ਪੰਜਾਬੀ ਸਾਹਿਤ ਸਭਾ ਨਿਊ ਯਾਰਕ ਦੀ ਮੀਟਿੰਗ ‘ਚ ਸ਼ਾਇਰੀ ਤੇ ਸੰਗੀਤ ਦਾ ਦੌਰ
ਨਿਊ ਯਾਰਕ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਸਭਾ ਨਿਊਯਾਰਕ ਦੀ ਜੂਨ 2015 ਦੀ ਮੀਟਿੰਗ ਵਿੱਚ ਗਾਇਕ ਸੰਗੀਤਕਾਰ ਦਲਜੀਤ ਕੈਸ ਨੇ ਖ਼ੂਬ ਮਹਿਫ਼ਲ ਜਮਾਈ। ਇਹ ਸਾਹਿਤਕ ਮਹਿਫ਼ਲ 13 ਜੂਨ ਸਨਿੱਚਰਵਾਰ ਨੂੰ ਨਿਊਯਾਰਕ ਵਿੱਚ ਰਾਜਵੰਤ ਅਤੇ ਦਲਜੀਤ ਮੋਖਾ ਦੇ ਘਰ ਸ਼ਾਮੀਂ ਚਾਰ ਵਜੇ ਤੋਂ ਰਾਤ ਦੇ ਗਿਆਰਾਂ ਵਜੇ ਤੱਕ ਜੁੜੀ।
ਚਾਹ, ਮਠਿਆਈ, ਅਤੇ ਪਕੌੜਿਆਂ ਦਾ ਅਨੰਦ ਮਾਨਣ ਤੋਂ ਬਾਅਦ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਪ੍ਰੇਮ ਮਾਨ ਨੇ ਦਲਜੀਤ ਕੈਸ ਅਤੇ ਡਾ. ਜੀਤ ਸਿੰਘ ਚੰਦਨ ਨੂੰ ਜੀ ਆਇਆਂ ਆਖਿਆ ਜੋ ਕਿ ਬਹੁਤ ਅਰਸੇ ਤੋਂ ਬਾਦ ਸਭਾ ਦੀ ਮੀਟਿੰਗ ਵਿੱਚ ਆਏ ਸਨ। ਉਸ ਨੇ ਅਜਾਇਬ ਸਿੰਘ ਅਤੇ ਰਾਜਿੰਦਰ ਕੌਰ ਦੇ ਬੇਟੇ ਜਸਕੀਰਤ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ 6 ਜੂਨ ਨੂੰ ਸਭਾ ਦੇ ਸਹਿਯੋਗ ਨਾਲ ਬਹੁਤ ਖ਼ੂਬਸੂਰਤੀ ਨਾਲ ਇਹ ਜਨਮ ਦਿਨ ਮਨਾਉਣ ਬਾਰੇ ਗੱਲ ਵੀ ਕੀਤੀ। ਰੀਤਾ ਕੋਹਲੀ ਨੂੰ ਉਨ੍ਹਾਂ ਦੀ ਦੋਹਤੀ ਦੇ ਜਨਮ ਦੀਆਂ ਸਭਾ ਵਲੋਂ ਵਧਾਈਆਂ ਦਿੱਤੀਆਂ। ਇਸ ਤੋਂ ਬਾਦ ਮੀਟਿੰਗ ਦੀ ਸੰਚਾਲਕ ਸੰਗੀਤ ਸ਼ਰਮਾ ਨੇ ਸਭ ਤੋਂ ਪਹਿਲਾਂ ਡਾ. ਜੀਤ ਸਿੰਘ ਚੰਦਨ ਨੂੰ ਆਪਣੀਆਂ ਕਵਿਤਾਵਾਂ ਪੜ੍ਹਨ ਦਾ ਸੱਦਾ ਦਿੱਤਾ। ਡਾ. ਚੰਦਨ ਨੇ ਆਪਣੀਆਂ ਤਿੰਨ ਗ਼ਜ਼ਲਾਂ ਪੜ੍ਹੀਆਂ ਜਿਨ੍ਹਾਂ ਦੇ ਬੋਲ ਸਨ ”ਇਸ਼ਕ ਵਿੱਚ ਆਬਾਦ ਥੋੜ੍ਹੇ ਨੇ, ਬਰਬਾਦ ਜ਼ਿਆਦਾ ਨੇ,” ”ਜ਼ਿੰਦਗੀ ਦਾ ਮੈਂ ਤਮਾਸ਼ਾ ਦੇਖਿਆ,” ”ਦਿਲ ਦਾ ਹਾਲ ਸੁਣਾਵਾਂ ਕਿਸ ਨੂੰ, ਆਪਣੇ ਜਿਹਾ ਬਣਾਵਾਂ ਕਿਸ ਨੂੰ।” ਫਿਰ ਉਨ੍ਹਾਂ ਨੇ ਸਿਮਰਨਜੋਤ ਮਾਨ ਦੀ ਇਕ ਗ਼ਜ਼ਲ ਸੁਣਾਈ। ਡਾ. ਚੰਦਨ ਨੇ ਇਹ ਸੁਝਾਅ ਵੀ ਦਿੱਤਾ ਕਿ ਹਰ ਮੀਟਿੰਗ ਵਿੱਚ ਇਕ ਵਿਸ਼ਾ ਲੈ ਕੇ ਉਸ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ। ਉਨ੍ਹਾਂ ਨੇ ਪ੍ਰੇਮ ਮਾਨ ਦੇ ਰਿਟਾਇਰਮੈਂਟ ਲੈਕਚਰ “9s Life 6air?” ਬਾਰੇ ਵੀ ਗੱਲ ਕੀਤੀ। ਇਹ ਲੈਕਚਰ You“ube.com ਉੱਤੇ Prem Mann Last Lecture ਦੀ ਖੋਜ ਕਰ ਕੇ ਸੁਣਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਰਾਜਿੰਦਰ ਜਿੰਦ ਨੇ ਆਪਣੀਆਂ ਦੋ ਗ਼ਜ਼ਲਾਂ ਸੁਣਾਈਆਂ ਜਿਨ੍ਹਾਂ ਦੇ ਬੋਲ ਸਨ ”ਦੁੱਖ ਵੀ ਮੇਰੇ ਸੁੱਖ ਵੀ ਮੇਰੇ ਫਿਰ ਵੀ ਸ਼ਹਿਰ ਸਰੀਕਾ ਦਾ,” ਅਤੇ ”ਇਹ ਨਿੱਤ ਹੀ ਫੁੱਲ ਨਹੀਂ ਹੁੰਦਾ, ਇਹ ਨਿੱਤ ਹੀ ਖ਼ਾਰ ਨਹੀਂ ਹੁੰਦਾ” ਜਿਨ੍ਹਾਂ ਦੀ ਮੈਂਬਰਾਂ ਨੇ ਖ਼ੂਬ ਸ਼ਲਾਘਾ ਕੀਤੀ। ਤਰਲੋਚਨ ਸੱਚਰ ਨੇ ਆਪਣੀ ਕਹਾਣੀ ”ਇਕ ਸੱਚ ਇਕ ਸੁਪਨਾ” ਪੜ੍ਹੀ ਜੋ ਕਿ ਬਜ਼ੁਰਗ ਮਾਤਾ ਪਿਤਾ ਦੇ ਅਮਰੀਕਾ ਆਉਣ ਤੇ ਆਪਣੇ ਹੀ ਬੱਚਿਆਂ ਹੱਥੋਂ ਜ਼ਲੀਲ ਹੋਣ ਨੂੰ ਦਰਸਾਉਂਦੀ ਸੀ। ਮੈਂਬਰਾਂ ਨੇ ਇਸ ਕਹਾਣੀ ਵਿਚਲੇ ਦਰਦ ਨੂੰ ਖ਼ੂਬਸੂਰਤੀ ਨਾਲ ਬਿਆਨ ਕਰਨ ਦੀ ਬਹੁਤ ਪ੍ਰਸੰਸਾ ਕੀਤੀ। ਅਵਤਾਰ ਸ਼ੇਰਪੁਰੀ ਨੇ ਸੁਖਵਿੰਦਰ ਅੰਮ੍ਰਿਤ ਦੀ ਇਕ ਗ਼ਜ਼ਲ ਪੜ੍ਹੀ। ਵਿਨੋਦ ਸਿੱਬਲ ਨੇ ਅਹਿਮਦ ਫਰਾਜ਼ ਦੀ ਕਵਿਤਾ ”ਸੁਨਾ ਹੈ” ਪੜ੍ਹੀ ਜਿਸ ਦੇ ਬੋਲ ਸਨ ”ਸੁਨਾ ਹੈ ਲੋਗ ਉਸੇ ਆਂਖ ਭਰ ਕੇ ਦੇਖਤੇ ਹੈਂ, ਸੋ ਉਸ ਕੇ ਸ਼ਹਿਰ ਮੇਂ ਕੁਛ ਦਿਨ ਠਹਿਰ ਕੇ ਦੇਖਤੇ ਹੈਂ।” ਸਭਾ ਦੇ ਹਰਮਨ ਪਿਆਰੇ ਗਾਇਕ ਅਜਾਇਬ ਸਿੰਘ ਨੇ ਦੋ ਗੀਤ ਗਾ ਕੇ ਮੈਂਬਰਾਂ ਦਾ ਮਨੋਰੰਜਨ ਕੀਤਾ। ਇਨ੍ਹਾਂ ਗੀਤਾਂ ਦੇ ਬੋਲ ਸਨ: ”ਸੌਂਹ ਰੱਬ ਦੀ ਬਿਸ਼ਨ ਕੁਰੇ ਸਾਨੂੰ ਮਹਿੰਗਾ ਪਿਆ ਕਨੇਡਾ,” ਅਤੇ ”ਰੋਟੀ ਖਾਧੀ ਹੈ ਕਿ ਨਹੀਂ ਇਕ ਮਾਂ ਪੁੱਛਦੀ, ਕਿੰਨੇ ਡਾਲਰ ਕਮਾਏ ਬਾਕੀ ਸਾਰੇ ਪੁੱਛਦੇ।” ਰਾਜਿੰਦਰ ਕੌਰ ਨੇ ਪੰਜਾਬੀ ਗੀਤ ”ਘਰ ਆ ਜਾ ਸੋਹਣਿਆਂ, ਕੱਲਿਆਂ ਗੁਜ਼ਾਰਾਂ ਕਿਵੇਂ ਰਾਤਾਂ ਕਾਲੀਆਂ” ਗਾ ਕੇ ਵਾਹ ਵਾਹ ਖੱਟੀ।
ਅਖੀਰ ਵਿੱਚ ਦਲਜੀਤ ਕੈਸ ਨੇ ਸੱਤ ਗੀਤ ਅਤੇ ਗ਼ਜ਼ਲਾਂ ਆਪਣੀ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਗਾ ਕੇ ਸਭਾ ਦੇ ਮਾਹੌਲ ਨੂੰ ਮਹਿਫ਼ਲ ਵਿੱਚ ਬਦਲ ਦਿੱਤਾ। ਉਸ ਨੇ ਆਪਣੀਆਂ ਲਿਖੀਆਂ ਗ਼ਜ਼ਲਾਂ ਤੋਂ ਇਲਾਵਾ ਕੁਝ ਪੰਜਾਬੀ ਦੇ ਗੀਤ ਗਾਏ ਅਤੇ ਦੋ ਗੀਤ ਸ਼ਿਵ ਬਟਾਲਵੀ ਦੇ ਗਾਏ। ਉਸ ਦੀਆਂ ਗਾਈਆਂ ਗ਼ਜ਼ਲਾਂ ਅਤੇ ਗੀਤਾਂ ਦੇ ਬੋਲ ਸਨ: ”ਸੋ ਗਿਆ ਥੱਕੇ ਕਿਸੀ ਰਾਤ ਕੇ ਸਨਾਟੇ ਮੇਂ,” ”ਜਿਹ ਅਹਿਸਾਸ ਬਹੁਤ ਲਾਜ਼ਮ ਹੈ ਕਿਆ ਕਿਸ ਕੀ ਮਜਬੂਰੀ ਹੈ,” ”ਕੌਨ ਆਏਗਾ ਜਹਾਂ ਕੋਈ ਨਾ ਆਇਆ ਹੋਗਾ,” ”ਯਾਰੜਿਆ ਰੱਬ ਕਰ ਕੇ ਮੈਨੂੰ ਪੈਣ ਬਿਰਹੋਂ ਦੇ ਕੀੜੇ ਵੇ”, ”ਗ਼ਮਾਂ ਦੀ ਰਾਤ ਲੰਬੀ ਏ ਜਾਂ ਮੇਰੇ ਗੀਤ ਲੰਬੇ ਨੇ,” ”ਆਂਖ ਬਰਸੀ ਹੈ ਤੇਰੇ ਨਾਮ ਕੇ ਸਾਵਨ ਕੀ ਤਰਹ,” ਅਤੇ ”ਕਿਤੇ ਤਾਂ ਲਾਨੀ ਆਂ ਟਾਲੀਆਂ ਪੱਤਾਂ ਵਾਲੀਆਂ।” ਮੈਂਬਰਾਂ ਨੇ ਦਲਜੀਤ ਕੈਸ ਦੇ ਗੀਤਾਂ ਅਤੇ ਗ਼ਜ਼ਲਾਂ ਦਾ ਖ਼ੂਬ ਅਨੰਦ ਮਾਣਿਆਂ।
ਅਖੀਰ ਵਿੱਚ ਮੈਂਬਰਾਂ ਨੇ ਰਾਤ ਦੇ ਖਾਣੇ ਦਾ ਅਨੰਦ ਮਾਣਿਆਂ। ਇਸ ਮੀਟਿੰਗ ਵਿੱਚ ਸਰਬਜੀਤ ਜਿੰਦ, ਰੀਤਾ ਕੋਹਲੀ, ਰਾਜਵੰਤ ਮੋਖਾ, ਦਲਜੀਤ ਮੋਖਾ, ਸਰਬਜੀਤ ਮਾਨ, ਰਾਜ ਅਟਵਾਲ, ਰਜਨੀ ਛਾਬੜਾ, ਜਗਮੋਹਣ ਸਿੰਘ, ਕਿਰਨ ਤਰਿਹਾਨ, ਨੀਲਮ ਸਿੱਬਲ, ਰੋਹਨ ਸਿੰਘ, ਅਤੇ ਐਂਜਲਾ ਸਿੰਘ ਨੇ ਵੀ ਹਾਜ਼ਰੀ ਭਰੀ। ਸਭਾ ਦੀਆਂ ਵੀਡੀਓ ਯੂ-ਟਿਊਬ ਉੱਤੇ ਪੰਜਾਬੀ ਸਾਹਿਤ ਸਭਾ ਨਿਊ ਯਾਰਕ ਪਾ ਕੇ ਦੇਖੀਆਂ ਜਾ ਸਕਦੀਆਂ ਹਨ।
The post ਦਲਜੀਤ ਕੈਸ ਨੇ ਖ਼ੂਬ ਜਮਾਈ ਗਾਇਕੀ ਮਹਿਫ਼ਲ appeared first on Quomantry Amritsar Times.