ਰਾਜਪੁਰਾ/ ਬਿਊਰੋ ਨਿਊਜ਼ :
ਲੋਕ ਸਾਹਿਤ ਸੰਗਮ ਰਾਜਪੁਰਾ ਦੇ ਇਕ ਸਮਾਗਮ ਵਿੱਚ ਪੰਜਾਬੀ ਲੇਖਕ ਮਾਸਟਰ ਨਿਰਮਲ ਸਿੰਘ ‘ਲਾਲੀ” ਦੀ ਪੁਸਤਕ ‘ਜਿੰਦਗੀ ਦਾ ਸੰਦੇਸ਼ ਤੇ ਉਦੇਸ਼’ ਲੋਕ ਅਰਪਣ ਹੋਈ। ਰੋਟਰੀ ਭਵਨ ਵਿਚ ਹੋਏ ਇਸ ਸਮਾਗਮ ਮੌਕੇ ਪੁਸਤਕ ਬਾਰੇ ਡਾ. ਹਰਜੀਤ ਸਿੰਘ ਸੰਧਰ ਨੇ ਪੜਚੋਲਨਾਤਮਕ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਲਾਲੀ ਇਕ ਸੰਵੇਦਨਸ਼ੀਲ ਲੇਖਕ ਹੈ। ਇਸ ਦੀਆਂ ਬਹੁਤੀਆਂ ਪੁਸਤਕਾਂ ਵਿਚ ਦ੍ਰਿੜਤਾ ਹੈ। ਪੁਸਤਕ ਬਾਰੇ ਅਤੇ ਲੇਖਕ ਬਾਰੇ ਡਾ. ਗੁਰਵਿੰਦਰ ਸਿੰਘ ਅਮਨ ਨੇ ਵੀ ਤੁਲਨਾਤਮਕ ਵਿਚਾਰ ਅਤੇ ਸੁਝਾਅ ਦਿੱਤੇ।
ਸਮਾਗਮ ਦੀ ਪ੍ਰਧਾਨਗੀ ਡਾ. ਗੁਰਵਿੰਦਰ ਸਿੰਘ ‘ਅਮਨ’ ਨੇ ਕੀਤੀ। ਮੰਚ ਸੰਚਾਲਨ ਸੰਭਾਲਦਿਆਂ ਬਲਦੇਵ ਸਿੰਘ ਖੁਰਾਣਾ ਨੇ ਪ੍ਰੋਗਰਾਮ ਦਾ ਆਗਾਜ਼ ਕਰਨ ਲਈ ਕੁਲਵੰਤ ਜੱਸਲ ਨੂੰ ਸੱਦਾ ਦਿੱਤਾ ਤੇ ਉਨ੍ਹਾਂ ਨੇ ਜਿੰਦਗੀ ਦੇ ਨਾਜੁਕ ਰਿਸ਼ਤਿਆਂ ਤੇ ਕਟਾਖਸ਼ ਕਰਦਿਆਂ ਕਵਿਤਾ ਕਹੀ। ਭੀਮ ਸੈਨ ਝੂਲੇਲਾਲ ਦੀ ‘ਸਹਾਇਕ’ ਕਵਿਤਾ ਖੂਬ ਰਹੀ। ਗੁਰਵਿੰਦਰ ਅਜ਼ਾਦ ਦੀ ਗਜ਼ਲ ‘ਤੇਰੇ ਮਾਸੂਮ ਚਿਹਰੇ ਨੇ ਲੁੱਟਿਆ ਦਿਲ ਹਜ਼ਾਰਾਂ ਦਾ’ ਕਰਮ ਸਿੰਘ ਹਕੀਰ ਦੀ ‘ਐਵੇ ਗੁਜਰ ਗਏ ਜਿੰਦਗੀ ਦੇ ਦਿਨ ਚਾਰ’ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰਿਆ ਨੇ ਗੀਤ ‘ਉਠ ਜਿੰਦੇ ਨਾਮ ਜਪ ਲੈ’ ਤਰੰਨਮ ‘ਚ ਸੁਣਾ ਕੇ ਮਹੌਲ ਸਿਰਜਿਆ। ਡਾ. ਹਰਜੀਤ ਸਿੰਘ ਸੱਧਰ ਨੇ ਕਿਰਸਾਨੀ ਦੀ ਤਰਾਸਦੀ ਤੇ ਗੀਤ ‘ਜੇਕਰ ਜਿਉਣਾ ਚਾਹੁੰਦੇ ਹੋ ਤਾਂ ਅੰਨ ਦਾਤੇ ਨੂੰ ਨਾ ਮਾਰੋ’ ਸੁਣਾ ਕੇ ਸਰੋਤਿਆਂ ਨੂੰ ਕੀਲ ਦਿੱਤਾ।
ਸਾਹਿਤਕ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ‘ਮਾਂ ਦਿਵਸ ਨੂੰ ਸਮਰਪਿਤ ਕਵਿਤਾ ‘ਮੇਰੀ ਮਾਂ” ਸੁਣਾ ਕੇ ਸਭ ਨੂੰ ਸੰਜੀਦਾ ਕਰ ਦਿੱਤਾ। ਡਾ. ਹਰਬੰਸ ਅਹੂਜਾ ਨੇ ਤਰੰਨਮ ‘ਚ ‘ਦਿਲ ਮੇਂ ਏਕ ਲਹਿਰ ਸੀ ਉਠੀ ਹੈ ਅਭੀ’ ਸੁਣਾ ਕੇ ਮਾਹੌਲ ਨੂੰ ਰਮਣੀਕ ਬਣਾਇਆ। ਅੰਗਰੇਜ਼ ਕਲੇਰ ਦੀ ਪ੍ਰੋੜਤਾ ਭਰਭੂਰ ਕਵਿਤਾ ਕਾਬਲੇ ਤਾਰੀਫ਼ ਰਹੀ। ਗੁਰਜਿੰਦਰ ਕਥਾ ਨੇ ਵੀ ਵਧੀਆਂ ਕਵਿਤਾ ਦਾ ਨਮੂਨਾ ਪੇਸ਼ ਕੀਤਾ। ਸੰਤੋਖ ਸਿੰਘ ਪੰਛੀ’ ਮੈਡਮ ਰੀਟਾ, ਰਾਕੇਸ਼ ਨਾਦਾਨ ਤੇ ਜਮਨਾ ਪ੍ਰਕਾਸ਼ ‘ਨਾਚੀਜ਼’ ਦੀਆਂ ਕਵਿਤਾਵਾਂ ਨੇ ਵੀ ਖੂਬ ਰੰਗ ਬੰਨ੍ਹਿਆ।
The post ਮਾਸਟਰ ਨਿਰਮਲ ਸਿੰਘ ‘ਲਾਲੀ’ ਦੀ ਪੁਸਤਕ ‘ਜਿੰਦਗੀ ਦਾ ਸੰਦੇਸ਼ ਤੇ ਉਦੇਸ਼’ ਲੋਕ ਅਰਪਣ appeared first on Quomantry Amritsar Times.