ਲੁਧਿਆਣਾ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਰਗਰਮ ਮੈਂਬਰ ਅਤੇ ਪ੍ਰਮੁੱਖ ਨੌਜਵਾਨ ਗ਼ਜ਼ਲਗੋ ਮਨਜਿੰਦਰ ਸਿੰਘ ਧਨੋਆ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਸੁਰਮ ਸਲਾਈ’ ਨੂੰ ਬਟਾਲਾ ਵਿਖੇ ਸ਼ਿਵ ਕੁਮਾਰ ਬਟਾਲਵੀ ਭਵਨ ਵਿਖੇ ਲੋਕ ਅਰਪਣ ਕਰਦਿਆਂ ਪਦਮ ਸ਼੍ਰੀ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਮਨਜਿੰਦਰ ਧਨੋਆ ਸਾਡੇ ਉਨ੍ਹਾਂ ਨਵੇਂ ਨਵੇਲੇ ਸ਼ਾਇਰਾਂ ਵਿਚੋਂ ਹੈ ਜਿਹੜੇ ਪੰਜਾਬੀ ਗ਼ਜ਼ਲ ਦੇ ਉੱਜਲੇ ਭਵਿੱਖ ‘ਚ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਧਨੋਆ ਨਿੱਗਰ ਜ਼ਮੀਨੀ ਹਕੀਕਤਾਂ ਦਾ ਸ਼ਾਇਰ ਹੈ ਜਿਸ ਦੀ ਭਾਸ਼ਾ ਲਿੱਪੇ ਪੋਚੇ ਕੱਚੇ ਘਰ ਦੇ ਵਿਹੜੇ ਵਰਗੀ ਹੈ। ਸੰਵੇਦਨਾ ਅਤੇ ਸਿਆਣਪ ਦੇ ਸੁਮੇਲ ਨਾਲ ਉਹ ਆਪਣੀ ਗ਼ਜ਼ਲ ਵਿੱਚ ਗੱਲਾਂ ਕਰਨ ਵਰਗੀ ਅਪਣੱਤ ਤੇ ਸਾਦਗੀ ਦਾ ਪੇਸ਼ਕਾਰ ਹੈ। ਉਸਦੀ ਪਲੇਠੀ ਗ਼ਜ਼ਲ ਪੁਸਤਕ ਯਕੀਨਨ ਪੰਜਾਬੀ ਗ਼ਜ਼ਲ ਦਾ ਮੁਹਾਂਦਰਾ ਸ਼ਿੰਗਾਰਨ ਵਿੱਚ ਵੱਡਾ ਹਿੱਸਾ ਪਾਵੇਗੀ।
ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਮਨਜਿੰਦਰ ਸਿੰਘ ਧਨੋਆ ਦੇ ਨਜ਼ਦੀਕੀ ਰਿਸ਼ਤੇਦਾਰ ਸ: ਲਖਮੀਰ ਸਿੰਘ ਰੰਧਾਵਾ ਨੇ ਕਿਹਾ ਕਿ ਮਨਜਿੰਦਰ ਬਚਪਨ ਤੋਂ ਹੀ ਕਾਵਿ-ਰੁਚੀਆਂ ਵਾਲਾ ਹੋਣ ਕਾਰਨ ਕਸ਼ਮੀਰ ਵਾਦੀ ਦੇ ਹੁਸੀਨ ਨਜ਼ਾਰਿਆਂ ਨੂੰ ਵੀ ਮਾਣਦਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕਿਣਕੇ ਤੋਂ ਕਾਇਨਾਤ ਤੀਕ ਪਹੁੰਚ ਕੇ ਉਸ ਨੇ ਸੁਰਮ ਸਲਾਈ ਵਰਗਾ ਗ਼ਜ਼ਲ ਸੰਗ੍ਰਹਿ ਰਚ ਕੇ ਸਾਡੇ ਪਰਿਵਾਰਕ ਕੱਦ ਨੂੰ ਉੱਚਾ ਕੀਤਾ ਹੈ। ਉਨ੍ਹਾਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਨੂੰ ਵੀ ਮੁਬਾਰਕ ਦਿੱਤੀ ਜਿੰਨ੍ਹਾਂ ਨੇ ਨੌਜਵਾਨ ਸ਼ਕਤੀ ਨੂੰ ਸਿਰਜਣਾਤਮਕ ਆਹਰੇ ਲਾਉਣ ਵਿੱਚ ਇਤਿਹਾਸਕ ਰੋਲ ਅਦਾ ਕੀਤਾ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਮਨਜਿੰਦਰ ਧਨੋਆ ਨਿਵੇਕਲੇ ਸ਼ਬਦ ਸਲੀਕੇ ਵਾਲਾ ਕਵੀ ਹੈ ਜਿਸ ਕੋਲ ਸ਼ਬਦਾਂ ਓਹਲੇ ਲੁਕੇ ਅਰਥਾਂ ਨੂੰ ਪੜ੍ਹਨ ਅਤੇ ਅੱਗੇ ਪੜ੍ਹਾਉਣ ਦੀ ਲਿਆਕਤ ਹੈ। ਜ਼ਿੰਦਗੀ ਦੇ ਗਹਿਰ ਗੰਭੀਰ ਮਸਲਿਆਂ ਨੂੰ ਇੱਕੋ ਸ਼ਬਦ ਛੋਹ ਨਾਲ ਬੇਪਰਦ ਕਰਕੇ ਅਸਲੋਂ ਸੱਜਰਾ ਅਤੇ ਨਿਵੇਕਲਾ ਅੰਦਾਜ਼ ਸਿਰਜਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਮਨਜਿੰਦਰ ਸਿੰਘ ਧਨੋਆ ਨੇ ਸਾਦਗੀ ਅਤੇ ਸਲੀਕੇ ਭਰੇ ਕਾਵਿ ਬੋਲਾਂ ਰਾਹੀਂ ਤਣਾਅ ਅਤੇ ਦਰਦ ਨੂੰ ਜ਼ਬਾਨ ਦਿੱਤੀ ਹੈ। ਮਨਜਿੰਦਰ ਧਨੋਆ ਨਾਲ ਸਿਰਜਣਾਤਮਕ ਅਮਲ ਦੀ ਸਾਂਝ ਪਾਉਂਦਿਆਂ ਉੱਘੇ ਪੰਜਾਬੀ ਕਵੀ ਤਰਲੋਚਨ ਲੋਚੀ ਨੇ ਕਿਹਾ ਕਿ ਮਨਜਿੰਦਰ ਸਾਡੇ ਸਮਿਆਂ ਦਾ ਅਜਿਹਾ ਸ਼ਾਇਰ ਹੈ ਜੋ ਨਿਜ਼ਾਮ ਦੀਆਂ ਕੁਨੀਤੀਆਂ ਅਤੇ ਕੁਰੀਤੀਆਂ ਦੇ ਖਿਲਾਫ਼ਆਪ ਸਧਾਰਨ ਬੰਦੇ ਦੇ ਹੱਕ ‘ਚ ਭੁਗਤਦਾ ਹੈ। ਪੰਜਾਬੀ ਲੇਖਕ ਜਸਵੰਤ ਜਫ਼ਰ ਨੇ ਕਿਹਾ ਕਿ ਮਨਜਿੰਦਰ ਦੀਆਂ ਗ਼ਜ਼ਲਾਂ ਪੜ੍ਹਦਿਆਂ ਇਸ ਦਾ ਕਾਵਿ ਰੂਪ ਲਈ ਮੁਹੱਬਤ ਜਾਗਦੀ ਹੈ। ਕਿਸੇ ਸ਼ਾਇਰ ਲਈ ਇਸ ਤੋਂ ਵੱਡੀ ਪ੍ਰਾਪਤੀ ਨਹੀਂ ਹੋ ਸਕਦੀ।
ਇਸ ਮੌਕੇ ਬੋਲਦਿਆਂ ਡਾ.ਸਤਿਨਾਮ ਸਿੰਘ ਨਿੱਝਰ ਨੇ ਆਖਿਆ ਕਿ ਮਨਜਿੰਦਰ ਸਿੰਘ ਧਨੋਆ ਦੀ ਪੁਸਤਕ ਦਾ ਸ਼ਿਵ ਕੁਮਾਰ ਭਵਨ ‘ਚ ਲੋਕ ਅਰਪਣ ਹੋਣਾ ਬਟਾਲਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਸੁਰਜੀਤ ਪਾਤਰ ਵਰਗੇ ਸ਼ਾਇਰ ਦਾ ਸ਼ਿਵ ਕੁਮਾਰ ਦੀ ਬਰਸੀ ਮੌਕੇ ਬਟਾਲੇ ਆ ਕੇ ਇਹ ਪੁਸਤਕ ਲੋਕ ਅਰਪਣ ਕਰਨਾ ਇਤਿਹਾਸਕ ਘਟਨਾ ਹੈ। ਧੰਨਵਾਦ ਦੇ ਸ਼ਬਦ ਬੋਲਦਿਆਂ ਮਨਜਿੰਦਰ ਸਿੰਘ ਧਨੋਆ ਨੇ ਕਿਹਾ ਕਿ ਉਹ ਇਸ ਕਿਤਾਬ ਰਾਹੀਂ ਸਾਹਿਤ ਦੇ ਖੇਤਰ’ਚ ਪੱਕੇ ਪੈਰੀਂ ਪ੍ਰਵੇਸ਼ ਕਰ ਰਹੇ ਹਨ ਜਿਸ ਦੀ ਪ੍ਰੇਰਨਾ ਉਨ੍ਹਾਂ ਦੇ ਭੂਆ ਜੀ ਤੇ ਫੁੱਫੜ ਜੀ ਸ. ਲਖਮੀਰ ਸਿੰਘ ਰੰਧਾਵਾ ਨੇ ਮੈਨੂੰ ਬਚਪਨ ਵਿੱਚ ਦਿੱਤੀ ਸੀ। ਮੈਂ ਸ਼ਿਵ ਕੁਮਾਰ ਦੇ ਸ਼ਹਿਰ ਨਾਲ ਇਸ ਪੁਸਤਕ ਦੇ ਲੋਕ ਅਰਪਣ ਰਾਹੀਂ ਇੱਕ ਨਵੀਂ ਸਾਂਝ ਪਾ ਰਿਹਾ ਹਾਂ।
ਇਸ ਮੌਕੇ ਡਾ: ਰਵਿੰਦਰ ਬਟਾਲਾ, ਹਰਭਜਨ ਸਿੰਘ ਬਾਜਵਾ, ਦੁਖਭੰਜਨ ਸਿੰਘ ਰੰਧਾਵਾ, ਰਾਜਿੰਦਰ ਪਾਲ ਸਿੰਘ ਧਾਲੀਵਾਲ, ਸਿਮਰਤਪਾਲ ਸਿੰਘ ਵਾਲੀਆ, ਨਿਸ਼ਾਨ ਸਿੰਘ ਰੰਧਾਵਾ, ਸ: ਸ਼ਰਨਜੀਤ ਸਿੰਘ ‘ਫ਼ਿਦਾ ਬਟਾਲਵੀ’ ਤੋਂ ਇਲਾਵਾ ਕਈ ਹੋਰ ਸਿਰਕੱਢ ਸ਼ਖਸੀਅਤਾਂ ਹਾਜ਼ਰ ਸਨ। ਸ਼ਿਵ ਕੁਮਾਰ ਬਟਾਲਵੀ ਭਵਨ ‘ਚ ਸ਼ਿਵ ਕੁਮਾਰ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ ਗਏ।
The post ਡਾ. ਸੁਰਜੀਤ ਪਾਤਰ ਵੱਲੋਂ ਮਨਜਿੰਦਰ ਧਨੋਆ ਦਾ ਗ਼ਜ਼ਲ ਸੰਗ੍ਰਹਿ ‘ਸੁਰਮ ਸਲਾਈ’ ਲੋਕ ਅਰਪਣ appeared first on Quomantry Amritsar Times.