਂ ਪੰਜੇ ਗਿਆਨ ਇੰਦਰੀਆਂ ਬੱਚੇ ਦੇ ਮਾਂ ਨਾਲ ਰਿਸ਼ਤੇ ਦੇ ਅਨੁਭਵ ਨੂੰ ਉਸਾਰਨ ਵਿਚ ਹਿਸਾ ਪਾਉਂਦੀਆਂ ਹਨ। ਇਨ੍ਹਾਂ ਪ੍ਰਕਿਰਿਆਵਾਂ ਦੀਆਂ ਉਤੇਜਨਾਵਾਂ (Stimuli)  ਮਨ ਵਿਚ ਲਹਿ ਕੇ ਅਨੁਭਵ  ਦਾ ਹਿੱਸਾ ਬਣ ਜਾਂਦੀਆਂ ਹਨ। ਹਰਜਿੰਦਰ ਦੇ ਹੇਠਲੇ ਸ਼ਿਅਰ ਚੋਂ ਅਜੇਹੇ ਅਨੁਭਵ ਦੀ ਗਹਿਰਾਈ ਬਾਖੂਬੀ ਵਿਅਕਤ ਹੁੰਦੀ ਹੈ:

ਜਿਊਂਦੀ ਸੀ ਤਾਂ ਸਿਰਫ਼ ਉਹ ਮਾਂ ਸੀ ਮਰ ਕੇ ਮੇਰਾ ਰੱਬ ਹੋ ਗਈ
ਪਤਾ ਨਹੀਂ ਦਿਲ ਦੀ ਕਬਰ ਦੇ ਅੰਦਰ ਕਿੰਨੀ ਡੂੰਘੀ ਦੱਬ ਹੋ ਗਈ।

ਘਰ ਅਤੇ ਪ੍ਰਦੇਸ: ਘਰ (ਦੇਸ਼) ਅਤੇ ਪ੍ਰਦੇਸ ਦਾ ਅਨੁਭਵ ਦੋ ਵਿਰੋਧੀ ਮਨੋਸਥਿਤੀਆਂ ਦੀ ਪੈਦਾਵਾਰ ਹੈ। ਇਕ ਵਿਰਸੇ ਵਿਚੋਂ ਮਿਲਦਾ ਹੈ (9nherited) ਅਤੇ ਦੂਜਾ ਸਹੇੜਿਆ (1cquired) ਹੋਇਆ ਹੁੰਦਾ ਹੈ। ਦੇਸ਼ ਦੇ ਅਨੁਭਵ ਵਿਚ ਪਿੱਤਰੀ ਸਭਿਆਚਾਰਕ  ਪਿੱਠਭੂਮੀ ਦਾ ਅਹਿਸਾਸ ਅਹਿਮ ਰੋਲ ਨਿਭਾਉਂਦਾ ਹੈ। ਜਦ ਬੰਦਾ ਪਿੱਤਰੀ ਸਭਿਆਚਾਰ ਚੋਂ ਨਿਕਲ ਕੇ ਪਰਾਏ ਸਭਿਆਚਾਰ ਵਿਚ ਦਾਖਲ ਹੁੰਦਾ ਹੈ ਤਾਂ ਦੋ ਸਭਿਆਚਾਰਾਂ ਦੀਆਂ ਕਦਰਾਂ ਕੀਮਤਾਂ ਦੇ ਆਪਸੀ ਦਵੰਧ ਚੋਂ ਕਈ ਪਰਕਾਰ ਦੀਆਂ ਮਨੋਸਥਿਤੀਆਂ  ਪੈਦਾ ਹੁੰਦੀਆਂ ਹਨ। ਪਿੱਤਰੀ ਸਭਿਆਚਾਰ ਵਿਚ ਲੋਕ ਇਕ ਸਮਾਜ ਵਿਚ ਜੰਮਦੇ, ਪਲਦੇ ਅਤੇ ਮਰਦੇ ਹਨ, ਅਤੇ ਉਨ੍ਹਾਂ ਤੇ ਇਕੋ ਜਿਹੀਆਂ ਕਦਰਾਂ ਕੀਮਤਾਂ ਦਾ ਰੰਗ ਚੜ੍ਹਦਾ ਹੈ। ਪ੍ਰਦੇਸ਼ ਵਿਚ ਲੋਕ ਪਰਾਏ ਸਭਿਆਚਾਰ ਵਿਚ ਵਿਚਰਦੇ ਹਨ ਜਿਸ ਨਾਲ ਉਨ੍ਹਾਂ ਦੀ ਸਾਂਝ  ਅਨੁਭਵੀ ਨਹੀਂ, ਬਨਾਉਟੀ  ਹੁੰਦੀ ਹੈ। ਇਸ ਬਨਾਵਟ ਚੋਂ ਪੈਦਾ ਹੁੰਦੀਆਂ ਹਨ ਵੱਖ ਵੱਖ ਮਨੋਸਤਿਥੀਆਂ ਜਿਵੇਂ, ਪਰੇਸ਼ਾਨੀ (4istress), ਉਦਾਸੀ (4epression), ਤਾਂਘ (Longing/Yearing), ਉਦਰੇਵਾਂ (8omesickness), ਅਤੇ ਹੇਰਵਾ (Nostalgia)। ਇਹ ਸਤਿਥੀਆਂ ਬੰਦੇ ਦੇ ਅੰਤਹਿਕਰਨ ਨੂੰ ਸਿੱਧੇ ਤੌਰ ਤੇ ਪਭਾਵਤ ਕਰਦੀਆਂ ਹਨ, ਫਲਸਰੂਪ, ਅਨੁਭਵ ਦਾ ਹਿੱਸਾ ਬਣ ਜਾਂਦੀਆਂ ਹਨ। ਹਰਜਿੰਦਰ ਦੀਆਂ ਗ਼ਜ਼ਲਾਂ ਵਿਚ ਇਹ ਮਨੋਦਿਸ਼ਾਵਾਂ ਸੰਬੰਧਤ ਅਨੁਭਵ ਦੀ ਕੁਠਾਲੀ ਵਿਚ ਢਲ ਕੇ ਵਿਅਕਤ ਹੋਈਆਂ ਹਨ:

ਦੂਰ ਕਿਤੇ ਮਾਵਾਂ ਦੀਆਂ ਛਾਵਾਂ ਸੱਜਣ ਸਾਹਾਂ ਵਰਗੇ।
ਲੱਭਦੇ ਫਿਰੀਏ ਬਾਪ ਦੀ ਬੁੱਕਲ ਦਿਲ ਦਰਗਾਹਾਂ ਵਰਗੇ।
ਯਾਦ ਵਤਨ ਦੀ ਵਾਂਗ ਪ੍ਰਾਹੁਣੀ ਆਵੇ ਤੇ ਮੁੜ ਜਾਵੇ,
ਦਿਲ ਵਿਚ ਡੂੰਘੇ ਦੱਬੀ ਰੱਖੀਏ ਹਉਕੇ ਧਾਹਾਂ ਵਰਗੇ।

ਇਨ੍ਹਾਂ ਦੋ ਸ਼ਿਅਰਾਂ ਵਿਚੋਂ Àਪੁਰੋਕਤ ਦਿੱਤੀਆਂ ਤਕਰੀਬਨ ਸਾਰੀਆਂ ਮਨੋਸਤਿਥੀਆਂ ਦਾ ਪ੍ਰਗਟਾਵਾ  ਹੈ। ਪਹਿਲੇ ਸ਼ਿਅਰ ਦੇ ਪਹਿਲੇ ਮਿਸਰੇ ਵਿਚ ਹੇਰਵੇ ਅਤੇ ਉਦਰੇਵੇਂ ਦੀ ਪ੍ਰਤੀਧੁਨੀ ਗੂੰਜਦੀ ਹੈ, ਅਗਲੇ ਵਿਚ ਤਾਂਘ ਦਾ ਆਲਮ ਹੈ, ਤੀਸਰੇ ਵਿਚ ਪਰੇਸ਼ਾਨੀ ਦਾ ਪ੍ਰਭਾਵ ਹੈ ਅਤੇ ਅਖ਼ੀਰਲੇ ਮਿਸਰੇ ਵਿਚੋਂ ਉਦਾਸੀ ਝਾਕਦੀ ਹੈ। ਇਹ ਮਨੋਦਿਸ਼ਾਵਾਂ ਇਕੋ ਲੜੀ ਵਿਚ ਪਰੋਈਆਂ ਹੋਈਆਂ ਹਨ ਕਿਉਂਕਿ ਇਨ੍ਹਾਂ ਦੇ ਅਨੁਭਵ ਦੀ ਤਾਸੀਰ ਸਾਂਝੀ  ਹੈ। ਇਹ ਵਿਅਕਤ ਕਿਵੇਂ ਹੁੰਦੀ ਹੈ? ”ਘਰ” ਇਕ ਸਥੂਲ ਬਿੰਬ (3oncrete image) ਹੈ ਅਤੇ ”ਪ੍ਰਦੇਸ” ਦਾ ਬਿੰਬ ਸੂਖਮ ਤੌਰ ਤੇ ਗ੍ਰਹਿਣ (1cquired image) ਕੀਤਾ ਹੋਇਆ  ਹੈ। ਦੂਜੇ ਸ਼ਬਦਾਂ ਵਿਚ ਦੇਸ਼ ਦਾ ਅਨੁਭਵ ਹੱਡਬੀਤੀ ਚੋ ਉੱਸਰਿਆ ਹੈ ਅਤੇ ਪ੍ਰਦੇਸ ਦਾ ਕਾਲਪਨਿਕ ਹੈ। ਇਸ ਕਲਪਨਾ ਵਿਚੋਂ ਕਵੀ ਦੀਆਂ ਪਿੱਤਰੀ ਸਭਿਆਚਾਰ ਦੀਆਂ ਮਨੋਸਤਿਥੀਆਂ ਜਾਗਦੀਆਂ ਹਨ। ਇਨ੍ਹਾਂ ਨੂੰ ਉਤੇਜਤ ਕਰਨ  ਲਈ ”ਪਰਦੇਸ” ਕਵੀ ਦੀ ਸਿਰਜਣਾ ਦਾ ਠੁਮਣਾ (3atalyst) ਬਣਦਾ  ਹੈ। ਜਦ ਬੰਦਾ ਪਰਦੇਸ ਆ ਕੇ ਨਵੀਆਂ ਕਦਰਾਂ ਕੀਮਤਾਂ ਦੇ ਸਨਮੁੱਖ ਹੁੰਦਾ ਹੈ ਤਾਂ ਉਸ ਦੇ ਆਲੇ ਦੁਆਲੇ ਇਕ ਓਪਰਾ ਜਿਹਾ ਭੌਤਿਕ ਵਾਤਾਵਰਣ ਉੱਸਰ ਆਉਂਦਾ ਹੈ ਜਿਸ ਨੂੰ  ਗਿਆਨ ਇੰਦਰੀਆਂ ਨਿਹਾਰ ਕੇ ਮਨ ਦੇ ਪਰਦੇ ਤੇ ਪ੍ਰਕਾਸ਼ ਕਰਦੀਆਂ ਹਨ। ਇਨ੍ਹਾਂ ਦੇ ਦਰਸ਼ਨੀ-ਬਿੰਬ  ਚੋਂ ਪੈਦਾ ਹੁੰਦੀ ਹੈ ਕਵੀ ਦੀ ਕਲਪਨਾ ਜਿਸ ਦਾ ਮਾਨਸਿਕ  ਬਿੰਬ ਕਵਿਤਾ ਵਿਚ ਵਿਅਕਤ ਹੁੰਦਾ ਹੈ। ਇਨ੍ਹਾਂ ਵੱਖ ਵੱਖ ਮਨੋਦਿਸ਼ਾਵਾਂ ਦਾ ਪ੍ਰਦਰਸ਼ਨ ਹਰਜਿੰਦਰ ਕੰਗ ਕਈ ਸ਼ਿਅਰਾਂ  ਵਿਚ ਹੋਇਆ ਹੈ:

ਇਕ ਪੈਰ ਹੈ ਦੇਸ਼ ‘ਚ ਇਕ ਪਰਦੇਸ ‘ਚ ਅਪਣਾ ਹਾਲ ਕੀ ਦੱਸੀਏ,
ਇਕ ਜੁਗਨੂੰ ਜਿਉਂ ਨ੍ਹੇਰੇ ਦੇ ਵਿਚ ਜਗਦਾ ਬੁਝਦਾ ਰਹਿ ਜਾਂਦਾ  ਹੈ।

ਜਦ ਬੰਦੇ ਨੂੰ ਘਰ ਛੱਡ ਕੇ ਪ੍ਰਦੇਸੀ ਹੋਣਾ ਪੈ ਜਾਂਦਾ ਹੈ।
ਦਿਲ ਦਾ ਇਕ ਟੁਕੜਾ ਸੀਨੇ ਵਿਚ ਇਕ ਵਤਨਾਂ ਵਿਚ ਰਹਿ ਜਾਂਦਾ ਹੈ।

ਪਹਿਲੇ ਸ਼ਿਅਰ ਵਿਚ ਦੇਸ ਅਤੇ ਪਰਦੇਸ ਨੂੰ ਜੁਗਨੂ ਦੇ ਹਨ੍ਹੇਰੇ ਵਿਚ ਜਗਣ-ਬੁਝਣ ਰਾਹੀਂ ਅਲੰਕਾਰਿਤ ਕੀਤਾ ਗਿਆ ਹੈ, ਅਰਥਾਤ,  ਦੇਸ ਦੀ ਯਾਦ ਨੂੰ ਚਾਨਣ ਅਤੇ ਪ੍ਰਦੇਸ ਨੂੰ ਨ੍ਹੇਰੇ ਨਾਲ ਤਸ਼ਵੀਹਿਆ ਗਿਆ ਹੈ। ਅਗਲਾ ਸਿਅਰ ਵੀ ਇਸੇ ਮਨੋਦਸ਼ਾਂ ਨੂੰ ਵਿਅਕਤ ਕਰਦਾ ਹੈ। ਇਹ ਦੋਵੇਂ ਸ਼ਿਅਰ ਕਵੀ ਦੀ ਬੇਬਸੀ ਨੂੰ ਜ਼ਾਹਿਰ ਕਰਦੇ ਹਨ:

ਪੰਛੀ ਕੀ ਪ੍ਰਦੇਸ ਗਏ ਤਰਕਾਲਾਂ ਗੁੰਗੀਆਂ ਹੋ ਗਈਆਂ
ਸੁੰਨ-ਮ-ਸੁੰਨੀਆਂ ਛੱਤਾਂ ਤੇ ਬਸ ਚੋਗ ਖਿਲਾਰੀ ਮਿਲਦੀ ਏ।

ਇਸ ਸ਼ਿਅਰ ਚੋਂ ਹੇਰਵਾ ਝਲਕਦਾ ਹੈ। ਹੇਰਵਾ ਮਨ ਦੀ ਮਨੋਦਸ਼ਾ ਦਾ ਉਹ ਪੱਖ ਹੈ ਜਿਸ ਵਿਚ ਬੰਦਾ ਕੇਵਲ ਝੂਰ ਸਕਦਾ ਹੈ, ਪਰ ਕਰ ਕੁਝ ਨਹੀਂ ਸਕਦਾ। ਇਹ ਵਿਅਕਤੀ ਦੀ ਪ੍ਰਾਧੀਨਗੀ  ਚੋਂ ਉਤਪਨ ਹੁੰਦਾ ਹੈ:

ਪਹਿਲਾਂ ਤੇਰੀ ਪੈੜ ਮਿਟੇਗੀ ਪਿੰਡਂੋ ਆਉਂਦੇ ਰਾਹ ਤੋਂ,
ਫੇਰ ਮਰੇਗੀ ਘਰ ਨੂੰ ਜਾਂਦੇ ਰਾਹਾਂ ਦੀ ਆਵਾਜ਼।

ਇਸ ਸ਼ਿਅਰ ਦੇ ਪਹਿਲੇ ਮਿਸਰੇ ਵਿਚ ਪੈੜ ਮਿਟਣ ਤੋਂ ਮੁਰਾਦ ਹੈ ਰਿਸ਼ਤਿਆਂ ਦਾ ਵਿੱਸਰਨਾ, ਦੂਜੇ ਮਿਸਰੇ ਵਿਚ ਘਰ ਨੂੰ ਜਾਂਦੇ ਰਾਹਾਂ ਦੀ ਆਵਾਜ਼ ਦਾ ਮਰਨਾ, ਅਰਥਾਤ, ਰਿਸ਼ਤਿਆਂ ਦਾ ਸਿਮਰਤੀ ਚੋਂ ਕਿਰ ਜਾਣਾ। ਇਸ ਸ਼ਿਅਰ ਵਿਚਲੀ ਬੇਬਸੀ ਚੋਂ ਪਿੱਤਰੀ ਵਿਛੋਕੜ ਦਾ ਧੁੰਦਲਾ ਹੁੰਦਾ ਸਾਇਆ ਵਿਅਕਤ ਹੁੰਦਾ ਹੈ। ਇਹ ਮਨੋਦਸ਼ਾ ਬਹੁਤ ਹੀ ਦੁਖਦਾਈ ਹੁੰਦੀ ਹੈ।

ਇਕਲਾਪਾ/ਤਨਹਾਈ
ਇਨਸਾਨ ਕੁਦਰਤਨ ਇਕ ਸਮਾਜਿਕ ਜੀਵ ਹੈ। ਇਕ ਸੰਵੇਦਨਸ਼ੀਲ ਬੰਦੇ ਲਈ ਸਮਾਜ ਅਤੇ ਸਭਿਆਚਾਰ ਨਾਲੋਂ ਟੁੱਟ ਜਾਣ ਨਾਲ  ਇਕੱਲਾਪਨ ਮਹਿਸੂਸ ਹੁੰਦਾ ਹੈ ਜਿਸ ਕਰਕੇ ਉਸ ਦੇ ਮਨ ਵਿਚ ਘੋਰ ਕਿਸਮ ਦੀ ਬੇਤਾਬੀ, ਬੇਚੈਨੀ ਅਤੇ ਬਦਬਖਤੀ ਦਾ ਆਲਮ ਛਾ ਜਾਂਦਾ ਹੈ। ਡਰ ਅਤੇ ਭੈ ਸਭ ਤੋਂ ਪਹਿਲਾਂ ਮਨ ਤੇ ਅਸਰ ਕਰਦੇ ਹਨ, ਫਲਸਰੂਪ, ਇਨ੍ਹਾਂ ਦਾ ਅਨੁਭਵ ਸੱਭ ਤੋਂ ਵੱਧ ਸ਼ਕਤੀਸ਼ਾਲੀ ਹੁੰਦਾ ਹੈ। ਅਜਿਹੀਆਂ ਮਨੋਸਥਿਤੀਆਂ ਕਰਕੇ ਆਤਮਹੱਤਿਆ ਵਰਗੀਆਂ ਸੰਵੇਦਨਾਤਮਿਕ (Sensational) ਤਰੰਗਾਂ ਪੈਦਾ ਹੁੰਦੀਆਂ ਹਨ। ਇਕਲਾਪੇ  ਦਾ ਅਹਿਸਾਸ, ਆਧੁਨਿਕ ਇਨਸਾਨ ਦੀ ਸੱਭ ਤੋਂ ਵੱਧ ਖਤਰਨਾਕ ਤ੍ਰਾਸਦੀ ਹੈ। ਇਕਲਾਪਾ ਵਿਅਕਤੀਗਤ ਅਤੇ ਸਮਾਜਕ ਪੱਧਰ ਤੇ ਵਿਚਰਦਾ ਹੈ। ਪ੍ਰਦੇਸ ਵਿਚ ਨਵੇਂ ਸੰਬੰਧ ਸਥਾਪਤ ਕਰਨ ਅਤੇ ਪੁਰਾਣੇ ਸੰਬੰਧਾਂ ਨਾਲੋਂ ਟੁੱਟਣ ‘ਚਂੋ ਇਸ ਦਾ ਉਥਾਨ ਹੁੰਦਾ ਹੈ। ਨਵੀਆਂ ਕਦਰਾਂ ਕੀਮਤਾਂ ਨਾਲ ਭਿਆਲੀ ਪਾਉਣ ਦੀ ਸ਼ੰਕਾ ਅਤੇ ਪੁਰਾਣੀਆਂ ਨਾਲੋਂ ਟੁੱਟ ਜਾਣ ਦੀ ਸੰਸਾ ਇਕਲਾਪੇ ਦੇ ਉਤਪ੍ਰੇਰਕ ਹਨ। ਮਾਨਸਿਕ ਤੌਰ ਤੇ ਅਜੇਹੇ ਮਹੌਲ ਚੋਂ ਇਕਾਲਪੇ ਦੀ ਪ੍ਰਤੀਧੁਨੀ  ਕੰਨਾਂ ਵਿਚ ਗੂੰਜਦੀ ਹੈ। ਅਜਿਹੇ ਪ੍ਰਤੀਕਰਮਾਂ ਚੋਂ ਪੈਦਾ ਹੋਏ ਇਕਲਾਪੇ (1lienation)  ਦਾ ਆਲਮ ਹਰਜਿੰਦਰ ਦੇ ਕਈ ਸ਼ਿਅਰਾਂ ਚੋਂ ਵਿਅਕਤ ਹੋਇਆ ਹੈ:

ਦਰ ਖੜ੍ਹ ਕੇ ਨਿੱਤ ਕੋਈ ਅੰਦਰ ਹੋਵੇ ਨਾ।
ਏਨਾ ਸੁੰਨਾ ਵੀ ਕੋਈ ਘਰ ਹੋਵੇ ਨਾ।

ਬਾਹਰ ਆਵਾਂ ਤਾਂ ਸ਼ੋਰ ਡਰਾਉਣਾ ਲਗਦਾ ਹੈ,
ਘਰ ਆਵਾਂ ਤਾਂ ਘਰ ਦੀ ਚੁੱਪ ਤੋਂ ਡਰ ਜਾਵਾਂ।

ਘਰਾਂ ਅੰਦਰ ਵੀ ਇਕਲਾਪਾ ਦਿਲਾਂ ਅੰਦਰ ਵੀ ਇਕਲਾਪਾ,
ਤੇ ਲੋਰੀ ਵਰਗੀਆਂ ਰੀਝਾਂ ਸੀ ਘੁਟ ਘੁਟ ਮਰਦੀਆਂ ਰਹੀਆਂ।

ਜ਼ਖਮੀਂ ਹੋ ਕੇ ਬੈਠ ਗਈ ਏ ਮੇਰੇ ਮੋਹ ਦੀ ਗਲਵੱਕੜੀ
ਹਰ ਬੰਦੇ ਦੇ ਆਸੇ ਪਾਸੇ ਚਾਰਦੀਵਾਰੀ ਮਿਲਦੀ ਏ।
ਏਸ ਨਗਰ ਹਰ ਦਿਲ ਪੱਥਰ ਅੱਖ ਗਰਜਾਂ ਮਾਰੀ ਮਿਲਦੀ ਏ
ਦਰ ਦਸਤਕ ਨੂੰ ਤਰਸ ਰਹੇ ਨਾ ਖੁੱਲ੍ਹੀ ਬਾਰੀ ਮਿਲਦੀ ਏ।

ਭਟਕਣ ਪਿੱਛੋਂ ਏਧਰ ਓਧਰ ਸਾਰਾ ਦਿਨ
ਮੇਰਾ ਸਾਇਆ ਲਿਪਟ ਗਿਆ ਫਿਰ ਮੇਰੇ ਨਾਲ।

ਪਹਿਲੇ  ਤਿੰਨ ਸਿਅਰਾਂ ਵਿਚ ਸ਼ਬਦ ”ਘਰ” ਦਾ ਬਿੰਬ ਸਾਂਝਾ ਹੈ। ਇਹ ਬਿੰਬ ਮਨ ਵਿਚ ਇਕਲਾਪੇ ਦੇ ਸੂਖਮ (1bstract) ਪੱਖ  ਨੂੰ ਪ੍ਰਗਟ ਕਰਦਾ ਹੈ। ਘਰ ਮਹਿਜ਼ ਇਕ ਘਰ ਨਹੀਂ, ਇਹ ਤਾਂ ਸਮਾਜਕ ਸੰਬੰਧਾਂ ਅਤੇ  ਦਬੰਧਾਂ ਦਾ  ਕਾਲਪਨਿਕ ਬਿੰਬ ਹੈ। ਕਵੀ ਸਿਰਫ ਆਪਣੇ ਘਰ ਦੀ ਗੱਲ ਨਹੀਂ ਕਰਦਾ ਸਗੋਂ ਇਸ ਦੇ ਬਿੰਬ ਰਾਹੀਂ ਇਕ ਅਜਿਹੇ ਸਮਾਜ ਨੂੰ ਫੋਕਸ ਵਿਚ ਲਿਆਉਂਦਾ ਹੈ ਜੋ ਪਰਦੇਸ ਵਿਚ ਆਏ ਬੰਦੇ ਲਈ ਇਕਲਾਪੇ ਦਾ ਕਾਰਨ ਬਣਦਾ  ਹੈ। ਘਰ ਦਾ ਭੌਤਿਕ ਬਿੰਬ, ਮਨ ਵਿਚ ਇਕਲਾਪੇ ਦਾ ਕਾਲਪਨਿਕ ਬਿੰਬ ਉਸਾਰਦਾ ਹੈ। ਉਤਲੇ ਸ਼ਿਅਰਾਂ ਵਿਚ ਇਕਲਾਪੇ ਦੇ ਇਸੇ ਬਿੰਬ ਦੀ ਕਾਲਪਨਿਕ ਪੇਸ਼ਕਾਰੀ ਹੋਈ ਹੈ ਜੋ ਵਾਸਤਵ ਵਿਚ ਸਮਕਾਲੀ ਬੰਦੇ ਦੀ ਮਨੋਦਸ਼ਾ ਵਿਚ ਡੂੰਘਾ ਉੱਕਰਿਆ ਹੋਇਆ ਹੈ।

ਹੰਝੂ

ਹਰਜਿੰਦਰ ਦੇ ਬਹੁਤ ਸਾਰੇ ਸ਼ਿਅਰਾਂ ਵਿਚ ਸ਼ਬਦ ‘ਹੰਝੂ” ਦੀ ਵਰਤੋਂ ਕਈ ਭੇਦਾਂ ਵਿਚ ਹੋਈ ਹੈ ਜਿਵੇਂ, ਗਮੀ, ਉਦਾਸੀ ਅਤੇ ਪਿਆਰ  ਆਦਿ। ਬੰਦੇ ਦੀਆਂ ਇਹ ਪ੍ਰਕਿਰਿਆਵਾਂ ਉਸ ਦੇ ਮਾਨਸਿਕ ਮਹੌਲ ਦੀ ਪੈਦਾਵਾਰ ਹਨ।ਜਦ ਇਨ੍ਹਾਂ ਨੂੰ  ਸ਼ਬਦ ਬਿਆਨ ਨਹੀਂ ਕਰ ਸਕਦੇ ਤਾਂ ਇਹ ਹੰਝੂਆਂ ਰਾਹੀਂ ਵਹਿ ਤੁਰਦੀਆਂ ਹਨ। ਹੰਝੂਆਂ ਦੀ ਤਾਸੀਰ ਮਾਨਸਿਕ ਸਥਿਤੀ  ਤੇ ਨਿਰਭਰ ਹੈ। ਖੁਸ਼ੀ ਅਤੇ ਗਮੀਂ ਦੇ ਹੰਝੂ ਵੱਖ ਵੱਖ ਸੁਜੀਵਿਕ ਕਿਰਿਆਵਾਂ ਦਾ ਪ੍ਰਤੀਕਰਮ ਹਨ। ਹਰਜਿੰਦਰ ਦੇ ਸ਼ਿਅਰਾਂ ਵਿਚ ਬਹੁਤਾ ਪ੍ਰਗਟਾਵਾ ਗ਼ਮੀ-ਦਰਦ-ਉਦਾਸੀ ਦੀ ਤ੍ਰੇਵੇਣੀ ਦੇ ਆਲਮ ਨਾਲ ਬਾਵਸਤਾ ਹੈ।

ਕੁਝ ਦੁੱਖਾਂ ਕੁਝ ਦਰਦਾਂ ਨੂੰ ਬਸ ਹੰਝੂ ਦੇਣ ਜ਼ੁਬਾਨ।
ਸ਼ਬਦਾਂ ਕੋਲੋਂ ਕਦ ਹੁੰਦੇ ਨੇ ਸਾਰੇ ਦੁੱਖ ਬਿਆਨ।

ਛੁਪ ਛੁਪ ਰੋਂਦੇ ਦਿਲ ਦੀ ਹਾਲਤ ਦੱਸਣ ਖਾਤਿਰ ਇਕ ਅੱਧ ਹੰਝੂ
ਕਦੇ ਕਦਾਈਂ ਪਲਕ ਦੇ ਉੱਤੇ ਆਣ ਕੇ ਲਿਸ਼ਕਣ ਬਹਿ ਜਾਂਦਾ ਹੈ।

ਮੈ ਤਾਂ ਅੱਖ ਦੀ ਸੂਲੀ ਲਟਕੇ ਹੰਝੂ ਵਾਂਗਰ ਯਾਰ,
ਮਿੱਟੀ ਵਿਚ ਮਿਲ ਜਾਣਾ ਹੈ ਇਹ ਪਲ ਛਿਣ ਦਾ ਮਹਿਮਾਨ।

ਜਦ  ਕਿਸੇ ਮਨੋਦਸ਼ਾ ਦਾ ਹੰਝੂਆਂ ਵਿਚ ਰੁਪੰਤ੍ਰਣ (Metamophosis)  ਹੁੰਦਾ ਹੈ ਤਾਂ  ਬੰਦੇ  ਦਾ ਦੁੱਖ ਘਟਦਾ ਹੈ, ਪਰ ਇਸ ਨੂੰ ਘਟਾਉਣ ਲਈ ਵੀ ਕੋਈ ਕਿਸੇ ਆਸ ਜਾਂ ਦਿਲਾਸੇ ਦੀ ਲੋੜ ਹੈ।

ਅੱਗ ਜਿਗਰ ਦੀ ਮਚਦੀ ਵੇਖਾਂ ਡਰ ਜਾਵਾਂ।
ਦੋ ਹੰਝੂ ਵਗ ਪੈਣ ਤਾਂ ਇਕ ਦਮ ਠਰ ਜਾਵਾਂ।
ਤੂੰ ਆਖੇਂ ਤਾਂ ਸਾਰੇ ਹੰਝੂ ਪੀ ਜਾਵਾਂ,
ਤੂੰ ਆਖੇਂ ਤਾਂ ਬੱਦਲ ਵਾਂਗੂੰ ਵਰ੍ਹ ਜਾਵਾਂ।

ਆਖੀਰ ਵਿਚ ਕੁਝ ਸ਼ਬਦ ਗ਼ਜ਼ਲ ਦੀ ਸਾਹਿਤਕ ਮਹੱਤਤਾ ਬਾਰੇ ਕਹਿਣਾ ਲੋੜੀਂਦੇ ਹਨ। ਗ਼ਜ਼ਲ ਨੂੰ ਅਕਸਰ ਅਕਾਦਮਿਕ ਖੇਤਰ  ਦੇ ਅਨੁਕੂਲ ਨਹੀਂ ਸਮਝਿਆ ਜਾਂਦਾ। ਪੁਰਾਣੇ ਸਮਿਆਂ ਤੋਂ ਗ਼ਜ਼ਲ ਨੂੰ ਸਰਵਣੀ ਅਤੇ ਦਰਸ਼ਨੀ ਵਿਧਾ ਗਰਦਾਨ ਕੇ ਇਸ ਨੂੰ ਸਟੇਜੀ ਕਵਿਤਾ ਦੀ ਕਬੂਤਰ-ਖੁੱਡ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਮੇਰੇ ਵਿਚਾਰ ਵਿਚ ਸਮਕਾਲੀ ਗ਼ਜ਼ਲ ਦੇ ਸੰਬੰਧ ਵਿਚ ਇਹ ਇਕ ਊਜ (Stigma) ਹੈ। ਕਿਸੇ ਵੇਲੇ ਇਸ ਤੱਥ ਵਿਚ ਸਚਾਈ ਵੀ ਸੀ ਕਿਉਂਕਿ ਇਨ੍ਹਾਂ ਨੂੰ ਲਿਖਣ ਵਾਲੇ ਕਵੀ ਕਿਸੇ ਖਾਸ ਮੌਕੇ, ਰਿਵਾਜ  ਜਾਂ ਬੰਧਨ ਅਨੁਸਾਰ ਹਲਕਾ-ਫੁਲਕਾ ਲਿਖ ਕੇ ਪੈਸੇ ਕਮਾਉਂਦੇ ਸਨ। ਇਹ ਅਕਸਰ ਦਰਬਾਰਾਂ, ਮਹਿਫਲਾਂ ਅਤੇ ਚਕਲਿਆਂ ਦੀ ਬਾਂਦੀ ਸੀ ਜਿਨ੍ਹਾਂ ਦਾ ਸੰਚਾਲਨ ਹੁਕਮਰਾਨਾਂ, ਅਯਾਸ਼ਾਂ ਅਤੇ ਰਾਜਨੀਤਕਾਂ ਦੇ ਹੱਥ ਵਿਚ ਹੁੰਦਾ ਸੀ। ਪਰ ਆਧੁਨਿਕ ਗ਼ਜ਼ਲ  ਇਸ ਊਜ ਦੀ ਗ੍ਰਿਫਤ ਵਿਚ ਨਹੀਂ ਆਉਂਦੀ। ਇਹ ਪੁਰਾਣੀਆਂ ਹੱਦਾਂ ਚੋਂ ਬਾਹਰ ਆ ਗਈ ਹੈ। ਜੇ ਵਿਸ਼ਾ ਸ਼ਕਤੀਸ਼ਾਲੀ ਹੋਵੇ ਤਾਂ ਇਸ ਨੂੰ ਗ਼ਜ਼ਲ ਦੇ ਸਿਰਲੇਖ ਹੇਠ ਅੰਕਿਤ ਕੀਤੀਆਂ ਕਵਿਤਾਵਾਂ  ਦੀ ਅਹਿਮੀਅਤ ਤੇ ਕੋਈ ਫਰਕ ਨਹੀਂ ਪੈਂਦਾ। ਉਦਾਹਰਣ ਵਜੋਂ ਜਗਤਾਰ, ਪਾਤਰ, ਜਸਵਿੰਦਰ ਅਤੇ ਗੁਰਦੀਪ ਦੀਆਂ ਗ਼ਜ਼ਲਾਂ ਨੂੰ ਧਿਆਨ ਗੋਚਰੇ ਲਿਆਂਦਾ ਜਾ ਸਕਦਾ ਹੈ। ਮੇਰੇ ਵਿਚਾਰ ਵਿਚ ਹਰਜਿੰਦਰ ਕੰਗ ਵੀ ਇਸੇ ਸ਼੍ਰੇਣੀ ਵਿਚ ਆਉਂਦਾ ਹੈ। ਉਸ ਦੇ ਗੀਤਾਂ ਅਤੇ ਗ਼ਜ਼ਲਾਂ ਵਿਚ ਸਾਹਿਤਕ ਅੰਸ਼ ਹਮੇਸ਼ਾ ਵਿਦਮਾਨ ਰਹਿੰਦਾ ਹੈ। ਸਾਹਿਤਕ ਅੰਸ਼ ਕੀ ਹੈ? ਜਿਸ ਕਵਿਤਾ ਵਿਚ ਇਨਸਾਨੀਅਤ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਨੂੰ ਮਾਰਮਿਕ ਭਾਸ਼ਾ ਰਾਹੀਂ, ਦਰਸ਼ਨ ਦੇ ਪੱਧਰ ‘ਤੇ, ਚਿਤਵਿਆ ਅਤੇ ਚਿਤਰਿਆ ਜਾਵੇ ਉਹ ਸਾਹਿਤ ਦਾ ਅੰਗ ਬਣ ਜਾਂਦਾ ਹੈ।


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>