ਨਿਊ ਯਾਰਕ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਸਭਾ ਨਿਊ ਯਾਰਕ ਦੀ ਮਈ 2015 ਦੀ ਮੀਟਿੰਗ, ਜਿਹੜੀ ਨੇਪਾਲ ਵਿੱਚ ਆਏ ਭੂਚਾਲ ਦੇ ਪੀੜਤਾਂ ਨੂੰ ਅਤੇ 10 ਮਈ ਦੇ ਮਾਂ ਦਿਵਸ ਨੂੰ ਸਮਰਪਿਤ ਸੀ, 9 ਮਈ ਸਨਿੱਚਰਵਾਰ ਨੂੰ ਨਿਊ ਯਾਰਕ ਵਿੱਚ ਸ਼ਾਮ ਦੇ 4:00 ਵਜੇ ਤੋਂ ਰਾਤ ਦੇ 11:00 ਵਜੇ ਤੱਕ ਹੋਈ।
ਮੀਟਿੰਗ ਦੇ ਸ਼ੁਰੂ ਵਿੱਚ ਪ੍ਰੇਮ ਮਾਨ ਨੇ ਸਾਰੇ ਮੈਂਬਰਾਂ ਨੂੰ ਮੀਟਿੰਗ ਵਿੱਚ ਆਏ ਨੇਪਾਲ ਵਾਲੇ ਕਲਾਕਾਰ ਦੋਸਤਾਂ ਨਾਲ ਜਾਣ-ਪਛਾਣ ਕਰਵਾਈ ਅਤੇ ਨੇਪਾਲ ਦੇ ਪੀੜਤਾਂ ਨਾਲ ਸਭਾ ਵੱਲੋਂ ਹਮਦਰਦੀ ਪ੍ਰਗਟ ਕੀਤੀ। ਇਸ ਮੀਟਿੰਗ ਵਿੱਚ ਨਿਊ ਯਾਰਕ ਵਿੱਚ ਵਸਦੇ ਨੇਪਾਲੀ ਕਲਾਕਾਰ ਦੋਸਤ ਰਾਮ ਸਰਿਸ਼ਟਾ ਸੁਭੱਦਰਾ ਸਰਿਸ਼ਟਾ, ਰਾਜ ਕਪੂਰ, ਸ਼ਾਮ ਨੇਪਾਲੀ ਅਤੇ ਅਵੇ ਧੁੰਗਲ ਹਾਜ਼ਰ ਸਨ। ਮੀਟਿੰਗ ਦਾ ਮੁੱਖ ਮਕਸਦ ਨੇਪਾਲ ਦੇ ਪੀੜਤਾਂ ਲਈ ਕੁੱਝ ਪੈਸੇ ਇਕੱਠੇ ਕਰਨਾ ਸੀ। ਇਨ੍ਹਾਂ ਨੇਪਾਲੀ ਦੋਸਤਾਂ ਨੇ ਨੇਪਾਲ ਦੇ ਪੀੜਤਾਂ ਦੇ ਨਾਮ ਤੇ ਸਭਾ ਵਿੱਚ ਸ਼ਮ੍ਹਾ ਰੌਸ਼ਨ ਕੀਤੀ।
ਸਾਹਿੱਤਿਕ ਦੌਰ ਦੇ ਸ਼ੁਰੂ ਵਿੱਚ ਸੰਗੀਤ ਸ਼ਰਮਾ ਨੇ ਸਭ ਤੋਂ ਪਹਿਲਾਂ ਡਾ. ਰਾਮ ਜੀ ਦਾਸ ਸੇਠੀ-ਮਹਿਤਾਬ ਨੂੰ ਕਹਾਣੀ ਪੜ੍ਹਨ ਲਈ ਸੱਦਾ ਦਿੱਤਾ। ਡਾ. ਸੇਠੀ ਨੇ ਆਪਣੀ ਕਹਾਣੀ ”ਅਣਖ” ਪੜ੍ਹੀ। ਇਸ ਤੋਂ ਬਾਅਦ ਰਾਜਿੰਦਰ ਜਿੰਦ ਨੇ ਆਪਣੀਆਂ ਦੋ ਗ਼ਜ਼ਲਾਂ ਅਤੇ ਮਾਂ ਬਾਰੇ ਲਿਖੀ ਇਕ ਕਵਿਤਾ ਪੜ੍ਹੀ। ਸੰਗੀਤ ਸ਼ਰਮਾ ਨੇ ਮਾਂ ਬਾਰੇ ਅਤੇ ਮਾਂ ਦਿਵਸ ਬਾਰੇ ਗੱਲਾਂ ਕੀਤੀਆਂ ਅਤੇ ਸਭ ਨੂੰ ਇਸ ਦੀ ਵਧਾਈ ਦਿੱਤੀ। ਨੀਲਮ ਬੇਦੀ ਨੇ ਆਪਣੀ ਲਿਖੀ ਇਕ ਖ਼ੂਬਸੂਰਤ ਕਵਿਤਾ ਪੜ੍ਹੀ। ਸਰਬਜੀਤ ਮਾਨ ਨੇ ਇਕ ਗੀਤ ਸੁਣਾਇਆ। ਅਵਤਾਰ ਸ਼ੇਰਪੁਰੀ ਨੇ ਕਵਿੰਦਰ ਚਾਂਦ ਦੀਆਂ ਲਿਖੀਆਂ ਦੋ ਗ਼ਜ਼ਲਾਂ ਪੜ੍ਹੀਆਂ। ਮਨਜੀਤ ਕੌਰ ਨੇ ਹੁਣੇ ਹੁਣੇ ਹਿੰਦੁਸਤਾਨ ਤੋਂ ਆ ਕੇ ਅਮਰੀਕਾ ਵਸਣ ਬਾਰੇ ਗੱਲਾਂ ਕੀਤੀਆਂ ਅਤੇ ਆਪਣੀ ਇਕ ਕਵਿਤਾ ਸੁਣਾਈ। ਚੇਤਨ ਸੋਢੀ ਨੇ ਮਾਂ ਬਾਰੇ ਦੋ ਕਵਿਤਾਵਾਂ ਪੜ੍ਹੀਆਂ ਅਤੇ ਨੇਪਾਲ ਦੇ ਪੀੜਤਾਂ ਦੀ ਸਹਾਇਤਾ ਬਾਰੇ ਗੱਲਾਂ ਕੀਤੀਆਂ। ਲਖਬੀਰ ਮਾਂਗਟ ਨੇ ਆਪਣੀ ਇਕ ਕਵਿਤਾ ”ਸੱਠ ਸਾਲ ਦਾ ਬੱਚਾ” ਅਤੇ ਇਕ ਲੇਖ ”ਧਰਤੀ ਤੇ ਲਕੀਰਾਂ” ਪੜ੍ਹੇ।
ਜਦੋਂ ਗਾਉਣ ਦਾ ਮਾਹੌਲ ਸ਼ੁਰੂ ਹੋਇਆ ਤਾਂ ਰਾਮ ਸਰਿਸ਼ਟਾ ਨੇ ਕਈ ਪੰਜਾਬੀ ਅਤੇ ਹਿੰਦੀ ਗੀਤ ਗਾਏ ਜਿਨ੍ਹਾਂ ਵਿੱਚ ”ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ,” ”ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ,” ”ਇਕ ਲੜਕੀ ਕੋ ਦੇਖਾ ਤੋ ਐਸਾ ਲਗਾ,” ”ਪਰਦੇਸੀ ਪਰਦੇਸੀ ਜਾਨਾ ਨਹੀਂ,” ਤੋਂ ਇਲਾਵਾ ਹੋਰ ਵੀ ਕਈ ਗੀਤ ਸ਼ਾਮਲ ਸਨ। ਰਾਮ ਸਰਿਸ਼ਟਾ ਬਹੁਤ ਵਧੀਆ ਗਿਟਾਰਿਸਟ ਅਤੇ ਗਾਇਕ ਹੈ। ਉਹ ਨੇਪਾਲ ਵਿੱਚ ਜੰਮਿਆਂ ਪਲਿਆ ਹੋਣ ਦੇ ਬਾਵਜੂਦ ਵੀ ਪੰਜਾਬੀ ਅਤੇ ਹਿੰਦੀ ਵਿੱਚ ਕਾਫ਼ੀ ਨਿਪੁੰਨ ਹੈ। ਸ਼ਾਮ ਨੇਪਾਲੀ ਨੇ ਸਾਰੰਗੀ ਦੀਆਂ ਖ਼ੂਬਸੂਰਤ ਧੁਨਾਂ ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਇਸ ਦੇ ਨਾਲ ਨਾਲ ਇਕ ਗੀਤ ਵੀ ਸੁਣਾਇਆ। ਸੁਭੱਦਰਾ ਸਰਿਸ਼ਟਾ ਨੇ ਕਈ ਹਿੰਦੀ ਦੇ ਗੀਤ ਸੁਣਾਏ। ਰਾਜ ਕਪੂਰ ਅਤੇ ਅਜੇ ਧੁੰਗਲ ਨੇ ਢੋਲਕੀ ਅਤੇ ਤਬਲੇ ਤੇ ਸਾਥ ਦਿੱਤਾ।
ਨਵਾਜ਼ ਡੋਗਾ ਨੇ ਕਈ ਸੂਫ਼ੀ ਗੀਤ ਗਾਏ। ਉਸ ਨੇ ਰਾਮ ਸਰਿਸ਼ਟਾ ਦੇ ਨਾਲ ਰਲ ਕੇ ਵੀ ਕੁੱਝ ਗੀਤ ਸੁਣਾਏ। ਫਿਰ ਮਾਂ ਦਿਵਸ ਦੀ ਯਾਦ ਵਿੱਚ ਨਵਾਜ਼ ਡੋਗਾ ਨੇ ਪ੍ਰੇਮ ਮਾਨ ਦਾ ਲਿਖਿਆ ਗੀਤ ”ਮਾਵਾਂ ਰੋਂਦੀਆਂ ਕੰਧਾਂ ਦੇ ਓਹਲੇ ਖੜ੍ਹ ਕੇ, ਪੁੱਤ ਪਰਦੇਸੀ ਹੋ ਗਏ, ਮਾਵਾਂ ਰੋਂਦੀਆਂ ਚੁੰਨੀ ਦਾ ਪੱਲਾ ਫੜ ਕੇ, ਧੀਆਂ ਪਰਦੇਸੀ ਹੋ ਗਈਆਂ” ਗਾਇਆ ਜਿਸ ਨੇ ਕਈ ਮੈਂਬਰਾਂ ਦੀਆਂ ਅੱਖਾਂ ਵਿੱਚ ਅੱਥਰੂ ਲਿਆ ਦਿੱਤੇ।
ਰਮਨਦੀਪ ਕਲਸੀ ਨੇ ਕਈ ਗੀਤ ਗਾਏ ਜਿਨ੍ਹਾਂ ਵਿੱਚ ਸ਼ਿਵ ਦਾ ਲਿਖਿਆ ਗੀਤ ”ਭੱਠੀ ਵਾਲੀਏ ਚੰਬੇ ਦੀਏ ਡਾਲੀਏ,” ਪ੍ਰੋ ਮੋਹਣ ਸਿੰਘ ਦੀ ਕਵਿਤਾ ”ਮਾਂ ਜਿਹਾ ਘਣ ਛਾਵਾਂ ਬੂਟਾ,” ਅਤੇ ਰੋਮੀ ਬੈਂਸ ਦਾ ਲਿਖਿਆ ਗੀਤ ”ਹੁਣ ਕੀ ਵਤਨਾਂ ਨੂੰ ਜਾਣਾ, ਸਾਡੀ ਮਾਂ ਰਹੀ ਨਾ,” ਵੀ ਸ਼ਾਮਲ ਸਨ।
ਇਸ ਤੋਂ ਬਾਅਦ ਸਭਾ ਦੇ ਮੈਂਬਰਾਂ ਵੱਲੋਂ ਇਕੱਠੇ ਕੀਤੇ 1290 ਡਾਲਰ ਨਵਾਜ਼ ਡੋਗਾ ਅਤੇ ਹਰਪ੍ਰੀਤ ਸਿੰਘ ਤੂਰ ਨੇ ਰਾਮ ਸਰਿਸ਼ਟਾ ਅਤੇ ਉਸ ਦੇ ਸਾਥੀਆਂ ਨੂੰ ਨੇਪਾਲ ਦੇ ਪੀੜਤਾਂ ਦੀ ਸਹਾਇਤਾ ਲਈ ਭੇਟ ਕੀਤੇ।
ਸਮੇਂ ਦੀ ਘਾਟ ਕਾਰਨ ਕਈ ਮੈਂਬਰ ਆਪਣੀ ਕਵਿਤਾਵਾਂ ਅਤੇ ਕਹਾਣੀਆਂ ਨਾ ਪੜ੍ਹ ਸਕੇ। ਇਸ ਮੀਟਿੰਗ ਵਿੱਚ ਸਰਬਜੀਤ ਜਿੰਦ, ਅਜਾਇਬ ਸਿੰਘ, ਰਾਜਿੰਦਰ ਕੌਰ, ਪਿੰਕੀ ਢੀਂਗਰਾ, ਰਾਜ ਅਟਵਾਲ, ਰਜਨੀ ਛਾਬੜਾ, ਰੀਤਾ ਕੋਹਲੀ, ਤਰਲੋਚਨ ਸੱਚਰ, ਹਰਦੀਪ ਸੱਚਰ, ਇਮਰਾਨ ਖ਼ਾਨ, ਨਰਿੰਦਰ ਸਿੰਘ, ਪ੍ਰੇਮ ਸਿੰਘ ਬੇਦੀ, ਰੋਹਨ ਸਿੰਘ, ਅਤੇ ਐਂਜਲਾ ਸਿੰਘ ਨੇ ਵੀ ਹਾਜ਼ਰੀ ਭਰੀ। ਤਰਲੋਚਨ ਅਤੇ ਹਰਦੀਪ ਸੱਚਰ ਵਲੋਂ ਆਪਣੇ ਘਰ ਕਰਵਾਈ ਗਈ ਗਈ ਇਸ ਮੀਟਿੰਗ ਦੇ ਅਖੀਰ ਵਿੱਚ ਮੈਂਬਰਾਂ ਨੇ ਰਾਤ ਦੇ ਖਾਣੇ ਦਾ ਅਨੰਦ ਮਾਣਿਆ।
ਸਭਾ ਦੀਆਂ ਵੀਡੀਓ ਯੂ-ਟਿਊਬ ਉੱਤੇ ਪੰਜਾਬੀ ਸਾਹਿਤ ਸਭਾ ਨਿਊ ਯਾਰਕ ਪਾ ਕੇ ਦੇਖੀਆਂ ਜਾ ਸਕਦੀਆਂ ਹਨ।
The post ਨੇਪਾਲ ਦੇ ਭੂਚਾਲ ਪੀੜਤਾਂ ਅਤੇ ਮਾਂ ਦਿਵਸ ਨੂੰ ਸਮਰਪਿਤ ਰਹੀ ਪੰਜਾਬੀ ਸਾਹਿਤ ਸਭਾ ਨਿਊਯਾਰਕ ਦੀ ਮੀਟਿੰਗ appeared first on Quomantry Amritsar Times.