ਜਲੰਧਰ/ਬਿਊਰੋ ਨਿਊਜ਼-ਭਾਰਤ ਸਰਕਾਰ ਦੀ ਸੰਗੀਤ ਨਾਟਕ ਅਕੈਡਮੀ ਨੇ 2014 ਦੇ ਕੌਮੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਸੰਗੀਤ, ਰੰਗ-ਮੰਚ ਅਤੇ ਡਾਂਸ ਦੇ ਖੇਤਰ ‘ਚ ਵੱਖ-ਵੱਖ ਸ਼੍ਰੇਣੀਆਂ ਅਧੀਨ ਦਿੱਤੇ ਜਾਂਦੇ ਹਨ। ਇਸ ਸਾਲ ਪੰਜਾਬ ਨਾਲ ਸਬੰਧਿਤ ਦੋ ਵੱਡੇ ਕਲਾਕਾਰਾਂ ਪ੍ਰਸਿੱਧ ਉਸਤਾਦ ਗਾਇਕ ਪੂਰਨ ਸ਼ਾਹਕੋਟੀ ਅਤੇ ਨ੍ਰਿਤ ਕਲਾਕਾਰ ਨਵਤੇਜ ਸਿੰਘ ਜੌਹਰ ਨੂੰ ਇਹ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਉਸਤਾਦ ਪੂਰਨ ਸ਼ਾਹਕੋਟੀ ਨੇ ਨਾ ਕੇਵਲ ਪੰਜਾਬ ਦੇ ਸੰਗੀਤਕ ਵਿਰਸੇ ਨੂੰ ਸੰਭਾਲਿਆ ਸਗੋਂ ਉਸ ਦਾ ਪ੍ਰਸਾਰ ਕਰਨ ‘ਚ ਵੀ ਅਹਿਮ ਰੋਲ ਨਿਭਾਇਆ ਹੈ। ਉਨ੍ਹਾਂ ਨੇ ਅਨੇਕਾਂ ਸ਼ਿਸ਼ ਪੈਦਾ ਕੀਤੇ ਹਨ, ਜਿਨ੍ਹਾਂ ‘ਚ ਪ੍ਰਮੁੱਖ ਤੌਰ ‘ਤੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਅਤੇ ਸਲੀਮ ਸ਼ਾਮਿਲ ਹਨ। ਕੁੱਝ ਸਰੀਰਕ ਮਜ਼ਬੂਰੀਆਂ ਕਾਰਨ ਉਸਤਾਦ ਪੂਰਨ ਸ਼ਾਹਕੋਟੀ ਭਾਵੇਂ ਹੁਣ ਗਾਇਕੀ ਦੇ ਖੇਤਰ ‘ਚ ਸਰਗਰਮ ਨਹੀਂ ਹਨ ਪਰ ਉਨ੍ਹਾਂ ਦੀ ਸੰਗੀਤ ਜਗਤ ਨੂੰ ਸਮੁੱਚੀ ਦੇਣ ਨੂੰ ਮੁੱਖ ਰੱਖਦਿਆਂ ਸੰਗੀਤ ਨਾਟਕ ਅਕੈਡਮੀ ਨੇ ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਦੂਸਰਾ ਸਨਮਾਨ ਪੰਜਾਬ ਨਾਲ ਸਬੰਧਿਤ ਤੇ ਦਿੱਲੀ ‘ਚ ਰਹਿ ਰਹੇ ਨਵਤੇਜ ਸਿੰਘ ਚੀਮਾ ਨੂੰ ਦਿੱਤਾ ਜਾ ਰਿਹਾ ਹੈ, ਜੋ ਉਨ੍ਹਾਂ ਨੂੰ ਕੰਟੈਂਪਰੇਰੀ ਡਾਂਸ ਦੀ ਸ਼੍ਰੇਣੀ ‘ਚ ਮਿਲਿਆ ਹੈ। ਸ੍ਰੀ ਜੌਹਰ ਨੂੰ ਸਾਰਾ ਦੇਸ਼ ਸਿਰ ਦੇ ਵਾਲਾਂ ਅਤੇ ਦਾੜ੍ਹੀ ਸਮੇਤ ਭਰਤ ਨਾਟਿਅਮ ਨ੍ਰਿਤ ਕਰਦਿਆਂ ਦੇਖ ਚੁੱਕਾ ਹੈ ਤੇ ਉਸ ਦੀ ਪ੍ਰਸ਼ੰਸ਼ਾ ‘ਚ ਬਹੁਤ ਕੁੱਝ ਲਿਖਿਆ-ਬੋਲਿਆ ਵੀ ਜਾ ਚੁੱਕਾ ਹੈ।
The post ਪੂਰਨ ਸ਼ਾਹਕੋਟੀ ਤੇ ਨਵਤੇਜ ਸਿੰਘ ਜੌਹਰ ਨੂੰ ਸੰਗੀਤ ਨਾਟਕ ਅਕੈਡਮੀ ਵਲੋਂ ਕੌਮੀ ਪੁਰਸਕਾਰ appeared first on Quomantry Amritsar Times.