ਨਵੀਂ ਦਿੱਲੀ/ਬਿਊਰ ਨਿਊਜ਼ :
ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਕਿਹਾ ਹੈ ਕਿ ਸ਼ਬਾਨਾ ਆਜ਼ਮੀ ਜਿਊਂਦੀ ਜਾਗਦੀ ਦੰਦ ਕਥਾ ਤੋਂ ਘੱਟ ਨਹੀਂ ਹੈ। ਹਾਲੀਵੁੱਡ ਫਿਲਮ ‘ਦਿ ਬਲੈਕ ਪ੍ਰਿੰਸ’ ਵਿਚ ਸ਼ਬਾਨਾ ਆਜ਼ਮੀ ਨਾਲ ਕੰਮ ਕਰਨ ਵਾਲੇ ਸਰਤਾਜ ਉਨ੍ਹਾਂ ਦੇ ਕੰਮ ਤੋਂ ਕਾਫ਼ੀ ਪ੍ਰਭਾਵਤ ਹਨ। ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਦੀ ਜੀਵਨੀ ‘ਤੇ ਆਧਾਰਤ ਹੈ। ਇਸ ਵਿਚ ਜੇਸਨ ਫਲੇਮਿੰਗ ਅਤੇ ਅਮਾਂਡਾ ਰੂਟ ਵੀ ਭੂਮਿਕਾਵਾਂ ਨਿਭਾਅ ਰਹੇ ਹਨ।
33 ਵਰ੍ਹਿਆਂ ਦੇ ਸੂਫ਼ੀ ਗਾਇਕ, ਜੋ ਫ਼ਿਲਮ ਵਿਚ ਦਲੀਪ ਸਿੰਘ ਦੀ ਭੂਮਿਕਾ ਨਿਭਾਅ ਰਿਹਾ ਹੈ, ਨੇ ਕਿਹਾ ਕਿ ਪਲੇਠੀ ਫਿਲਮ ਵਿਚ ਹੀ ਸ਼ਬਾਨਾ ਆਜ਼ਮੀ ਨਾਲ ਕੰਮ ਕਰਨ ਦਾ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਉਸ ਨੇ ਕਿਹਾ ਕਿ ਸ਼ਬਾਨਾ ਆਜ਼ਮੀ ਨੇ ਉਸ ਨੂੰ ਅਦਾਕਾਰੀ ਦੇ ਵਲ ਵੀ ਸਿਖਾਏ। ਫ਼ਿਲਮ ਵਿਚ ਸ਼ਬਾਨਾ ਆਜ਼ਮੀ ਨੇ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਦੀ ਭੂਮਿਕਾ ਨਿਭਾਈ ਹੈ।
ਸਰਤਾਜ ਨੇ ਕਿਹਾ ਕਿ ਸ਼ੁਰੂ ਵਿਚ ਸ਼ਬਾਨਾ ਆਜ਼ਮੀ ਨਾਲ ਕੰਮ ਕਰ ਕੇ ਉਸ ਨੂੰ ਥੋੜ੍ਹੀ ਜਿਹੀ ਝਿਜਕ ਹੋਈ ਪਰ ਬਾਅਦ ਵਿਚ ਉਹ ਏਨਾ ਰਚ ਮਿਚ ਗਿਆ ਕਿ ਫ਼ਿਲਮ ਦੇ ਕੁਝ ਡਾਇਲਾਗਾਂ ਨੂੰ ਪੰਜਾਬੀ ਵਿਚ ਬੋਲਣ ਲਈ ਉਸ ਨੇ ਸ਼ਬਾਨਾ ਆਜ਼ਮੀ ਦੀ ਸਹਾਇਤਾ ਕੀਤੀ।
ਉਸ ਨੇ ਦੱਸਿਆ ਕਿ 90 ਫ਼ੀਸਦੀ ਫ਼ਿਲਮ ਅੰਗਰੇਜ਼ੀ ਵਿਚ ਹੈ ਅਤੇ ਕੁਝ ਹੀ ਡਾਇਲਾਗ ਪੰਜਾਬੀ ਵਿਚ ਹਨ। ਫ਼ਿਲਮ ਨਿਰਮਾਤਾ ਇਸ ਨੂੰ ਪੰਜਾਬੀ ਵਿਚ ਡਬ ਕਰਨ ਦੇ ਇੱਛੁਕ ਨਹੀਂ ਹਨ।
The post ਸ਼ਬਾਨਾ ਦੀ ਅਦਾਕਾਰੀ ਦਾ ਦੀਵਾਨਾ ਹੋਇਆ ਸਤਿੰਦਰ ਸਰਤਾਜ appeared first on Quomantry Amritsar Times.