ਹਾਈਕੋਰਟ ਵਲੋਂ ਝਾੜਝੰਬ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ
ਨਵਾਂਸ਼ਹਿਰ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਝਾੜਝੰਬ ਤੋਂ ਬਾਅਦ ਪੰਜਾਬ ਪੁਲਿਸ ਨੇ ਲੱਚਰ ਗਾਇਕ ਤੇ ਰੈਪਰ ਹਨੀ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਨਵਾਂਸ਼ਹਿਰ ਦੀ ਐਸਐਸਪੀ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਹਨੀ ਸਿੰਘ ਵਿਰੁਧ ਆਈਪੀਸੀ ਦੀ ਧਾਰਾ 292, 293 ਤੇ 294 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਗ੍ਰਿਫਤਾਰੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਹਾਈਕੋਰਟ ਨੇ ਦੇ ਜੱਜਾਂ ਨੇ ਹਨੀ ਸਿੰਘ ਦਾ ਇੱਕ ਗੀਤ ਅਦਾਲਤ ਵਿਚ ਸੁਣਿਆ ਸੀ ਤੇ ਪੰਜਾਬ ਸਰਕਾਰ ਵਲੋਂ ਅਸ਼ਲੀਲ ਗਾਇਕੀ ਵਾਲੇ ਇਸ ਗਾਇਕ ਵਿਰੁਧ ਕਾਰਵਾਈ ਨਾ ਕਰਨ ‘ਤੇ ਸਰਕਾਰ ਦੀ ਖਿਚਾਈ ਵੀ ਕੀਤੀ ਸੀ। ਹਾਈਕੋਰਟ ਨੇ ਅਪਣੇ ਆਦੇਸ਼ ਦੇ ਨਾਲ ਇਹ ਵੀ ਕਿਹਾ ਸੀ ਕਿ ਅਜਿਹੇ ਗਾਇਕਾਂ ਦਾ ਸਮਾਜ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਸੱਭਿਆਚਾਰਕ ਮਾਮਲੇ ਵਿਭਾਗ ਨੂੰ ਵੀ ਇਸ ਮਾਮਲੇ ਵਿਚ ਜਵਾਬ ਦੇਣ ਲਈ ਕਿਹਾ ਗਿਆ ਹੈ।
ਹਨੀ ਸਿੰਘ ਪਹਿਲਾ ਅਜਿਹਾ ਪੰਜਾਬੀ ਗਾਇਕ ਹੈ, ਜਿਸ ਖਿਲਾਫ਼ ਪੁਲਿਸ ਨੇ ਅਸ਼ਲੀਲ ਗਾਣੇ ਗਾਉਣ ਦਾ ਕੇਸ ਦਰਜ ਕੀਤਾ ਹੈ।
ਨਵਾਂ ਸ਼ਹਿਰ ਦੀ ਸਮਾਜ ਸੇਵੀ ਜਥੇਬੰਦੀ Ḕਹੈਲਪ’ ਵਲੋਂ ਗਾਇਕ ਹਨੀ ਸਿੰਘ ਦੇ ਗਾਏ ਗੀਤ Ḕਮੈਂ ਹੂੰ ਬਲਾਤਕਾਰੀ’ ਤੇ ਹੋਰਾਂ ਖ਼ਿਲਾਫ ਥਾਣਾ ਸਿਟੀ ਨਵਾਂਸ਼ਹਿਰ ਨੂੰ ਜਨਵਰੀ ‘ਚ ਸ਼ਿਕਾਇਤ ਦਿੱਤੀ ਸੀ ਕਿ ਇਸ ਪੰਜਾਬੀ ਗਾਇਕ ਵਲੋਂ ਬੇਹੱਦ ਅਸ਼ਲੀਲ ਗੀਤ ਗਾ ਕੇ ਵੱਖ-ਵੱਖ ਸੋਸ਼ਲ ਸਾਈਟ ‘ਤੇ ਚਲਾਏ ਜਾ ਰਹੇ ਹਨ। ਦੱਸਿਆ ਗਿਆ ਕਿ ਇਸ ਗੀਤ ਵਿਚ ਔਰਤਾਂ ਦਾ ਬੇਹੱਦ ਘਟੀਆ ਪੱਧਰ ‘ਤੇ ਉੱਤਰ ਕੇ ਨਿਰਾਦਰ ਕੀਤਾ ਗਿਆ ਹੈ ਅਤੇ ਨਾਲ ਹੀ ਇਹ ਗੀਤ ਉਨ੍ਹਾਂ ਖ਼ਿਲਾਫ਼ ਜੁਰਮਾਂ ਨੂੰ ਵੀ ਉਕਸਾਉਂਦੇ ਹਨ। ਸ਼ਿਕਾਇਤ ਵਿਚ ਗਾਇਕ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ, ਲੇਕਿਨ ਪੁਲਿਸ ਤੇ ਪੰਜਾਬ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ। ਸੁਣਵਾਈ ਨਾ ਹੁੰਦੀ ਦੇਖ ਹੈਲਪ ਸੰਸਥਾ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਕਿੱਤਣਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਿਸ ‘ਤੇ ਅਦਾਲਤ ਨੇ ਨਵਾਂਸਹਿਰ ਪੁਲਿਸ ਨੂੰ ਉਕਤ ਗਾਇਕ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਅਤੇ ਸਰਕਾਰ ਦੀ ਝਾੜਝੰਬ ਕੀਤੀ।
ਲੱਚਰ ਗਾਇਕੀ ਵਿਰੁਧ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੀ ਸੰਸਥਾ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਅਸ਼ਲੀਲ ਗਾਇਕੀ ਪਰੋਸਣ ਵਾਲੇ ਗਾਇਕਾਂ ਵਿਰੁਧ ਉਨ੍ਹਾਂ ਦੀ ਜਥੇਬੰਦੀ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਨੇ ਗਾਇਕ ਦਲਜੀਤ ਦੁਸਾਂਝ, ਮਿਸ ਪੂਜਾ, ਗਿੱਪੀ ਗਰੇਵਾਲ, ਜੈਜ਼ੀ ਬੈਂਸ ਅਤੇ ਗੀਤਾ ਜ਼ੈਲਦਾਰ ‘ਤੇ ਵੀ ਅਸ਼ਲੀਲ ਗੀਤ ਗਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਵਕੀਲ ਦਲਜੀਤ ਸਿੰਘ ਨੇ ਕਿਹਾ ਕਿ ਧਾਰਾ 294 ਤਹਿਤ ਸਜ਼ਾ ਸਿਰਫ਼ 3 ਮਹੀਨੇ ਹੈ ਜਿਸ ਕਰਕੇ ਇਸ ਕਾਨੂੰਨ ਵਿਚ ਸੋਧ ਕਰਨ ਦੀ ਜ਼ਰੂਰਤ ਹੈ ਤਾਂ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ।
ਓਧਰ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸਰਵਨ ਸਿੰਘ ਫਿਲੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਸਬੰਧਤ ਧਾਰਾ ਵਿਚ ਸੋਧ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਨਾ ਸਿਰਫ਼ ਹਨੀ ਸਿੰਘ ਬਲਕਿ ਲੱਚਰ ਗੀਤ ਗਾਉਣ ਵਾਲੇ ਹੋਰਨਾਂ ਕਲਾਕਾਰਾਂ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ।