ਲੁਧਿਆਣਾ/ਬਿਊਰੋ ਨਿਊਜ਼
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਅਦਾਰਾ ‘ਅਣੂ’ ਮੰਚ ਵੱਲੋਂ ਭੁਪਿੰਦਰ ਸਿੰਘ ਧਾਲੀਵਾਲ ਰਚਿਤ ਪੁਸਤਕ ‘ਅਣਜਾਣੇ ਡਰ ਵਿਚ ਰਹਿੰਦੇ ਲੋਕ’ ਇਥੇ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕਿਹਾ ਕਿ ਪੰਜਾਬੀ ਵਿਚ ਅਜਿਹੀਆਂ ਵਿਗਿਆਨਕ ਸੋਚ ‘ਤੇ ਅਧਾਰਿਤ ਪੁਸਤਕਾਂ ਦੀ ਸਖਤ ਜ਼ਰੂਰਤ ਹੈ। ਇਹ ਚੰਗਾ ਸ਼ਗਨ ਹੈ ਕਿ ਵਾਰਤਕ ਦੀਆਂ ਅਜਿਹੀਆਂ ਪੁਸਤਕਾਂ ਦਾ ਰੁਝਾਨ ਵਧਿਆ ਹੈ। ਪ੍ਰਧਾਨਗੀ ਮੰਡਲ ਵਿਚ ਡਾ. ਸ. ਸ. ਜੌਹਲ, ਸੁਰਿੰਦਰ ਕੈਲੇ, ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਭੁਪਿੰਦਰ ਸਿੰਘ ਧਾਲੀਵਾਲ ਤੇ ਪ੍ਰਿੰ. ਪ੍ਰੇਮ ਸਿੰਘ ਬਜਾਜ ਸ਼ਾਮਲ ਸਨ।
ਪੁਸਤਕ ਬਾਰੇ ਜਾਣ-ਪਛਾਣ ਕਰਾਉਂਦਿਆਂ ਕੁਲਵਿੰਦਰ ਕੌਰ ਮਿਨਹਾਸ ਨੇ ਪੇਪਰ ਪੇਸ਼ ਕੀਤਾ ਜਿਸ ਵਿਚ ਪੁਸਤਕ ਦੇ ਵਿਗਿਆਨ ਅਤੇ ਧਰਮ ਸਬੰਧੀ ਯਥਾਰਥਕ ਪਹੁੰਚ ਨੂੰ ਸਲਾਹਿਆ ਗਿਆ। ਆਰੰਭਕ ਟਿਪਣੀ ਕਰਦਿਆਂ ਬਲਵਿੰਦਰ ਗਲੈਕਸੀ ਨੇ ਦਸਿਆ ਕਿ ਪੁਸਤਕ ਵਿਗਿਆਨਕ ਸਮਝ ਨੂੰ ਆਪਣਾ ਮੁਖ ਵਿਸ਼ਾ ਬਣਾ ਕੇ ਅੱਗੇ ਵਧਣ ਦਾ ਯਤਨ ਹੈ।
ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਪੁਸਤਕ ਵਿਗਿਆਨ ਅਤੇ ਧਰਮ ਸਬੰਧੀ ਇਮਾਨਦਾਰ ਅਤੇ ਸਤੁੰਲਿਤ ਪਹੁੰਚ ਦੀ ਲਖਾਇਕ ਹੈ।
ਇਸ ਸਮੇਂ ਕੀਤੇ ਕਵੀ ਦਰਬਾਰ ਵਿਚ ਗੁਰਚਰਨ ਕੌਰ ਕੋਚਰ, ਦਲਵੀਰ ਲੁਧਿਆਣਵੀ, ਪ੍ਰਭਜੋਤ ਸੋਹੀ, ਭਗਵਾਨ ਢਿੱਲੋਂ, ਰਵੀ ਦੀਪ, ਪ੍ਰੀਤਮ ਪੰਧੇਰ, ਜਸਪ੍ਰੀਤ ਪੀ.ਏ.ਯੂ., ਹਰਬੰਸ ਮਾਲਵਾ, ਤਰਲੋਚਨ ਝਾਂਡੇ ਅਮਰਜੀਤ ਸ਼ੇਰਪੁਰੀ, ਪੰਮੀ ਹਬੀਬ ਅਤੇ ਇੰਜੀਨੀਅਰ ਸੁਰਜਨ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਅਦਾਰਾ ‘ਅਣੂ’ ਮੰਚ ਦੇ ਸੰਚਾਲਕ ਸੁਰਿੰਦਰ ਕੈਲੇ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੁਸਤਕ ਨਾਲ ਸਮਾਜ ਨੂੰ ਵਹਿਮਾਂ ਭਰਮਾਂ ਤੋਂ ਨਿਸ਼ਚਿਤ ਰੂਪ ਵਿਚ ਨਿਜਾਤ ਦਿਵਾਉਣ ਵਿਚ ਸਹਾਇਤਾ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਪੰਧੇਰ, ਦਲਬੀਰ ਲੁਧਿਆਣਵੀ, ਹਰਬੰਸ ਮਾਲਵਾ, ਤਰਲੋਚਨ ਝਾਂਡੇ ਅਤੇ ਦੀਪ ਦਿਲਬਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਵਿਚ ਪਹੁੰਚੇ ਸਮੂਹ ਵਿਦਵਾਨਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਰੌਕ ਗਾਰਡਨ ਦੇ ਸਿਰਜਕ ਸ੍ਰੀ ਨੇਕ ਚੰਦ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।
The post ਭੁਪਿੰਦਰ ਸਿੰਘ ਧਾਲੀਵਾਲ ਦੀ ਪੁਸਤਕ ‘ਅਣਜਾਣੇ ਡਰ ਵਿਚ ਰਹਿੰਦੇ ਲੋਕ’ ਰਿਲੀਜ਼ appeared first on Quomantry Amritsar Times.