ਡਾ. ਸਰਬਜਿੰਦਰ ਸਿੰਘ
ਪ੍ਰੋਫੈਸਰ ਅਤੇ ਮੁਖੀ
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ss_badeshan@yahoo.co.in
mobile : + 91 81463 80294
‘ਇਕ ਗ੍ਰੰਥ ਇਕ ਪੰਥ ਅਤੇ ਸਿੱਖ ਰਹਿਤ ਮਰਿਆਦਾ’ ਵਿਸ਼ੇ ‘ਤੇ ਸੈਂਟਾ ਕਲਾਰਾ ਯੁਨੀਵਰਸਿਟੀ ਵਿਖੇ ਹੋਈ ਕੌਮਾਂਤਰੀ ਸਿੱਖ ਵਿਦਿਅਕ ਕਾਨਫਰੰਸ ਵਿਚ ਪੜ੍ਹਿਆ ਗਿਆ ਪੇਪਰ
ਮੈਂ ਆਪਣਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇਹ ਸਾਂਝਾ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਮੇਰਾ ਇਹ ਪੇਪਰ ਧਰਮ ਦੇ ਵਿਦਿਆਰਥੀ ਵਜੋਂ ਹੈ ਨਾ ਕਿ ਸਿੱਖ ਧਰਮ ਦੇ ਪੈਰੋਕਾਰ ਵਜੋਂ। ਸਿੱਖ ਧਰਮ ਦਾ ਅਨਿੰਨ ਪੈਰੋਕਾਰ ਹੋਣਾ ਅਤੇ ਸਿੱਖੀ ਦੇ ਆਦੇਸ਼-ਸੰਦੇਸ਼ ਅਨੁਸਾਰ ਜ਼ਿੰਦਗੀ ਜਿਊਣਾ ਮੇਰੇ ਧੰਨ ਭਾਗ।
I
‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦਾ ਪ੍ਰਸ਼ਨ ਤਾਰਕਿਕ ਜਾਂ ਅਤਾਰਕਿਕ’ ਵਿਸ਼ੇ ‘ਤੇ ਲਿਖੇ ਇਸ ਪੇਪਰ ਨੂੰ ਜਿਸ ਪ੍ਰਬੰਧ ਵਿਚ ਰੱਖਕੇ ਵੇਖਣ ਦਾ ਯਤਨ ਕੀਤਾ ਹੈ, ਇਹ ਉਹ ਤੱਥ ਹਨ ਜੋ ਸਦੀਵੀ ਤੌਰ ਤੇ ਦੁਨੀਆਂ ਦੇ ਧਰਮ ਗ੍ਰੰਥਾਂ ਨਾਲ ਜੁੜੇ ਹੋਏ ਹਨ। ਇਸ ਪ੍ਰਸੰਗ ਵਿਚ ਜੋ ਸਿੱਟੇ ਨਿਕਲਦੇ ਹਨ, ਉਨ੍ਹਾਂ ਦਾ ਵਿਸਥਾਰਪੂਰਵਕ ਵਰਣਨ ਪੇਪਰ ਦਾ ਹਿੱਸਾ ਹੈ, ਪਰ ਇਸ ਤੋਂ ਪਹਿਲਾਂ ਮੈਂ ਕੁਝ ਨੁਕਤੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ ਹਾਂ:
(1) ਧਰਮਾਂ ਦੀ ਦੁਨੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਤੇ ਕੇਵਲ ਇਕੋ ਇਕ ਅਜਿਹਾ ਪਵਿੱਤਰ ਧਰਮ ਗ੍ਰੰਥ ਹੈ ਜੋ ਹਰ ਤਰ੍ਹਾਂ ਦੇ ਸ਼ੰਕਿਆਂ ਅਤੇ ਕਿੰਤੂਆਂ-ਪ੍ਰੰਤੂਆਂ ਤੋਂ ਮੁਕਤ ਹੈ। ਇਸ ਲਈ ਇਸ ਦੀ ਪ੍ਰਮਾਣਿਕਤਾ ਬਾਰੇ ਗੱਲ ਕਰਨੀ ਜਾਂ ਪ੍ਰਮਾਣਿਕਤਾ ਨੂੰ ਸਿੱਧ ਕਰਨਾ, ਅਸਲ ਵਿਚ ਅਕਾਦਮਿਕ ਖੇਤਰ ਵਿਚ ਇਹ ਪ੍ਰਸ਼ਨ ਹੀ ਨਹੀਂ ਹੈ ਜਦਕਿ ਵਿਸ਼ਵਾਸ ਦੇ ਖੇਤਰ ਵਿਚ ਅਜਿਹਾ ਸੋਚਣਾ ਹੀ ਪਾਪ ਸਮਝਿਆ ਜਾਵੇਗਾ।
(2) ਜੋ ਪ੍ਰਮਾਣਿਕਤਾ ਸਬੰਧੀ ਪ੍ਰਸ਼ਨ ਖੜ੍ਹਾ ਕਰ ਰਹੇ ਹਨ ਉਹ ਬਾਣੀ ਵਿਹੂਣੇ ਮਨੁੱਖ ਹਨ। ਟਰੰਪੀਅਨ ਸਕੂਲ ਅਤੇ ਉਸਦਾ ਅਲੰਬੜਦਾਰ ਮੈਕਲਿਊਡ ਸਿੱਖ ਧਰਮ ਗ੍ਰੰਥ ਦੇ ਗੁਹਜ ਤੋਂ ਪੂਰਨ ਤੌਰ ਤੇ ਅਗਿਆਨੀ ਸਨ। ਇਸ ਦੇ ਨਾਲ ਹੀ ਆਪਣੀ ਸਵਾਰਥ ਸਿੱਧੀ ਲਈ ਉਨ੍ਹਾਂ ਦੇ ਥੀਸਿਸ ਦੀ ਪ੍ਰੋੜਤਾ ਕਰਨ ਵਾਲੇ ਜਾਂ ਤੇ ਆਪਣੀ ਵਿਰਾਸਤ ਦੇ ਫਖ਼ਰ ਤੇ ਉਸਦੇ ਜਾਹੋ ਜਲਾਲ ਤੋਂ ਜਾਣੂ ਨਹੀਂ ਹਨ ਅਤੇ ਜਾਂ ਉਸ ਵੱਲ ਪਿੱਠ ਕਰ ਚੁੱਕੇ ਹਨ।
(3) ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦਾ ਪ੍ਰਸ਼ਨ ਉਨ੍ਹਾਂ ਵਧੀਕੀਆਂ ਦੇ ਪ੍ਰਸੰਗ ਵਿਚ ਹੀ ਵੇਖਿਆ ਜਾ ਸਕਦਾ ਹੈ ਜੋ ਮਿਊਨਿਚ ਦੇ ਟ੍ਰੰਪ ਨੇ ਸ਼ੁਰੂ ਕੀਤਾ ਸੀ ਅਤੇ ਮੈਕਲਾਊਡ ਦੇ ਚੇਲਿਆਂ ਦੀ ਅਗਵਾਈ ਵਿਚ ਅੱਜ ਵੀ ਜਾਰੀ ਹੈ। ਇਹ ਗੱਲ ਜੇਕਰ ਪੱਛਮੀ ਵਿਦਵਾਨਾਂ ਤੱਕ ਸੀਮਤ ਰਹਿੰਦੀ ਤਾਂ ਇਸ ਨੂੰ ਸਿੱਖ ਧਰਮ ਨਾਲ ਈਰਖਾ ਦੇ ਪ੍ਰਸੰਗ ਵਿਚ ਰੱਖਕੇ ਵੇਖਿਆ ਜਾ ਸਕਦਾ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਕਾਰਜ ਨੂੰ ਹੋਰ ਅੱਗੇ ਵਧਾਉਣ ਵਿਚ ਡਾ. ਮੈਕਲਾਊਡ ਦੇ ਸਿੱਖ ਚੇਲੇ ਬੇਹਦ ਯਤਨਸ਼ੀਲ ਹਨ। ਉਨ੍ਹਾਂ ਦੀਆਂ ਰਚਨਾਵਾਂ ਪੜ੍ਹਨ ਉਪਰੰਤ ਇਹ ਧਾਰਨਾ ਬਣਦੀ ਹੈ ਕਿ ਇਹ ਸਿਖਾਂਦਰੂ ਖੋਜਕਾਰ ਪੱਛਮੀਆਂ ਤੋਂ ਵੀ ਵੱਧ ਪੱਛਮੀ ਹੋਣ ਵੱਲ ਯਤਨਸ਼ੀਲ ਹਨ। ਪੱਛਮੀ ਹੋਣ ਦੇ ਭਰਮ ਵਿਚ ਉਹ ਆਪਣੀ ਜੜ੍ਹ ਨਾਲੋਂ ਤੇ ਟੁੱਟ ਹੀ ਰਹੇ ਹਨ, ਉਨ੍ਹਾਂ ਦੇ ਸਿੱਖ ਹੋਣ ਤੇ ਵੀ ਸ਼ੰਕਾ ਹੋਣ ਲੱਗਾ ਹੈ। ਖਰੜਾ ਨੰਬਰ 1245 ਜਾਂ ਪੋਥੀ ਗੁਰੂ ਹਰ ਸਹਾਇ ਆਦਿ ਨੂੰ ਲੈ ਕੇ ਜੋ ਘੜਮੱਸ ਇਹ ਵਿਦਵਾਨ ਫੈਲਾ ਰਹੇ ਹਨ। ਅਸਲ ਵਿਚ ਇਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਬਾਰੇ ਸ਼ੰਕੇ ਖੜ੍ਹੇ ਕਰ, ਸਿੱਖ ਪਵਿੱਤਰ ਧਰਮ ਗ੍ਰੰਥ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ‘ਮੂਲ ਮੰਤਰ’ ਅਤੇ Ḕਜਪੁਜੀ’ ਦੇ ਮੂਲ ਪਾਠ ਬਾਰੇ ਪ੍ਰਸ਼ਨ ਖੜ੍ਹੇ ਕਰਨੇ ਅਸਲ ਵਿਚ ਟ੍ਰੰਪੀਅਨ ਸਕੂਲ ਦੇ ਥੀਸਿਸ ਦੀ ਪ੍ਰੋੜਤਾ ਕਰਨਾ ਅਤੇ ਮੈਕਲੋਡੀਅਨ ਸਿਧਾਂਤ ਦੀ ਧਿਰ ਬਣਨ ਦੇ ਪ੍ਰਸੰਗ ਵਿਚ ਵੇਖੀ ਜਾ ਸਕਦੀ ਹੈ ਜੋ ਨਾ ਕਾਬਲ-ਏ-ਮੁਆਫੀ ਹੈ। ਉਪਰੋਕਤ ਥੀਸਿਸ ਨੂੰ ਤੱਥ ਸਹਿਤ ਭੰਨਣ ਵਿਚ ਸਭ ਤੋਂ ਵੱਡਾ ਕਾਰਜ ਲਾਸ ਏਂਜਲਸ ਦੇ ਡਾ. ਜਸਬੀਰ ਸਿੰਘ ਮਾਨ ਪਹਿਲਾਂ ਹੀ ਕਰ ਚੁੱਕੇ ਹਨ, ਜੋ ਮੂਲ ਰੂਪ ਵਿਚ ਮੈਡੀਕਲ ਕਿੱਤੇ ਨਾਲ ਸਬੰਧਤ ਹਨ ਪਰ ਸਿੱਖ ਅਕਾਦਮਿਕਤਾ ਉਨ੍ਹਾਂ ਦਾ ਇਸ਼ਕ ਹੈ।
(4) ਇਸ ਦਾ ਸਟੀਕ ਤੇ ਇਕੋ ਇਕ ਉਤਰ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਇਕੋ ਇਕ ਅਜਿਹਾ ਪਵਿੱਤਰ ਧਰਮ ਗ੍ਰੰਥ ਹੈ ਜੋ ਲਿਖਤ ਰਵਾਇਤ ਵਿਚੋਂ ਆਇਆ ਹੈ ਜਦਕਿ ਕੁਲ ਦੁਨੀਆਂ ਦੇ ਧਰਮ ਗ੍ਰੰਥ ਮੌਖਿਕ (ੋਰਅਲ) ਪਰੰਪਰਾ ਵਿਚੋਂ ਆਏ ਹਨ। ਮੌਖਿਕ ਪਰੰਪਰਾ ਵਾਲੇ ਗ੍ਰੰਥਾਂ ਦੀ ਪ੍ਰਮਾਣਿਕਤਾ ਬਾਰੇ ਪ੍ਰਸ਼ਨ ਬਣਦਾ ਹੈ। ਬਾਈਬਲ ਦੇ ਪਵਿੱਤਰੀਕਰਨ ਤੇ ਹੋਰ ਧਰਮਾਂ ਦੇ ਸੰਪਾਦਨ ਦੇ ਇਤਿਹਾਸ ਦੀਆਂ ਭ੍ਰਾਂਤੀਆਂ ਤੋਂ ਅਸੀਂ ਭਲੀ ਭਾਂਤ ਵਾਕਫ ਹਾਂ।
(5) ਗੁਰੂ ਨਾਨਕ ਪਾਤਸ਼ਾਹ ਦੁਨੀਆਂ ਦੀ ਇਕੋ ਇਕ ਅਜਿਹੀ ਪੈਗੰਬਰੀ ਅਜ਼ਮਤ ਹੈ ਜਿਨ੍ਹਾਂ ਨੇ ਆਪਣੀ ਬਾਣੀ ਨੂੰ ਖੁਦ ਆਪਣੇ ਹੱਥਾਂ ਨਾਲ ਕਲਮਬੱਧ ਕੀਤਾ ਹੈ ਜਦਕਿ ਕੁਲ ਦੁਨੀਆਂ ਦੇ ਧਰਮ ਗ੍ਰੰਥ ਸਬੰਧਤ ਧਰਮਾਂ ਦੇ ਵਿਦਵਾਨਾਂ ਨੇ ਆਪਣੀ ਪੈਗੰਬਰੀ ਅਜ਼ਮਤ ਦੇ ਚਲੇ ਜਾਣ ਤੋਂ ਬਾਅਦ ਲਿਖੇ। ਇਨ੍ਹਾਂ ਗ੍ਰੰਥਾਂ ਦੀ ਲਿਖਤ ਦਾ ਸਫ਼ਰ ਸੈਂਕੜੇ ਸਾਲਾਂ ਤੋਂ ਹਜ਼ਾਰਾਂ ਸਾਲਾਂ ਤੱਕ ਪਿੱਛੇ ਜਾਂਦਾ ਨਜ਼ਰ ਆਉਂਦਾ ਹੈ।
(6) ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਦੁਨੀਆਂ ਦਾ ਇਕੋ ਇਕ ਅਜਿਹਾ ਧਰਮ ਗ੍ਰੰਥ ਹੈ ਜਿਸਦੀ ਸੰਪਾਦਨ ਪ੍ਰਕਿਰਿਆ ਵੀ ਪੈਗੰਬਰੀ ਅਜ਼ਮਤ ਦੇ ਹੱਥੋਂ ਹੁੰਦੀ ਹੈ ਨਾ ਕਿ ਹੋਰਨਾਂ ਧਰਮ ਗ੍ਰੰਥਾਂ ਵਾਂਗ ਉਨ੍ਹਾਂ ਦੇ ਪੈਰੋਕਾਰਾਂ ਦੇ ਹੱਥੋਂ।
(7) ਇਹ ਪ੍ਰਮਾਣਿਕ ਤੱਥ ਹੈ ਕਿ ਕਾਇਆਂ ਬਦਲਣ ਵੇਲੇ ਜਦੋਂ ਗੁਰਗੱਦੀ ਤੇ ਅਗਲੇ ਗੁਰੂ ਸੁਸ਼ੋਭਿਤ ਹੁੰਦੇ ਹਨ ਤਾਂ ਪਹਿਲੀ ਜੋਤਿ ਉਨ੍ਹਾਂ ਨੂੰ ਮੱਥਾ ਟੇਕਣ ਉਪਰੰਤ ਸਰਬਪ੍ਰਥਮ ਲਿਖਤ ਪੋਥੀ ਉਨ੍ਹਾਂ ਦੇ ਸਪੁਰਦ ਕਰਦੀ ਹੈ ਅਤੇ ਇਹ ਪਰੰਪਰਾ ਨਿਰੰਤਰ ਪੰਜਵੇਂ ਪਾਤਸ਼ਾਹ ਤੱਕ ਚਲਦੀ ਰਹੀ, ਜਿਨ੍ਹਾਂ ਦੀ ਅਗਵਾਈ ਵਿਚ ‘ਆਦਿ ਬੀੜ’ ਦੀ ਸੰਪਾਦਨਾ ਪ੍ਰਕਿਰਿਆ ਦਾ ਕਾਰਜ ਸੰਪੰਨ ਹੋਇਆ। ਇਹ ਪਵਿੱਤਰ ਬੀੜ ਅੱਜ ਵੀ ਕਰਤਾਰਪੁਰ ਵਿਚ ਸੁਰੱਖਿਅਤ ਹੈ। ਜਿਸਦੀ ਪ੍ਰਮਾਣਿਕਤਾ ਦੇ ਪ੍ਰਸ਼ਨ ਨੂੰ ਬਹੁਤ ਸਮਾਂ ਪਹਿਲਾਂ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਰਾਹੀਂ ਡਾ. (ਭਾਈ) ਜੋਧ ਸਿੰਘ ਨੇ ਸਿੱਖ ਸਮਾਜ ਅਤੇ ਸਿੱਖ ਅਕਾਦਮਿਕਤਾ ਦੇ ਸਾਹਮਣੇ ਹੱਲ ਕਰ ਦਿੱਤਾ ਸੀ ਅਤੇ ਪ੍ਰੋ. ਸਾਹਿਬ ਸਿੰਘ ਹੋਰਾਂ ਦੀ ਪੁਸਤਕ ‘ਆਦਿ ਬੀੜ ਬਾਰੇ’ ਨੂੰ ਵੀ ਉਪਰੋਕਤ ਦੀ ਪੁਸ਼ਟੀ ਹਿਤ ਹੀ ਦੇਖਿਆ ਜਾ ਸਕਦਾ ਹੈ। ਸਿੱਖ ਪੈਗੰਬਰੀ ਅਜ਼ਮਤ ਵੱਲੋਂ ਸੰਪਾਦਤ ‘ਆਦਿ ਬੀੜ’ ਅੱਜ ਵੀ ਸਾਡੇ ਕੋਲ ਮੌਜੂਦ ਹੈ ਤਾਂ ਇਸਦੀ ਪ੍ਰਮਾਣਿਕਤਾ ਦਾ ਸਵਾਲ ਪੈਦਾ ਕਿਵੇਂ ਹੋਇਆ।
II
ਧਰਮ ਨੂੰ ਆਧਾਰ-ਸਮੱਗਰੀ ਬਣਾ ਕੇ ਰਚੇ ਗਏ ਸਾਹਿਤ ਦੇ ਦੋ ਮਹੱਤਵਪੂਰਨ ਰੂਪ ਸਾਡੇ ਸਾਹਮਣੇ ਹਨ। ਜਿਨ੍ਹਾਂ ਵਿਚੋਂ ਇਕ ਨੂੰ ਧਰਮ ਗ੍ਰੰਥ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਦੂਸਰਿਆਂ ਨੂੰ ਗ੍ਰੰਥ ਦਾ। ਇਥੇ ਇਕ ਬਹੁਤ ਹੀ ਮਹੱਤਵਪੂਰਨ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਧਰਮ ਗ੍ਰੰਥ ਨੂੰ ਗ੍ਰੰਥ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਅਤੇ ਗ੍ਰੰਥ ਨੂੰ ਧਰਮ ਗ੍ਰੰਥ ਵੀ ਨਹੀਂ ਕਿਹਾ ਜਾ ਸਕਦਾ। ਇਸ ਦੇ ਨਾਲ ਹੀ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਕਿਸੇ ਵੀ ਧਰਮ ਜਾਂ ਧਰਮ ਦੁਆਰਾ ਸਿਰਜਤ ਕੌਮੀਅਤ ਦਾ ਧਰਮ ਗ੍ਰੰਥ ਕੇਵਲ ਤੇ ਕੇਵਲ ਇਕ ਹੋਵੇਗਾ ਪਰ ਉਸ ਧਾਰਮਿਕ ਕੌਮੀਅਤ ਦੇ ਗ੍ਰੰਥ ਅਨੇਕਾਂ ਹੋ ਸਕਦੇ ਹਨ। ਧਰਮ ਗ੍ਰੰਥ ਪਰਮਾਤਮ ਬੋਲ ਹੁੰਦੇ ਹਨ ਅਤੇ ਇਸ ਦਾ ਕੋਈ ਕਰਤਾ ਨਹੀਂ ਹੁੰਦਾ (ਪੁਸ਼ਟੀ ਹਿਤ ਅੱਗੇ ਵਿਸਥਾਰਪੂਰਵਕ ਵਰਣਨ ਕੀਤਾ ਜਾ ਰਿਹਾ ਹੈ)। ਪਰ ਹਰ ਗ੍ਰੰਥ ਦਾ ਇਕ ਕਰਤਾ ਜ਼ਰੂਰੀ ਹੈ। ਇਹ ਕਰਤਾ ਜਾਂ ਰਚਨਾਕਾਰ ਆਪਣੀ ਬੁੱਧੀ ਦੇ ਬਲਬੂਤੇ ਧਰਮ ਗ੍ਰੰਥ ਦਾ ਅਧਿਐਨ ਕਰਦਾ ਹੈ ਅਤੇ ਆਪਣੀ ਸਮਰੱਥਾ ਅਨੁਸਾਰ ਧਰਮ ਗ੍ਰੰਥ ਵਿਚਲੇ ਗੁਹਜ ਦਾ ਅਧਿਐਨ ਕਰਦਾ ਹੋਇਆ ਉਸ ਵਿਚੋਂ ਇਕ ਗ੍ਰੰਥ ਦੀ ਰਚਨਾ ਕਰ ਲੈਂਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਧਰਮ ਗ੍ਰੰਥ ਸਦੈਵ ਸਮਿਆਂ ਲਈ ਕਿੰਤੂ-ਮੁਕਤ ਹੈ, ਪਰ ਗ੍ਰੰਥ ਕਿੰਤੂ-ਜੁਗਤਿ ਹੁੰਦਾ ਹੈ।
ਉਪਰੋਕਤ ਦੀ ਪੁਸ਼ਟੀ ਹਿਤ ਟੀæਐਸ਼ਈਲੀਅਟ ਦੀ ਇਹ ਸਤਰਾਂ ਵੇਖਣਯੋਗ ਹਨ। ਉਹ ਲਿਖਦਾ ਹੈ ਕਿ ਹਰ ਧਰਮ ਵਿਚ ਸਾਹਿਤ ਦੀਆਂ ਦੋ ਮਹੱਤਵਪੂਰਨ ਵੰਨਗੀਆਂ ਹੁੰਦੀਆਂ ਹਨ:
(1) ਧਾਰਮਿਕ ਸਾਹਿਤ (ਇਲਹਾਮ)
(2) ਸ਼ਰਧਾ ਭਗਤੀ ਅਤੇ ਪ੍ਰਚਾਰ ਸਾਹਿਤ
ਇਨ੍ਹਾਂ ਵਿਚੋਂ ਪਹਿਲੀ ਵੰਨਗੀ ਦੇ ਅੰਤਰਗਤ ਉਹ ਸਾਹਿਤ ਰਚਨਾਵਾਂ ਸੰਮਿਲਿਤ ਹਨ ਜਿਨ੍ਹਾਂ ਨੂੰ ਰੱਬੀ ਬੋਲ, ਦੈਵੀ ਬਾਣੀ ਜਾਂ ਇਲਹਾਮ ਦਾ ਦਰਜਾ ਹਾਸਲ ਹੈ। ਅਜਿਹੀਆਂ ਰਚਨਾਵਾਂ ਦਰਅਸਲ ਸਾਹਿਤ ਦਾ ਅੰਗ ਨਾ ਹੋ ਕੇ ਧਰਮ ਦਾ ਅੰਗ ਹੁੰਦੀਆਂ ਹਨ ਤੇ ਇਨ੍ਹਾਂ ਦੀ ਪਛਾਣ ਧਰਮ ਗ੍ਰੰਥਾਂ ਵਜੋਂ ਹੀ ਹੁੰਦੀ ਹੈ। ਇਹ ਰਚਨਾਵਾਂ ਸਾਹਿਤਿਕ ਹਨ ਜਾਂ ਨਹੀਂ, ਇਸ ਨਾਲੋਂ ਵਧੇਰੇ ਮਹੱਤਵ ਇਸ ਗੱਲ ਦਾ ਹੈ ਕਿ ਇਨ੍ਹਾਂ ਦਾ ਇਕ ਇਕ ਸ਼ਬਦ ਮਹਾਨ ਤੇ ਪਾਵਨ ਸਮਝਿਆ ਜਾਂਦਾ ਹੈ ਅਤੇ ਇਨ੍ਹਾਂ ਵਿਚ ਅਭਿਵਿਅਕਤ ਸੰਦੇਸ਼ ਧੁਰੋਂ, ਅਰਥਾਤ ਪਰਮ ਸਤਾ ਤੋਂ ਪ੍ਰਾਪਤ ਹੋਇਆ ਮੰਨਿਆ ਜਾਂਦਾ ਹੈ, ਇਸ ਨੂੰ ਜਾਮੇ ਵਿਚ ਆਏ ਪੈਗੰਬਰਾਂ, ਗੁਰੂ ਸਾਹਿਬਾਨ, ਧਰਮ ਬਾਨੀਆਂ ਨੇ ਉਸ ਸੱਤਾ ਨਾਲ ਆਪਣੀ ਇਕਰੂਪਤਾ ਸਦਕਾ ਪ੍ਰਾਪਤ ਕੀਤਾ ਹੁੰਦਾ ਹੈ ਅਤੇ ਉਸਦੇ ਦੂਤ ਬਣਕੇ ਉਹ ਇਸ ਸੰਦੇਸ਼ ਨੂੰ ਮਨੁੱਖਤਾ ਦੇ ਕਲਿਆਣ ਲਈ ਪ੍ਰਸਾਰਿਤ ਕਰਦੇ ਹਨ। ਇਕ ਪੱਛਮੀ ਵਿਦਵਾਨ ਐਨਆਰ ਫਰਾਇ ਦਾ ਕਥਨ ਹੈ ਕਿ ੨ਇਹ ਪ੍ਰਕਾਸ਼ਿਤ ਬਾਣੀ (revealed scripture) ਹੈ, ਜਿਸ ਵਿਚ ਕਰਤਾ ਦੀ ਭੂਮਿਕਾ ਕੇਵਲ ਪ੍ਰਕਾਸ਼ਕ ਵਜੋਂ ਹੀ ਸਵੀਕਾਰ ਕੀਤੀ ਜਾਂਦੀ ਹੈ। ਇਸ ਪ੍ਰਕਾਰ ਅਜਿਹਾ ਸਾਹਿਤ ਕੇਵਲ ਪ੍ਰਗਟਾਵਾ ਹੀ ਨਹੀਂ, ਪ੍ਰਕਾਸ਼ ਵੀ ਹੈ” ਅਤੇ ਇਸ ਦਾ ਇਹੋ ਚਰਿੱਤਰ ਇਸਨੂੰ ਹੋਰ ਵੰਨਗੀਆਂ ਦੇ ਸਾਹਿਤ ਨਾਲੋਂ ਵਖਰਿਆਉਂਦਾ ਹੈ। ਵੇਦ, ਬਾਈਬਲ, ਕੁਰਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਇਸ ਵੰਨਗੀ ਦੀਆਂ ਰਚਨਾਵਾਂ ਹਨ। ਉਪਰੋਕਤ ਤੋਂ ਸਪੱਸ਼ਟ ਹੈ ਕਿ ਧਰਮ ਗ੍ਰੰਥ ਰੱਬ ਦਾ ਪ੍ਰਕਾਸ਼ ਹੈ ਜਦਕਿ ਗ੍ਰੰਥ ਮਨੁੱਖ ਦੀ ਕਿਰਤ ਹੈ। ਜਿਸ ਤਰ੍ਹਾਂ ਮਨੁੱਖ ਪੂਰਨ ਨਹੀਂ ਹੈ, ਉਸੇ ਤਰ੍ਹਾਂ ਹੀ ਉਸਦੀ ਕਿਰਤ ਵੀ ਪੂਰਨਤਾ ਦਾ ਰੁਤਬਾ ਗ੍ਰਹਿਣ ਨਹੀਂ ਕਰ ਸਕਦੀ।
III
ਧਰਮ ਗ੍ਰੰਥ, ਧਰਮ ਜਾਂ ਕੌਮੀਅਤ ਦੀ ਵਿਰਾਸਤ ਦਾ ਫ਼ਖ਼ਰ ਹੁੰਦੇ ਹਨ ਅਤੇ ਕਿਸੇ ਵੀ ਧਰਮ ਦੀ ਵੱਖਰੀ ਹੋਂਦ ਦਾ ਕੇਂਦਰੀ ਧਰਾਤਲ ਵੀ। ਧਰਮ ਗ੍ਰੰਥ ਦੇ ਬਿਨਾਂ ਧਰਮ ਦੀ ਹੋਂਦ ਸੰਭਵ ਤਾਂ ਕੀ, ਕਿਆਸ ਵੀ ਨਹੀਂ ਕੀਤੀ ਜਾ ਸਕਦੀ। ਧਰਮ ਬਾਨੀਆਂ ਦੀ ਸੰਸਾਰ ਵਿੱਚ ਆਮਦ ਨਾਲ ਕਿਸੇ ਨਵੇਂ ਸੱਚ ਦੀ ਸਥਾਪਨਾ ਹੁੰਦੀ ਹੈ ਜਿਸ ਨੂੰ ‘ਧਰਮ’ ਦਾ ਨਾਮ ਦਿੱਤਾ ਜਾਂਦਾ ਹੈ। ਧਰਮ ਅਕਾਲ ਪੁਰਖ ਦੇ ਘਰ ਦਾ ਮਾਰਗ ਦਰਸ਼ਨ ਕਰਦਾ ਹੈ। ਧਰਮ ਬਾਨੀ ਰੱਬੀ ਬਾਣੀ ਨੂੰ ਸੰਸਾਰ ਵਿੱਚ ਸਥਾਪਤ ਕਰ ਕੇ ਕਿਸੇ ਵੱਡੇ ਗੁਹਜ ਤੋਂ ਪਰਦਾ ਉਠਾਉਂਦੇ ਹਨ ਅਤੇ ਕੁਲ ਕਾਇਨਾਤ ਨੂੰ ਰੱਬੀ ਨੂਰ ਬਣਾਉਣ ਦਾ ਸਿਧਾਂਤਕ ਪ੍ਰਸੰਗ ਵੀ ਸਾਹਮਣੇ ਲਿਆਉਂਦੇ ਹਨ ਤੇ ਉਸ ਦਾ ਅਮਲੀ ਪ੍ਰਤੀਪਾਦਨ ਵੀ ਕਰਦੇ ਹਨ। ਜਦੋਂ ਧਰਮ ਬਾਨੀ ਆਪਣੇ ਦੈਵੀ ਪ੍ਰਕਾਸ਼ ਨਾਲ ਸਮੁੱਚੀ ਕਾਇਨਾਤ ਨੂੰ ਸਰਸ਼ਾਰ ਕਰ ਇਸ ਦੁਨੀਆਂ ਤੋਂ ਅਗੰਮੀ ਸੰਸਾਰ ਵੱਲ ਚਾਲੇ ਪਾ ਦਿੰਦੇ ਹਨ ਤਾਂ ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਪਿੱਛੋਂ ਉਨ੍ਹਾਂ ਦੇ ਪੈਰੋਕਾਰਾਂ ਨੂੰ ਸੱਚ ਦੇ ਰਾਹ ਨਾਲ ਜੋੜੇ ਰੱਖਣ ਅਤੇ ਇਸ ਸੰਸਾਰ ਨੂੰ ਸੱਚਖੰਡ ਜਾਂ ਬੇਗਮਪੁਰੇ ਦੇ ਰੂਪ ਵਿੱਚ ਸਥਾਪਿਤ ਕਰਨ ਹਿਤ ਉਹ ਰੱਬੀ ਬਾਣੀ ਜੋ ਧਰਮ ਗ੍ਰੰਥ ਰੂਪ ਵਿਚ ਪ੍ਰਕਾਸ਼ਤ ਹੋ ਚੁੱਕੀ ਹੁੰਦੀ ਹੈ, ਰਸਤਾ ਨਿਰਧਾਰਿਤ ਕਰਦੀ ਹੈ। ਇਸਦੇ ਨਾਲ ਹੀ ਉਹ ਧਰਮ ਨੂੰ ਹਮੇਸ਼ਾ-ਹਮੇਸ਼ਾ ਲਈ ਸਦੀਵਤਾ ਵੀ ਪ੍ਰਦਾਨ ਕਰ ਦਿੰਦੀ ਹੈ।
ਸੰਸਾਰ ਦੇ ਧਰਮਾਂ ਦੇ ਇਤਿਹਾਸ ਵੱਲ ਨਿਗਾਹ ਮਾਰਿਆਂ ਉਕਤ ਸੱਚ ਦੇ ਦੀਦਾਰੇ ਆਪ ਮੁਹਾਰੇ ਸਾਡੇ ਸਾਹਮਣੇ ਰੂਪਮਾਨ ਹੋ ਜਾਂਦੇ ਹਨ ਕਿ ਬਹੁਤ ਸਾਰੇ ਧਰਮਾਂ ਦੇ ਹਜ਼ਾਰਾਂ ਸਾਲ ਪੁਰਾਣੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਧਰਮ ਗ੍ਰੰਥਾਂ ਸਦਕਾ ਉਨ੍ਹਾਂ ਦੀ ਸਾਰਥਿਕਤਾ ਅੱਜ ਵੀ ਜਿਉਂ ਦੀ ਤਿਉਂ ਨਵੀਂ-ਨਰੋਈ ਹੈ ਅਤੇ ਦਿਖ ਸਦ-ਤਾਜ਼ਗੀ ਵਾਲੀ ਹੈ। ਇਨ੍ਹਾਂ ਧਰਮ ਗ੍ਰੰਥਾਂ ਕਰਕੇ ਹੀ ਹੈ ਕਿ ਹਜ਼ਾਰਾਂ ਸਾਲ ਪੁਰਾਣਾ ਹੋਣ ਦੇ ਬਾਵਜੂਦ ਯਹੂਦੀ ਧਰਮ ਆਪਣੇ ਨਾਮ ਨਾਲ ਸੰਸਾਰ ਵਿੱਚ ਨਾਮਣਾ ਖੱਟ ਰਿਹਾ ਹੈ। ਈਸਾਈ ਧਰਮ ਦੁਨੀਆਂ ਦੇ ਵੱਡੇ ਹਿੱਸੇ ਦੀ ਰੂਹ ਦੀ ਖੁਰਾਕ ਹੈ ਅਤੇ ਇਸਲਾਮ ਅਨੁਯਾਈਆਂ ਦੀ ਕੱਟੜਤਾ ਦੇ ਬਾਵਜੂਦ ਇਸ ਧਰਤੀ ਦਾ ਖ਼ੂਬਸੂਰਤ ਫੁਲ ਹੈ, ਜਿਸਦੀ ਮਹਿਕ ਨਾਲ ਕਰੋੜਾਂ ਰੂਹਾਂ ਅੱਲਾਹ ਅਤੇ ਪਾਕ ਪੈਗ਼ੰਬਰੀ ਰੂਹ ਨੂੰ ਨਤਮਸਤਕ ਹੁੰਦੀਆਂ ਹਨ। ਪੂਰਬੀ ਧਰਮਾਂ ਵਿੱਚ ਵੇਦਾਂਤ ਧਰਮ ਦੇ ਅਨੁਯਾਈ ਵੀ ਆਪਣੇ ਧਰਮ ਗ੍ਰੰਥਾਂ ਸਦਕਾ ਹੀ ਇਸ ਧਰਮ ਨੂੰ ਅੰਗੀਕਾਰ ਕਰੀ ਬੈਠੇ ਹਨ। ਜੈਨ ਅਤੇ ਬੁੱਧ ਧਰਮ ਨੂੰ ਪ੍ਰਗਟਾ ਸਮੇਂ ਤੋਂ ਲੈ ਕੇ ਅੱਜ ਤੱਕ ਸਮਕਾਲੀਨ ਧਰਮ (ਹਿੰਦੂ ਧਰਮ) ਦੀ ਮਾਰ ਤੋਂ ਬਚਾਉਣ ਲਈ ਤੇ ਜਿਉਂ ਦਾ ਤਿਉਂ ਨਵਾਂ ਨਰੋਆ ਰੱਖਣ ਲਈ ਉਨ੍ਹਾਂ ਦੇ ਧਰਮ ਗ੍ਰੰਥ ਹੀ ਉਨ੍ਹਾਂ ਦਾ ਢਾਰਸ ਤੇ ਸਹਾਰਾ ਬਣਦੇ ਆ ਰਹੇ ਹਨ।
ਧਰਮਾਂ ਦੇ ਇਤਿਹਾਸਕ ਪ੍ਰਸੰਗ ਤੋਂ ਸਪਸ਼ਟ ਹੈ ਕਿ ਜਿਹੜੀਆਂ ਕੌਮਾਂ ਧਰਮ ਗ੍ਰੰਥ ਰੂਪੀ ਵਿਰਾਸਤ ਦੇ ਫ਼ਖ਼ਰ ਨੂੰ ਸੰਭਾਲ ਕੇ ਰੱਖਣ ਤੋਂ ਅਸਮਰੱਥ ਹੋ ਜਾਂਦੀਆਂ ਹਨ, ਉਹ ਸਮੇਂ ਦੇ ਕਾਲ ਚੱਕਰ ਵਿੱਚ ਆਪਣਾ ਸਰੂਪ ਤੇ ਧਰਮ ਦੋਵੇਂ ਗਵਾ ਬੈਠਦੀਆਂ ਹਨ। ਹੋਰ ਵੀ ਸੌਖੇ ਸ਼ਬਦਾਂ ਵਿਚ ਦੱਸਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਕੌਮੀਅਤਾਂ ਜੋ ਆਪਣੇ ਧਰਮ ਗ੍ਰੰਥਾਂ ਦੇ ਰਹੱਸ ਨੂੰ ਸਮਝਣ ਦੇ ਸਮਰੱਥ ਹੁੰਦੀਆਂ ਹਨ, ਉਹ ਹਮੇਸ਼ਾ-ਹਮੇਸ਼ਾ ਲਈ ਅਮਰ ਹੋ ਜਾਂਦੀਆਂ ਹਨ ਅਤੇ ਜਿਹੜੀਆਂ ਕੌਮਾਂ ਆਪਣੀ ਵਿਰਾਸਤ ਦੇ ਇਸ ਫ਼ਖ਼ਰ (ਧਰਮ ਗ੍ਰੰਥ) ਨੂੰ ਸਮਝਣ ਤੋਂ ਅਸਮਰੱਥ ਹੋ ਜਾਂਦੀਆਂ ਹਨ, ਉਨ੍ਹਾਂ ਦਾ ਖ਼ਾਤਮਾ ਵੀ ਲਾਜ਼ਮੀ ਹੁੰਦਾ ਹੈ। ਇਤਿਹਾਸ ਵਿੱਚ ਅਨੇਕਾਂ ਉਦਾਹਰਣਾਂ ਇਸਦੀ ਪੁਸ਼ਟੀ ਵਿੱਚ ਦਿੱਤੀਆਂ ਜਾ ਸਕਦੀਆਂ ਹਨ। ਅਨੇਕਾਂ ਅਮੀਰ ਸਭਿਆਚਾਰਾਂ, ਕੌਮਾਂ ਅਤੇ ਧਰਮਾਂ ਜਿਨ੍ਹਾਂ ਨੇ ਆਪਣੇ ਧਰਮ ਗ੍ਰੰਥ ਰੂਪੀ ਖ਼ਜ਼ਾਨੇ ਨੂੰ ਸੰਭਾਲਣ ਵਿਚ ਅਵੇਸਲਾਪਨ ਜਾਂ ਅਣਗਹਿਲੀ ਕੀਤੀ, ਉਹ ਸਾਰੇ ਕੇਵਲ ਇਤਿਹਾਸ ਦੀ ਕਿਸੇ ਸਮੇਂ ਵਾਪਰੀ ਘਟਨਾ ਬਣ ਕੇ ਹੀ ਰਹਿ ਗਏ।
ਸਪਸ਼ਟ ਹੈ ਕਿ ਧਰਮ ਗ੍ਰੰਥ ਅਤੇ ਧਰਮ ਦਾ ਰਿਸ਼ਤਾ ਰੂਹ ਅਤੇ ਸਰੀਰ ਵਾਲਾ ਹੈ। ਜਿਸ ਤਰ੍ਹਾਂ ਸਰੀਰ ਵਿੱਚ ਰੂਹ ਨਾ ਹੋਵੇ ਤਾਂ ਸਰੀਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਉਸੇ ਤਰ੍ਹਾਂ ਜੇ ਕਿਸੇ ਧਰਮ ਪਾਸ ਧਰਮ ਗ੍ਰੰਥ ਨਾ ਹੋਵੇ ਤਾਂ ਧਰਮ ਦੀ ਭੂਮਿਕਾ ਦਾ ਪ੍ਰਸੰਗ ਹੀ ਸਥਾਪਿਤ ਨਹੀਂ ਹੁੰਦਾ। ਇਸ ਦੇ ਪ੍ਰਸੰਗ ਦੀ ਸਥਾਪਤੀ ਲਈ ਕਿਸੇ ਵਿਦਵਾਨ ਨੇ ਧਰਮ ਗ੍ਰੰਥਾਂ ਦੀ ਮਹੱਤਤਾ ਦਾ ਬਖਾਨ ਬਹੁਤ ਹੀ ਖ਼ੂਬਸੂਰਤੀ ਨਾਲ ਕਰਦਿਆਂ ਧਰਮ ਗ੍ਰੰਥਾਂ ਦੀ ਤੁਲਨਾ ਪਾਣੀ ਦੇ ਅਜਿਹੇ ਚਸ਼ਮਿਆਂ ਨਾਲ ਕੀਤੀ ਹੈ ੨ਜੋ ਥੱਕੇ-ਟੁੱਟੇ ਮੁਸਾਫ਼ਿਰਾਂ ਲਈ ਜੀਵਨਦਾਨੀ ਹੀ ਨਹੀਂ ਬਣਦੇ ਸਗੋਂ ਜ਼ਿੰਦਗੀ ਦੇ ਮਾਰੂਥਲਾਂ ਦੀ ਤਪਸ਼ ਵਿੱਚ ਥੱਕੇ-ਹਾਰੇ, ਭਟਕਦੇ ਅਤੇ ਜਲ-ਭੁਜ ਰਹੇ ਲੋਕਾਂ ਨੂੰ ਧੁਰ ਅੰਦਰ ਤੱਕ ਆਪਣੀ ਠੰਢਕ ਨਾਲ ਸਹਿਜ ਅਵਸਥਾ ਦੇ ਧਾਰਨੀ ਵੀ ਬਣਾ ਦਿੰਦੇ ਹਨ। ਸਪਸ਼ਟ ਹੈ ਕਿ ਧਰਮ ਗ੍ਰੰਥਾਂ ਦੇ ਬਿਨਾ ਮਨੁੱਖ ਅਤੇ ਮਨੁੱਖੀ ਸਮਾਜ ਦੀ ਕੋਈ ਅਹਿਮੀਅਤ ਹੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ।”
ਧਰਮ ਦੀ ਸਦੀਵਤਾ, ਮਨੁੱਖ ਦੀ ਉਤਮਤਾ ਅਤੇ ਧਰਮ ਦੇ ਸੰਸਥਾਤਮਕ ਰੂਪ ਵਿਚ ਧਰਮ ਗ੍ਰੰਥ ਹੀ ਕੇਂਦਰੀ ਰੋਲ ਅਦਾ ਕਰਦਾ ਹੈ। ਇਸ ਦੇ ਨਾਲ ਹੀ ਧਰਮ ਗ੍ਰੰਥ ਹੀ ਕਿਸੇ ਵੀ ਧਰਮ ਜਾਂ ਕੌਮੀਅਤ ਦੀ ਵੱਖਰੀ ਅਤੇ ਨਿਰਾਲੀ ਹੋਂਦ ਨੂੰ ਸਿੱਧ ਕਰਨ ਵਿਚ ਕੇਂਦਰੀ ਭੂਮਿਕਾ ਅਦਾ ਕਰਦਾ ਹੈ। ਧਰਮ ਜਾਂ ਕੌਮੀਅਤ ਦੀ ਵੱਖਰੀ ਹੋਂਦ ਲਈ ਪੰਜ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ:
1. ਪੈਗ਼ੰਬਰ
2. ਲਿਪੀ
3. ਧਰਮ ਗ੍ਰੰਥ
4. ਰਹਿਤ ਮਰਯਾਦਾ
5. ਸਰੂਪ
IV
ਬੇਸ਼ੱਕ ਇਹਨਾਂ ਪੰਜਾਂ ਦਾ ਆਪਣਾ ਆਪਣਾ ਮਹੱਤਵਪੂਰਨ ਸਥਾਨ ਹੈ। ਪਰ ਕੋਈ ਵੀ ਸਮੂਹ ਜਾਂ ਕੌਮੀਅਤ ਨੂੰ ਅਗਵਾਈ ਦੇਣ ਜਾਂ ਉਸ ਲਈ ਦਿਸ਼ਾ ਨਿਰਦੇਸ਼ ਧਰਮ ਗ੍ਰੰਥ ਹੀ ਦਿੰਦਾ ਹੈ। ਇਸ ਲਈ ਇਹ ਪਰਵਾਨ ਕਰਕੇ ਚੱਲਿਆ ਜਾਂਦਾ ਹੈ ਕਿ ਧਰਮ ਗ੍ਰੰਥ ਦਾ ਇਕ ਇਕ ‘ਵਾਕ’ ਰੱਬ ਦੇ ਬੋਲ ਹਨ, ਜਿਹੜਾ ਉਹ ਆਪਣੀ ਚੁਣੀ ਹੋਈ ਪੈਗੰਬਰੀ ਅਜ਼ਮਤ ਤੇ ਲੋਕਾਈ ਦੇ ਭਲੇ ਲਈ ਨਾਜ਼ਲ ਕਰਦਾ ਹੈ। ਜਿਵੇਂ ਪੁਰਾਣੇ ਨੇਮ ਦੀ ਕਿਤਾਬ Ḕਜ਼ਬੂਰ’ ਵਿਚ ਲਿਖਿਆ ਹੈ: ਉਹ ਮੂਸਾ ਤੇ ਨਾਜ਼ਲ ਹੋਇਆ ਤੇ ਆਪਣਾ ਹੁਕਮ ‘ਵਾਕ’ ਰਾਹੀਂ ਦਿੱਤਾ। ਉਸਦਾ ਵਾਕ ਅਤਿਅੰਤ ਪ੍ਰਚੰਡ ਵੇਗ ਵਾਲਾ ਸੀ। ਇਸ ਦੇ ਨਾਲ ਹੀ ਰੱਬੀ ਬੋਲਾਂ ਨੂੰ ਖਾਸ ਚਿੰਨ੍ਹਾਤਮਕ ਰੂਪ ਵਿਚ ਦੱਸਦਿਆਂ ਉਕਤ ਗ੍ਰੰਥ ਵਿਚ ਅੰਕਤ ਹੈ: ੨ਉਹ ਵਾਕ ਜਿਸ ਨੇ ਅਸਮਾਨਾਂ ਨੂੰ ਹਿਲਾ ਦਿੱਤਾ ਅਤੇ ਜਿਸਦੇ ਕਾਰਣ ਧਰਤੀ ਨੂੰ ਕਾਂਬਾ ਛਿੜ ਗਿਆ।”
ਧਰਮ ਗ੍ਰੰਥਾਂ ਦੇ ਇਲਹਾਮੀ ਹੋਣ ਦੀ ਆਸਥਾ ਈਸਾਈ ਧਰਮ ਵਿਚ ਵੀ ਯਹੂਦੀ ਧਰਮ ਵਾਂਗ ਹੀ ਪਰਪੱਕ ਹੈ। ਇਸਦਾ ਸਿਧਾਂਤਕ ਪ੍ਰਸੰਗ ਨਵੇਂ ਨੇਮ ਵਿਚਲੀਆਂ ਪੁਸਤਕਾਂ ਵਿਚੋਂ ਬਹੁਤ ਹੀ ਸਪਸ਼ਟ ਰੂਪ ਵਿਚ ਸਾਡੇ ਸਾਹਮਣੇ ਆਉਂਦਾ ਹੈ। ਪ੍ਰਸਿੱਧ ਈਸਾਈ ਚਿੰਤਕ ਮੈਕਡਾਨਲਡ Ḕਥਿਊਰੀਜ਼ ਆਫ ਰਿਲੀਜਨ’ ਵਿਚ ਲਿਖਦਾ ਹੈ ਕਿ ੨ਇਲਹਾਮ ਪਰਮਾਤਮਾ ਦੇ ਦੈਵੀ ਕਾਰਜ ਦੀ ਉਹ ਲੜੀ ਹੈ ਜਿਸ ਰਾਹੀਂ ਮਨੁੱਖਾਂ ਦੇ ਜੀਵਨ ਵਿਚ, ਉਨ੍ਹਾਂ ਨੂੰ ਮੁਕਤੀ ਪ੍ਰਦਾਨ ਕਰਨ ਲਈ ਈਸ਼ਵਰ ਆਪ ਉਨ੍ਹਾਂ ਦੇ ਸੰਪਰਕ ਵਿਚ ਆਉਹੈ। ਨਵਾਂ ਨੇਮ ਇਨ੍ਹਾਂ ਮਿਲਣੀਆਂ ਦਾ ਲਿਖਤੀ ਪ੍ਰਮਾਣ ਹੈ।
ਨਵੇਂ ਨੇਮ ਵਿਚ ਧਰਮ ਗ੍ਰੰਥਾਂ ਦੇ ਇਲਹਾਮੀ ਬਾਣੀ ਹੋਣ ਦੇ ਸੱਚ ਦਾ ਪ੍ਰਗਟਾ ਇਨ੍ਹਾਂ ਸ਼ਬਦਾਂ ਨਾਲ ਕੀਤਾ ਹੋਇਆ ਹੈ:
‘ਹਰ ਪਵਿੱਤਰ ਗ੍ਰੰਥ ਦੇ ਸ਼ਬਦ ਪਰਮੇਸ਼ਰ ਦੇ ਹਨ। ਪਵਿੱਤਰ ਗ੍ਰੰਥ ਪਰਮੇਸ਼ਰ ਦੀ ਦੈਵੀ ਪ੍ਰੇਰਨਾ ਦੁਆਰਾ ਰਚਿਆ ਗਿਆ ਹੈ ਅਤੇ ਉਹ ਸਿੱਖਿਆ ਦੇ ਲਈ ਅਤੇ ਹਰ ਤਰ੍ਹਾਂ ਦੇ ਭਲੇ ਜੀਵਨ ਦੀ ਸਿਖਲਾਈ ਲਈ ਲਾਭਕਾਰੀ ਹੈ।”
ਸਪਸ਼ਟ ਹੈ ਕਿ ਇਸਾਈਅਤ ਵਿਚ ਧਰਮ ਗ੍ਰੰਥਾਂ ਦੇ ਬੋਲਾਂ ਨੂੰ ਰੱਬੀ ਬੋਲਾਂ ਦਾ ਰੁਤਬਾ ਹਾਸਲ ਹੈ। ਇਹ ਦੈਵੀ ਬੋਲ ਪੈਗੰਬਰੀ ਅਜਮਤ ਦੁਆਰਾ Ḕਧਰਤਿ ਲੋਕਾਈ’ ਲਈ ਭੇਜੇ ਜਾਂਦੇ ਰਹੇ ਹਨ ਤਾਂ ਜੋ ਧਰਤਿ ‘ਤੇ ਪਰਮੇਸ਼ਰ ਦਾ ਰਾਜ ਸਥਾਪਤ ਹੋਵੇ।
ਇਸਲਾਮ ਧਰਮ ਸਾਮੀ ਧਰਮ ਪਰੰਪਰਾ ਦਾ ਤੀਸਰਾ ਮਹੱਤਵਪੂਰਨ ਧਰਮ ਹੈ। ਇਸ ਧਰਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਹਨ ਅਤੇ ਇਸ ਧਰਮ ਦਾ ਪਵਿੱਤਰ ਧਰਮ ਗ੍ਰੰਥ Ḕਕੁਰਆਨ’ ਹੈ। ਇਸਲਾਮੀ ਵਿਸ਼ਵਾਸ ਅਨੁਸਾਰ ੨ਖੁਦਾ ਜਿਸ ਸੇਵਕ ‘ਤੇ ਪ੍ਰਸੰਨ ਹੁੰਦਾ ਹੈ, ਉਸ ਕੋਲ ਆਪਣੇ ਅਮਰ (ਹੁਕਮ) ਦੁਆਰਾ ਕੌਲ ਜਾਂ ਕਲਮਾ ਭੇਜਦਾ ਹੈ।” ਇਸਲਾਮੀ ਮਾਨਤਾ ਅਨੁਸਾਰ ਹਜ਼ਰਤ ਮੁਹੰਮਦ ਸਾਹਿਬ ਉਪਰ ਸੰਪੂਰਨ ਕੁਰਆਨ ਨਾਜ਼ਲ ਹੋਇਆ। ਇਸ ਵਿਚ ਇਕ ਵੀ ਸ਼ਬਦ ਮੁਹੰਮਦ ਸਾਹਿਬ ਦਾ ਆਪਣਾ ਨਹੀਂ ਹੈ। ਨਾਜ਼ਲ ਹੋਣ ਦੇ ਦੋ ਮੁੱਖ ਪੜਾਅ ਮੰਨੇ ਗਏ ਹਨ: ੨ਲੈਲਤ-ਉਲ-ਕਦਰ (ਜਿਸ ਰਾਤ ਇਹ ਨਾਜ਼ਲ ਹੋਇਆ) ਨੂੰ ਸੰਨ 610 ਈਸਵੀ ਵਿਚ ਸੰਪੂਰਨ ਕੁਰਆਨ ਧਰਤੀ ਦੇ ਨੇੜੇ ਵਾਲੇ ਅਸਮਾਨ ‘ਤੇ ਨਾਜ਼ਲ ਹੋਇਆ, ਜਿਥੇ ਇਹ ਲੋੜ ਅਤੇ ਮੌਕੇ ਅਨੁਸਾਰ ਜ਼ਿਬਰਾਈਲ (ਫਰਿਸ਼ਤੇ) ਰਾਹੀਂ ਵਹੀ-ਏ-ਮਤਲੋ ਦੇ ਰੂਪ ਵਿਚ ਹਜ਼ਰਤ ਮੁਹੰਮਦ ਸਾਹਿਬ ਤੇ 633 ਈਸਵੀ ਤੱਕ ਉਨ੍ਹਾਂ ਦੇ ਜੀਵਨ ਦੇ ਅੰਤਮ ਵਰ੍ਹੇ ਤੱਕ ਸਹਿਜੇ ਸਹਿਜੇ (ਕੁਰਆਨ ਨੂੰ ਅਸਾਂ ਥੋੜ੍ਹਾ ਥੋੜ੍ਹਾ ਕਰਕੇ ਇਸ ਲਈ ਉਤਾਰਿਆ ਹੈ ਕਿ ਤੁਸੀਂ ਇਸ ਨੂੰ ਤਸੱਲੀ ਨਾਲ ਲੋਕਾਂ ਨੂੰ ਸੁਣਾਓ ਅਤੇ ਅਸਾਂ ਆਪ ਹੀ ਇਸ ਨੂੰ ਪੜਾਅਵਾਰ ਉਤਾਰਿਆ ਹੈ, 17:106) ਨਾਜ਼ਲ ਹੁੰਦਾ ਰਿਹਾ।” ਪਵਿੱਤਰ ਕੁਰਆਨ ਵਿਚ ਅਨੇਕਾਂ ਹਵਾਲੇ ਹਨ, ਜਿਹੜੇ ਇਸ ਦੇ ਰੱਬੀ ਬੋਲ ਹੋਣ ਦੀ ਪੁਸ਼ਟੀ ਕਰਦੇ ਹਨ।
ਹਿੰਦੂ ਧਰਮ ਹਿੰਦੁਸਤਾਨ ਦੀ ਧਰਤੀ ਦਾ ਬਹੁਤ ਮਹੱਤਵਪੂਰਨ ਧਰਮ ਹੈ। ਧਰਮਾਂ ਦੇ ਇਤਿਹਾਸਕ ਪ੍ਰਸੰਗ ਵਿਚ ਇਸ ਦੀ ਗਿਣਤੀ ਦੁਨੀਆਂ ‘ਤੇ ਪੈਦਾ ਹੋਏ ਪਹਿਲੇ ਧਰਮਾਂ ਵਿਚ ਕੀਤੀ ਜਾਂਦੀ ਹੈ। ਇਸ ਧਰਮ ਦਾ ਵਿਲੱਖਣ ਤੱਤ ਇਹ ਹੈ ਕਿ ਇਸ ਧਰਮ ਵਿਚ ਪੈਗੰਬਰੀ ਅਜ਼ਮਤ ਦਾ ਆਗਮਨ ਗੁੰਮ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਵਿਚ ਇਹ ਇਕੋ ਇਕ ਅਜਿਹਾ ਧਰਮ ਹੈ ਜਿਸਦਾ ਕੋਈ ਇਕ ਧਰਮ ਬਾਨੀ ਨਹੀਂ ਹੈ। ਇਸ ਧਰਮ ਦੇ ਪਵਿੱਤਰ ਧਰਮ ਗ੍ਰੰਥ ਵੇਦ ਹਨ ਜੋ ਗਿਣਤੀ ਵਿਚ ਚਾਰ ਹਨ। ਇਨ੍ਹਾਂ ਧਰਮ ਗ੍ਰੰਥਾਂ ਦਾ ਅਦਭੁਤ ਇਤਿਹਾਸ ਇਹ ਹੈ ਕਿ ਇਸ ਧਰਮ ਦੇ ਵਿਸ਼ਵਾਸੀਆਂ ਅਨੁਸਾਰ ਇਹ ਧਰਮ ਗ੍ਰੰਥ Ḕਅਪੁਰਸ਼’ ਰਚਨਾ ਹੈ ਭਾਵ ਇਨ੍ਹਾਂ ਦਾ ਕਰਤਾ ਕੋਈ ਮਨੁੱਖ ਨਹੀਂ ਹੈ। ਇਹ ਸਿੱਧੇ ਅਕਾਸ਼ ਤੋਂ ਧਰਤੀ ‘ਤੇ ਉਤਰੇ। ਜੇਕਰ ਤਾਰਕਿਕ ਢੰਗ ਨਾਲ ਸੋਚਿਆ ਜਾਵੇ ਤਾਂ ਪ੍ਰਸੰਗ ਉਹੀ ਸਥਾਪਿਤ ਹੁੰਦਾ ਹੈ ਕਿ ਇਹ ਗ੍ਰੰਥ ਇਲਹਾਮੀ ਬਾਣੀ ਹਨ।
ਧਰਮ ਗ੍ਰੰਥ ਅਸਲ ਵਿਚ ਕਿਸੇ ਵੀ ਧਰਮ ਦੇ ਰੱਬੀ ਪ੍ਰਕਾਸ਼ਨ ਦੀ ਲਿਖਤੀ ਸੰਗ੍ਰਹਿ ਹੁੰਦੇ ਹਨ ਜਾਂ ਇਉਂ ਕਹਿ ਲਈਏ ਕਿ ਕਿਸੇ ਵੀ ਧਰਮ ਦੇ ਪੈਗ਼ੰਬਰ ਜਾਂ ਧਰਮ ਬਾਨੀ ਨੇ ਜੋ ਰੱਬੀ ਨਾਦ ਸੁਣਿਆ, ਉਸ ਦੇ ਸੰਗ੍ਰਹਿਤ ਰੂਪ ਨੂੰ ਧਰਮ ਗ੍ਰੰਥ ਕਹਿੰਦੇ ਹਨ। ਇਹ ਨਾਦ ਜਾਂ ਇਲਹਾਮ ਭਾਵੇਂ ਇਤਿਹਾਸਕ ਘਟਨਾਵਾਂ ਦੇ ਰੂਪ ਵਿਚ ਨਾਜ਼ਲ ਹੋਇਆ ਹੋਵੇ ਭਾਵੇਂ ਸ਼ਬਦ ਬਾਣੀ ਦੇ ਰੂਪ ਵਿੱਚ। ਇਸ ਗੱਲ ਦਾ ਪ੍ਰਗਟਾਅ ਹਰ ਧਰਮ ਦਾ ਧਰਮ ਗ੍ਰੰਥ ਅਤੇ ਗਿਆਨ ਸਾਹਿਤ (ੱਸਿਦੋਮ ਲਟਿeਰਅਟੁਰe) ਕਰਦਾ ਹੈ। ਸਿੱਖ ਧਰਮ ਦੀ ਪੈਗੰਬਰੀ ਅਜਮਤ ਇਸ ਬਾਣੀ ਦੇ ਦੈਵੀ ਹੋਣ ਦਾ ਬਖਾਨ ਇਸ ਤਰ੍ਹਾਂ ਕਰਦੇ ਹਨ:
(A) ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ।।
(ਅ) ਤਾ ਮੈ ਕਹਿਆ ਕਹਣੁ ਜਾਂ ਤੁਝੈ ਕਹਾਇਆ।।
(e) ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ।।
(ਸ) ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ।।
ਹਰਿ ਕਰਤਾ ਆਪਿ ਮੁਹਹੁ ਕਢਾਏ।।
(ਹ) ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ।।
ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ।।
ਮੈਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤ ਅਘਾਇ ਜੀਉ।।
ਉਪਰੋਕਤ ਬਾਣੀ ਪ੍ਰਸੰਗ ਇਸ ਗੱਲ ਦਾ ਪ੍ਰਗਟਾਅ ਹੈ ਕਿ ਧਰਮ ਗ੍ਰੰਥ ਅਸਲ ਵਿੱਚ ਧਰਮ ਦੇ ਬਾਨੀਆਂ ਤੇ ਉਤਰੇ ਰੱਬੀ ਬੋਲਾਂ ਦਾ ਖ਼ਜ਼ਾਨਾ ਹੀ ਹੁੰਦੇ ਹਨ। ਪੈਗ਼ੰਬਰ ਜਾਂ ਧਰਮ ਬਾਨੀ ਰੱਬੀ ਸ਼ਬਦ ਦੇ ਵਾਹਕ ਵਜੋਂ ਕਾਰਜ ਕਰਦੇ ਹਨ।
ਦੁਨੀਆਂ ਭਰ ਦੇ ਪ੍ਰਾਚੀਨ ਧਰਮ ਯਹੂਦੀ, ਈਸਾਈ, ਇਸਲਾਮ ਜਾਂ ਹਿੰਦੂ ਧਰਮ ਆਦਿ ਦੇ ਇਤਿਹਾਸ ਵੱਲ ਜੇਕਰ ਨਿਗਾਹ ਮਾਰੀਏ ਜਾਂ ਇਨ੍ਹਾਂ ਧਰਮਾਂ ਦੇ ਧਰਮ ਗ੍ਰੰਥਾਂ ਨਾਲ ਰੂਬਰੂ ਹੋਈਏ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਉਪਰੋਕਤ ਸ਼ਬਦਾਂ ਦੀ ਪੁਸ਼ਟੀ ਹੁੰਦੀ ਹੈ ਕਿ ਪਰਮੇਸ਼ਵਰ ਨੇ ਖ਼ੁਦ ਵੱਖ-ਵੱਖ ਸਮੇਂ ਵਿੱਚ ਇਨ੍ਹਾਂ ਧਰਮਾਂ ਦੇ ਪੈਗ਼ੰਬਰਾਂ ਰਾਹੀਂ ਆਪਦੇ Ḕਦੈਵੀ ਬਚਨ’ ਧਰਤਿ ਲੋਕਾਈ ਲਈ ਭੇਜੇ। ਇਹ ਕਾਰਜ ਭਾਵੇਂ ਯਹੂਦੀ ਧਰਮ ਦੇ ਪੈਗ਼ੰਬਰ ਅਬਰਾਹਮ ਜਾਂ ਮੋਜ਼ਿਜ਼ ਰਾਹੀਂ ਕੀਤਾ ਗਿਆ ਹੋਵੇ, ਈਸਾਈ ਧਰਮ ਦੇ ਪੈਗ਼ੰਬਰ ਯਿਸੂ ਰਾਹੀਂ ਜਾਂ ਇਸਲਾਮ ਧਰਮ ਦੇ ਬਾਨੀ ਮੁਹੰਮਦ ਸਾਹਿਬ ਰਾਹੀਂ। ਪੂਰਬੀ ਧਰਮਾਂ ਵਿੱਚ ਉਹ ਭਾਵੇਂ ਹਿੰਦੂ ਧਰਮ ਦੇ ਰਿਸ਼ੀਆਂ ਨੇ ਦ੍ਰਸ਼ਟਾ ਰੂਪ ਵਿੱਚ ਵੇਖਿਆ ਹੋਵੇ ਜਾਂ ਮਹਾਵੀਰ ਜੈਨ ਅਤੇ ਮਹਾਤਮਾ ਬੁੱਧ ਨੇ ‘ਸੱਚ’ ਦੇ ਰੂਪ ਵਿੱਚ। ਬੇਸ਼ਕ ਜੈਨ ਧਰਮ ਅਤੇ ਬੁੱਧ ਧਰਮ ਅਕਾਲ ਪੁਰਖ ਦੀ ਸ਼ਕਤੀ ਵਿੱਚ ਅਵਿਸ਼ਵਾਸ ਦੇ ਧਾਰਨੀ ਹਨ ਪਰ ਕਿਸੇ ਰਹੱਸਮਈ ਗਿਆਨ ਨਾਲ ਸ਼ਰਸਾਰ ਹੋਣ ਦੇ ਸੰਕਲਪ ਵਿੱਚ ਇਨ੍ਹਾਂ ਦਾ ਪੂਰਨ ਵਿਸ਼ਵਾਸ ਹੈ। ਇਹੀ ਰਹੱਸਮਈ ਗਿਆਨ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਲੋਕਾਈ ਦੇ ਭਲੇ ਹਿਤ, ਧਰਮ ਗ੍ਰੰਥਾਂ ਦੇ ਰੂਪ ਵਿਚ ਕਾਰਜ ਕਰ ਰਿਹਾ ਹੈ।
ਧਰਮ ਗ੍ਰੰਥਾਂ ਨੂੰ ਇਸੇ ਕਰਕੇ ‘ਬਾਰਸ਼ੇ ਰਹਿਮਤ’ ਦੀ ਸੰਗਿਆ ਨਾਲ ਵੀ ਨਿਵਾਜਿਆ ਜਾਂਦਾ ਹੈ ਕਿਉਂਕਿ ਇਲਾਹੀ ਰਹਿਮਤ, ਪੈਗ਼ੰਬਰਾਂ ਜਾਂ ਧਰਮ ਬਾਨੀਆਂ ‘ਤੇ ਉਤਰਦੀ ਹੈ ਅਤੇ ਇਹ ਰਹਿਮਤ ਸ਼ਬਦੀ ਰੂਪ ਧਾਰਨ ਕਰ ਦੁਨੀਆਂ ਵਿੱਚ ਫੈਲੀ ਕਾਲੀ ਬੋਲ਼ੀ ਰਾਤ ਦਾ ਖ਼ਾਤਮਾ ਕਰਕੇ ਨਵੇਂ ਸੱਚ ਦੇ ਪ੍ਰਕਾਸ਼ ਨਾਲ ਸੰਸਾਰ ਨੂੰ ਰੂਪਮਾਨ ਕਰ ਦਿੰਦੀ ਹੈ। ਸੋ ਸਪਸ਼ਟ ਹੈ ਕਿ ਧਰਮ ਗ੍ਰੰਥ ਸੰਸਾਰ ਰੂਪੀ ਮਾਰੂਥਲਾਂ ਦੀ ਤਪਸ਼ ਵਿੱਚ ਭੁੱਜ ਰਹੀ ਲੋਕਾਈ ਲਈ ਪਾਣੀ ਦੇ ਠੰਡੇ ਮਿੱਠੇ ਝਰਨਿਆਂ ਵਾਂਗ ਕੰਮ ਹੀ ਨਹੀਂ ਕਰਦੇ ਸਗੋਂ ਠੰਡੀਆਂ ਮਿੱਠੀਆਂ ਛਾਵਾਂ ਬਣ ਕੁਲ ਲੋਕਾਈ ਦਾ ਦਰਦ ਆਪਣੇ ਸੀਨੇ ਲਾ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕਰਦੇ ਹਨ।
V
ਪਿੱਛੇ ਕੀਤੀ ਵਿਸਥਾਰਪੂਰਵਕ ਚਰਚਾ ਵਿਚੋਂ ਜਿਥੇ ਧਰਮ ਗ੍ਰੰਥ ਅਤੇ ਗ੍ਰੰਥ ਦੇ ਫ਼ਰਕ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ ਉਥੇ ਨਾਲ ਹੀ ਕਿਸੇ ਧਰਮ, ਕੌਮ ਅਤੇ ਖਿੱਤੇ ਵਾਸਤੇ ਧਰਮ ਗ੍ਰੰਥ ਦੀ ਅਹਿਮੀਅਤ ਦੇ ਪ੍ਰਸ਼ਨ ਵੱਲ ਵੀ ਇਸ਼ਾਰਾ ਕਰਨ ਦਾ ਯਤਨ ਕੀਤਾ ਹੈ। ਇਸ ਦੇ ਨਾਲ ਹੀ ਕਿਸੇ ਵੀ ਧਰਮ ਗ੍ਰੰਥ ਦੀ ਕਰਤਾਰੀ ਰਚਨਾ ਵਜੋਂ ਸਥਾਪਤੀ ਲਈ ਪ੍ਰਮੁੱਖ ਧਰਮ ਗ੍ਰੰਥਾਂ ਵਿਚੋਂ ਕੁਝ ਉਦਾਹਰਨਾਂ ਵੀ ਪੇਸ਼ ਕੀਤੀਆਂ ਹਨ।
ਪਰ ਸਾਰੀ ਵਿਚਾਰ ਚਰਚਾ ਵਿਚੋਂ ਬਹੁਤ ਹੀ ਮਹੱਤਵਪੂਰਨ ਤੇ ਗਹਿਰ ਗੰਭੀਰ ਪ੍ਰਸ਼ਨ ਵੀ ਉਭਰ ਕੇ ਸਾਹਮਣੇ ਆ ਜਾਂਦੇ ਹਨ ਅਤੇ ਉਨ੍ਹਾਂ ਪ੍ਰਸ਼ਨਾਂ ਦੇ ਉਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੇ ਦੀਦਾਰੇ ਨਜ਼ਰ ਆਉਂਦੇ ਹਨ। ਇਸ ਦੇ ਨਾਲ ਨਾਲ ਟਰੰਪੀਅਨ ਸਕੂਲ ਦੇ ਰੂਹਾਂ-ਰਵਾਂ ਮੈਕਲਿਊਡ ਅਤੇ ਉਸ ਦੇ ਚੇਲਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਬਾਰੇ ਉਠਾਏ ਜਾ ਰਹੇ ਸ਼ੰਕਿਆਂ ਦੀ ਨਿਰਮੂਲਤਾ ਵੀ ਸਿੱਧ ਹੋ ਜਾਂਦੀ ਹੈ। ਉਹ ਗੰਭੀਰ ਪ੍ਰਸ਼ਨ ਹਨ:
(1) ਜਦ ਪਵਿੱਤਰ ਧਰਮ ਗ੍ਰੰਥ ਕੁਲ ਕਾਇਨਾਤ ਦਾ ਪ੍ਰਾਣ ਕੇਂਦਰ ਹਨ (ਜਿਸ ਤਰ੍ਹਾਂ ਪਿੱਛੇ ਸਿੱਧ ਕਰਨ ਦਾ ਯਤਨ ਕੀਤਾ ਹੈ) ਤਾਂ ਸਿੱਖ ਧਰਮ ਦੇ ਸੰਸਾਰੀ ਪ੍ਰਗਟਾ ਤੋਂ ਪਹਿਲਾਂ ਦੀ ਕੁਲ ਪੈਗੰਬਰੀ ਅਜ਼ਮਤ ਨੇ ਇਸ ਰੱਬੀ ਆਵੇਸ਼ ਨੂੰ ਲਿਪੀਬਧ ਕਿਉਂ ਨਾ ਕੀਤਾ ਅਤੇ ਇਸ ਸਰੂਪ ਨੂੰ ਮੌਖਿਕ ਕਿਉਂ ਰੱਖਿਆ।
(2) ਗੁਰੂ ਨਾਨਕ ਪਾਤਸ਼ਾਹ ਨੇ ਪਰੰਪਰਾਗਤ ਮੌਖਿਕ ਰਵਾਇਤ ਤੋਂ ਹਟ ਕੇ ਸਰਬ ਪ੍ਰਥਮ ਆਪਣੀ ਬਾਣੀ ਨੂੰ ਲਿਪੀਬਧ ਕਿਉਂ ਕੀਤਾ ਅਤੇ ਕੁਲ ਦੁਨੀਆਂ ਦੀ ਪੈਗੰਬਰੀ ਲੜੀ (ਜਾਂ ਧਰਮ ਬਾਨੀ) ਵਿਚ ਪਹਿਲੇ ਲੇਖਕ ਵਜੋਂ ਆਪਣੀ ਸਥਾਪਤੀ ਕਰਨ ਪਿੱਛੇ ਕੀ ਭਾਵਨਾ ਸੀ।
(3) ਮੌਖਿਕ ਪਰੰਪਰਾ ਵਿਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਨ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਨੀਝ ਨਾਲ ਵੇਖਿਆ ਅਤੇ ਉਨ੍ਹਾਂ ਸਮੱਸਿਆਵਾਂ ਤੋਂ ਬਚਣ ਅਤੇ ਸਦੈਵ ਸਮਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ ਕਿੰਤੂ ਮੁਕਤ ਕਰਨ ਲਈ ਖੁਦ ਆਪਣੀ ਬਾਣੀ ਨੂੰ ਕੇਵਲ ਲਿਖਿਆ ਹੀ ਨਹੀਂ ਸਗੋਂ ਉਸਦੀ ਸੰਪਾਦਨ ਪ੍ਰਕਿਰਿਆ ਵੀ ਆਪਣੇ ਹੱਥੀਂ ਸ਼ੁਰੂ ਕਰ ਦਿੱਤੀ।
ਜੇਕਰ ਅਸੀਂ ਪਵਿੱਤਰ ਬਾਣੀ ਨੂੰ ਮੌਖਿਕ ਰੱਖਣ ਦੇ ਵਿਸ਼ਵਾਸ ਦਾ ਅਧਿਐਨ ਕਰ ਲਈਏ ਤਾਂ ਆਪ ਮੁਹਾਰੇ ਹੀ ਇਕ ਤੇ ਮੌਖਿਕ ਪਰੰਪਰਾ (Oral Tradition) ਨੇ ਜੋ ‘ਧੁਰ ਕੀ ਬਾਣੀ’ (Revelation) ਨਾਲ ਖਲਵਾੜ ਕੀਤਾ, ਉਸ ਦਾ ਉਤਰ ਸਪੱਸ਼ਟ ਹੋ ਜਾਵੇਗਾ, ਦੂਸਰਾ ਸਿੱਖ ਧਰਮ ਦੇ ਬਾਨੀਆਂ ਵੱਲੋਂ ‘ਧੁਰ ਕੀ ਬਾਣੀ’ ਲਈ ਲਿਖਤ ਪਰੰਪਰਾ ਨੂੰ ਸ਼ੁਰੂ ਕਰਨ ਦਾ ਪ੍ਰਸੰਗ ਵੀ ਸਾਹਮਣੇ ਆ ਜਾਵੇਗਾ ਜੋ ਇਹ ਸਪੱਸ਼ਟ ਕਰ ਦੇਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦਾ ਪ੍ਰਸ਼ਨ ਤਰਕ ਸੰਗਤ ਹੈ ਜਾਂ ਨਹੀਂ।
ਆਪਣੇ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਚ ‘ਗੁਰੂ ਗ੍ਰੰਥ ਸਾਹਿਬ ਦੇ ਗਲੋਬਲ ਸਰੋਕਾਰ’ ਵਿਸ਼ੇ ‘ਤੇ ਕਰਵਾਈ ਕਾਨਫ਼ਰੰਸ ਵਿਚ ਇਸ ਮਸਲੇ ‘ਤੇ ਹੋਏ ਭਖਵੇਂ ਵਿਵਾਦ ਦਾ ਮੈਂ ਇਥੇ ਸੰਖੇਪ ਵਿਚ ਜ਼ਿਕਰ ਕਰਨਾ ਚਾਹਾਂਗਾ ਅਤੇ ਇਹ ਵੀ ਦੱਸਣਾ ਚਾਹਾਂਗਾ ਕਿ ਦੂਸਰੇ ਧਰਮਾਂ ਦੇ ਵਿਦਵਾਨਾਂ ਲਈ ਗੁਰੂ ਸਾਹਿਬਾਨ ਦੁਆਰਾ ਧੁਰ ਕੀ ਬਾਣੀ ਨੂੰ ਸੰਭਾਲਣ ਵਾਲੀ ਲਿਖਤ ਰਵਾਇਤ ਕਿੰਨੀ ਚੁੱਭਵੀਂ ਅਤੇ ਕਸ਼ਟਦਾਇਕ ਹੈ। ਕਾਨਫਰੰਸ ਦੇ ਉਦਘਾਟਨੀ ਸ਼ਬਦਾਂ ਵਿਚ ਜਦੋਂ ਸਬੰਧਤ ਕਾਨਫ਼ਰੰਸ ਦੀ ਭਾਵਨਾ ਬਾਰੇ ਗੱਲ ਕਰਦਿਆਂ ਜਦ ਮੈਂ ਲਿਖਤ ਪਰੰਪਰਾ ਦੇ ਸਾਰਥਿਕ ਪਹਿਲੂ ਬਾਰੇ ਇਹ ਕਿਹਾ ਸੀ ਕਿ ੨ਜਦੋਂ ਪੈਗੰਬਰ ਬਾਣੀ ਆਪ ਲਿਖਕੇ ਆਪਣੇ ਉਤਰਾਧਿਕਾਰੀ ਨੂੰ ਸੌਂਪ ਦੇਵੇ ਜਾਂ ਖੁਦ ਸੰਪਾਦਨਾ ਕਰ ਦੇਵੇ ਤਾਂ ਉਸ ਗ੍ਰੰਥ ਦਾ ਕਿੰਤੂ ਮੁਕਤ ਪ੍ਰਸੰਗ ਆਪਣੇ ਆਪ ਸਥਾਪਤ ਹੋ ਜਾਂਦਾ ਹੈ।” ਇਸ ਧਾਰਨਾ ਦਾ ਵਿਰੋਧੀ ਥੀਸਿਸ ਉਭਾਰਦੇ ਹੋਏ ਵੇਦਾਂਤ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਇਕ ਵਿਦਵਾਨ ਡਾæ ਰਮਾਕਾਂਤ ਆਂਗਰਸ ਨੇ ਕਿਹਾ ਸੀ ਕਿ ੨ਜੋ ਮੁਖ ਮੇਂ ਹੋਤਾ ਹੈ ਵੋਹੀ ਪਵਿੱਤਰ ਹੈ, ਵੋਹੀ ਆਪਕਾ ਹੈ। ਅਸਲ ਮੇਂ ਜੋ ਮੌਖਿਕ ਮੇਂ ਭਾਵੁਕ ਭਾਵਨਾ ਹੋਤੀ ਹੈ ਉਸਕਾ ਔਰ ਕੋਈ ਬਦਲ ਹੋ ਹੀ ਨਹੀਂ ਸਕਤਾ। ਇਸੀ ਲੀਏ ਹਮਾਰੇ ਪੂਰਵਜੋਂ ਨੇ ਪਵਿੱਤਰ ਬਾਣੀ ਕਾ ਰੂਪ ਮੌਖਿਕ ਰੱਖਾ ਥਾ। ਲਿਖਤ ਮੇਂ ਜੋ ਆ ਗਿਆ, ਵੋ ਤੋ ਔਰੋਂ ਕਾ (others) ਭੀ ਹੋ ਜਾਤਾ ਹੈ। ਲਿਖਤ ਮੇਂ ਪਵਿੱਤਰਤਾ ਗੁੰਮ ਹੋਤੀ ਹੈ। ਇਸ ਲੀਏ ਲਿਖਤ ਕੇ ਅਧਾਰ ਪਰ ਵੇਦੋਂ ਕੀ ਪ੍ਰਮਾਣਿਕਤਾ ਪਰ ਪ੍ਰਸ਼ਨ ਉਠਾਨਾ ਤਰਕ ਸੰਗਤ ਨਹੀਂ ਹੈ।”
ਅਸਲ ਵਿਚ ਇਹ ਬੋਲ ਅਕਾਦਮੀਸ਼ੀਅਨ ਦੇ ਨਹੀਂ ਹੋ ਸਕਦੇ। ਸ਼ਰਧਾਵਾਨ ਸ਼ਰਧਾਲੂ ਤੇ ਅਜਿਹਾ ਸੋਚ ਸਕਦਾ ਹੈ। ਉਹਨਾਂ ਦੇ ਉਪਰੋਕਤ ਬੋਲਾਂ ਵਿਚ ਬੇਵਸੀ ਸੀ ਅਤੇ ਇਹ ਬੇਵਸੀ ਕੁਲ ਸੰਸਾਰ ਦੇ ਧਰਮਾਂ ਦੇ ਪੈਰੋਕਾਰਾਂ ਦੇ ਹਿੱਸੇ ਆਈ ਹੋਈ ਹੈ। ਸਿੱਖ ਪੈਗੰਬਰੀ ਅਜ਼ਮਤ ਨੇ ਆਪਣੀ ਬਾਣੀ ਖੁਦ ਲਿਖ ਕੇ ਆਪਣੀ ਕੌਮੀਅਤ ਦੇ ਮਸਤਕ ਵਿਚੋਂ ਇਸ ਬੇਵਸੀ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦਿੱਤਾ ਸੀ। ਪਰ ਬਾਵਜੂਦ ਇਸ ਦੇ ਸਮੇਂ ਸਮੇਂ ‘ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦਾ ਮਸਲਾ ਉਭਾਰਿਆ ਜਾਂਦਾ ਹੈ ਅਤੇ ਉਭਾਰਿਆ ਜਾਂਦਾ ਰਹੇਗਾ। ਪਰ ਵਿਰੋਧ ਕਰ ਰਹੇ ਵਿਚਾਰਵਾਨਾਂ ਅਤੇ ਵਿਦਵਾਨਾਂ ਕੋਲ ਇਸ ਦਾ ਨਾ ਕੋਈ ਸਟੀਕ ਅਧਾਰ ਹੈ ਅਤੇ ਨਾ ਹੀ ਕੋਈ ਸਟੀਕ ਉਤਰ। ਬੇਵਸੀ ਦੇ ਆਲਮ ਵਿਚ ਹੱਥ ਮਲਣ ਤੋਂ ਸਵਾਇ ਉਹਨਾਂ ਕੋਲ ਕੁਝ ਹੋਰ ਬਚਦਾ ਹੀ ਨਹੀਂ ਹੈ।
ਅਸਲ ਵਿਚ ਤੱਥ ਅਤੇ ਸੱਚ ਇਹ ਹੈ ਕਿ ਮੌਖਿਕ ਵਿਚ ਰਲਾ ਤੇ ਵਿਗਾੜ ਪੈਣ ਦੀ ਸੰਭਾਵਨਾ ਨੂੰ ਕਿਸੇ ਵੀ ਹਾਲਤ ਵਿਚ ਰੋਕਿਆ ਹੀ ਨਹੀਂ ਜਾ ਸਕਦਾ। ਪਲ ਪਲ ਵਿਚ ਬਦਲਦਾ ਮਨੁੱਖ ਆਪਣੇ ਸ਼ਬਦਾਂ ਨੂੰ ਇਕਜੁਟਤਾ ਵਿਚ ਹਜ਼ਾਰਾਂ ਸਾਲ ਕਿਵੇਂ ਸੰਜੋਈ ਰੱਖ ਸਕਦਾ ਹੈ। ਇਹ ਨਾ ਅੱਜ ਸੰਭਵ ਹੈ ਅਤੇ ਨਾ ਹੀ ਕਦੇ ਪਹਿਲਾਂ ਸੰਭਵ ਹੋਵੇਗਾ। ਇਸ ਲਈ ਮੌਖਿਕ ਪਰੰਪਰਾ ਵਾਲੇ ਗ੍ਰੰਥਾਂ ਵਿਚ ਜਮਾ ਘਟਾਓ ਨੂੰ ਰੋਕਿਆ ਹੀ ਨਹੀਂ ਸੀ ਜਾ ਸਕਦਾ।
ਉਪਰੋਕਤ ਵਿਚਾਰ ਚਰਚਾ ਨੂੰ ਮੈਂ ਇਥੇ ਤੱਥ ਸਹਿਤ ਪੁਸ਼ਟ ਕਰਨ ਦਾ ਯਤਨ ਵੀ ਕਰਾਂਗਾ ਤਾਂ ਕਿ ਇਹ ਪੇਪਰ ‘ਇਕ ਸਿੱਖ ਵੱਲੋਂ ਲਿਖਿਆ’ ਕਹਿਕੇ ਹੋਰ ਖਤਰਨਾਕ ਅਤੇ ਮੂਲਵਾਦੀ ਭ੍ਰਾਂਤੀਆਂ ਨਾ ਪੈਦਾ ਕਰ ਦਿੱਤੀਆਂ ਜਾਣ। ਮੇਰੇ ਸਾਹਮਣੇ ਤਿੰਨ ਥੀਸਿਸਾਂ ਦਾ ਨਿਚੋੜ ਹੈ ਜੋ ਕੁਲ ਸੰਸਾਰ ਵਿਚ ਪੈਦਾ ਹੋਈਆਂ ਸਮੱਸਿਆਵਾਂ ਲਈ ਮੌਖਿਕ ਪਰੰਪਰਾ ਨੂੰ ਦੋਸ਼ੀ ਵੀ ਗਰਦਾਨਦੇ ਹਨ ਅਤੇ ਉਸ ਪਰੰਪਰਾ ਨੂੰ ਰੱਦ ਕਰਦੇ ਹੋਏ ਇਸ ਨੂੰ ਸਮੱਸਿਆ ਪੈਦਾ ਕਰਨ ਵਾਲੇ ਸੰਕਲਪ ਵਜੋਂ ਵੀ ਤਸੱਵਰ ਕਰਦੇ ਹਨ। ਪੁਸ਼ਟੀ ਹਿਤ ਦਿੱਤੀ ਜਾ ਰਹੀ ਉਦਾਰਹਨ ਵਿਚ ਇਕ ਦਾਰਸ਼ਨਿਕ ਹੈ, ਇਕ ਵਿਗਿਆਨੀ ਅਤੇ ਇਕ ਪੈਗੰਬਰੀ ਅਜ਼ਮਤ।
ਹਿਰਾਕਲੀਟਸ ਸੁਪ੍ਰਸਿਧ ਗਰੀਕ ਦਾਰਸ਼ਨਿਕ, ਸੁਕਰਾਤ ਦੇ ਸਕੂਲ ਦਾ ਵਿਦਿਆਰਥੀ, ਚਿੰਨ੍ਹਾਤਮਕ ਰੂਪ (Symbol & Sign) ਵਿਚ ਮੌਖਿਕ ਰਵਾਇਤ ਦੇ ਪਵਿੱਤਰਤਾ ਵਾਲੇ ਵਿਸ਼ਵਾਸ ਨੂੰ ਮੂਲ ਰੂਪ ਵਿਚ ਰੱਦ ਕਰਦਿਆਂ ਲਿਖਦਾ ਹੈ: ੨ਜਦ ਮੈਂ ਪਹਿਲਾ ਪੈਰ ਦਰਿਆ ਵਿਚ ਰੱਖਿਆ, ਦੂਜਾ ਪੈਰ ਰੱਖਣ ਤੋਂ ਪਹਿਲਾਂ ਦਰਿਆ ਬਦਲ ਚੁੱਕਾ ਸੀ।”
ਹਿਰਾਕਲੀਟਸ ਦੇ ਥੀਸਿਸ ਦਾ ਇਹ ਨਿਚੋੜ ਵੱਡੇ ਧਿਆਨ ਦੀ ਮੰਗ ਕਰਦਾ ਹੈ। ਉਸਦੇ ਚਿੰਨ੍ਹ ਵਜੋਂ ਵਰਤੇ ਸ਼ਬਦਾਂ ਦੀਆਂ ਬਰੈਕਟਾਂ ਹਟਾ ਦਿੱਤੀਆਂ ਜਾਣ ਤਾਂ ਸਪੱਸ਼ਟ ਹੈ ਕਿ ਪਹਿਲਾ ਪੈਰ ਰੱਖਣ ਤੋਂ ਬਾਅਦ ਅਗਲੇ ਪਲ ਵਿਚ ਦੂਜਾ ਪੈਰ ਰੱਖੇ ਜਾਣ ਦੇ ਸਮੇਂ ਤੱਕ ਦਰਿਆ ਜੇਕਰ ਬਦਲ ਗਿਆ ਤਾਂ ਫਿਰ ਹਜ਼ਾਰਾਂ ਸਾਲ ਤੁਸੀਂ ਕਿਸੇ ਫਲਸਫੇ ਨੂੰ ਮੌਖਿਕ ਰੱਖਕੇ ਉਸ ਤੋਂ ਪਵਿੱਤਰਤਾ ਦੀ ਆਸ ਕਿਵੇਂ ਰੱਖ ਸਕਦੇ ਹੋ।
ਹਿਰਾਕਲੀਟਸ ਦੇ ਉਪਰੋਕਤ ਥੀਸਿਸ ਉਪਰ ਪ੍ਰਸਿੱਧ ਵਿਗਿਆਨੀ ਕਾਪਰਨੀਕਸ ਨੇ ਕਮੈਂਟ ਕਰਦੇ ਹੋਏ ਉਸ ਦੇ ਹੋਰ ਵੀ ਸੂਖਮ ਰੂਪ ਨੂੰ ਸਾਹਮਣੇ ਲਿਆਉਣ ਦਾ ਯਤਨ ਕਰਦਾ ਹੈ। ਉਸਨੇ ਹਿਰਾਕਲੀਟਸ ਨੂੰ ਸੰਬੋਧਤ ਹੁੰਦੇ ਕਿਹਾ ਕਿ, ੨ਮਹਾਨ ਦਾਰਸ਼ਨਿਕ ਹਿਰਾਕਲੀਟਸ! ਜਦੋਂ ਤੂੰ ਪਹਿਲਾ ਪੈਰ ਦਰਿਆ ਵਿਚ ਰੱਖਿਆ, ਦੂਜਾ ਪੈਰ ਰੱਖਣ ਤੋਂ ਪਹਿਲਾਂ ਕੇਵਲ ਦਰਿਆ ਹੀ ਨਹੀਂ ਸੀ ਬਦਲਿਆ ਸਗੋਂ ਤੂੰ ਖੁਦ ਵੀ ਬਦਲ ਚੁੱਕਾ ਸੀ।” ਸਪੱਸ਼ਟ ਹੈ ਕਿ ਉਪਰੋਕਤ ਥੀਸਿਸ ਮੌਖਿਕ ਪਰੰਪਰਾ ‘ਤੇ ਹੋਰ ਵੀ ਟੇਢਾ ਅਤੇ ਗਹਿਰ ਗੰਭੀਰ ਕਟਾਖਸ਼ ਹੈ। ਜਿਸਨੂੰ ਕਾਪਰਨੀਕਸ ਰੱਦ ਕਰ ਰਿਹਾ ਹੈ। ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਮਨੁੱਖੀ ਬਿਰਤੀ ਇਕ ਪਲ ਵਿਚ ਬਦਲਣ ਦੀ ਸੰਭਾਵਨਾ ਹੈ। ਜਦੋਂ ਬਿਰਤੀ ਬਦਲਦੀ ਹੈ, ਪਹਿਲੇ ਥੀਸਿਸ ਦੀ ਭਾਵਨਾ ਤ੍ਰੇੜੀ ਹੋਏ ਬਿਨਾਂ ਰਹਿ ਹੀ ਨਹੀਂ ਸਕਦੀ।
ਤੀਸਰਾ ਕਥਨ ਪੈਗੰਬਰੀ ਅਜਮਤ ਦਾ ਹੈ ਅਤੇ ਇਹ ਪੈਗੰਬਰੀ ਅਜਮਤ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਹਨ। ਉਨ੍ਹਾਂ ਦੀ ਬਾਣੀ ਵਿਚ ਆਇਆ ਇਹ ਮਹਾਂਵਾਕ ਮੌਖਿਕ ਪਰੰਪਰਾ ਨੂੰ ਮੁੱਢੋਂ ਹੀ ਰੱਦ ਕਰ ਦਿੰਦਾ ਹੈ। ਪਵਿੱਤਰ ਬੋਲ ਹਨ:
ਲਿਖੇ ਬਾਝਹੁ ਸੁਰਤਿ ਨਾਹੀ
ਬੋਲਿ ਬੋਲਿ ਗਵਾਈਏ।।
ਸਪੱਸ਼ਟ ਹੈ ਕਿ ਮੌਖਿਕ ਰੂਪ ਵਿਚ ਬਦਲਾਅ ਦੀ ਸੰਭਾਵਨਾ ਨੂੰ ਕਿਸੇ ਵੀ ਹਾਲਤ ਵਿਚ ਰੋਕਿਆ ਨਹੀਂ ਜਾ ਸਕਦਾ। ਸੋ ਨਿਸ਼ਚਿਤ ਹੈ ਕਿ ਇਸ ਬਦਲਾਅ ਨਾਲ ਪਵਿੱਤਰ ਪ੍ਰਵਚਨਾਂ ਵਿਚ ਵੱਡੇ ਫੇਰ ਬਦਲ ਹੋਏ ਹੋਣਗੇ। ਫਲਸਰੂਪ ਧਰਮ ਅਤੇ ਧਰਮ ਗ੍ਰੰਥ ਦੇ ਖੇਤਰ ਨੂੰ ਕਿੰਤੂਆਂ ਪ੍ਰੰਤੂਆਂ ਦਾ ਸਾਹਮਣਾ ਤਾਂ ਜ਼ਿੰਦਗੀ ਭਰ ਕਰਨਾ ਹੀ ਪਵੇਗਾ। ਪਰ ਸਿੱਖ ਪੈਗੰਬਰੀ ਅਜ਼ਮਤ ਨੇ ਆਵੱਸ਼ ਨੀਝ ਨਾਲ ਉਪਰੋਕਤ ਸਮੱਸਿਆ ਦਾ ਮੰਥਨ ਕੀਤਾ ਹੋਵੇਗਾ ਅਤੇ ਤਾਂ ਹੀ ਮੌਖਿਕ ਨੂੰ ਰੱਦ ਕੇ ਲਿਖਤ ਨੂੰ ਅੰਗੀਕਾਰ ਕੀਤਾ ਹੋਵੇਗਾ।
VI
ਸਥਾਪਤ ਕੀਤੇ ਜਾ ਰਹੇ ਥੀਸਿਸ ਨੂੰ ਹੋਰ ਵੀ ਸਪੱਸ਼ਟ ਕਰਨ ਅਤੇ ਉਦਾਹਰਨ ਸਹਿਤ ਗੁਰ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੇ ਅਤਾਰਕਿਕ (illogical) ਪ੍ਰਸ਼ਨ ਨੂੰ ਰੱਦ ਕਰਨ ਹਿੱਤ ਹੁਣ ਵੱਖ-ਵੱਖ ਧਰਮਾਂ ਦੇ ਧਰਮ ਗ੍ਰੰਥਾਂ ਦੀ ਸੰਪਾਦਨ ਪ੍ਰਕਿਰਿਆ ਦੀ ਨਜ਼ਰਸਾਨੀ ਕਰ ਲੈਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਇਸ ਦੇ ਮਾਧਿਅਮ ਰਾਹੀਂ ਇਸ ਲਿਖਤ ਪ੍ਰਸੰਗ ਦੀ ਅਹਿਮੀਅਤ ਨੂੰ ਸਾਹਮਣੇ ਲਿਆਂਦਾ ਜਾ ਸਕੇ। ਇਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੀ ਪ੍ਰਮਾਣਿਕਤਾ ਬਾਰੇ ਬੇਲੋੜੇ ਪ੍ਰਸ਼ਨਾਂ ਨੂੰ ਮੁੱਢੋਂ ਖਾਰਜ ਕੀਤਾ ਜਾ ਸਕੇ। ਅਜਿਹਾ ਕਰਨ ਤੋਂ ਪਹਿਲਾਂ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਦੁਨੀਆਂ ਭਰ ਦੇ ਧਰਮ ਬਾਨੀ ਅਤੇ ਧਰਮ ਗ੍ਰੰਥ ਸਿੱਖ ਧਰਮ ਅਤੇ ਸਿੱਖ ਧਰਮ ਦੇ ਪੈਰੋਕਾਰਾਂ ਲਈ ਸਤਿਕਾਰ ਦੇ ਪਾਤਰ ਹਨ। ਉਨ੍ਹਾਂ ਵਿਚਲੇ ਬੋਲ ਕੱਲ ਵੀ ਪਵਿੱਤਰ ਸਨ, ਅੱਜ ਵੀ ਪਵਿੱਤਰ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਪਵਿੱਤਰ ਰਹਿਣਗੇ। ਪਰ ਅਕਾਦਮਿਕ ਵਿਚਾਰ ਚਰਚਾ ਵਿਚ ਉਨ੍ਹਾਂ ਤੱਥਾਂ ਦਾ ਅਧਿਐਨ ਕਰਨਾ ਜ਼ਰੂਰੀ ਹੋ ਜਾਂਦਾ ਹੈ ਜਿਨ੍ਹਾਂ ਕਰਕੇ ਸਿੱਖ ਧਰਮ ਦੇ ਧਰਮ ਬਾਨੀਆਂ ਨੇ ਪਰੰਪਰਾਗਤ ਰਵਾਇਤਾਂ ਤੋਂ ਹਟ ਕੇ ਇਕ ਨਵੀਂ ਪੈੜ ਪਾਈ। ਪਰ ਉਸ ਤੋਂ ਪਹਿਲਾਂ ਮੈਕਾਲਿਫ਼ ਦੇ ਇਹ ਸ਼ਬਦ ਸਾਡੇ ਅਗਲੇ ਪ੍ਰਸੰਗ ਦੀ ਸਥਾਪਤੀ ਲਈ ਅਹਿਮ ਭੂਮਿਕਾ ਨਿਭਾਉਣਗੇ। ਇਸਦੇ ਨਾਲ ਹੀ ਤਰਕ ਸੰਗਤ ਬੁਧੀ ਵਾਲੇ ਅਕਾਦਮੀਸ਼ੀਅਨਾਂ ਜਾਂ ਧਰਮ ਦੇ ਸ਼ਰਧਾਲੂ ਲਈ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੇ ਪ੍ਰਸ਼ਨ ਨੂੰ ਹੱਲ ਕਰਨ ਵਾਲਾ ਅਹਿਮ ਤੱਥ ਵੀ।
੨ਸਿੱਖ ਧਰਮ, ਜਿਥੋਂ ਤੱਕ ਇਸਦੇ ਮੁੱਖ ਸਿਧਾਂਤਾਂ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਸੰਬੰਧ ਹੈ, ਦੂਸਰੇ ਲਗਭਗ ਸਾਰੇ ਵੱਡੇ ਧਰਮਾਂ ਦੇ ਸਿਧਾਂਤਾਂ ਨਾਲੋਂ ਬਹੁਤ ਭੇਦ ਰੱਖਦਾ ਹੈ। ਸੰਸਾਰ ਵਿਚ ਜੋ ਵੱਡੇ ਧਰਮਾਂ ਦੇ ਬਾਨੀ ਹੋਏ ਹਨ, ਉਨ੍ਹਾਂ ਵਿਚੋਂ ਕੋਈ ਵੀ ਆਪਣੀ ਲਿਖੀ ਹੋਈ ਇਕ ਵੀ ਪੰਗਤੀ ਪਿੱਛੇ ਛੱਡਕੇ ਨਹੀਂ ਗਿਆ। ਜੋ ਕੁਝ ਉਨ੍ਹਾਂ ਨੇ ਪ੍ਰਚਾਰਿਆ ਹੈ, ਉਸ ਦਾ ਪਤਾ ਸਾਨੂੰ ਜਾਂ ਤੇ ਪ੍ਰਚਲਿਤ ਰਵਾਇਤਾਂ ਤੋਂ ਲਗਦਾ ਹੈ ਜਾਂ ਹੋਰਨਾਂ ਦੀਆਂ ਲਿਖਤਾਂ ਤੋਂ। ਪਾਈਥਾਗੋਰਸ ਨੇ ਜੇ ਕੋਈ ਆਪਣਾ ਸਿਧਾਂਤ ਦਿੱਤਾ, ਉਹ ਸਾਡੇ ਤੱਕ ਉਸਦੀ ਕਲਮ ਰਾਹੀਂ ਨਹੀਂ ਪਹੁੰਚਿਆ। ਸੁਕਰਾਤ ਦੀ ਰਚਨਾ ਦਾ ਪਤਾ ਕੇਵਲ ਅਫਲਾਤੂਨ ਤੇ ਜੋਨਾਫਨ ਦੀਆਂ ਲਿਖਤਾਂ ਤੋਂ ਹੀ ਲਗਦਾ ਹੈ। ਵੈਦਿਕ ਰਿਸ਼ੀਆਂ ਦੀ ਕੋਈ ਵੀ ਰਚਨਾ ਨਹੀਂ ਮਿਲਦੀ। ਬੁੱਧ ਆਪਣੀ ਸਿੱਖਿਆ ਦੀ ਯਾਦ ਆਪਣੇ ਕਿਸੇ ਵੀ ਰੂਪ ਵਿਚ ਛੱਡਕੇ ਨਹੀਂ ਗਿਆ। ਈਸਾਈਅਤ ਦੇ ਬਾਨੀ ਨੇ ਵੀ ਆਪਣੀ ਇਲਹਾਮੀ ਬਾਣੀ ਨੂੰ ਕਿਸੇ ਲਿਖਤ ਵਿਚ ਪੇਸ਼ ਨਹੀਂ ਕੀਤਾ। ਉਹਨਾਂ ਸਬੰਧੀ ਵੀ ਸਾਨੂੰ ਮੈਥਿਊ, ਮਾਰਕ, ਲੂਕਾ ਅਤੇ ਜਾਹਨ ਆਦਿ ਦੀਆਂ ਲਿਖਤਾਂ ਤੇ ਭਰੋਸਾ ਕਰਨਾ ਪੈਂਦਾ ਹੈ। ਅਰਬ ਦੇ ਪੈਗੰਬਰ (ਮੁਹੰਮਦ ਸਾਹਿਬ) ਨੇ ਵੀ ਕੁਰਾਨ ਦੀਆਂ ਪਵਿੱਤਰ ਆਇਤਾਂ ਨੂੰ ਆਪਣੀ ਕਲਮ ਨਾਲ ਨਹੀਂ ਲਿਖਿਆ, ਸਗੋਂ ਉਹ ਉਹਨਾਂ ਦੇ ਖਲੀਫਿਆਂ ਜਾਂ ਪੈਰੋਕਾਰਾਂ ਨੇ ਹੀ ਲਿਖਿਆ ਜਾਂ ਇਕੱਤਰ ਕੀਤਾ ਹੈ। ਪਰੰਤੂ ਸਿੱਖ ਗੁਰੂਆਂ ਦੀ ਬਾਣੀ ਉਨ੍ਹਾਂ ਦੀ ਆਪਣੀ ਕਲਮ ਤੋਂ ਲਿਖੀ ਤੇ ਸੰਭਾਲੀ ਹੋਈ ਮਿਲਦੀ ਹੈ ਅਤੇ ਜੋ ਕੁਝ ਵੀ ਉਨ੍ਹਾਂ ਨੂੰ ਪ੍ਰਾਪਤ ਹੋਇਆ, ਉਸਦਾ ਪਤਾ ਸਾਨੂੰ ਉਹਨਾਂ ਦੀਆਂ ਆਪਣੀਆਂ ਲਿਖਤਾਂ ਤੋਂ ਹੀ ਲਗਦਾ ਹੈ।”
ਮੈਕਾਲਿਫ ਦੇ ਉਪਰੋਕਤ ਸ਼ਬਦਾਂ ਤੋਂ ਬਾਅਦ ਕਿਸੇ ਕਿਸਮ ਦੇ ਕਿੰਤੂ ਦੀ ਅਹਿਮੀਅਤ ਹੀ ਨਹੀਂ ਰਹਿੰਦੀ। ਇਸ ਦੇ ਨਾਲ ਹੀ ਨਵੀਆਂ ਅੰਤਰ-ਦ੍ਰਿਸ਼ਟੀਆਂ ਅਤੇ ਪਹੁੰਚਵਿਧੀਆਂ ਵਿਚੋਂ ਚਰਟਿਚਿਅਲ ਟeਣਟ ਵਾਲਾ ਖੋਜ ਮਾਡਲ ਦੁਨੀਆਂ ਦੇ ਕਿਸੇ ਵੀ ਧਰਮ ਗ੍ਰੰਥ ਭਾਵੇਂ ਉਹ ਪੱਛਮ ਨਾਲ ਸਬੰਧਤ ਹੋਵੇ ਜਾਂ ਪੂਰਬ ਨਾਲ, ਉਪਰ ਲਾਗੂ ਹੋ ਸਕਦਾ ਹੈ ਪਰ ਸਿੱਖ ਧਰਮ ਗ੍ਰੰਥ ਉਪਰ ਨਹੀਂ। ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸੰਸਾਰ ਦੇ ਕੁੱਲ ਧਰਮਾਂ ਦੀ ਸੰਪੂਰਨਤਾ ਉਨ੍ਹਾਂ ਦੇ ਪੈਰੋਕਾਰਾਂ ਵਿਚੋਂ ਪ੍ਰਾਪਤ ਉਤਮਤਾ ਨੇ ਪਵਿੱਤਰ ਗ੍ਰੰਥ ਦੇ ਰੂਪ ਵਿਚ ਕੀਤੀ ਹੈ ਅਤੇ ਉਸ ਦਾ ਆਧਾਰ ਜੋ ਉਨ੍ਹਾਂ ਨੂੰ ਖਰੜੇ ਰੂਪ (ਪੱਤੇ, ਛਿੱਲੜਾਂ, ਖੱਲਾਂ) ਵਿਚ ਪ੍ਰਾਪਤ ਸੀ ਜਾਂ ਜੋ ਪੈਰੋਕਾਰਾਂ ਨੇ ਸੀਨਾ ਬਸੀਨਾ ਹਿਫ਼ਜ਼ ਕੀਤਾ ਹੋਇਆ ਸੀ। ਜਦਕਿ ਸਿੱਖ ਧਰਮ ਗ੍ਰੰਥ ਨਾਲ ਅਜਿਹਾ ਨਹੀਂ ਵਾਪਰਿਆ। ਇਸ ਦੀ ਪੁਸ਼ਟੀ ਲਈ ਕੁਝ ਸੰਸਾਰਕ ਧਰਮ ਗ੍ਰੰਥਾਂ ਦੀ ਸੰਪੂਰਨਤਾ ਵੱਲ ਨਜ਼ਰਸਾਨੀ ਮਾਰੀ ਜਾ ਰਹੀ ਹੈ ਤਾਂ ਜੋ ਕੋਈ ਵੀ ਸਿੱਖ ਧਰਮ ਤੋਂ ਅਣਜਾਣ ਆਪ-ਮੁਹਾਰੇ ਸਿੱਟੇ ਕੱਢਕੇ ਖੁਦ ਨੂੰ ਕਟਹਿਰੇ ਵਿਚ ਖੜ੍ਹਾ ਨਾ ਕਰ ਲਵੇ।
ਬਾਈਬਲ ਦਾ ਪਵਿੱਤਰੀਕਰਨ:
ਯਹੂਦੀ ਅਤੇ ਈਸਾਈ ਸੰਸਾਰ ਦੇ ਦੋ ਪ੍ਰਮੁੱਖ ਤੇ ਪ੍ਰਸਿੱਧ ਧਰਮ ਹਨ। ਇਨ੍ਹਾਂ ਦੋਵਾਂ ਧਰਮਾਂ ਦੇ ਧਰਮ ਗ੍ਰੰਥਾਂ ਨੂੰ ਪਵਿੱਤਰ ਬਾਈਬਲ ਦਾ ਨਾਮ ਪ੍ਰਾਪਤ ਹੈ। ਬੇਸ਼ਕ ਇਨ੍ਹਾਂ ਨੂੰ ਦੋ ਭਾਗਾਂ ਵਿਚ ਰੱਖ ਕੇ ਵੇਖਿਆ ਜਾਂਦਾ ਹੈ। ਇਹ ਭਾਗ ਹਨ:
1) ਪੁਰਾਣਾ ਅਹਿਦਨਾਮਾ – ਇਹ ਯਹੂਦੀਆਂ ਦਾ ਧਰਮ ਗ੍ਰੰਥ ਹੈ। ‘ਅਹਿਦ’ ਦਾ ਭਾਵ ‘ਸਮਝੌਤਾ’ ਹੈ, ਜੋ ਯਹੂਦੀਆਂ ਦੇ ਪੈਗੰਬਰਾਂ ਨਾਲ ਪਰਮੇਸ਼ਵਰ ਨੇ ਕੀਤਾ ਸੀ।
2) ਨਵਾਂ ਅਹਿਦਨਾਮਾ – ਇਹ ਈਸਾਈਆਂ ਦਾ ਧਰਮ ਗ੍ਰੰਥ ਹੈ। ਇਹ ਅਹਿਦ ਪਰਮੇਸ਼ਵਰ ਨੇ ਯਿਸੂ ਮਸੀਹ ਨਾਲ ਕੀਤਾ ਸੀ।
ਦੋਵੇਂ ਧਰਮ ਗ੍ਰੰਥ ਇਕੱਠੇ ਕਰਕੇ ਉਸਨੂੰ ਬਾਈਬਲ ਦਾ ਨਾਮ ਦਿੱਤਾ ਗਿਆ। ਈਸਾਈਆਂ ਨੇ ਇਸ ਧਰਮ ਗ੍ਰੰਥ ਦੇ ਪਹਿਲੇ ਭਾਗ ਅਤੇ ਯਹੂਦੀ ਧਰਮ ਨੂੰ ਆਪਣਾ ਪਿਛੋਕੜ ਮੰਨ ਲਿਆ। ਇਸ ਪਵਿੱਤਰ ਧਰਮ ਗ੍ਰੰਥ ਵਿਚ 66 ਕਿਤਾਬਾਂ ਹਨ ਜਿਨ੍ਹਾਂ ਵਿਚੋਂ 39 ਪੁਰਾਣੇ ਅਹਿਦਨਾਮੇ ਅਤੇ 27 ਨਵੇਂ ਅਹਿਦਨਾਮੇ ਦਾ ਹਿੱਸਾ ਹਨ।
ਇਸ ਧਰਮ ਗ੍ਰੰਥ ਦੀ ਸਮੱਸਿਆ ਇਹ ਸੀ ਕਿ ਇਸ ਦੇ ਪਹਿਲੇ ਭਾਗ ਦੀ ਸੰਪਾਦਨਾ ਯਿਸੂ ਮਸੀਹ ਦੇ ਅੰਤ-ਕਾਲ ਤੋਂ ਤਕਰੀਬਨ 100 ਸਾਲ ਬਾਅਦ ਵਿਚ ਹੋਈ। ਜਦਕਿ ਇਹ ਧਰਮ (ਯਹੂਦੀ) ਯਿਸੂ ਤੋਂ ਕਈ ਸੈਂਕੜੇ ਸਾਲ ਪਹਿਲਾਂ ਪੈਦਾ ਹੋਇਆ ਪਰਵਾਨ ਕੀਤਾ ਜਾਂਦਾ ਹੈ। ਇਸ ਧਰਮ ਦੇ ਪੈਗੰਬਰਾਂ ਨੇ ਰੱਬ ਦੇ ਨਾਜ਼ਲ ਹੋਏ ਸ਼ਬਦਾਂ ਨੂੰ ਮੌਖਿਕ ਰੂਪ ਵਿਚ ਹੀ ਰੱਖਿਆ ਅਤੇ ਇਸ ਦੀ ਲਿਖਤ ਰੂਪ ਵਿਚ ਸੰਭਾਲ ਬਾਰੇ ਨਾ ਸੋਚਿਆ। ਜਿਸ ਦੇ ਨਤੀਜੇ ਬਹੁਤ ਗੰਭੀਰ ਅਤੇ ਖਤਰਨਾਕ ਨਿਕਲੇ। ਅਰਥਾਂ ਦੇ ਅਨਰਥ ਲੱਗੇ। ਇਸੇ ਤਰ੍ਹਾਂ ਹੀ ਯਿਸੂ ਮਸੀਹ ਦੇ ਗੁਜ਼ਰ ਜਾਣ ਤੋਂ ਬਾਅਦ ਉਪਰੋਕਤ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਵੀ ਵੱਡੀ ਪੱਧਰ ‘ਤੇ ਸ਼ੁਰੂ ਹੋ ਗਿਆ। ਪਰ ਸਮੱਸਿਆ ਫਿਰ ਉਹ ਹੀ ਸੀ ਕਿ ਲਿਖਤ ਗ੍ਰੰਥ ਦੀ ਅਣਹੋਂਦ ਕਾਰਨ, ਬਾਈਬਲ ਦੇ ਸਿਧਾਂਤਾਂ ਦੀ ਵਿਆਖਿਆ ਆਪੋ-ਆਪਣੇ ਢੰਗ ਨਾਲ ਹੋਣ ਲੱਗ ਪਈ, ਜਿਸ ਕਾਰਨ ਅਰਥਾਂ ਦੇ ਅਨਰਥ ਹੋਣੇ ਸੁਭਾਵਕ ਸਨ। ਧਰਮ ਦੇ ਸੁਹਿਰਦ ਲੋਕਾਂ ਸਾਹਮਣੇ ਇਹ ਗੰਭੀਰ ਚੁਣੌਤੀ ਸੀ ਕਿਉਂਕਿ ਉਹ ਜਾਣਦੇ ਸਨ ਕਿ ਜੇਕਰ ਪੈਗੰਬਰਾਂ ਤੇ ਖਾਸ ਕਰਕੇ ਈਸਾ ਮਸੀਹ ਦੇ ਚਲੇ ਜਾਣ ਤੋਂ ਕੁਝ ਸਮਾਂ ਬਾਅਦ ਹੀ ਅਜਿਹਾ ਵਰਤਾਰਾ ਸ਼ੁਰੂ ਹੋ ਗਿਆ ਹੈ ਤਾਂ ਲੰਮਾ ਸਮਾਂ ਬੀਤ ਜਾਣ ‘ਤੇ ਸਮੱਸਿਆ ਐਨੀ ਗੰਭੀਰ ਹੋ ਜਾਵੇਗੀ ਕਿ ਲੋਕਾਂ ਦਾ ਹੌਲੀ-ਹੌਲੀ ਈਸਾਈ ਸਿਧਾਂਤਾਂ ਤੋਂ ਵਿਸ਼ਵਾਸ ਹੀ ਉੱਠ ਜਾਵੇਗਾ। ਫਲਸਰੂਪ ਧਰਮ ਦੇ ਅਲੋਪ ਹੋ ਜਾਣ ਦਾ ਡਰ ਹਮੇਸ਼ਾ-ਹਮੇਸ਼ਾ ਲਈ ਬਣਿਆ ਰਹੇਗਾ। ਇਸ ਲੰਮੀ ਸੋਚ-ਵਿਚਾਰ ਤੋਂ ਬਾਅਦ ਇਸ ਦੀ ਲਿਖਤ ਦਾ ਕਾਰਜ 52 ਈæ ਵਿਚ ਸ਼ੁਰੂ ਹੋਇਆ ਅਤੇ 100 ਈæ ਵਿਚ ਸੰਪੂਰਨ ਹੋ ਗਿਆ। ਬਾਈਬਲ ਦਾ ਦੂਸਰਾ ਹਿੱਸਾ ਇਸ ਤੋਂ ਵੀ ਲਗਭਗ ਤਿੰਨ ਸੌ ਸਾਲ ਬਾਅਦ ਹੋਂਦ ਵਿਚ ਆਇਆ। ਸੰਪੂਰਨਤਾ ਉਪਰੰਤ ਇਸ ਨੂੰ Ḕਬਾਈਬਲ ਦਾ ਪਵਿੱਤਰੀਕਰਨ’ ਨਾਮ ਦਿੱਤਾ ਗਿਆ।
ਸਿੱਖ ਗੁਰੂ ਸਾਹਿਬਾਨ ਇਸ ਸਮੱਸਿਆ ਤੋਂ ਪੂਰਨ ਤੌਰ ‘ਤੇ ਚੇਤੰਨ ਸਨ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਖ਼ੁਦ ਆਪਣੀ ਸਾਰੀ ਬਾਣੀ ਨੂੰ ਲਿਖਤ ਰੂਪ ਦਿੱਤਾ ਅਤੇ ਹੋਰ ਬਾਣੀ ਵਿਚ ਇਕੱਤਰ ਕਰਕੇ ਅਗਲੇ ਗੁਰੂ ਨੂੰ ਸੌਂਪ ਦਿੱਤੀ। ਇਹ ਪਰੰਪਰਾ ਪੰਜਵੇਂ ਗੁਰੂ ਸਾਹਿਬਾਨ ਤਕ ਚਲਦੀ ਰਹੀ ਕਿਉਂਕਿ ਗੁਰੂ ਸਾਹਿਬਾਨ ਬਾਈਬਲ ਵਰਗੀ ਸਮੱਸਿਆ ਦਾ ਸਾਹਮਣਾ ਸਿੱਖਾਂ ਨੂੰ ਨਹੀਂ ਕਰਨ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੀ ਦੇਖ-ਰੇਖ ਵਿਚ ਹੀ ਇਸ ਪਵਿੱਤਰ ਗ੍ਰੰਥ ਨੂੰ ਸੰਪੂਰਨ ਕਰਨ ਦਾ ਮਨ ਬਣਾ ਲਿਆ।
ਪਵਿੱਤਰ ਕੁਰਆਨ:
ਇਸਲਾਮ ਧਰਮ ਦੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਹਨ ਅਤੇ ਇਹ ਧਰਮ ਮੱਕੇ ਦੀ ਸਰ-ਜ਼ਮੀਨ ‘ਤੇ ਪੈਦਾ ਹੋਇਆ। ਇਸ ਧਰਮ ਦਾ ਪਵਿੱਤਰ ਧਰਮ ਗ੍ਰੰਥ ਕੁਰਆਨ ਹੈ। ਸ਼ਬਦ Ḕਕੁਰਆਨ’ ਦਾ ਮੂਲ Ḕਕੁਰਅ’ ਹੈ ਜਿਸ ਦਾ ਅਰਥ ਹੈ ਪੜ੍ਹਨਾ, ਬੋਲਣਾ ਅਤੇ ਇਕੱਤਰ ਕਰਨਾ ਆਦਿ। ਇਸ ਤਰ੍ਹਾਂ ਕੁਰਆਨ ਦਾ ਅਰਥ ਹੋਇਆ ਪੜ੍ਹਿਆ ਜਾਣ ਵਾਲਾ, ਬੋਲਿਆ ਜਾਣ ਵਾਲਾ ਗ੍ਰੰਥ ਜਾਂ ਉਹ ਸੰਗ੍ਰਹਿਤ ਪੁਸਤਕ ਜਿਸ ਵਿਚ ਪਹਿਲੀਆਂ ਇਲਹਾਮੀ ਕਿਤਾਬਾਂ ਦੀਆਂ ਸਿੱਖਿਆਵਾਂ ਨੂੰ ਇਕੱਤਰ ਕੀਤਾ ਗਿਆ ਹੋਵੇ।
ਕੁਰਆਨ ਵਿਚ ਅੱਲਾਹ ਦੇ ਉਹ ਸ਼ਬਦ ਹਨ ਜੋ ਹਜ਼ਰਤ ਮੁਹੰਮਦ ਸਾਹਿਬ ਉਪਰ ਹਜ਼ਰਤ ਜਿਬਰਾਈਲ ਫ਼ਰਿਸ਼ਤੇ ਰਾਹੀਂ ਨਾਜ਼ਰ ਹੋਏ। 610 ਈਸਵੀ ਵਿਚ ਰਮਜ਼ਾਨ ਦੇ ਮਹੀਨੇ ਮੁਹੰਮਦ ਸਾਹਿਬ ‘ਤੇ ਆਇਤਾਂ ਉਤਰਨੀਆਂ ਸ਼ੁਰੂ ਹੋਈਆਂ ਅਤੇ ਇਹ ਕਰਮ ਲਗਾਤਾਰ 23 ਸਾਲ ਜਾਰੀ ਰਿਹਾ। ਮੁਹੰਮਦ ਸਾਹਿਬ ਪੜ੍ਹਨਾ-ਲਿਖਣਾ ਨਹੀਂ ਜਾਣਦੇ ਸਨ, ਸੋ ਇਸ ਕਲਾਮ ਨੂੰ ਹਜ਼ਰਤ ਮੁਹੰਮਦ ਸਾਹਿਬ ਜ਼ੁਬਾਨੀ ਯਾਦ (ਹਿਫ਼ਜ਼) ਕਰ ਲੈਂਦੇ ਸਨ ਅਤੇ ਬਾਅਦ ਵਿਚ ਕਾਤਿਬ ਨੂੰ ਸੱਦ ਕੇ ਲਿਖਵਾ ਵੀ ਦਿੱਤਾ ਜਾਂਦਾ ਸੀ ਜਾਂ ਜ਼ਬਾਨੀ ਯਾਦ ਕਰਨ ਦਾ ਆਦੇਸ਼ ਦੇ ਦਿੱਤਾ ਜਾਂਦਾ ਸੀ। (੨ਹੇ ਨਬੀ! ਤੁਸੀਂ ਇਸ ਤੋਂ ਪਹਿਲਾਂ ਕੋਈ ਕਿਤਾਬ ਨਹੀਂ ਪੜਦੇ ਸੀ ਅਤੇ ਨਾ ਆਪਣੇ ਹੱਥ ਨਾਲ ਲਿਖਦੇ ਸੀ, ਜੇ ਕਿਤੇ ਅਜਿਹਾ ਹੁੰਦਾ ਤਾਂ ਝੂਠੇ ਲੋਕ ਸ਼ੱਕ ਵਿਚ ਪੈ ਸਕਦੇ ਸਨ। ਅਸਲ ਵਿਚ ਇਹ (ਕੁਰਆਨ ਦੀਆਂ ਆਇਤਾਂ) ਸਪੱਸ਼ਟ ਨਿਸ਼ਾਨੀਆਂ ਹਨ। ਉਨ੍ਹਾਂ ਲੋਕਾਂ ਦੇ ਦਿਲਾਂ ਵਿਚ ਜਿਨ੍ਹਾਂ ਨੂੰ ਗਿਆਨ ਬਖਸ਼ਿਆ ਗਿਆ ਹੈ।” (29:48-49) ਇਨ੍ਹਾਂ ਕਾਤਿਬਾਂ ਵਿਚ ਪ੍ਰਮੁੱਖ ਜ਼ੈਦ ਬਿਨ ਸਾਬਿਤ ਸੀ। ਹਜ਼ਰਤ ਮੁਹੰਮਦ ਸਾਹਿਬ ਦੇ ਅੰਤ ਸਮੇਂ ਤੱਕ ਕੁਰਆਨ ਜਾਂ ਤਾਂ ਲੋਕਾਂ ਨੂੰ ਹਿਫ਼ਜ਼ ਸੀ ਜਾਂ ਖਜੂਰ ਦੇ ਪੱਤਿਆਂ, ਹੱਡੀਆਂ ਅਤੇ ਜਾਨਵਰਾਂ ਦੀਆਂ ਖੱਲਾਂ ਉਤੇ ਉਕਰਿਆ ਹੋਇਆ ਸੀ।
ਮੁਹੰਮਦ ਸਾਹਿਬ ਤੋਂ ਬਾਅਦ ਖਿਲਾਫ਼ਤ ਦਾ ਯੁੱਗ ਸ਼ੁਰੂ ਹੋਇਆ। ਇਸ ਸਮੇਂ ਦੇ ਪ੍ਰਮੁੱਖ ਖਲੀਫ਼ੇ ਸਨ- ਹਜ਼ਰਤ ਅਬੂ ਬਕਰ, ਹਜ਼ਰਤ ਉਮਰ, ਹਜ਼ਰਤ ਉਸਮਾਨ ਅਤੇ ਹਜ਼ਰਤ ਅਲੀ। ਹਜ਼ਰਤ ਅਬੂ ਬਕਰ ਦੀ ਖਿਲਾਫ਼ਤ ਵੇਲੇ ਵੱਡੇ ਯੁੱਧ ਹੋਏ ਜਿਸ ਵਿਚ ਸ਼ਹੀਦ ਹੋਣ ਵਾਲੇ ਮੁਸਲਮਾਨਾਂ ਵਿਚ ਵੱਡੀ ਗਿਣਤੀ ਹਾਫ਼ਿਜ਼ਾਂ ਦੀ ਵੀ ਸੀ। ਕੁਦਰਤੀ ਸੀ ਕਿ ਇਸ ਨਾਲ ਸਮੱਸਿਆਵਾਂ ਪੈਦਾ ਹੋਣ ਦੇ ਆਸਾਰ ਵਧ ਗਏ ਸਨ। ਜੇਕਰ ਉਹ ਲੋਕ ਜਿਨ੍ਹਾਂ ਨੂੰ ਕੁਰਆਨ ਜ਼ੁਬਾਨੀ ਯਾਦ ਸੀ, ਇਕ-ਇਕ ਕਰਕੇ ਦੁਨੀਆਂ ਤੋਂ ਚਲੇ ਗਏ ਤਾਂ ਪਵਿੱਤਰ ਗ੍ਰੰਥ ਦਾ ਕੀ ਬਣੇਗਾ। ਇਸ ਲਈ ਪਵਿੱਤਰ ਕੁਰਆਨ ਦੀ ਸਾਂਭ-ਸੰਭਾਲ ਜਾਂ ਸੰਕਲਨ ਜ਼ਰੂਰੀ ਸੀ। ਇਸ ਲਈ ਹਜ਼ਰਤ ਉਮਰ ਨੇ ਹਜ਼ਰਤ ਅਬੂ ਬਕਰ ਨਾਲ ਸਲਾਹ ਕੀਤੀ ਕਿ ਕੁਰਆਨ ਦੀ ਹਿਫ਼ਾਜ਼ਤ ਲਈ ਹਿਫ਼ਜ਼ ਤੋਂ ਇਲਾਵਾ ਹੋਰ ਪ੍ਰਬੰਧ ਵੀ ਜ਼ਰੂਰੀ ਹੈ। ਪਰ ਅਬੂ ਬਕਰ ਦੁਚਿੱਤੀ ਵਿਚ ਸਨ ਕਿ ਇਹ ਕੰਮ ਜਦ ਖ਼ੁਦ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਨਹੀਂ ਕੀਤਾ ਤਾਂ ਉਹ ਕਿਉਂ ਕਰਨ? ਪਰ ਉਮਰ ਦੀਆਂ ਦਲੀਲਾਂ ਤੋਂ ਕਾਇਲ ਹੋ ਕੇ ਉਨ੍ਹਾਂ ਨੇ ਇਕ ਕਮੇਟੀ ਜ਼ੈਦ ਬਿਨ ਸਾਬਿਤ ਦੀ ਅਗਵਾਈ ਵਿਚ ਬਣਾ ਦਿੱਤੀ ਜਿਸ ਨੇ ਸਾਰੀਆਂ ਲਿਖਤਾਂ ਅਤੇ ਹਾਫ਼ਿਜ਼ਾਂ ਨੂੰ ਇਕੱਤਰ ਕੀਤਾ ਅਤੇ ਵੱਡੀ ਪੁਣ-ਛਾਣ ਤੋਂ ਬਾਅਦ ਕੁਰਆਨ ਦਾ ਮਿਆਰੀ ਨੁਸਖ਼ਾ ਤਿਆਰ ਕਰ ਦਿੱਤਾ ਅਤੇ ਉਸ ਦੀ ਕਾਪੀ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਪਤਨੀ ਹਜ਼ਰਤ ਹਫ਼ਜ਼ਾ ਕੋਲ ਰੱਖ ਦਿੱਤੀ ਤਾਂ ਕਿ ਜਿਸ ਨੂੰ ਵੀ ਲੋੜ ਹੋਵੇ, ਇਸ ਵਿਚੋਂ ਨਕਲ ਕਰ ਲਵੇ। ਇਸ ਤਰ੍ਹਾਂ ਇਹ ਪਵਿੱਤਰ ਧਰਮ ਗ੍ਰੰਥ ਵੀ ਪੈਗ਼ੰਬਰ ਤੋਂ ਬਾਅਦ ਲਿਖਤ ਰੂਪ ਵਿਚ ਸਾਹਮਣੇ ਆਇਆ।
ਹਜ਼ਰਤ ਉਸਮਾਨ ਨੇ ਆਪਣੀ ਖਿਲਾਫ਼ਤ ਦੇ ਸਮੇਂ ਵਿਚ ਇਸ ਦੀਆਂ ਵੱਖ-ਵੱਖ ਨਕਲਾਂ ਤਿਆਰ ਕਰਵਾ ਦਿੱਤੀਆਂ ਸਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚਾ ਕੇ ਆਦੇਸ਼ ਕਰ ਦਿੱਤੇ ਸਨ ਕਿ ਕੁਰਆਨ ਦੀ ਕਿਰਅਤ (ਪਾਠ) ਇਨ੍ਹਾਂ ਅਨੁਸਾਰ ਹੀ ਕੀਤਾ ਜਾਵੇ ਅਤੇ ਜੇਕਰ ਇਸ ਤੋਂ ਇਲਾਵਾ ਕੁਰਆਨ ਦਾ ਕੋਈ ਅੰਸ਼ ਹੋਵੇ ਤਾਂ ਉਸਨੂੰ ਤਲਫ਼ ਕਰ ਦਿੱਤਾ ਜਾਵੇ।
ਸਿੱਖ ਪੈਗੰਬਰੀ ਅਜ਼ਮਤ ਨੇ ਉਪਰੋਕਤ ਤੱਥਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਅਜਿਹੇ ਹਾਲਾਤ ਹੀ ਪੈਦਾ ਨਾ ਹੋਣ, ਇਸ ਲਈ ਖੁਦ ਸੰਪਾਦਨ ਦਾ ਕੰਮ ਪੂਰਾ ਕਰਨ ਦਾ ਮਨ ਬਣਾ ਲਿਆ।
ਪਵਿੱਤਰ ਵੇਦ:
ਵੇਦ ਹਿੰਦੂ ਧਰਮ ਦੇ ਪਵਿੱਤਰ ਧਰਮ ਗ੍ਰੰਥ ਹਨ। ਇਹ ਗਿਣਤੀ ਵਿਚ ਚਾਰ ਹਨ – ਰਿਗ ਵੇਦ, ਸਾਮ ਵੇਦ, ਯਜੁਰ ਵੇਦ ਅਤੇ ਅਥਰਵ ਵੇਦ। ਹਿੰਦੂ ਧਰਮ ਦਾ ਸਮੁੱਚਾ ਵਿਧੀ-ਵਿਧਾਨ ਇਨ੍ਹਾਂ ਧਰਮ ਗ੍ਰੰਥਾਂ ਉਪਰ ਆਧਾਰਿਤ ਹੈ। ਇਨ੍ਹਾਂ ਧਰਮ ਗ੍ਰੰਥਾਂ ਦਾ ਸਭ ਤੋਂ ਅਦਭੁਤ ਰਹੱਸ ਇਹ ਹੈ ਕਿ ਹਿੰਦੂ ਵਿਸ਼ਵਾਸੀਆਂ ਅਨੁਸਾਰ ਇਹ ਧਰਮ ਗ੍ਰੰਥ ਅਪੁਰਸ਼ ਰਚਨਾ ਹਨ, ਭਾਵ ਇਸ ਦਾ ਕਰਤਾ ਮਨੁੱਖ ਨਹੀਂ ਹੈ। ਇਹ ਸਿੱਧੇ ਆਕਾਸ਼ ਤੋਂ ਧਰਤੀ ਉਪਰ ਉਤਰੇ ਹਨ ਜਦਕਿ ਬਾਕੀ ਸਾਰੇ ਧਰਮ ਗ੍ਰੰਥ ਪੈਗ਼ੰਬਰਾਂ ਜਾਂ ਉਨ੍ਹਾਂ ਦੇ ਅਨੁਯਾਈਆਂ ਨੇ ਤਿਆਰ ਕੀਤੇ ਹਨ। ਇਸ ਲਈ ਜਿੱਥੇ ਇਹ ਸਭ ਤੋਂ ਪਵਿੱਤਰ ਹਨ, ਉਥੇ ਨਾਲ ਦੀ ਨਾਲ ਦੇਵਤਿਆਂ ਦੀ ਭਾਸ਼ਾ ਸੰਸਕ੍ਰਿਤ ਵਿਚ ਹੀ ਲਿਖੇ ਗਏ ਹਨ।
ਹਿੰਦੂ ਧਰਮ ਦੇ ਵਿਚ ਦੋ ਬੇਹੱਦ ਮਹੱਤਵਪੂਰਨ ਸੰਕਲਪ ਹਨ, ਜਿਨ੍ਹਾਂ ਉਪਰ ਸਮੁੱਚਾ ਹਿੰਦੂ ਧਰਮ ਕੇਂਦਰਿਤ ਹੈ, ਉਹ ਹਨ – (1) ਸ਼ਰੁਤੀ, (2) ਸਿਮ੍ਰਤੀ
ਸ਼ਰੁਤੀ ਸ਼ਬਦ ਦੀ ਵਰਤੋਂ ਹਿੰਦੂ ਪਰੰਪਰਾ ਵਿਚ ਇਲਹਾਮ ਲਈ ਕੀਤੀ ਜਾਂਦੀ ਹੈ। ਸ਼ਰੁਤੀ ਤੋਂ ਭਾਵ ਜੋ ਸੁਣਿਆ ਗਿਆ ਜਾਂ ਵੇਖਿਆ ਗਿਆ (ਦ੍ਰਸ਼ਟਾ)। ਹਿੰਦੂ ਰਿਸ਼ੀਆਂ ਨੇ ਜੋ ਦੈਵੀ ਸ਼ਬਦ ਸੁਣੇ ਜਾਂ ਵੇਖੇ, ਉਨ੍ਹਾਂ ਨੂੰ ਆਪਣੀ ਸਿਮ੍ਰਤੀ ਵਿਚ ਵਸਾ ਲਿਆ। ਸਿਮ੍ਰਤੀ ਦਾ ਅਰਥ ਯਾਦ ਕਰਨਾ ਹੈ।
ਹਿੰਦੂ ਧਰਮ ਵਿਚ ਲਿਖਣ ਦੀ ਨਹੀਂ ਸਗੋਂ ਮੌਖਿਕ (ਯਾਦ ਕਰਕੇ ਬੋਲਣ ਦੀ) ਪਰੰਪਰਾ ਸੀ ਅਤੇ ਇਹ ਹਜ਼ਾਰਾਂ ਸਾਲ ਚਲਦੀ ਰਹੀ। ਸਿਮ੍ਰਤੀਆਂ ਵਿਚ ਵੇਦ ਚਲਦੇ ਰਹੇ ਅਤੇ ਅਖੀਰ ਮਹਾਂਭਾਰਤ ਵੇਲੇ ਇਸ ਦੇ ਲਿਖਤ ਰੂਪ ਰਿਸ਼ੀ ਵੇਦ ਵਿਆਸ ਰਾਹੀਂ ਸਾਹਮਣੇ ਆਏ। ਹਜ਼ਾਰਾਂ ਸਾਲਾਂ ਦੀ ਮੌਖਿਕ ਪਰੰਪਰਾ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ। ਵੇਦਾਂ ਦੇ ਅਸਲ ਰੂਪ ਜਾਂ ਭਾਵ ਗੁਆਚਣ ਲੱਗੇ। ਪ੍ਰੋਹਿਤ ਸ਼੍ਰੇਣੀ ਨੇ ਸਮੇਂ ਦੇ ਨਾਲ-ਨਾਲ ਵੇਦਾਂ ਦੀ ਪਵਿੱਤਰ ਭਾਵਨਾ ਦਾ ਤਿਆਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਨਿੱਜੀ ਮੁਫ਼ਾਦ ਨੂੰ ਸਾਹਮਣੇ ਰੱਖ ਲਿਆ, ਜਿਸ ਕਾਰਨ ਇਸ ਪਵਿੱਤਰ ਰਚਨਾ ਵਿਚ ਬਹੁਤ ਫੇਰ-ਬਦਲ ਹੋਏ। ਇਸ ਫੇਰ-ਬਦਲ ਦੀ ਆੜ ਵਿਚ ਹੀ ਭਾਰਤੀ ਜਨ ਸਧਾਰਨ ਦਾ ਤਿੰਨ-ਚੌਥਾਈ ਭਾਗ ਅਪੰਗ ਕਰਕੇ ਰੱਖ ਦਿੱਤਾ ਗਿਆ। ਔਰਤ ਨੂੰ ਧਿਰਕਾਰ ਦਿੱਤਾ, ਵੈਸ਼ ਅਤੇ ਸ਼ੂਦਰ ਸੀਮਾ-ਬੱਧ ਕਰ ਦਿੱਤੇ ਅਤੇ ਚੰਡਾਲ ਦੇ ਨਾਂ ‘ਤੇ ਇਕ ਨਵਾਂ ਵਰਣ ਪੈਦਾ ਕਰ ਦਿੱਤਾ ਜਿਸ ਕੋਲ ਕੋਈ ਵੀ ਅਧਿਕਾਰ ਨਹੀਂ ਸਨ। ਭਾਰਤੀ ਸਮਾਜ ਵਿਚ ਆਪਸੀ ਸਹਿਚਾਰ ਦੀ ਭਾਵਨਾ ਖੰਭ ਲਾ ਕੇ ਉਡ ਗਈ। ਪ੍ਰੋਹਿਤ ਸ਼੍ਰੇਣੀ ਨੇ ਆਪਣੀ ਪ੍ਰਤੀਨਿਧਤਾ ਦੀ ਆੜ ਵਿਚ ਅਜਿਹਾ ਕੁਹਾੜਾ ਚਲਾਇਆ ਕਿ ਆਉਣ ਵਾਲੇ ਸਮੇਂ ਵਿਚ ਹਿੰਦੁਸਤਾਨ ਲਈ ਇਸ ਦੇ ਨਤੀਜੇ ਬਹੁਤ ਹੀ ਭਿਆਨਕ ਨਿਕਲੇ।
ਸਿੱਖ ਧਰਮ ਦੇ ਬਾਨੀ ਸਿੱਖ ਧਰਮ ਗ੍ਰੰਥ ਦੇ ਸਰੂਪ ਨੂੰ ਇਸ ਮੌਖਿਕ ਪੰਰਪਰਾ ਤੋਂ ਬਚਾਉਣਾ ਚਾਹੁੰਦੇ ਸਨ ਤਾਂ ਕਿ ਧਰਮ ਗ੍ਰੰਥ ਮਨੁੱਖ ਦੇ ਪੈਰਾਂ ਦੀਆਂ ਬੇੜੀਆਂ ਨਾ ਬਣੇ ਸਗੋਂ ਉਸ ਦੀ ਬੰਦ-ਖ਼ਲਾਸੀ ਦਾ ਇਤਿਹਾਸ ਸਿਰਜੇ। ਇਸ ਲਈ ਉਨ੍ਹਾਂ Ḕਗੁਰੂ ਗ੍ਰੰਥ’ ਦੀ ਸੰਪਾਦਨਾ ਦਾ ਮਨ ਬਣਾਇਆ।
ਜੈਨ ਧਰਮ ਗ੍ਰੰਥ ਪੂਰਵ ਤੇ ਅੰਗ:
ਭਾਰਤੀ ਧਰਮ ਪਰੰਪਰਾ ਦੀ ਪਵਿੱਤਰ ਮਾਲਾ ਦਾ ਜੈਨ ਧਰਮ ਇਕ ਮਹੱਤਵਪੂਰਨ ਮੋਤੀ ਹੈ। ਜੈਨੀ ਵਿਸ਼ਵਾਸੀਆਂ ਅਨੁਸਾਰ ਉਨ੍ਹਾਂ ਦੇ ਧਰਮ ਦਾ ਆਰੰਭ ਦੁਨੀਆਂ ਦੇ ਪੈਦਾ ਹੋਣ ਦੇ ਨਾਲ ਹੀ ਹੋ ਗਿਆ ਸੀ। ਇਸ ਲਈ ਉਹ ਆਪਣੇ ਧਰਮ ਨੂੰ ਸਭ ਤੋਂ ਪੁਰਾਣਾ ਧਰਮ ਪ੍ਰਵਾਨ ਕਰਦੇ ਹਨ। ਜੈਨ ਧਰਮ ਦੇ ਬਾਨੀਆਂ ਨੂੰ ਤੀਰਥਾਂਕਰ ਕਿਹਾ ਜਾਂਦਾ ਹੈ। ਤੀਰਥਾਂਕਰ ਦਾ ਭਾਵ ਉਹ ਪੁਲ, ਜਿਸ ਤੋਂ ਲੰਘ ਕੇ ਮਨੁੱਖ ਹਰ ਤਰ੍ਹਾਂ ਦੇ ਦੁਖ, ਤਕਲੀਫ਼ਾਂ ਨੂੰ ਸਰ ਕਰ ਲੈਂਦਾ ਹੈ, ਭਾਵ ਮੁਕਤ ਹੋ ਜਾਂਦਾ ਹੈ। ਇਨ੍ਹਾਂ ਤੀਰਥਾਂਕਰਾਂ ਦੀ ਗਿਣਤੀ 24 ਹੈ। ਇਨ੍ਹਾਂ ਵਿਚੋਂ ਪਹਿਲੇ ਤੀਰਥੰਕਰ ਰਿਸ਼ਭ ਦੇਵ ਸਨ, ਜਿਨ੍ਹਾਂ ਦਾ ਜ਼ਿਕਰ ਰਿਗ ਵੇਦ ਵਿਚ ਵੀ ਮਿਲਦਾ ਹੈ। ਪਰ ਇਸ ਧਰਮ ਦੀ ਸੰਸਾਰ ਧਰਮ ਵਜੋਂ ਸਥਾਪਨਾ ਮਹਾਂਵੀਰ ਜੈਨ ਦੇ ਸਮੇਂ ਹੋਈ ਜਿਹੜੇ ਇਨ੍ਹਾਂ ਦੇ ਅਖੀਰਲੇ ਜਾਂ ਚੌਵੀਵੇਂ ਤੀਰਥਾਂਕਰ ਸਨ ਅਤੇ ਅੱਜ ਤੋਂ ਤਕਰੀਬਨ ਢਾਈ ਹਜ਼ਾਰ ਸਾਲ ਪਹਿਲਾਂ ਅਵਤਾਰੀ ਪੁਰਸ਼ ਵਾਂਗ ਇਸ ਧਰਤੀ ‘ਤੇ ਆਏ ਸਨ।
ਜੈਨ ਧਰਮ ਗ੍ਰੰਥਾਂ ਨੂੰ Ḕਪੂਰਵ’ ਅਤੇ Ḕਅੰਗ’ ਦੇ ਨਾ ਨਾਲ ਜਾਣਿਆ ਜਾਂਦਾ ਹੈ। ਇਹ ਗ੍ਰੰਥ ਅਰਧਾ ਮਾਗਧੀ ਜਾਂ ਪ੍ਰਾਕ੍ਰਿਤਕ ਭਾਸ਼ਾ ਵਿਚ ਲਿਖੇ ਗਏ। ਇਨ੍ਹਾਂ ਵਿਚ ਜੈਨ ਧਰਮ, ਦਰਸ਼ਨ, ਯੋਗ, ਨੀਤੀ, ਵਿੱਦਿਆ ਅਤੇ ਮਿਥਿਹਾਸ ਦਾ ਸੰਪੂਰਨ ਉਲੇਖ ਹੈ। ਪਰ ਇਨ੍ਹਾਂ ਧਰਮ ਗ੍ਰੰਥਾਂ ਦੇ ਸੱਚ ਬਾਰੇ ਖ਼ੁਦ ਜੈਨ ਧਰਮ ਦੇ ਅਨੁਯਾਈ ਇਕ ਮਤ ਨਹੀਂ ਹਨ। ਇਥੋਂ ਤੱਕ ਕਿ ਇਸ ਧਰਮ ਦਾ ਵੱਖ-ਵੱਖ ਸੰਪਰਦਾਵਾਂ ਵਿਚ ਵੰਡੇ ਜਾਣ ਵਿਚ ਵੀ ਇਨ੍ਹਾਂ ਧਰਮ ਗ੍ਰੰਥਾਂ ਦਾ ਯੋਗਦਾਨ ਰਿਹਾ। ਉਦਾਹਰਨ ਲਈ ਜੈਨ ਧਰਮ ਦੀ ਪ੍ਰਮੁੱਖ ਦਿਗੰਬਰ ਸੰਪਰਦਾ ਨੂੰ ਵੇਖਿਆ ਜਾ ਸਕਦਾ ਹੈ। ਇਹ ਸੰਪਰਦਾ ਕੇਵਲ ਚਾਰ ਧਰਮ ਗ੍ਰੰਥਾਂ ਨੂੰ ਅਸਲ ਮੰਨਦਾ ਹੋਇਆ ਬਾਕੀ ਧਰਮ ਗ੍ਰੰਥਾਂ ਨੂੰ ਮੂਲੋਂ ਹੀ ਅਪ੍ਰਵਾਨ ਕਰਦਾ ਹੈ। ਉਨ੍ਹਾਂ ਅਨੁਸਾਰ ਜਿਨ੍ਹਾਂ ਧਰਮ ਗ੍ਰੰਥਾਂ ਵਿਚ ਮਹਾਂਵੀਰ ਜੈਨ ਦੇ ਪ੍ਰਵਚਨ ਸਨ, ਉਹ ਗੁੰਮ ਹੋ ਚੁੱਕੇ ਹਨ। ਅਸਲ ਵਿਚ ਜੈਨ ਧਰਮ ਗ੍ਰੰਥਾਂ ਦੇ ਇਤਿਹਾਸ ਦਾ ਦੁਖਾਂਤ ਇਹ ਸੀ ਕਿ ਐਨਾ ਪੁਰਾਣਾ ਧਰਮ ਹੋਣ ਦੇ ਬਾਵਜੂਦ ਇਸਦੇ ਧਰਮ ਗ੍ਰੰਥਾਂ ਨੂੰ ਤੀਸਰੀ ਪੂਰਵ ਈਸਵੀ ਨੂੰ ਪਾਟਲੀਪੁਤਰ ਵਿਚ ਜੈਨੀਆਂ ਦੀ ਪਹਿਲੀ ਮਹਾਂ ਸਭਾ ਵਿਚ ਵਿਵਸਥਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਸ ਦਾ ਸਰੂਪ ਮੌਖਿਕ ਹੀ ਰੱਖਿਆ ਗਿਆ। ਇਸਦਾ ਨਤੀਜਾ ਇਹ ਨਿਕਲਿਆ ਕਿ ਇਨ੍ਹਾਂ ਦਾ ਪਹਿਲਾ ਹਿੱਸਾ ਜਿਸਨੂੰ Ḕਪੂਰਵ’ ਕਿਹਾ ਜਾਂਦਾ ਹੈ, ਉਹ ਹਮੇਸ਼ਾ-ਹਮੇਸ਼ਾ ਲਈ ਗੁੰਮ ਹੋ ਗਿਆ ਅਤੇ ਕੇਵਲ Ḕਅੰਗ’ ਬਚੇ। ਇਨ੍ਹਾਂ ਨੂੰ ਬਹੁਤ ਸਮੇਂ ਬਾਅਦ ਪੰਜਵੀਂ ਸਦੀ ਈਸਵੀ ਵਿਚ ਇਕ ਪ੍ਰਸਿੱਧ ਜੈਨੀ ਅਚਾਰੀਆ ਦੇਵਰਿਧੀ ਨੇ ਗੁਜਰਾਤ ਵਿਚ ਵਲਭੀ ਦੇ ਸਥਾਨ ‘ਤੇ ਬੇਹੱਦ ਮਿਹਨਤ ਉਪਰੰਤ ਲਿਖਤ ਰੂਪ ਦਿੱਤਾ। ਸਪੱਸ਼ਟ ਹੈ ਕਿ ਜੇਕਰ ਮਹਾਂਵੀਰ ਜੈਨ ਤੋਂ ਵੀ ਲਿਖਤ ਦੇ ਸਮੇਂ ਦੀ ਪਰਖ ਕੀਤੀ ਜਾਵੇ ਤਾਂ ਜੈਨੀ ਧਰਮ ਗ੍ਰੰਥ ਆਪਣੇ ਤੀਰਥਾਂਕਰਾਂ ਤੋਂ ਤਕਰੀਬਨ 973 ਸਾਲ ਪਿਛੋਂ ਲਿਖੇ ਗਏ। ਐਨੇ ਲੰਮੇ ਸਮੇਂ ਦੀ ਮੌਖਿਕ ਪਰੰਪਰਾ ਵਿਚ ਕੀ ਕੁਝ ਵਾਪਰ ਸਕਦਾ ਹੈ, ਇਹ ਸਪੱਸ਼ਟ ਹੀ ਹੈ।
ਗੁਰੂ ਸਾਹਿਬਾਨ ਦੀ ਬਾਣੀ ਵਿਚ ਜੈਨ ਧਰਮ ਅਤੇ ਜੈਨੀਆਂ ਬਾਰੇ ਵਿਸਥਾਰ ਪੂਰਵਕ ਵਰਨਣ ਹੈ। ਉਨ੍ਹਾਂ ਦੇ ਤੌਰ-ਤਰੀਕਿਆਂ ਨੂੰ ਗੁਰਬਾਣੀ ਮੂਲੋਂ ਅਪ੍ਰਵਾਨ ਕਰਦੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਜੈਨੀ ਸੰਪਰਦਾ ਦੇ ਕਰਮ-ਕਾਂਡੀ ਤੇ ਸੰਜਮੀ ਜੀਵਨ ਤੋਂ ਪੂਰੀ ਤਰ੍ਹਾਂ ਜਾਣੂ ਸਨ ਅਤੇ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਉਨ੍ਹਾਂ ਦੇ ਧਰਮ ਗ੍ਰੰਥਾਂ ਦੇ ਇਤਿਹਾਸ ਤੋਂ ਜਾਣੂ ਨਾ ਹੋਣ। ਇਸ ਲਈ ਸੰਪਾਦਨਾ ਦੇ ਕ੍ਰਮ ਵਿਚ ਕਿਸੇ ਨਾ ਕਿਸੇ ਰੂਪ ਵਿਚ ਜੈਨੀ ਧਰਮ ਗ੍ਰੰਥ ਦਾ ਦੁਖਾਂਤ ਅਵੱਸ਼ ਸਾਹਮਣੇ ਆਇਆ ਹੋਵੇਗਾ।
ਪਵਿੱਤਰ ਪਾਲੀ ਤ੍ਰਿਪਿਟਕ:
ਪਾਲੀ ਤ੍ਰਿਪਿਟਕ ਬੁਧ ਧਰਮ ਦੇ ਪਵਿੱਤਰ ਗ੍ਰੰਥ ਹਨ। ਬੋਧੀ ਵਿਸ਼ਵਾਸੀਆਂ ਵਿਚ ਇਨ੍ਹਾਂ ਨੂੰ ਮਹਾਤਮਾ ਬੁਧ ਦੇ ਪਵਿੱਤਰ ਬਚਨ ਮੰਨਿਆ ਜਾਂਦਾ ਹੈ, ਜੋ ਉਨ੍ਹਾਂ ਨੇ ਨਿਰਵਾਣ ਪ੍ਰਾਪਤੀ ਉਪਰੰਤ ਮਗਧੀ ਭਾਸ਼ਾ ਜਿਸ ਨੂੰ ਹੁਣ ਪਾਲੀ ਭਾਸ਼ਾ ਕਿਹਾ ਜਾਂਦਾ ਹੈ, ਵਿੱਚ ਦਿੱਤੇ ਸਨ। ਬੁਧ ਦੇ ਪਰਲੋਕ ਗਮਨ ਤੱਕ ਬੁਧ ਉਪਦੇਸ਼ਾਂ ਨੂੰ ਲਿਪੀਬਧ ਨਹੀਂ ਸੀ ਕੀਤਾ ਗਿਆ ਅਤੇ ਇਨ੍ਹਾਂ ਨੂੰ ਮੌਖਿਕ ਰੱਖਣਾ ਪਵਿੱਤਰਤਾ ਦੀ ਨਿਸ਼ਾਨੀ ਸਮਝਿਆ ਗਿਆ ਸੀ, ਹਾਲਾਂਕਿ ਉਸ ਵੇਲੇ ਤੱਕ ਲਿਖਣ ਸ਼ੈਲੀ ਸ਼ੁਰੂ ਹੋ ਗਈ ਸੀ, ਪਰ ਇਸ ਨੂੰ ਲੋਕ-ਪ੍ਰਿਅਤਾ ਪ੍ਰਾਪਤ ਨਹੀਂ ਸੀ।
ਬੁਧ ਧਰਮ ਸਰਲ ਅਤੇ ਸਪੱਸ਼ਟ ਹੋਣ ਕਰਕੇ ਬਹੁਤ ਛੇਤੀ ਦੇਸ਼-ਵਿਦੇਸ਼ ਵਿਚ ਹਰਮਨ ਪਿਆਰਾ ਹੋ ਗਿਆ। ਪਰ ਇਥੇ ਇਹ ਸਮੱਸਿਆ ਪੈਦਾ ਹੋ ਗਈ ਕਿ ਬੁਧ ਧਰਮ ਦੇ ਉਪਦੇਸ਼ ਲਿਖਤ ਰੂਪ ਵਿਚ ਮੌਜੂਦ ਨਾ ਹੋਣ ਕਾਰਣ ਇਸ ਦੀ ਵਿਆਖਿਆ ਵੱਖਰੇ-ਵੱਖਰੇ ਰੂਪਾਂ ਵਿਚ ਹੋਣ ਲੱਗ ਪਈ। ਸੱਚਾਈ ਕੁਝ ਵੀ ਹੋਵੇ, ਪਰ ਮਹਾਰਾਜਾ ਅਸ਼ੋਕ ਦੇ ਸਮੇਂ ਤੋਂ ਪਹਿਲਾਂ ਬੁਧ ਧਰਮ ਦੇ ਸਿਧਾਂਤਾਂ ਦਾ ਕੋਈ ਵੀ ਲਿਖਤ ਰੂਪ ਨਹੀਂ ਸੀ। ਇਨ੍ਹਾਂ ਸਿਧਾਂਤਾਂ ਨੂੰ ਸੰਪੂਰਨ ਲਿਖਤ ਰੂਪ 85 ਬੀਸੀ ਵਿਚ ਸ੍ਰੀ ਲੰਕਾ ਦੇ ਰਾਜਾ ਵਿਰਦਗਾਮਨੀ ਦੀ ਦੇਖ ਰੇਖ ਵਿਚ ਦਿੱਤਾ ਗਿਆ। ਆਰੰਭ ਵਿਚ ਇਨ੍ਹਾਂ ਨੂੰ ਸੰਗਮਰਮਰ ਦੀਆਂ ਸਿੱਲਾਂ ‘ਤੇ ਉਕਰਿਆ ਗਿਆ ਜੋ ਅੱਜ ਵੀ ਮੌਜੂਦ ਹਨ। ਇਸ ਤਰ੍ਹਾਂ ਮਹਾਤਮਾ ਬੁਧ ਤੋਂ ਤਕਰੀਬਨ ਪੰਜ ਸੌ ਸਾਲ ਬਾਅਦ ਬੋਧ ਉਪਦੇਸ਼ ਲਿਖਤ ਰੂਪ ਵਿਚ ਸਾਹਮਣੇ ਆਏ।
ਇਸ ਤਰ੍ਹਾਂ ਇਹ ਸੰਭਵ ਹੀ ਨਹੀਂ ਹੋ ਸਕਦਾ ਕਿ ਐਨੇ ਲੰਮੇ ਸਮੇਂ ਤੱਕ ਮੌਖਿਕ ਰਹੇ ਉਪਦੇਸ਼ਾਂ ਵਿਚ ਕੋਈ ਜਮਾ-ਘਟਾਓ ਨਾ ਹੋਇਆ ਹੋਵੇ। ਇਸ ਦੀਆਂ ਅਨੇਕਾਂ ਉਦਾਹਰਨਾਂ ਪਾਲੀ ਤ੍ਰਿਪਿਟਕਾਂ ਵਿਚੋਂ ਵੀ ਉਪਲਬਧ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਜੇਕਰ ਬੁਧ ਧਰਮ ਦੇ ਇਤਿਹਾਸ ਦਾ ਅਧਿਐਨ ਕੀਤਾ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਬੁਧ ਧਰਮ ਦੇ ਅਨੇਕਾਂ ਸੰਪਰਦਾਵਾ ਵਿਚ ਵੰਡੇ ਜਾਣ ਦਾ ਕਾਰਨ ਵੀ ਬੁਧ ਧਰਮ ਦੇ ਉਪਦੇਸ਼ਾਂ ਬਾਰੇ ਮਤਭੇਦ ਹੀ ਸੀ।
ਗੁਰੂ ਨਾਨਕ ਪਾਤਸ਼ਾਹ ਨੇ ਆਪਣੀਆਂ ਉਦਾਸੀਆਂ ਵੇਲੇ ਬੁਧ ਧਰਮ ਦੇ ਵੱਖ-ਵੱਖ ਸੰਪਰਦਾਵਾਂ ਦੇ ਸਿੱਧਾਂ ਅਤੇ ਜੋਗੀਆਂ ਨਾਲ ਗੋਸ਼ਟ ਰਚਾਈਆਂ ਸਨ ਅਤੇ ਉਨ੍ਹਾਂ ਦੇ ਵੱਖਰੇ-ਵੱਖਰੇ ਰੂਪਾਂ ਦੇ ਕਾਰਨਾਂ ਦੀ ਜਾਣਕਾਰੀ ਵੀ ਪ੍ਰਾਪਤ ਹੋਣਾ ਕੁਦਰਤੀ ਹੀ ਸੀ। ਇਹ ਜਾਣਕਾਰੀ ਗੁਰੂ ਅਰਜਨ ਪਾਤਸ਼ਾਹ ਤੱਕ ਪਹੁੰਚਣਾ ਵੀ ਸੁਭਾਵਿਕ ਸੀ। ਇਸ ਲਈ ਸਿੱਖ ਸਿਧਾਂਤਾਂ ਨੂੰ ਕਿੰਤੂ ਮੁਕਤ ਕਰਨ ਲਈ ਖ਼ੁਦ Ḕਗੁਰੂ ਗ੍ਰੰਥ’ ਦੀ ਸੰਪਦਾਨਾ ਕਰਨਾ ਜ਼ਰੂਰੀ ਸਮਝਿਆ ਗਿਆ ਹੋਵੇਗਾ।
ਉਪਰੋਕਤ ਸਾਰੀ ਵਾਰਤਾਲਾਪ ਦਾ ਅਰਥ ਕਿਸੇ ਵੀ ਧਰਮ ਜਾਂ ਧਰਮ ਬਾਨੀ, ਪਵਿੱਤਰ ਗ੍ਰੰਥ ਜਾਂ ਉਸਦੇ ਪੈਰੋਕਾਰਾਂ ਉਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਨਾ ਨਹੀਂ ਹੈ ਕਿਉਂਕਿ ਸਿੱਖੀ ਇਸ ਗੱਲ ਦੀ ਆਗਿਆ ਹੀ ਨਹੀਂ ਦਿੰਦੀ। ਅਸਲ ਵਿਚ ਇਹ ਪੂਰਾ ਪੇਪਰ ਇਕ ਵੱਖਰੇ ਅੰਦਾਜ਼ ਅਤੇ ਇਕ ਨਵੇਂ ਇਸ਼ੂ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉਪਰ ਸ਼ੁਰੂ ਕੀਤੇ ਵਿਵਾਦ ਦੇ ਜਵਾਬ ਵਿਚ ਹੈ। ਇਸ ਦੇ ਨਾਲ ਹੀ ਪੇਪਰ ਦੀ ਪਵਿੱਤਰ ਭਾਵਨਾ ਇਹ ਸਪੱਸ਼ਟ ਕਰਨ ਵਿਚ ਸੀ ਕਿ ਇਹ ਕਾਰਜ ਗੁਰੂ ਨਾਨਕ ਸਾਹਿਬ ਦੁਆਰਾ ਆਪਣੇ ਹੱਥੀਂ ਸ਼ੁਰੂ ਕਰ ਦਿੱਤਾ ਗਿਆ ਸੀ (ਇਸਦੇ ਤਥ-ਮੂਲਕ ਆਧਾਰ ਮੌਜੂਦ ਹਨ, ਜਿਨ੍ਹਾਂ ਵਿਚੋਂ ਕੁਝ ਕੁ ਦਾ ਜ਼ਿਕਰ ਇਸ ਪੇਪਰ ਵਿਚ ਕੀਤਾ ਗਿਆ ਹੈ) ਅਤੇ ਪੋਥੀ ਰੂਪ ਵਿਚ ਸੰਭਾਲ ਕੇ ਗੁਰੂ ਅੰਗਦ ਪਾਤਸ਼ਾਹ ਤੋਂ ਲੈ ਕੇ ਚੌਥੇ ਗੁਰੂ ਸਾਹਿਬ ਤੱਕ ਜੋ ਰਚਨਾ ਹੋਈ, ਦੇ ਸਮੇਤ ਪੰਜਵੇਂ ਪਾਤਸ਼ਾਹ ਕੋਲ ਅਸਲ ਰੂਪ ਵਿਚ ਪਹੁੰਚ ਗਈ ਸੀ। ਪੰਜਵੇਂ ਪਾਤਸ਼ਾਹ ਨੇ 1604 ਈ. ਵਿਚ ਇਸ ਨੂੰ ‘ਆਦਿ ਗ੍ਰੰਥ’ ਵਜੋਂ ਸੰਪਾਦਤ ਕਰ ਦਿੱਤਾ ਸੀ ਅਤੇ ਖੁਦ ਇਸ ਦਾ ਤਾਬਿਆ ਹੋ ਗਏ ਸਨ। ਬਾਅਦ ਵਿਚ ਦਸਵੇਂ ਪਾਤਸ਼ਾਹ ਨੇ ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਕੇ ਦਮਦਮੀ ਬੀੜ ਤਿਆਰ ਕਰ ਦਿੱਤੀ ਸੀ ਅਤੇ ਇਸੇ ਬੀੜ ਨੂੰ ਨਾਂਦੇੜ ਸਾਹਿਬ ਵਿਖੇ ‘ਗੁਰੂ’ ਐਲਾਨ ਕੇ ਦੇਹਧਾਰੀ ਗੁਰੂ ਪਰੰਪਰਾ ਨੂੰ ਖਤਮ ਕਰ ਦਿੱਤਾ ਸੀ।