ਅਮਰੀਕਾ ਦੇ ਉੱਘੇ ਕਾਰੋਬਾਰੀ ਗਾਖਲ ਭਰਾਵਾਂ ਨੂੰ ਫਿਲਮ ਤੋਂ ਭਾਰੀ ਸਫਲਤਾ ਦੀਆਂ ਉਮੀਦਾਂ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਅਮਰੀਕਾ ਦੇ ਉਘੇ ਕਾਰੋਬਾਰੀ ਗਾਖਲ ਬ੍ਰਦਰਜ਼ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ ਬਾਲੀਵੁੱਡ ਵਿਚ ਵੀ ਪੈਰ ਜਮਾਏ ਹਨ ਤੇ ਵੱਡੇ ਬਜਟ ਦੀ ਫਿਲਮ ‘ਸੈਕੰਡ ਹੈਂਡ ਹਸਬੈਂਡ’ ਦੀ ਦਸਤਕ ਨਾਲ ਵੱਡਾ ਧਮਾਕਾ ਕੀਤਾ ਹੈ। ਉਹਨਾਂ ਨੇ ਹਾਸਰਸ ਅਤੇ ਉਦੇਸ਼ ਭਰਪੂਰ ਕਹਾਣੀ ਦੇ ਨਾਲ ਨਾਲ ਇਕ ਨਵੀਂ ਦਿਸ਼ਾ ਅਤੇ ਦਸ਼ਾ ਫਿਲਮ ਜਗਤ ਨੂੰ ਪ੍ਰਦਾਨ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਫਿਲਮ ਦੇ ਨਿਰਮਾਤਾ ਅਮੋਲਕ ਸਿੰਘ ਗਾਖਲ ਨੇ ਇਕ ਪ੍ਰੈਸ ਮਿਲਣੀ ਵਿੱਚ ਦੱਸਿਆ ਕਿ ਜਿਥੇ ਸੁਪਰ ਸਟਾਰ ਗੋਬਿੰਦਾ ਦੀ ਬੇਟੀ ‘ਟੀਨਾ ਅਹੂਜਾ’ ਪਹਿਲੀ ਵਾਰ ਵੱਡੇ ਪਰਦੇ ‘ਤੇ ਦਿਸੇਗੀ, ਉਥੇ ਹੀ ਪੰਜਾਬੀ ਫਿਲਮਾਂ ਵਿਚ ਨਰੋਏ ਪੈਰ ਟਿਕਾਉਣ ਪਿੱਛੋ ਪੰਜਾਬੀਆਂ ਦੇ ਚਹੇਤੇ ਅਦਾਕਾਰ ਤੇ ਕਲਾਕਾਰ ਗਿੱਪੀ ਗਰੇਵਾਲ ਦੀ ਇਹ ਪਹਿਲੀ ਵੱਡੀ ਹਿੰਦੀ ਫਿਲਮ ਹੋਵੇਗੀ।
ਪੰਜਾਬੀਆਂ ਦਾ ਮਨਪਸੰਦ ‘ਤੇ ਬਾਲੀਵੁੱਡ ਦਾ ਸਦਾਬਹਾਰ ਅਦਾਕਾਰ ਧਰਮਿੰਦਰ ਪਹਿਲੀ ਵਾਰ ਫਿਲਮ ਪ੍ਰੇਮੀਆਂ ਨੂੰ ਇਕ ਵੱਖਰੇ ਅੰਦਾਜ ਵਿਚ ਵੇਖਣ ਨੂੰ ਮਿਲੇਗਾ। ਤਲਾਕ ਤੋਂ ਪਿੱਛੇ ਦੀਆਂ ਸਮੱਸਿਆਵਾਂ ਨੂੰ ਇਸ ਫਿਲਮ ਨੇ ਖੂਬਸੂਰਤ ਅਤੇ ਮਨੋਰੰਜਨ ਭਰੇ ਢੰਗ ਨਾਲ ਪੇਸ਼ ਕੀਤਾ ਹੈ। ਜਿਥੇ ਗੀਤਾ ਬਸਰਾ, ਸੰਜੇ ਮਿਸ਼ਰਾ, ਰਵੀ ਕਿਸ਼ਨ ਅਤੇ ਮੁਕੇਸ਼ ਤਿਵਾੜੀ ਦੀ ਖਾਸ ਭੂਮਿਕਾ ਹੋਵੇਗੀ ਉਥੇ ਹਿੰਦੀ ਫਿਲਮਾਂ ਵਿਚ ਗੁਰਪ੍ਰੀਤ ਘੁੱਗੀ ਵੀ ਆਪਣਾ ਆਹਲਾ ਸਦਾਬਹਾਰ ਪਰ ਵੱਖਰਾ ਅੰਦਾਜ ਪੇਸ਼ ਕਰੇਗਾ।
ਮੁੰਬਈ ਵਿਚ ਫਿਲਮ ਦਾ ਟਰੇਲਰ ਰਿਲੀਜ਼ ਕਰਨ ਲਈ ਕਰਵਾਏ ਗਏ ਸਮਾਰੋਹ ਵਿਚ ਫਿਲਮ ਦੀ ਸਟਾਰਕਾਸਟ ਤੋਂ ਇਲਾਵਾ ਆਪਣੀ ਬੇਟੀ ਟੀਨਾ ਅਹੂਜਾ ਦੀ ਪਹਿਲੀ ਫਿਲਮ ਦੇ ਜਸ਼ਨਾਂ ਵਿਚ ਸ਼ਾਮਿਲ ਹੋਣ ਲਈ ਸੁਪਰ ਸਟਾਰ ਗੋਵਿੰਦਾ ਵਿਸ਼ੇਸ਼ ਤੌਰ ਤੇ ਪਹੁੰਚੇ ।
ਵਰਣਨਯੋਗ ਹੈ ਕਿ ਯੂਟਿਊਬ ਉਤੇ ਪਾਏ ਗਏ ਟਰੇਲਰ ਨੂੰ 48 ਘੰਟਿਆਂ ਵਿਚ ਹੀ ਵੇਖਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੋ ਗਈ ਹੈ। ਫਿਲਮ ਵਿਚਲੇ ਗੀਤ ‘ਮਿੱਠੀ ਮੇਰੀ ਜਾਨ’ ਅਤੇ ‘ਅੱਲ੍ਹਾ ਕਰੇ ਦਿਨ ਨਾ ਚੜ੍ਹੇ’ ਨੂੰ ਵੀ ਰੱਜਵਾਂ ਪਿਆਰ ਮਿਲ ਰਿਹਾ ਹੈ। ਫਿਲਮ ਦਾ ਨਿਰਦੇਸ਼ਨ ‘ਜੱਟ ਜੇਮਸ ਬਾਂਡ’ ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਸਮੀਪ ਕੰਗ ਨੇ ਕੀਤਾ ਹੈ। ਸੰਗੀਤ ਬਾਦਸ਼ਾਹ ਦਾ ਹੈ ਜਦੋਂ ਕਿ ਫਿਲਮ ਵਿਚਲੇ ਗੀਤਾਂ ਨੂੰ ਗਿੱਪੀ ਗਰੇਵਾਲ, ਸੁਨਿਧੀ ਚੌਹਾਨ ਅਤੇ ਲਾਭ ਜੰਜੂਆ ਨੇ ਗਾਇਆ ਹੈ। ਫਿਲਮ ਦੀ ਕਹਾਣੀ ਵੀ ਖੁਦ ਸਮੀਪ ਕੰਗ ਨੇ ਲਿਖੀ ਹੈ। ਕੰਗ ਨੇ ਦੱਸਿਆ ਕਿ ਤਲਾਕ ਤੋਂ ਬਾਅਦ ਇਕ ਪਤੀ ਨੂੰ ਆਪਣੇ ਬੱਚਿਆਂ ਤੇ ਪਤਨੀ ਨੂੰ ਕਿਵੇਂ ਖਰਚਾ ਅਦਾ ਕਰਨਾ ਪੈਂਦਾ ਹੈ ਅਤੇ ਜਿਹੜੀਆਂ ਸਮੱਸਿਆਵਾਂ ਘੇਰਦੀਆਂ ਨੂੰ ਉਹਨਾਂ ਨੂੰ ਹਾਸਰਸ ਅੰਦਾਜ ਵਿਚ ਪੇਸ਼ ਕੀਤਾ ਗਿਆ ਹੈ। ਉਨਾਂ ਦਾਅਵਾ ਕੀਤਾ ਕਿ ‘ਸੈਕੰਡ ਹੈਂਡ ਹਸਬੈਂਡ’ ਫਿਲਮ ਵਿਚ ਨਾ ਸਿਰਫ ਗੋਬਿੰਦਾ ਦੀ ਬੇਟੀ ‘ਟੀਨਾ ਅਹੂਜਾ’ ਸਿਖਰ ਬਣਾਵੇਗੀ ਸਗੋਂ ਗਿੱਪੀ ਗਰੇਵਾਲ ਵੀ ਹਿੰਦੀ ਫਿਲਮ ਜਗਤ ਲਈ ਇਕ ਵਧੀਆ ਅਭਿਨੇਤਾ ਸਾਬਿਤ ਹੋਵੇਗਾ।
The post ‘ਸੈਕੰਡ ਹੈਂਡ ਹਸਬੈਂਡ’ 3 ਜੁਲਾਈ ਨੂੰ ਹੋਵੇਗੀ ਦੁਨੀਆਂ ਭਰ ‘ਚ ਰਿਲੀਜ਼ appeared first on Quomantry Amritsar Times.