‘ਏਕ ਮੁਲਾਕਾਤ’ ਸਾਹਿਰ ਅਤੇ ਅੰਮ੍ਰਿਤਾ ਨੂੰ ਇਕ ਸੰਗੀਤਕ ਅਤੇ ਸ਼ਾਇਰਾਨਾ ਸ਼ਰਧਾਂਜਲੀ ਹੈ : ਨਿਰਦੇਸ਼ਕ
ਡੁਬੱਈ/ਬਿਊਰੋ ਨਿਊਜ਼:
ਉਘੇ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਅਤੇ ਪੰਜਾਬੀ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਦੇ ਸਬੰਧਾਂ ਨੂੰ ਦਰਸਾਉਂਦੇ ਉਰਦੂ ਸ਼ਾਇਰੀ ਨਾਲ ਓਤਪੋਤ ਨਾਟਕ ‘ਏਕ ਮੁਲਾਕਾਤ’ ਦਾ ਸ਼ੋਅ ਡੁਬੱਈ ‘ਚ ਕੀਤਾ ਗਿਆ। ਇਹ ਨਾਟਕ ਪਹਿਲਾਂ ਵੀ ਕਈ ਸ਼ਹਿਰਾਂ ‘ਚ ਖੇਡਿਆ ਜਾ ਚੁੱਕਾ ਹੈ। ਭਾਰਤੀ ਸਿਨੇਮਾ ਅਤੇ ਥੀਏਟਰ ਦੀਆਂ ਉਘੀਆਂ ਹਸਤੀਆਂ ਸ਼ੇਖ਼ਰ ਸੁਮਨ ਅਤੇ ਦੀਪਤੀ ਨਵਲ ਇਸ ਵਿਚ ਮੁੱਖ ਭੂਮਿਕਾ ਨਿਭਾ ਰਹੇ ਹਨ।
ਮਿਡਲ ਈਸਟ ਪ੍ਰੀਮੀਅਰ ਸ਼ੋਅ ਦੌਰਾਨ ਸੀਨੀਅਰ ਕਲਾਕਾਰਾਂ ਨੇ 90 ਮਿੰਟ ਦੇ ਇਸ ਨਾਟਕ ਦੌਰਾਨ ਲਗਾਤਾਰ ਬਦਲ ਰਹੇ ਸਮਾਜਿਕ ਅਤੇ ਸਿਆਸੀ ਹਾਲਤ ਵਿਚ ਵਾਪਰੀ ਇਸ ਪ੍ਰੇਮ ਕਹਾਣੀ ਨੂੰ ਬਾਖੂਬੀ ਪੇਸ਼ ਕੀਤਾ।
ਸੈਫ਼ ਹੈਦਰ ਹਸਨ ਵੱਲੋਂ ਨਿਰਦੇਸ਼ਤ ਇਸ ਨਾਟਕ ਦੇ ਸ਼ੋਅ ਦੌਰਾਨ ਉਨ੍ਹਾਂ ਨੇ ਖੁਮੰਚ ‘ਤੇ ਆ ਕੇ ਉਰਦੂ ਸ਼ਾਇਰੀ ਰਾਹੀਂ ਇਸ ਨਾਟਕ ਦੀ ਕਹਾਣੀ ਨੂੰ ਨਾਲੋਂ ਨਾਲ ਬਿਆਨ ਕੀਤਾ। ਇਸ ਨਾਟਕ ਵਿਚ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ‘ਕੁਫਰ’, ‘ਮੇਰਾ ਦੋਸਤ’, ‘ਮੇਰਾ ਅਜਨਬੀ’ ਸ਼ਾਮਲ ਕੀਤੀਆਂ ਗਈਆਂ ਅਤੇ ਸਾਹਿਰ ਨੇ ਨਗ਼ਮੇ ‘ਕਭੀ ਕਭੀ ਮੇਰੇ ਦਿਲ ਮੇਂ ਖਿਆਲ ਆਤਾ ਹੈ’, ‘ਤਾਜ ਮਹਿਲ’ ਅਤੇ ‘ਨੇਕ ਮਦਾਮ’ ਇਸ ਪੇਸ਼ਕਾਰੀ ਦਾ ਹਿੱਸਾ ਬਣੇ।
ਨਿਰਦੇਸ਼ਕ ਹਸਨ ਨੇ ਦਸਿਆ ਕਿ ਅਸਲ ਵਿਚ ਇਹ ਨਾਟਕ ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਪ੍ਰੀਤਮ ਨੂੰ ਇਕ ਸੰਗੀਤਕ ਅਤੇ ਸ਼ਾਇਰਾਨਾ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਸਾਹਿਰ ਅਤੇ ਅੰਮ੍ਰਿਤਾ ਵਰਗੇ ਮਹਾਨ ਕਲਾਕਾਰਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਉਨ੍ਹਾਂ ਦੀ ਜ਼ੁਬਾਨ ਉਨ੍ਹਾਂ ਦੀ ਰਚਨਾ ਨੂੰ ਪੇਸ਼ ਕੀਤਾ ਜਾਵੇ ਜਿਸ ਦੇ ਉਹ ਹੱਕਦਾਰ ਹਨ।
The post ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਥਾ ਡੁਬੱਈ ਪਹੁੰਚੀ appeared first on Quomantry Amritsar Times.