ਚੰਡੀਗੜ੍ਹ/ਬਿਊਰੋ ਨਿਊਜ਼-
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਮੁਲਕ ਦੀ ਵੰਡ ਸਮੇਂ ਸਿੱਖਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਦੀ ਹੋਣੀ ਸੰਵਾਰਨ ਵਿੱਚ ਤਾਰਾ ਸਿੰਘ ਦਾ ਅਹਿਮ ਰੋਲ ਸੀ। ਉਨ੍ਹਾਂ ਕਿਹਾ ਕਿ ਜੇ ਮਾਸਟਰ ਤਾਰਾ ਸਿੰਘ ਨੇ ਆਪਣਾ ਅਹਿਮ ਰੋਲ ਨਾ ਨਿਭਾਇਆ ਹੁੰਦਾ ਤਾਂ ਅੱਜ ਦੇਸ਼ ਦੀਆਂ ਹੱਦਾਂ ਹੋਰ ਹੋਣੀਆਂ ਸਨ।
ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੀ ਨਵੀਂ ਕਿਤਾਬ ‘ਮਾਸਟਰ ਤਾਰਾ ਸਿੰਘ ਤੇ ਉਨ੍ਹਾਂ ਦੀਆਂ ਯਾਦਾਂ’ ਨੂੰ ਰਿਲੀਜ਼ ਕਰਨ ਲਈ ਸਿੱਖ ਐਜੂਕੇਸ਼ਨਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਕਰਵਾਏ ਸਮਾਗਮ ਦੌਰਾਨ ਡਾ. ਜਸਪਾਲ ਸਿੰਘ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਵੱਲੋਂ ਆਪਣੇ ਨਿੱਜੀ ਮੁਫਾਦਾਂ ਤੋਂ ਉਪਰ ਉਠ ਕੇ ਕੀਤੀ ਸਿਆਸਤ ਦਾ ਕੇਂਦਰੀ ਨੁਕਤਾ ਘੱਟ ਗਿਣਤੀ ਸਿੱਖ ਕੌਮ ਦੀ ਸਲਾਮਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਿੱਖਾਂ ਦੀ ਘੱਟ ਗਿਣਤੀ ਹੋਣ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਕਾਂਗਰਸੀ ਲੀਡਰਸ਼ਿਪ ਤੋਂ ਆਜ਼ਾਦ ਹਿੰਦੋਸਤਾਨ ਵਿੱਚ ਸਿੱਖ ਘੱਟ ਗਿਣਤੀ ਦੇ ਵਿਸ਼ੇਸ਼ ਹੱਕਾਂ ਦੀ ਰਾਖੀ ਲਈ ਸੰਵਿਧਾਨਕ ਗਰੰਟੀਆਂ ਦਾ ਵਾਅਦਾ ਲੈਣ ਵਿੱਚ ਸਫ਼ਲ ਹੋਏ ਸਨ।
ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਰਾਜਨੀਤੀ ਵਿੱਚ ਹਮੇਸ਼ਾਂ ਕੌਮ ਦੀ ਸਲਾਮਤੀ ਤੇ ਹੱਕਾਂ ਨੂੰ ਆਪਣੇ ਨਿੱਜੀ ਮੁਫਾਦਾਂ ਤੋਂ ਉਪਰ ਰੱਖਿਆ। ਉਨ੍ਹਾਂ ਕਿਹਾ ਕਿ ਇਸ ਸਿੱਖ ਆਗੂ ਨੇ ਸਿਆਣਪ ਨਾਲ ਸਿੱਖਾਂ ਦੀਆਂ ਉਮੰਗਾਂ ਨੂੰ ਮੁਲਕ ਦੀ ਆਜ਼ਾਦੀ ਨਾਲ ਜੋੜ ਕੇ ਘੱਟ ਗਿਣਤੀ ਕੌਮ ਲਈ ਆਜ਼ਾਦ ਭਾਰਤ ਵਿੱਚ ਵਿਸ਼ੇਸ਼ ਥਾਂ ਬਣਾਈ। ੳੁਪ ਕੁਲਪਤੀ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਵੱਲੋਂ ਆਜ਼ਾਦੀ ਤੋਂ ਪਹਿਲਾਂ ਹੁੰਦੀ ਰਹੀ ਗੱਲਬਾਤ ਵਿੱਚ ਨਿਧੜਕ ਹੋ ਕੇ ਨਿਭਾਏ ਰੋਲ ਨੇ ਹੀ ਮੁਲਕ ਦੀ ਵੰਡ ਲਈ ਖਿੱਚੀ ਲਕੀਰ ਦੀ ਥਾਂ ਤੈਅ ਕੀਤੀ ਸੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ੳੁਪ ਕੁਲਪਤੀ ਡਾ. ਜਗਤਾਰ ਸਿੰਘ ਗਰੇਵਾਲ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਆਪਣੇ ਸਮੇਂ ਦੇ ਸਭ ਤੋਂ ਪ੍ਰਭਾਵਸ਼ਾਲੀ ਤੇ ਅਹਿਮ ਆਗੂ ਸਨ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਪੰਜਾਬ ਤੇ ਪੰਥ ਦੀ ਸੇਵਾ ਆਪਣੇ ਆਪ ਤੋਂ ਉਪਰ ਉੱਠ ਕੇ ਕੀਤੀ। ਕੁਰੂਕੁਸ਼ੇਤਰ ਯੂਨੀਵਰਸਿਟੀ ਵਿੱਚ ਮਾਡਰਨ ਹਿਸਟਰੀ ਪੜ੍ਹਾ ਰਹੇ ਡਾ. ਰਘੂਵੇਂਦਰ ਤਨਵਰ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਕਦੇ ਵੀ ਅੰਗਰੇਜ਼ਾਂ ਦੀ ਅਧੀਨਗੀ ਨਹੀਂ ਸੀ ਮੰਨੀ।
ਲੇਖਕ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਮਾਸਟਰ ਤਾਰਾ ਸਿੰਘ ਨਾਲ ਆਪਣੀਆਂ ਯਾਦਾਂ ਤੇ ਉਨ੍ਹਾਂ ਦੇ ਸਿੱਖ ਰਾਜਨੀਤੀ ਵਿੱਚ ਨਿਭਾਏ ਰੋਲ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਹਮੇਸ਼ਾ ਹੀ ਇੱਕ ਅਜਿਹੀ ਰਾਜਨੀਤਕ ਪਾਰਟੀ ਦੀ ਲੋੜ ਹੈ, ਜਿਸ ਦੀਆਂ ਨੀਤੀਆਂ ਤੇ ਪ੍ਰੋਗਰਾਮ ਸਿੱਖ ਜਗਤ ਦੀਆਂ ਉਮੰਗਾਂ ਦੀ ਪੂਰਤੀ ਕਰਦੇ ਹੋਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਕੌਰ ਨੇ ਸਿੱਖਾਂ ਦੀ ਮੌਜੂਦਾ ਲੀਡਰਸ਼ਿਪ ਵੱਲੋਂ ਇਸ ਮਹਾਨ ਆਗੂ ਪ੍ਰਤੀ ਧਾਰੇ ਉਦਾਸੀਨ ਰਵੱਈਏ ‘ਤੇ ਗਿਲਾ ਪ੍ਰਗਟਾਇਆ।
ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਪੰਜਾਬੀ ਸੂਬੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਿੱਖ ਭਾਈਚਾਰੇ ਲਈ ਕੀਤੀ ਗਈ ਕੋਈ ਵੀ ਅਹਿਮ ਪ੍ਰਾਪਤੀ ਨਜ਼ਰ ਨਹੀਂ ਆਉਂਦੀ।
ਸਮਾਰੋਹ ਦੀ ਸ਼ੁਰੂਆਤ ਵਿੱਚ ਸੁਸਾਇਟੀ ਦੇ ਸਕੱਤਰ ਕਰਨਲ ਜਸਮੇਰ ਸਿੰਘ ਬਾਲਾ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਦੀ ਰਾਜਨੀਤੀ ਦੇ ਨਾਲ ਨਾਲ ਧਰਮ ਤੇ ਸਿੱਖਿਆ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਅੱਧੀ ਦਰਜਨ ਵਿਦਿਅਕ ਸੰਸਥਾਵਾਂ ਚਲਾਉਣ ਦੇ ਨਾਲ ਨਾਲ ਸਿੱਖ ਐਜੂਕੇਸ਼ਨਲ ਸੁਸਾਇਟੀ ਦੀਆਂ ਸਭਿਆਚਾਰਕ, ਸਾਹਿਤਕ ਤੇ ਧਾਰਮਿਕ ਸਰਗਰਮੀਆਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਰੂਪ ਸਿੰਘ, ਸਿੱਖ ਚਿੰਤਕ ਅਜਮੇਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨਵਿਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਅਤੇ ਉੱਘੇ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਹਾਜ਼ਰ ਸਨ।
The post ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦਾ ਭਵਿੱਖ ਤੇ ਹੋਣੀ ਸੰਵਾਰੀ: ਡਾ. ਜਸਪਾਲ ਸਿੰਘ appeared first on Quomantry Amritsar Times.