ਕਰਮਜੀਤ ਸਿੰਘ ਚੰਡੀਗੜ੍ਹ (99150-91063)
ਖੱਬੇ ਪੱਖੀ ਚਿੰਤਨ ਦੇ ਪੇਤਲੇ, ਧੁੰਦਲੇ, ਸੰਘਣੇ ਤੇ ਅਣਦਿੱਸਦੇ ਪਰਛਾਵਿਆਂ ਤੋਂ ਪੂਰੀ ਤਰ੍ਹਾਂ ਮੁਕਤ ਇਕ ਨਵੇਂ ਨਾਵਲ ‘ਮਾਇਆ’ ਨੇ ਪੰਜਾਬੀ ਦੇ ਵਿਹੜੇ ਵਿਚ ਆਪਣੇ ਕਦਮ ਰੱਖੇ ਹਨ। ਜਿਸ ਦਿਸ਼ਾ ਵੱਲ ਇਸ ਨਾਵਲ ਨੇ ਮੁਹਾਰਾਂ ਮੋੜੀਆਂ ਹਨ, ਉਸ ਰਾਹ ਵੱਲ ਅਜੇ ਤੱਕ ਕਿਸੇ ਹੋਰ ਨੇ ਇੰਨੀ ਗੰਭੀਰਤਾ, ਇੰਨੀ ਸਫ਼ਲਤਾ ਅਤੇ ਇੰਨੇ ਸਹਿਜ ਨਾਲ ਫੇਰਾ ਨਹੀਂ ਪਾਇਆ। ਬਿਨਾਂ ਸ਼ੱਕ ਪੰਜਾਬੀ ਨਾਵਲ ਨੇ ਬਾਹਰਮੁਖੀ ਜਗਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ ਅਤੇ ਕਿਤੇ ਕਿਤੇ ਕਲਾ ਦੇ ਜੌਹਰ ਵੀ ਦਿਖਾਏ ਹਨ। ਪਰ ਬਾਹਰਮੁਖੀ ਅਤੇ ਅੰਤਰਮੁਖੀ ਜਗਤ ਦਾ ਉਚ ਪੱਧਰੀ ਤੇ ਕਲਾ ਨਾਲ ਲਬਾ-ਲਬ ਭਰਪੂਰ ਰਸਿਕ-ਸੁਮੇਲ ਅਜੇ ਤੱਕ ਨਹੀਂ ਕੀਤਾ ਗਿਆ। ਖੱਬੇਪੱਖੀ ਸੰਸਾਰ ਦੀ ਦੂਰ-ਦੂਰ ਤੱਕ ਜਾਂਦੀ ਛਾਂ ਹੇਠ ਮਿਲੀ ਨੀਂਦਰ ਨੇ ਕਿਸੇ ਨਾ ਕਿਸੇ ਰੂਪ ਵਿਚ ਪੰਜਾਬੀ ਲੇਖਕਾਂ ਨੂੰ ਅੰਦਰ ਵੱਲ ਜਾਣ ਤੋਂ ਡੱਕੀ ਹੀ ਰੱਖਿਆ ਹੈ।
‘ਮਾਇਆ’ ਨਾਵਲ ਸੰਘਣੇ ਜਜ਼ਬਿਆਂ ਦਾ ਉਦਾਸ ਸੰਗੀਤ ਹੈ, ਜਿਸ ਵਿਚ ਨਾਇਕਾ ਦੁੱਖ ਤੇ ਪੀੜਾਂ ਮੱਲੇ ਰਾਹ ਨੂੰ ਦਾਰੂ ਸਾਬਤ ਕਰਦੀ ਹੋਈ ਓੜਕ ਨੂੰ ਜਿੱਤ ਦਾ ਪਰਚਮ ਲਹਿਰਾਉਂਦੀ ਹੈ। ਰੋਸ ਤੇ ਬਗ਼ਾਵਤ ਦੇ ਵੰਨ-ਸੁਵੰਨੇ ਰੂਪ ਚਿੱਤਰਕਾਰੀ ਦੇ ਹੁਨਰ ਰਾਹੀਂ ਹੀ ਪ੍ਰਗਟ ਹੁੰਦੇ ਹਨ ਜਾਂ ਦੂਜੇ ਲਫ਼ਜ਼ਾਂ ਵਿਚ ਤਸਵੀਰ ਹੀ ਭਾਸ਼ਾ ਬਣਦੀ ਹੈ। ਇੰਝ ਵੀ ਕਹਿ ਸਕਦੇ ਹਾਂ ਕਿ ਨਾਵਲ ਵਿਚ ਖ਼ਾਮੋਸ਼ ਬਗ਼ਾਵਤ ਨੂੰ ਜਥੇਬੰਦ ਕੀਤਾ ਗਿਆ ਹੈ। ਨਾਵਲ ਦਾ ਨਾਮ ‘ਮਾਇਆ’ ਹੈ ਅਤੇ ਨਾਇਕਾ ਦਾ ਨਾਮ ਵੀ ਉਹੀ ਹੈ।
ਨਾਵਲ ਕਿਸੇ ਵੀ ਸਿਧਾਂਤ ਤੋਂ ਆਜ਼ਾਦ ਵਿਚਰਦਾ ਹੈ। ਪਰ ਇੰਨੀ ਵੀ ਗੱਲ ਨਹੀਂ ਕਿ ਸਿਧਾਂਤ ਗੈਰਹਾਜ਼ਰ ਹਨ। ਲੱਭਣ ਲਈ ਤੁਹਾਨੂੰ ਜਜ਼ਬਿਆਂ ਦੇ ਡੂੰਘੇ ਸਮੁੰਦਰ ਵਿਚ ਚੁੱਭੀ ਮਾਰਨੀ ਪੈਂਦੀ ਹੈ। ਨਾਵਲ ਵਿਚ ਬਿਰਤਾਂਤ ਦੇ ਜਿਸ ਮਾਹੌਲ ਦੀ ਸਿਰਜਣਾ ਕੀਤੀ ਗਈ ਹੈ, ਉਸ ਵਿਚੋਂ ਲੇਖਿਕਾ ਸੁਰਿੰਦਰ ਨੀਰ ਆਪਣੀ ਦੋਹਰੀ ਮੈਂ (ਹਉ+ਮੈਂ) ਨੂੰ ਪਾਸੇ ਰੱਖ ਕੇ ਜਾਂ ਨੈਗੇਟ ਕਰਕੇ ਬਹੁਰੰਗੀਆਂ ਅਵਾਜ਼ਾਂ ਨੂੰ ਉਭਰਨ ਦਾ ਖੁੱਲ੍ਹਾ ਮੌਕਾ ਦਿੰਦੀ ਹੈ। ਇੰਨੀ ਦਰਿਆਦਿਲੀ ਤੁਹਾਨੂੰ ਹੋਰਨਾਂ ਥਾਵਾਂ ‘ਤੇ ਕਿਤੇ ਕਿਤੇ ਹੀ ਮਿਲੇਗੀ। ਨਾਵਲ ਵਿਚ ਹਰ ਇਕ ਪਾਤਰ ਨੂੰ ਅਤੇ ਇਥੋਂ ਤੱਕ ਕਿ ਕੁਦਰਤ ਦੀਆਂ ਤਾਕਤਾਂ ਨੂੰ ਆਪਣਾ ਆਪਣਾ ਹਿੱਸਾ ਮਿਲਦਾ ਹੈ – ਉਨ੍ਹਾਂ ਦੀ ਸਮਰੱਥਾ, ਸੋਝੀ ਤੇ ਯੋਗਤਾ ਮੁਤਾਬਕ। ਜਿੰਨਾ ਵੀ ਕਿਸੇ ਨੂੰ ਖਿੜਨਾ ਚਾਹੀਦਾ ਹੈ, ਓਨਾ ਹੀ ਉਹ ਖਿੜਦਾ ਹੈ, ਨਾ ਵੱਧ ਨਾ ਘੱਟ। ਨਾਵਲ ਦੀ ਨਾਇਕਾ ਕੋਲ ਚੀਜ਼ਾਂ, ਪਾਤਰਾਂ, ਘਟਨਾਵਾਂ ਅਤੇ ਵਰਤਾਰਿਆਂ ਉਤੇ ਆਪਣੀ ਰੌਸ਼ਨੀ ਸੁੱਟਣ ਦੀ ਅਥਾਹ ਤਾਕਤ ਹੈ। ਉਸ ਰੌਸ਼ਨੀ ਨਾਲ ਪਾਤਰ ਓਨਾ ਕੁ ਹੀ ਚਮਕਦੇ ਤੇ ਲਿਸ਼ਕਦੇ ਹਨ, ਜਿੰਨੀ ਲਿਸ਼ਕੋਰ ਉਨ੍ਹਾਂ ਦੇ ਅੰਦਰ ਮੌਜੂਦ ਹੈ। ਕਿਉਂਕਿ ਨਾਇਕਾ ਦੀ ਰੌਸ਼ਨੀ ਤੇਜ਼ ਹੈ, ਇਸ ਲਈ ਝੱਲ ਸਕਣ ਦੀ ਤਾਕਤ ਜਦੋਂ ਪਾਤਰਾਂ ਵਿਚ ਨਹੀਂ ਹੁੰਦੀ ਤਾਂ ਉਸ ਵਿਚੋਂ ਈਰਖਾ, ਸਾੜਾ ਅਤੇ ਦਵੈਸ਼ ਵਰਗੀਆਂ ਉਲਟ ਭਾਵਨਾਵਾਂ ਵੀ ਪੈਦਾ ਹੁੰਦੀਆਂ ਹਨ। ਸੁਧਾਰ ਕਰਨ ਵਿਚ ਨਾਇਕਾ ਦੀ ਕੋਈ ਖ਼ਾਸ ਰੁਚੀ ਨਹੀਂ। ਬੱਸ, ਉਹ ਪਾਤਰਾਂ ਦੇ ਅੰਦਰ ਪਾਤਾਲ ਤੱਕ ਲੁਕਿਆ ਚੰਗਾ-ਮੰਦਾ ਬਾਹਰ ਕੱਢਣ ਵਿਚ ਜਿਵੇਂ ਸਫ਼ਲਤਾ ਹਾਸਲ ਕਰਦੀ ਹੈ, ਉਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਆਪਣੇ ਤਰਕ ਦੇ ਭੇਦ ਅਤੇ ਡੂੰਘੀਆਂ ਰਮਜ਼ਾਂ, ਜਜ਼ਬਿਆਂ ਦੇ ਸਰਸਬਜ਼ ਚਸ਼ਮਿਆਂ ਵਿਚੋਂ ਹੀ ਲੱਭਦੀ ਹੈ। ਕੋਈ ਵੀ ਵਿਅਕਤੀ ਸਵਾਲ ਕਰ ਸਕਦਾ ਹੈ ਕਿ ਉਹ ਕਿਹੜੀ ਜੁਗਤ ਸੀ ਜਿਸ ਨਾਲ ਨਾਵਲ ਵਿਚ ਤਰਕ ਤੇ ਜਜ਼ਬਿਆਂ ਵਿਚਕਾਰ ਰਿਸ਼ਤਿਆਂ ਦੀ ਸਦੀਵੀ-ਦੁਸ਼ਮਣੀ ਨੂੰ ਸਦੀਵੀ-ਸਾਂਝ ਵਿਚ ਬਦਲ ਦਿੱਤਾ ਗਿਆ।
ਕੰਡਿਆਲੇ ਰਾਹਾਂ ‘ਤੇ ਤੁਰਦਿਆਂ ਮਾਇਆ ਦਾ ਸੰਘਰਸ਼ ਇਕ ਤਰ੍ਹਾਂ ਨਾਲ ਇਕੱਲੀ ਜਾਨ ਦਾ ਹੀ ਸੰਘਰਸ਼ ਹੈ। ਬਿਨਾਂ ਸ਼ੱਕ ਇਸ ਬਿਖੜੇ ਪੈਂਡੇ ‘ਤੇ ਹੋਰ ਲੋਕ ਵੀ ਸਹਾਰਾ ਬਣਦੇ ਹਨ, ਪਰ ਹਰ ਕਿਸੇ ਵਿਚ ਆਪਣੇ ਮਤਲਬ ਦੇ ਰਿਸ਼ਤੇ ਤੋਂ ਇਕ ਕਦਮ ਵੀ ਅਗਾਂਹ ਪੁੱਟਣ ਦੀ ਤਾਕਤ ਤੇ ਹੌਸਲਾ ਨਹੀਂ। ਸਵਾਰਥਾਂ ਤੋਂ ਰਹਿਤ ਵੀ ਕੁਝ ਪਾਤਰ ਮਿਲਦੇ ਜ਼ਰੂਰ ਹਨ, ਪਰ ਉਨ੍ਹਾਂ ਦੇ ਅੰਦਰ ਸਵਾਰਥ ਰਹਿਤ ਸਮੱਗਰੀ ਦੀ ਸੀਮਾ ਉਨ੍ਹਾਂ ਨੂੰ ਬਹੁਤੀ ਦੂਰ ਤੱਕ ਨਹੀਂ ਜਾਣ ਦਿੰਦੀ। ਗੱਲ ਕੀ ‘ਓੜਕ ਨਿਭਹੀ ਪ੍ਰੀਤ’ ਵਾਲਾ ਇਕ ਵੀ ਹਮਸਫ਼ਰ ਨਹੀਂ। ਰੋਮ-ਰੋਮ ਵਿਚ ਵਸੀ ਪੀੜਾ ਵਾਲੇ ਚਿੱਤਰਕਾਰ ਵਾਨ ਗੌਗ ਨਾਲ ਉਸਦੇ ਰਿਸ਼ਤੇ ਦੀ ਸਾਂਝ ਬਸ ਇੰਨੀ ਕੁ ਹੀ ਹੈ ਕਿ ਦੋਵਾਂ ਦੇ ਦੁੱਖਾਂ ਦੀ ਪੰਡ ਇਕੋ ਜਿੰਨੀ ਵੱਡੀ ਤੇ ਭਾਰੀ ਹੈ ਅਤੇ ਦੋਵੇਂ ਰੂਹ ਦੇ ਜ਼ੋਰ ਨਾਲ ਜਿਊਣ ਵਾਲੇ ਲੋਕਾਂ ਦੇ ਦੁੱਖ ਵੰਡਾਉਣ ਵਾਲੇ ਹਨ, ਪਰ ਜਿਥੇ ਵਾਨ ਗੌਗ ਖੁਦਕੁਸ਼ੀ ਕਰਕੇ ਖੇਡ ਨੂੰ ਅਧੂਰੀ ਛੱਡ ਜਾਂਦਾ ਹੈ, ਉਥੇ ਮਾਇਆ ਖੇਡ ਨੂੰ ਤੋੜ ਤੱਕ ਖੜਨ ਵਿਚ ਕਾਮਯਾਬ ਰਹਿੰਦੀ ਹੈ। ਇੰਝ ਜ਼ਿੰਦਗੀ ਦੀ ਸ਼ਾਨ ਦਾ ਝੰਡਾ ਟੀਸੀ ‘ਤੇ ਗੱਡਿਆ ਜਾਂਦਾ ਹੈ। ਹੋ ਸਕਦਾ ਹੈ ਵਾਨ ਗੌਗ ਵਾਲੇ ਪਾਸੇ ਜਾਣ ਤੋਂ ਵਰਜਣ ਵਿਚ ਅਚੇਤ ਵਿਚ ਜਾਂ ਵਿਰਸੇ ਵਿਚ ਸਿੱਖੀ ਮਾਹੌਲ ਵਿਚੋਂ ਮਿਲੀ ਕੋਈ ਤਾਕਤ ਆਪਣਾ ਰੋਲ ਅਦਾ ਕਰ ਰਹੀ ਹੋਵੇ। ਵੈਸੇ ਇਕ ਹੱਦ ਤੱਕ ਹਰਮਨ ਹੈੱਸ ਦੇ ਨਾਵਲ ‘ਸਿਧਾਰਥ’ ਵਿਚ ਵੀ ਸਿਧਾਰਥ ਦਾ ਸੰਘਰਸ਼ ਮਾਇਆ ਵਾਂਗ ਹੈ, ਕਿਉਂਕਿ ਸਿਧਾਰਥ ਮਾਇਆ ਵਾਂਗ ਹੀ ਸੰਪੂਰਨਤਾ ਦੀ ਮੰਜ਼ਿਲ ਨੂੰ ਪਹੁੰਚਦਾ ਹੈ ਪਰ ਫ਼ਰਕ ਇੰਨਾ ਹੈ ਕਿ ਸਿਧਾਰਥ ਨੂੰ ਮਾਇਆ ਜਿੰਨੇ ਵਿੰਗ-ਤੜਿੰਗੇ ਮੋੜਾਂ ਵਿਚੋਂ ਨਹੀਂ ਗੁਜ਼ਰਨਾ ਪੈਂਦਾ। ਇਕ ਵੱਡਾ ਫ਼ਰਕ ਇਹ ਵੀ ਹੈ ਕਿ ਸਿਧਾਰਥ ਮਰਦ ਹੈ ਅਤੇ ਉਸ ਕੋਲ ਖੁੱਲ੍ਹਾਂ ਤੇ ਅਜ਼ਾਦੀਆਂ ਕੁਝ ਵਧੇਰੇ ਹਨ, ਜਦ ਕਿ ਮਾਇਆ ਔਰਤ ਹੈ ਜਿਸ ਨੂੰ ਸੰਭਲ ਸੰਭਲ ਕੇ ਆਪਣੇ ਰਾਹ ਬਣਾਉਣੇ ਪੈਂਦੇ ਹਨ। ਦੋਵਾਂ ਵਿਚ ਸਭ ਤੋਂ ਵੱਡੀ ਸਾਂਝ ਇਹ ਵੀ ਹੈ ਕਿ ਦੋਵਾਂ ਦੀ ਨਜ਼ਰ ਦਾ ਰਿਸ਼ਤਾ ਆਖ਼ਰ ਤੱਕ ਅਸਮਾਨ ਤੇ ਧਰਤੀ ਦੋਵਾਂ ਨਾਲ ਹੀ ਬਣਿਆ ਰਹਿੰਦਾ ਹੈ।
704 ਸਫ਼ਿਆਂ ਵਿਚ ਫੈਲੇ ਇਸ ਵੱਡ ਅਕਾਰੀ ਨਾਵਲ ਦੀ ਸੰਖੇਪ ਕਹਾਣੀ ਕੁਝ ਇਸ ਤਰ੍ਹਾਂ ਚਲਦੀ ਹੈ। ਚਿੱਤਰਕਾਰੀ ਦੇ ਸ਼ੌਕ ਨੂੰ ਜਨੂੰਨ ਦੀ ਹੱਦ ਤੱਕ ਲੈ ਜਾਣ ਵਾਲੀ ਇਕ ਕਸ਼ਮੀਰਨ ਕੁੜੀ ਬਿੱਲੀ ਉਰਫ਼ ਬਲਬੀਰ ਕੌਰ (ਮਗਰੋਂ ਉਸ ਦਾ ਨਾਮ ਮਾਇਆ) ਆਪਣੇ ਵਿਆਹ ਦੀ ਰਸਮ ਤੋਂ ਇਕ ਮਹੀਨਾ ਪਹਿਲਾਂ ਚੋਰੀ-ਚੋਰੀ ਘਰੋਂ ਨਿਕਲ ਜਾਂਦੀ ਹੈ ਅਤੇ ਜਿਸ ਸਹੇਲੀ ਦੇ ਘਰ ਸ਼ਰਨ ਲੈਂਦੀ ਹੈ, ਉਥੇ ਉਸ ਨਾਲ ਬਲਾਤਕਾਰ ਹੁੰਦਾ ਹੈ। ਇਸ ਭਿਆਨਕ ਸਦਮੇ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਇਹ ਕੁੜੀ ਚੰਡੀਗੜ੍ਹ ਵਿਚ ਇਕ ਕਲਾਕਾਰ ਸਮੀਰ ਦਾ ਸਹਾਰਾ ਲੈਂਦੀ ਹੈ। ਇਹ ਸਹਾਰਾ ਉਸ ਨੂੰ ਰਾਹਤ ਦਿੰਦਾ ਹੈ ਪਰ ਇਹ ਕਲਾਕਾਰ ਜਿਸਮ ਤੋਂ ਜਿਸਮ ਤੱਕ ਦੇ ਸਫ਼ਰ ਤੱਕ ਹੀ ਸੀਮਤ ਹੈ। ਮਾਇਆ ਉਸਦੀ ਇਸ ਲਾਲਸਾ ਨੂੰ ਦਲੇਰੀ ਨਾਲ ਰੱਦ ਕਰ ਦਿੰਦੀ ਹੈ ਪਰ ਆਰਥਿਕ ਤੰਗੀਆਂ ਵਿਚ ਵੀ ਬੁਰੀ ਤਰ੍ਹਾਂ ਘਿਰ ਜਾਂਦੀ ਹੈ। ਮੁਸ਼ਕਿਲ ਦੀ ਇਸ ਘੜੀ ਵਿਚ ਕਲਾ ਦਾ ਇਕ ਕਦਰਦਾਨ ਅਤੇ ਕਿਸੇ ਅਖ਼ਬਾਰ ਦਾ ਐਡੀਟਰ ਸ਼ਿਵ ਮੈਨਨ ਉਸਦੀ ਬਾਂਹ ਫੜਦਾ ਹੈ, ਜਿਸ ਨੇ ਕਿਸੇ ਸਮੇਂ ਉਸ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਮਲਬੇ ਦਾ ਢੇਰ ਬਣੀ ਅਕਾਲ ਤਖ਼ਤ ਦੀ ਇਮਾਰਤ ਅਤੇ ਸੜ ਚੁੱਕੀ ਲਾਇਬ੍ਰੇਰੀ ਬਾਰੇ ਇਕ ਫਟੇ ਪੁਰਾਣੇ ਕੈਲੰਡਰ ਦੇ ਖਾਲੀ ਪਾਸੇ ਉਤੇ ਮਲਬੇ ਵਿਚੋਂ ਹੀ ਲਏ ਇਕ ਕੋਇਲੇ ਨਾਲ ਤਸਵੀਰ ਬਣਾਉਂਦੇ ਵੇਖਿਆ ਸੀ। ਪਰ ਇਹ ਸ਼ਿਵ ਮੈਨਨ ਅਮਰੀਕਾ ਦੇ ਇਕ ਬਹੁਤ ਹੀ ਅਮੀਰ ਅਤੇ ਉੱਘੇ ਵਪਾਰੀ ਈਵਾਨ ਬੋਇਸਕੀ ਵਰਗਾ ਹੀ ਸੀ ਜਿਸਦੀ ਵਪਾਰਕ ਬਿਰਤੀ ਦੀਆਂ ਬਾਹਾਂ ਇੰਨੀਆਂ ਲੰਮੀਆਂ ਸਨ ਕਿ ਉਹ ਕੁਦਰਤ ਦੇ ਹਸੀਨ ਤੋਹਫ਼ਿਆਂ ਦਾ ਵੀ ਵਪਾਰ ਕਰਨ ਦਾ ਇੱਛੁਕ ਸੀ। ਉਸਦੇ ਲਹੂ ਵਿਚ ਵਸਿਆ ਤਜਾਰਤੀ ਸੁਭਾਅ ਇਕ ਦਿਨ ਆਪਣੀ ਪਤਨੀ ਨੂੰ ਇੰਝ ਕਹਿੰਦਾ ਹੈ : ‘ਇਹ ਜਿਹੜਾ ਸੋਹਣਾ ਚੰਦ ਆਪਾਂ ਆਸਮਾਨ ਵਿਚ ਦੇਖ ਰਹੇ ਹਾਂ, ਇਸਦੇ ਸੁਹੱਪਣ ਦਾ ਵੀ ਕੀ ਫਾਇਦਾ ਹੋਇਆ ਜੇ ਆਪਾਂ ਇਸ ਨੂੰ ਖਰੀਦ ਹੀ ਨਹੀਂ ਸਕਦੇ ਜਾਂ ਵੇਚ ਹੀ ਨਹੀਂ ਸਕਦੇ।” ਪਰ ਇਹ ਸ਼ਿਵ ਮੈਨਨ ਵੀ ਵਪਾਰੀ ਹੋਣ ਦੇ ਬਾਵਜੂਦ ਮਾਇਆ ਪ੍ਰਤੀ ਇਮਾਨਦਾਰ ਜ਼ਰੂਰ ਹੈ। ਚਿੱਤਰਕਾਰੀ ਵਿਚ ਮਿਲੀ ਪ੍ਰਸਿੱਧੀ ਮਾਇਆ ਨੂੰ ਅਮਰੀਕਾ ਦੀ ਧਰਤੀ ‘ਤੇ ਲੈ ਜਾਂਦੀ ਹੈ, ਜਿਥੇ ਉਸਦਾ ਮੇਲ ਸੰਸਾਰ ਪ੍ਰਸਿੱਧ ਕਲਾਕਾਰਾਂ ਤੇ ਚੰਗੇ ਬੰਦਿਆਂ ਨਾਲ ਹੁੰਦਾ ਹੈ। ਇਥੇ ਉਸ ਨੂੰ ਪੁਰਾਣੀ ਮੁਹੱਬਤ ਦੀ ਯਾਦ ਵੀ ਸਤਾਉਾਂਦੀ ੈ। 84 ਵਿਚ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦਾ ਜ਼ਿਕਰ ਵੀ ਆਉਾਂਦਾ ੈ। ਓੜਕ ਹਿਮਾਚਲ ਦੀ ਧਰਤੀ ‘ਤੇ ਮਿੱਟੀ ਦੇ ਬਰਤਨ ਬਣਾਉਣ ਵਾਲਾ ਇਕ ਘੁਮਿਆਰ ਅਤੇ ਉਸਦੀ ਪਤਨੀ ਉਸਨੂੰ ਆਪਣੇ ਤੋਂ ਵੀ ਕਿਤੇ ਵੱਡੇ ਕਲਾਕਾਰ ਲੱਗਦੇ ਹਨ। ਇਹ ਉਸਦੇ ਸਫ਼ਰ ਦਾ ਆਖ਼ਰੀ ਪੜਾਅ ਹੈ, ਜੋ ਨਜ਼ਰ ਆਉਾਂਦਾ ੈ। ਉਸ ਤੋਂ ਪਿੱਛੋਂ ਉਹ ਨਜ਼ਰਾਂ ਤੋਂ ਓਹਲੇ ਹੋ ਕੇ ਅਣਦੱਸੀਆਂ ਧਰਤੀਆਂ ਵੱਲ ਚਲੇ ਜਾਂਦੀ ਹੈ।
ਮਾਇਆ ਦੀ ਉਦਾਸੀ ਅੰਨਾ ਕਾਰੇਨਾਨਾ, ਮਾਦਾਮ ਬਾਵਾਰੀ ਅਤੇ ਮਾਰਲਿਨ ਮੁਨਰੋ ਨਾਲੋਂ ਵੱਖਰੀ ਹੈ – ਉੱਚੇ ਰੁਤਬੇ ਦੇ ਪੱਖੋਂ ਵੀ ਅਤੇ ਕੁਆਲਿਟੀ ਦੇ ਪਹਿਲੂ ਤੋਂ ਵੀ; ਕਿਉਂਕਿ ਇਹਨਾਂ ਵਿਚ ਅੰਦਰ ਦੀ ਭਟਕਣਾ ਵਿਚ ਜਿਊਣ ਦੀ ਉਮੀਦ ਅਧਵਾਟੇ ਹੀ ਦਮ ਤੋੜ ਦਿੰਦੀ ਹੈ। ਪਰ ਮਾਇਆ ਭਟਕਣਾ ਨੂੰ ਨਾ ਕੇਵਲ ਨਿਰਮਲ ਤੇ ਸ਼ੁੱਧ (ਪਵਿੱਤਰ ਨਹੀਂ) ਬਣਾਉਾਂਦੀ ੈ ਸਗੋਂ ਇਹ ਉਸ ਲਈ ਤਾਕਤ ਦਾ ਸਰੋਤ ਵੀ ਬਣਦੀ ਹੈ। ‘ਮੜ੍ਹੀ ਦਾ ਦੀਵਾ’ ਨਾਵਲ ਵਿਚ ਵੀ ਜੋ ਗੁਰਦਿਆਲ ਸਿੰਘ ਦਾ ਪਹਿਲਾ ਤੇ ਰੁਤਬੇ ਦੇ ਪੱਖੋਂ ਅਖ਼ੀਰਲਾ ਨਾਵਲ ਹੀ ਕਿਹਾ ਜਾਣਾ ਚਾਹੀਦਾ ਹੈ, ਉਸ ਵਿਚ ਵੀ ਭਾਵੇਂ ਜਗਸੀਰ ਦਾ ਸੰਘਰਸ਼ ਅੰਦਰ ਤੇ ਬਾਹਰ ਦੋਵਾਂ ਪਾਸਿਆਂ ਤੋਂ ਜਿਵੇਂ ਚਲਦਾ ਹੈ, ਉਹ ਪੰਜਾਬੀ ਨਾਵਲ ਦਾ ਸ਼ਾਨਾਮੱਤਾ ਹਾਸਲ ਹੈ, ਪਰ ਉਸ ਸੰਘਰਸ਼ ਵਿਚੋਂ ਪੈਦਾ ਹੋਈ ਉਦਾਸੀ ਓਨੀ ਦਿਲਦਾਰ ਤੇ ਜਾਨਦਾਰ ਨਹੀਂ ਬਣਦੀ, ਜਿੰਨੀ ਮਾਇਆ ਨਾਵਲ ਵਿਚ ਨਾਇਕਾ ਮਾਇਆ ਬਣਾ ਦਿੰਦੀ ਹੈ। ਇਸਦਾ ਇਕ ਕਾਰਨ ਸ਼ਾਇਦ ਇਹ ਵੀ ਹੈ ਕਿ ਜਿਥੇ ਮਾਇਆ ਵਿਚ ਮਾਇਆ ਅਸੀਮ ਵੱਲ ਜਾਣ ਦੀ ਤਾਂਘ ਨੂੰ ਲਗਾਤਾਰ ਜਗਾ-ਮਘਾ ਕੇ ਰੱਖਦੀ ਹੈ ਅਤੇ ਆਪਣੇ ਸਾਥੀਆਂ ਬਾਰੇ ਬਿਨਾਂ ਕਿਸੇ ਸ਼ਿਕਾਇਤ ਤੋਂ ਬਣਦਾ ਸਤਿਕਾਰ ਰੱਖਦੀ ਹੋਈ ਪਰ ਆਪਣੇ ਦਿਲ ਵਿਚ ਨੇਤੀ-ਨੇਤੀ (ਇਹ ਵੀ ਨਹੀਂ, ਇਹ ਵੀ ਨਹੀਂ) ਕਹਿ ਕੇ ਉਹਨਾਂ ਤੋਂ ਦੂਰੀ ਬਣਾਉਾਂਦੀ ੋਈ ਕਿਸੇ ਅਣਦਿਸਦੀ ਮੰਜ਼ਿਲ ਵੱਲ ਤੁਰੀ ਜਾ ਰਹੀ ਹੈ, ਉਥੇ ਜਗਸੀਰ ਸਥਾਨਕ ਘੇਰਿਆਂ ਵਿਚੋਂ ਬਾਹਰ ਹੀ ਨਹੀਂ ਨਿਕਲ ਸਕਦਾ। ਉਹ ਭਾਵੇਂ ਖੁਦਕੁਸ਼ੀ ਦੇ ਰਾਹ ਨਹੀਂ ਪੈਂਦਾ ਪਰ ਪੀੜਾਂ ਦੀ ਵੱਡੀ ਭਾਰੀ ਪੰਡ ਹੇਠ ਹੀ ਦੱਬ ਕੇ ਸੰਸਾਰ ਨੂੰ ਅਲਵਿਦਾ ਕਹਿ ਦਿੰਦਾ ਹੈ।
ਫਿਲਾਸਫਰ ਅਰਸਤੂ ਦੇ ਇਸ ਮਹਾਨ ਕਥਨ ਵਿਚ ਵੀ ਮਾਇਆ ਦੀ ਉਦਾਸੀ ਦਾ ਰਾਜ਼ ਲੱਭਦਾ ਹੈ ਜਦੋਂ ਉਹ ਇਹ ਕਹਿੰਦਾ ਹੈ ਕਿ ‘ਸਾਰੇ ਉਤਮ ਇਨਸਾਨ ਉਦਾਸੀ ਦੇ ਆਲਮ ਵਿਚ ਇਸ ਕਰਕੇ ਨਹੀਂ ਡੁੱਬਦੇ ਕਿ ਜਜ਼ਬਿਆਂ ਦਾ ਭਾਰ ਉਹਨਾਂ ਨੂੰ ਕੁਚਲ ਕੇ ਰੱਖ ਦਿੰਦਾ ਹੈ, ਸਗੋਂ ਇਸ ਕਰਕੇ ਵੀ ਕਿ ਮਾਨਵਤਾ ਦੀ ਸਾਂਝੀ ਪੀੜ੍ਹ ਵੀ ਉਨ੍ਹਾਂ ਨੂੰ ਸਤਾਉਂਦੀ ਹੈ ਰਲਾਉਂਦੀ ਰਹਿੰਦੀ ਹੈ।” ਉਂਝ ਨਾਵਲ ਵਿਚ ਉਦਾਸੀ ਦੇ ਕਈ ਫਿੱਕੇ ਤੇ ਗੂੜ੍ਹੇ ਰੰਗ ਮਿਲਣਗੇ, ਪਰ ਇਕ ਗੱਲ ਸਪੱਸ਼ਟ ਹੈ ਕਿ ਨਾਵਲ ਵਿਚ ਉਦਾਸੀ ਦੇ ਵਿਕਾਸ ਦਾ ਗਰਾਫ਼ ‘ਅਗਾਂਹ ਕੁ ਤ੍ਰਾਂਘ’ ਵੱਲ ਹੀ ਸਫ਼ਰ ਕਰਦਾ ਕਿਸੇ ਮਹਾਨ ਉਦਾਸੀ ਵਿਚ ਜਜ਼ਬ ਹੋ ਜਾਂਦਾ ਹੈ। ਇਸ ਨਾਵਲ ਵਿਚ ਉਦਾਸੀ ਦੇ ਸੰਕਲਪ ਤੇ ਇਸਦੀ ਮਹੱਤਤਾ ਤੇ ਮਰਤਬੇ ਬਾਰੇ ਮਨੋਵਿਗਿਆਨਕ ਤੇ ਦਾਰਸ਼ਨਿਕ ਪੱਖਾਂ ਤੋਂ ਵੀ ਵਿਚਾਰ ਦੀ ਸੰਭਾਵਨਾ ਬਣੀ ਹੋਈ ਹੈ।
ਇਹ ਠੀਕ ਹੈ ਕਿ ਪੱਛਮ ਨੇ ਉਪਰੋਕਤ ਔਰਤਾਂ ਦੀ ਖ਼ੁਦਕੁਸ਼ੀ ਨੂੰ ਆਪਣੀ ਵਿਦਵਤਾ ਦੇ ਜ਼ੋਰ ਉੱਚੀਆਂ ਤੇ ਸੁੱਚੀਆਂ ਸ਼ਾਨਾਂ ਨਾਲ ਸ਼ਿੰਗਾਰਿਆ ਹੈ ਅਤੇ ਇਕ ਤਰ੍ਹਾਂ ਨਾਲ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਖ਼ੁਦਕੁਸ਼ੀ ਦੇ ਰਸਤੇ ਤੋਂ ਬਚਣ ਦਾ ਹੋਰ ਕੋਈ ਚਾਰਾ ਹੀ ਨਹੀਂ ਸੀ। ਉਹ ਇਨ੍ਹਾਂ ਔਰਤਾਂ ਦੇ ਦੁੱਖ ਅਤੇ ਇੰਤਹਾ ਤੱਕ ਪਹੁੰਚੀ ਪੀੜਾ ਨੂੰ ਜਦੋਂ ਸ਼ਬਦ ਦਿੰਦੇ ਹਨ ਤਾਂ ਗ਼ਾਲਿਬ ਯਾਦ ਆ ਜਾਂਦਾ ਹੈ :
‘ਇਬਨੇ ਮਰੀਅਮ ਹੂਆ ਕਰੇ ਕੋਈ,
ਮਿਰੇ ਦੁੱਖ ਕੀ ਦੁਆ ਕਰੇ ਕੋਈ।
ਅਰਥਾਤ ਸੁਣਦੇ ਹਾਂ ਕਿ ਮਰੀਅਮ ਦਾ ਪੁੱਤਰ ਯਸੂ ਮਸੀਹ ਸਭ ਬਿਮਾਰੀਆਂ ਦਾ ਇਲਾਜ ਕਰਦਾ ਹੈ। ਪਰ ਕੋਈ ਹੈ ਜੋ ਮੇਰੇ ਦੁੱਖ ਦਾ ਇਲਾਜ ਕਰਕੇ ਵਿਖਾਵੇ? ਅਸਲ ਵਿਚ ਇੰਨਾ ਵੱਡਾ ਚੈਲਿੰਜ ਸੁੱਟਣ ਵਿਚ ਇਹ ਅੰਨ੍ਹਾ ਤੇ ਤਰਕਹੀਣ ਵਿਸ਼ਵਾਸ਼ ਛੁਪਿਆ ਪਿਆ ਹੈ ਕਿ ਉਨ੍ਹਾਂ ਦੇ ਦੁੱਖਾਂ ਦਾ ਹੋਰ ਕੋਈ ਇਲਾਜ ਹੀ ਨਹੀਂ ਸੀ ਸਿਵਾਏ ਖ਼ੁਦਕੁਸ਼ੀ ਤੋਂ। ਅਸਲ ਵਿਚ ਇਹੋ ਜਿਹੀਆਂ ਔਰਤਾਂ ਆਪਣੀ ਮਰਜ਼ੀ ਨਾਲ ਸਿਰਜੀ ਕਲਪਨਾ ਦੇ ਹਥਿਆਰ ਨਾਲ ਹੀ ਯਥਾਰਥ ਨਾਲ ਜੰਗ ਲੜ ਰਹੀਆਂ ਸਨ। ਕਲਪਨਾ ਤੇ ਯਥਾਰਥ ਵਿਚਲੀ ਕਦੇ ਵੀ ਨਾ ਮਿਟਣ ਵਾਲੀ ਸਦੀਵੀ ਦੂਰੀ ਨੂੰ ਉਹ ਆਪਣੀ ਖ਼ੁਦਕੁਸ਼ੀ ਨਾਲ ਖ਼ਤਮ ਕਰਕੇ ਹੀ ਇਹ ਜੰਗ ਜਿੱਤਣਾ ਚਾਹੁੰਦੀਆਂ ਹਨ। ਦੂਜੇ ਸ਼ਬਦਾਂ ਵਿਚ ਉਹ ਪਹਾੜ ਨੂੰ ਜੱਫਾ ਮਾਰਨਾ ਚਾਹੁੰਦੀਆਂ ਸਨ, ਪਰ ਨਹੀਂ ਸਨ ਜਾਣਦੀਆਂ ਕਿ ਉਹਨਾਂ ਦੀਆਂ ਬਾਹਾਂ ਪਹਾੜ ਨੂੰ ਕਲਾਵੇ ਵਿਚ ਲੈਣ ਦੇ ਅਸਮਰੱਥ ਹਨ। ਇਸ ਬੇਵੱਸ ਮਾਨਸਿਕਤਾ ਉਤੇ ਇਕ ਉਦਾਸ ਵਿਅੰਗ ਕਸਦਿਆਂ ਫਲਾਬੇਅਰ ਨੇ ਆਪਣੇ ਸੰਸਾਰ ਪ੍ਰਸਿੱਧ ਨਾਵਲ Ḕਮਾਦਾਮ ਬਾਵਾਰੀ’ ਵਿਚ ਕਿਹਾ ਸੀ ਕਿ ḔḔਅਸੀਂ ਰਿੱਛਾਂ ਨੂੰ ਨਚਾ ਕੇ ਸਿਤਾਰਿਆਂ ਨੂੰ ਛੂਹਣ ਦੀ ਤਾਂਘ ਰੱਖਦੇ ਹਾਂ।”
ਕੀ ਮਾਇਆ ਨੂੰ ‘ਆਊਟਸਾਈਡਰ’ ਦੇ ਵਰਗ ਵਿਚ ਥਾਂ ਦਿੱਤੀ ਜਾ ਸਕਦੀ ਹੈ? ਇਸ ਦਾ ਜਵਾਬ ਹਾਂ ਤੇ ਨਾਂਹ ਦੋਵਾਂ ਵਿਚ ਹੀ ਦਿੱਤਾ ਜਾ ਸਕਦਾ ਹੈ। ਇਸ ਵਰਤਾਰੇ ਨੂੰ ਭੱਠੀ ਵਿਚ ਭੁੰਨੇ ਜਾ ਰਹੇ ਮੱਕੀ ਦੇ ਉਹਨਾਂ ਦਾਣਿਆਂ ਨਾਲ ਤਸ਼ਬੀਹ ਦਿੱਤੀ ਜਾ ਸਕਦੀ ਹੈ, ਜੋ ਭੱਠੀ ਦੀਆਂ ਵਲਗਣਾਂ ਵਿਚੋਂ ਉੱਛਲ ਕੇ ਬਾਹਰ ਨਿਕਲ ਜਾਂਦੇ ਹਨ ਅਤੇ ਭੱਠੀ ਵਿਚ ਨਹੀਂ ਸਮਾਉਾਂਦੇ। ਮਾਇਆ ਦੇ ਮਜਾਜ ਵੀ ਕੁਝ ਇਸ ਤਰ੍ਹਾਂ ਦੇ ਹੀ ਹਨ। ਪਰ ਕੋਲਿਨ ਵਿਲਸਨ ਵਲੋਂ ਆਪਣੀ ਪੁਸਤਕ ‘ਦਾ ਆਊਟਸਾਈਡਰ’ ਵਿਚ ਦਿੱਤੀ ਪਰਿਭਾਸ਼ਾ ਮਾਇਆ ਉਤੇ ਪੂਰੀ ਤਰ੍ਹਾਂ ਨਹੀਂ ਢੁੱਕਦੀ। ਇਸ ਵਿਦਵਾਨ ਮੁਤਾਬਕ ਆਊਟਸਾਈਡਰ ਕੁਝ ਇਸ ਤਰ੍ਹਾਂ ਦਾ ਬਾਗੀ ਹੁੰਦਾ ਹੈ ਜੋ ਇਕ ‘ਇਨਕਲਾਬੀ ਨਾਂਹ’ ਵਿਚ ਆਪਣੀ ਅਸਹਿਮਤੀ ਜਿਤਾਉਂਦਾ ਹੈ। ਜੇ ਦ੍ਰਿੜ੍ਹ ਇਰਾਦੇ ਦੇ ਨੁਕਤਾ ਨਿਗਾਹ ਤੋਂ ਗੱਲ ਕਰਨੀ ਹੋਵੇ ਤਾਂ ਆਊਟਸਾਈਡਰ ਤੇ ਮਾਇਆ ਵਿਚ ਵੱਡੀ ਸਾਂਝ ਹੈ। ਪਰ ਜਿਥੇ ਆਊਟਸਾਈਡਰ ਆਪਣੀ ਨਾਂਹ ਕਰਨ ਦੀ ਪ੍ਰੇਰਨਾ ਬਾਹਰਲੇ ਪਾਸੇ ਤੋਂ ਲੈਂਦਾ ਹੈ, ਉਥੇ ਮਾਇਆ ਇਹ ਸੌਗਾਤ ਅੰਦਰ ਵੱਲ ਮੁੜ ਕੇ ਹਾਸਲ ਕਰਦੀ ਹੈ। ਪਹਿਲੇ ਵਿਚ ਅਮੋੜ ਖਿੱਝ ਤੇ ਗੁੱਸੇ ਦਾ ਹਿੱਸਾ ਕੁਝ ਜ਼ਿਆਦਾ ਹੀ ਹੈ, ਜਦਕਿ ਦੂਜੇ ਵਿਚ ਸਹਿਜ ਦੀ ਰੌਸ਼ਨੀ ਹੈ।
ਮਾਇਆ ਦੇ ਰਾਹ ਤੇ ਮੰਜ਼ਿਲ ਹੋਰਨਾਂ ਪਾਤਰਾਂ ਨਾਲੋਂ ਵੱਖਰੇ ਹਨ ਅਤੇ ਇਨ੍ਹਾਂ ਰਾਹਾਂ ‘ਤੇ ਤੁਰਦਿਆਂ ਉਹ ਇਕਲਾਪੇ ਦੇ ਪਲਾਂ ਵਿਚ ਮਾਯੂਸ ਹੋ ਕੇ ਵੀ ਲੰਮਾ ਚਿਰ ਮਾਯੂਸ ਨਹੀਂ ਰਹਿੰਦੀ। ਸਗੋਂ ਕਈ ਵਾਰ ਤਾਂ ਉਹ ਇਸਦਾ ਜਸ਼ਨ ਵੀ ਮਨਾਉਂਦੀ ਹੈ। ਜਾਂ ਇਉਂ ਕਹੋ ਕਿ ਉਹ ਇਕਲਾਪੇ ਨੂੰ ਇਕ ਸੁਹਾਵਣੇ ਮੇਲੇ ਵਿਚ ਬਦਲ ਦਿੰਦੀ ਹੈ। ਜਦੋਂ ਉਸਦੇ ਬਚਪਨ ਦਾ ਪ੍ਰੇਮੀ ਸਾਹਿਬਜੀਤ ਉਸ ਨੂੰ ਮੁੜ ਘਰ ਪਰਤਣ ਲਈ ਤਰਲਾ ਮਾਰਦਾ ਹੈ ਤਾਂ ਮਾਇਆ ਦੇ ਆਪਣੇ ਸ਼ਬਦ ਸੁਣਨ ਹੀ ਵਾਲੇ ਹਨ : ‘ਬਾਕੀ ਰਹੀ ਰਾਹਾਂ ਦੀ ਗੱਲ਼.. ਮੇਰੀਆਂ ਰਾਹਾਂ ਤਾਂ ਕਿਸੇ ਨਾਲ ਮਿਲਦੀਆਂ ਹੀ ਨਹੀਂ… ਮੈਂ ਹਵਾ ਹਾਂ.. ਬੱਸ ਇੰਨਾ ਹੀ ਹੋ ਜਾਣ ਦੇ ਕਿ ਤੇਰੇ ਕੋਲੋਂ ਦੀ ਛੂਹ ਕੇ ਗੁਜ਼ਰ ਜਾਵਾਂ।’ ਇਥੇ ਤੁਹਾਨੂੰ ਮਾਇਆ ਜ਼ਿੰਦਗੀ ਦੀ ਟਕਸਾਲ ਵਿਚ ਬਹੁਤ ਤਰਾਸ਼ੀ ਗਈ ਜਾਪਦੀ ਹੈ। ਵਿਗਿਆਨ ਦੀ ਮਹਿਮਾ ਕਰਦਿਆਂ ਆਇਨਸਟਨ ਦਾ ਇਹ ਕਥਨ ਜ਼ਿੰਦਗੀ ਦੀਆਂ ਸੱਚਾਈਆਂ ਦੇ ਵੀ ਕਿੰਨਾ ਕਰੀਬ ਹੈ ਕਿ ‘ਸਾਰਾ ਵਿਗਿਆਨ ਕੁਝ ਵੀ ਨਹੀਂ, ਬੱਸ ਕੁਝ ਇਸ ਤਰ੍ਹਾਂ ਦਾ ਹੈ ਕਿ ਸਾਡੀ ਹਰ ਰੋਜ਼ ਦੀ ਸੋਚ ਬਾਰੀਕ, ਅੱਤ ਬਾਰੀਕ ਹੁੰਦੀ ਜਾਂਦੀ ਹੈ”।
ਕੀ ਸੁਰਿੰਦਰ ਨੀਰ ਨੇ ਮਾਇਆ ਨੂੰ ਇਸ ਤਰ੍ਹਾਂ ਦਾ ਅਸਾਧਾਰਨ ਬਣਾ ਦਿੱਤਾ ਹੈ ਕਿ ਜ਼ਿੰਦਗੀ ਦੇ ਮੇਲੇ ਵਿਚ ਇਹੋ ਜਿਹੀ ਔਰਤ ਮਿਲੇਗੀ ਹੀ ਨਹੀਂ? ਕੀ ਉਸ ‘ਤੇ ਅਲੌਕਿਕ ਜਾਂ ਰਹੱਸਮਈ ਰੰਗ ਚਾੜ੍ਹ ਦਿੱਤੇ ਗਏ ਹਨ ਕਿ ਉਸਦੇ ਵਜੂਦ ਬਾਰੇ ਤਾਂ ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ? ਪਰ ਨਾਵਲ ਦੀ ਬਣਤਰ ਵਿਚ ਉਸਰੇ ਵਾਰਤਾਲਾਪ ਦੇ ਕਿਸੇ ਵੀ ਰੰਗ ਵਿਚ ਅਜਿਹਾ ਬਿਲਕੁਲ ਹੀ ਨਹੀਂ। ਉਹ ਸਾਧਾਰਨ ਬੰਦਿਆਂ ਵਾਂਗ ਰੋਂਦੀ, ਹੱਸਦੀ, ਉਦਾਸ ਤੇ ਮਾਯੂਸ ਹੁੰਦੀ ਹੈ। ਪਰ ਉਸਦੀ ਸਖ਼ਸ਼ੀਅਤ ਵਿਚ ਇਕ ਵੱਡਾ ਗੁਣ ਇਹ ਹੈ ਕਿ ਉਹ ਆਪਣੀ Ḕਸਹਿਜ ਮਾਸੂਮੀਅਤ’ ਨਾਲ ਸਾਧਾਰਨ ਨੂੰ ਅਸਾਧਾਰਨ ਬਣਾ ਦਿੰਦੀ ਹੈ ਅਤੇ ਇਸੇ ਜੁਗਤ ਨਾਲ ਜ਼ਿੰਦਗੀ ਵਿਚ ਸਥਾਪਤ ਹੋਏ ਜਾਂ ਸਥਾਪਤ ਮੰਨੇ ਜਾਂਦੇ ਅਸਾਧਾਰਨ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਆਪਣੀਆਂ ਨਜ਼ਰਾਂ ਵਿਚ ਹੀ ਸਾਧਾਰਨ ਬਣਾ ਦਿੰਦੀ ਹੈ। ਨਾਵਲ ਵਿਚ ਵਿਚਾਰ ਤੇ ਚਿੰਤਨ ਦੇ ਖੇਤਰ ਵਿਚ ਇਕ ਵੱਡਾ ਭੀਸ਼ਮ ਪਿਤਾਮਾ ਗੁਰੂ ਸਿਧਾਰਥ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ ਜੋ ਕਿਰਦਾਰ ਦੇ ਪੱਖੋਂ ਵੀ ਇਕ ਉਤਮ ਗੁਣਾਂ ਵਾਲਾ ਆਦਰਯੋਗ ਇਨਸਾਨ ਸਮਝਿਆ ਜਾਂਦਾ ਹੈ। ਉਹ ਵੀ ਮਾਇਆ ਦੇ ਸਹਿਜ ਨੂੰ ਅੰਦਰੋਂ-ਅੰਦਰੀਂ ਨਮੋ ਕਰਦਾ ਹੈ। ਮਾਇਆ ਉਸ ਤੋਂ ਪ੍ਰਭਾਵਿਤ ਹੁੰਦੀ ਹੈ, ਪਰ ਉਸ ਸਹਿਜ ਅਭਿਆਸ ਵਿਚੋਂ ਹਾਸਲ ਕੀਤੇ ਵਿਸ਼ਵਾਸ਼ ਸਦਕਾ ਉਸ ਮੰਜ਼ਿਲ ‘ਤੇ ਪਹੁੰਚ ਗਈ ਹੈ, ਜਿਥੇ ਉਸ ਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਗੁਰੂ ਸਿਧਾਰਥ ਟੀਸੀ ਦਾ ਬੇਰ ਨਹੀਂ ਬਣ ਸਕਦਾ। ਇਥੇ ਹੀ ਰਹਿੰਦਿਆਂ ਉਹ ਇਸ ਭੀਸ਼ਮ ਪਿਤਾਮੇ ਦੀ ਇਕ ਤਸਵੀਰ ਬਣਾਉਂਦੀ ਹੈ ਅਤੇ ਹੇਠਾਂ ਇਕੋ ਸ਼ਬਦ ਲਿਖਦੀ ਹੈ – ਅਪੂਰਨ। ਇਸ ਅਪੂਰਨ ਦੇ ਅਨੇਕ ਮੁਖੀ ਅਰਥ ਸਿਰਜੇ ਜਾ ਸਕਦੇ ਹਨ।
ਸਾਧਾਰਨ ਵਰਤਾਰਿਆਂ ਨੂੰ ਅਸਾਧਾਰਨ ਬਣਾਉਣ ਦੀ ਤਾਕਤ ਤੇ ਸਮਰੱਥਾ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਸਿਖ਼ਰ ਦਾ ਰੁਤਬਾ ਅਖ਼ਤਿਆਰ ਕਰਦੀ ਹੈ। ਪਰ ਉਹ ਅਸਾਧਾਰਨਤਾ ਵੀ ਤੁਹਾਨੂੰ ਕਿਸੇ ਹੋਰ ਵੱਡੀ ਅਸਾਧਾਰਨਤਾ ਦੀ ਰਸਭਿੰਨ੍ਹੀ ਕਨਸੋਅ ਦਿੱਤੇ ਤੋਂ ਬਿਨਾਂ ਹੀ ਖ਼ਤਮ ਹੋ ਜਾਂਦੀ ਹੈ। ਇਹੋ ਜਿਹੇ ਵੇਲੇ ਮਾਇਆ ਤੁਹਾਡਾ ਦਾਮਨ ਫੜ੍ਹਦੀ ਹੈ ਪਰ ਇਕੋ ਸਮੇਂ ਉੱਚਿਆਂ ਨਾਲ ਵੀ ਨਿਭਦੀ ਹੈ ਤੇ ਨੀਵਿਆਂ ਨਾਲ ਵੀ, ਪਰ ਉਸ ਨੂੰ ਲੱਗਦਾ ਹੈ ਜਿਵੇਂ ਨੀਵੇਂ ਸਮਝੇ ਜਾਂਦੇ ਇਕ ਪਾਤਰ ਸਾਂਵਲ ਘੁਮਿਆਰ ਤੇ ਉਸਦੀ ਪਤਨੀ ਮਾਈ ਉਤੇ ਕਾਦਰ ਦੀ ਨਦਰ ਬਾਕੀ ਸਭਨਾਂ ਨਾਲੋਂ ਕੁੱਝ ਵਧੇਰੇ ਹੈ।
ਇਕ ਸਾਧਾਰਨ ਤੇ ਆਮ ਔਰਤ ਵਾਂਗ ਵਿਚਰਣ ਦੀ ਦਰਦਨਾਕ ਮਿਸਾਲ ਉਸ ਸਮੇਂ ਮਿਲਦੀ ਹੈ ਜਦੋਂ ਮਾਇਆ ਇਕ ਦਿਨ ਘੋਰ ਉਦਾਸੀ ਦੇ ਪਲਾਂ ਵਿਚ ਅਤੇ ਸੋਚਾਂ ਵਿਚ ਗ਼ਮਗੀਨ ਚੰਡੀਗੜ੍ਹ ਦੀ ਸੜਕ ਉਤੇ ਪੈਦਲ ਤੁਰੀ ਜਾਂਦੀ ਹੈ ਕਿ ਉਸ ਨੂੰ ਕਿਸੇ ਸਮੇਂ ਸ਼ਰਨ ਦੇਣ ਵਾਲਾ ਕਲਾਕਾਰ ਸਮੀਰ ਕਾਰ ਵਿਚ ਸਵਾਰ ਚਾਰ ਮਨਚਲੇ ਨੌਜਵਾਨਾਂ ਸਮੇਤ ਕਾਰ ਨੂੰ ਮਾਇਆ ਦੇ ਬਰਾਬਰ ਕਰਕੇ ਬਦਲੇ ਦੀ ਭਾਵਨਾ ਨਾਲ ਕਮੀਨੀ ਕਿਸਮ ਦੇ ਵਿਅੰਗ ਕਸਦਾ ਹੈ ਅਤੇ ਸਾਰੀਆਂ ਸ਼ਰਮਾਂ ਲਾਹ ਕੇ ਉਸ ਦੇ ਦੁਪੱਟੇ ਨੂੰ ਖਿੱਚ ਲੈਂਦਾ ਹੈ ਅਤੇ ਉਸ ਸਮੇਂ ਬੇਬੱਸ, ਲਾਚਾਰ ਤੇ ਮਜਬੂਰ ਮਾਇਆ ਦੀ ਹਾਲਤ ਵੇਖ ਕੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਬਿਨ ਬੋਲਿਆਂ ਕੋਈ ਚੀਕ ਆਸਮਾਨ ਨੂੰ ਜਾ ਲੱਗੀ ਹੋਵੇ, ਜਿਸ ਵਿਚ ਉਲਾਂਭੇ ਹੀ ਉਲਾਂਭੇ ਭਰੇ ਹੋਣ। ਅਜਿਹੇ ਸਮੇਂ ਤੁਹਾਡੇ ਅੰਦਰ ਹੰਝੂਆਂ ਦੀ ਨਦੀ ਜੇ ਬਾਹਰ ਵੱਲ ਨੂੰ ਨਹੀਂ ਤਾਂ ਅੰਦਰ ਵੱਲ ਨੂੰ ਵਗਣ ਲੱਗ ਹੀ ਪੈਂਦੀ ਹੈ। ਕਿਸੇ ਤਰ੍ਹਾਂ ਆਪਣੇ ਕਮਰੇ ਵਿਚ ਪਹੁੰਚ ਕੇ ਉਹ ਸਾਧਾਰਨ, ਬੇਸਹਾਰਾ ਤੇ ਨਿਤਾਣਿਆਂ ਵਾਂਗ ਹੀ ਰੋਂਦੀ ਤੇ ਵਿਰਲਾਪ ਕਰਦੀ ਹੈ। ਨਾਵਲ ਦਾ ਕਮਾਲ ਇਹ ਹੈ ਕਿ ਉਹ ਸ਼ੀਹਣੀ ਬਣ ਕੇ, ਸਮੀਰ ਦੇ ਸਾਹਮਣੇ ਹਿੱਕ ਠੋਕ ਕੇ ਉਸਨੂੰ ਵੰਗਾਰਦੀ ਨਹੀਂ, ਜਿਵੇਂ ਕਿ ਕੁਝ ਤੱਤੇ ਆਲੋਚਕ ਇਹ ਮੰਗ ਕਰ ਸਕਦੇ ਹਨ, ਸਗੋਂ ਇਹ ਵੱਡਾ ਕੰਮ ਪਾਠਕਾਂ ਨੂੰ ਸੌਂਪ ਦਿੰਦੀ ਹੈ। ਇੰਝ ਫੈਸਲਾ ਕਰਨ ਬਾਰੇ ਬਹਿਸ ਤੇ ਜ਼ਿੰਮੇਵਾਰੀ ਪਾਠਕਾਂ ਦੀ ਮਹਿਫ਼ਲ ਵਿਚ ਆ ਜਾਂਦੀ ਹੈ।
ਆਲੋਚਕ ‘ਮਾਇਆ’ ਦੇ ਅੰਤਿਮ ਸਰੂਪ (ਜਾਂ ਅਮੂਰਤ?) ਉਤੇ ਚਰਚਾ ਕਰਦਿਆਂ ਉਸ ਨੂੰ ਅਸਤਿੱਤਵਵਾਦ ਦੀ ਫਿਲਾਸਫੀ ਨਾਲ ਵੀ ਜੋੜ ਸਕਦੇ ਹਨ। ਅਸਤਿੱਤਵਵਾਦ ਜਾਂ ਹੋਂਦਵਾਦ ਦੀ ਗੱਲ ਫਿਲਾਸਫੀ, ਸਾਹਿਤ ਜਾਂ ਕਲਾ ਵਿਚ ਖ਼ਾਸਕਰ ਕਰਕੇ ਦੂਜੀ ਵਿਸ਼ਵ ਜੰਗ ਦੀ ਤਬਾਹੀ ਪਿਛੋਂ ਵਿਸ਼ੇਸ਼ ਬਹਿਸ ਦਾ ਕੇਂਦਰ ਬਣੀ ਰਹੀ ਹੈ। ਉਂਝ ਹੋਂਦ ਦੇ ਸਵਾਲ ਨੂੰ ਲੈ ਕੇ ਫ਼ਿਲਾਸਫਰ ਮੋਟੇ ਤੌਰ ‘ਤੇ ਆਸਤਕ ਤੇ ਨਾਸਤਕ ਵਰਗ ਵਿਚ ਵੰਡੇ ਗਏ ਹਨ। ਮਾਰਸਲ, ਜੈਸਪਰਜ਼, ਬਰਦਜ਼ੇਵ, ਧਰਮ ਕੇਂਦਰਿਤ ਹੋਂਦਵਾਦੀ ਹਨ ਜਦਕਿ ਹੈਡੇਗਰ, ਸਾਰਤਰ ਅਤੇ ਕਾਮੂ ਨਾਸਤਕ ਵਰਗ ਵਿਚ ਆਉਾਂਦੇ ਨ। ਇਥੇ ਸਾਡਾ ਮਨੋਰਥ ਇਸ ਦਰਸ਼ਨ ਦੀਆਂ ਬਾਰੀਕੀਆਂ ਵਿਚ ਜਾਣਾ ਨਹੀਂ, ਸਿਰਫ਼ ਇਸੇ ਨੁਕਤੇ ‘ਤੇ ਧਿਆਨ ਇਕਾਗਰ ਕਰਨਾ ਹੈ ਕਿ ਮਾਇਆ ਦੀ ਅੰਤਿਮ ਯਾਤਰਾ ਕਿੱਥੇ ਖ਼ਤਮ ਹੁੰਦੀ ਹੈ। ਇਸ ਸਬੰਧ ਵਿਚ ਸਾਰਤਰ ਦੀ ਚੇਤਨਾ ਬਾਰੇ ਇਹ ਦਿਲਚਸਪ ਪਰ ਆਪਾ ਵਿਰੋਧੀ ਟਿੱਪਣੀ ਮਾਇਆ ਦੇ ਆਖ਼ਰੀ ਟਿਕਾਣੇ ਬਾਰੇ ਕੁੱਝ ਕਨਸੋਆਂ ਦੇ ਸਕਦੀ ਹੈ। ਸਾਰਤਰ ਮੁਤਾਬਕ ‘ਚੇਤਨਾ ਵਗਦੀ ਹਵਾ ਵਾਂਗ ਹੈ ਜੋ ਸੰਸਾਰ ਵੱਲ ਵਗ ਰਹੀ ਹੈ ਪਰ ਆ ਕਿੱਥੋਂ ਰਹੀ ਹੈ, ਇਸਦਾ ਸਰੋਤ ‘ਕਿਤੇ ਵੀ ਨਹੀਂ’ (ਨੋ-ਵੇਅਰ)।” ਕਿਤੇ ਵੀ ਨਹੀਂ ਇਕ ਤਰ੍ਹਾਂ ਨਾਲ ਅਸੰਗਤ ਜਾਂ ਵਿਰੋਧਾਭਾਸ ਟਿੱਪਣੀ ਹੈ, ਜਿਸਦੇ ਇਕ ਤੋਂ ਵੱਧ ਅਰਥ ਕੱਢੇ ਜਾ ਸਕਦੇ ਹਨ। ਕੀ ‘ਕਿਤੇ ਵੀ ਨਹੀਂ’ ਦੀ ਗੱਲ ਸ਼ੁਨਿਯਾ ਵੱਲ ਸੰਕੇਤ ਕਰਦੀ ਹੈ, ਕੀ ਇਹ ਸ਼ੁਨਿਯਾ ਅਮੂਰਤ ਹੈ ਜਾਂ ਇਸ ਦੀ Ḕਹਾਂਪੱਖੀ’ ਹਾਂ ਨਾਲ ਤੁਲਨਾ ਕੀਤੀ ਜਾ ਸਕਦੀ ਹੈ? ਜਾਂ ਕੀ ਸਰਬ-ਵਿਆਪਕਤਾ ਦਾ ਸਿਧਾਂਤ ਸਾਨੂੰ ਕੋਈ ਤਸੱਲੀ ਦੇ ਸਕਦਾ ਹੈ ਜਿਥੇ ਲੇਖਿਕਾ ਮਾਇਆ ਨੂੰ ਖੜਦੀ ਹੈ। ਇਕ ਹੋਰ ਦਿਲਚਸਪ ਸਵਾਲ ਇਹ ਵੀ ਖੜ੍ਹਾ ਹੋ ਗਿਆ ਹੈ ਕਿ ਕੀ ਮਾਇਆ ਦੀ ਯਾਤਰਾ ਉਲਟ ਦਿਸ਼ਾ ਵੱਲ ਹੈ? ਜਾਂ ਦੂਜੇ ਲਫ਼ਜ਼ਾਂ ਵਿਚ ਇਹ ਪਿਛਾਂਹ ਵੱਲ ਨੂੰ ਜਾਂਦੀ ਹੈ ਜਿਵੇਂਕਿ ਸਲਮਨ ਮੱਛੀ। ਸਾਰਤਰ ਕਹਿੰਦਾ ਹੈ ਕਿ ਸਾਨੂੰ ਇਸ ਸੰਸਾਰ ਵਿਚ ਸੁੱਟ ਦਿੱਤਾ ਗਿਆ ਹੈ ਅਤੇ ਸੁੱਟੇ ਜਾਣ ਪਿੱਛੇ ਸਾਡੀ ਆਪਣੀ ਮਰਜ਼ੀ ਨਹੀਂ। ਕੀ ਇਸਦਾ ਮਤਲਬ ਇਹ ਹੈ ਕਿ ਸਾਨੂੰ ਜਿਥੋਂ ਸੁੱਟਿਆ ਗਿਆ ਹੈ, ਮਾਇਆ ਉਸ ਪਾਸੇ ਵੱਲ ਜਾਣ ਦਾ ਇਰਾਦਾ ਰੱਖਦੀ ਹੈ? ਬਿਲਕੁਲ ਸਲਮਨ ਮੱਛੀ ਵਾਂਗ ਜੋ ਕਈ ਮੀਲ ਅੱਗੇ ਵੱਲ ਸਫ਼ਰ ਕਰਦੀ ਹੋਈ ਫਿਰ ਵਾਪਸ ਪਰਤਦੀ ਹੈ ਯਾਨਿ ਪਾਣੀ ਦੇ ਵਹਾਅ ਦੇ ਉਲਟ ਚਲਦੀ ਹੈ ਅਤੇ ਆਖ਼ਰਕਾਰ ਜਿਥੋਂ ਆਉਂਦੀ ਹੈ, ਉਥੇ ਅੰਡੇ ਦੇ ਕੇ ਮੌਤ ਦੀ ਗੋਦ ਵਿਚ ਚਲੇ ਜਾਂਦੀ ਹੈ। ਪਿਛਾਂਹ ਵੱਲ ਪਰਤਣ ਦੀ ਧਾਰਨਾ ਉਤੇ ਵੀ ਇਕ ਦਿਲਚਸਪ ਬਹਿਸ ਸ਼ੁਰੂ ਹੋ ਸਕਦੀ ਹੈ।
ਉਤਰੀ ਅਮਰੀਕਾ ਦਾ ਇਕ ਦਰਿਆ ਹੈ ਕੋਲਾਰੀਡੋ, ਕਰੀਬ 2300 ਕਿਲੋਮੀਟਰ ਲੰਮਾ। ਇਹ ਦਰਿਆ ਵਗਦਾ-ਵਗਦਾ ਇਕ ਥਾਂ ‘ਤੇ ਜਾ ਕੇ ਅਚਾਨਕ ਨੱਬੇ ਡਿਗਰੀ ‘ਤੇ ਮੁੜ ਜਾਂਦਾ ਹੈ। ਸਮਾਜਿਕ ਤੇ ਰਾਜਨੀਤਕ ਵਰਤਾਰਿਆਂ ਵਿਚ ਵੀ ਕਈ ਵਾਰ ਘਟਨਾਵਾਂ ਸਾਡੀ ਬਾਹਰਮੁਖੀ ਸੋਚ ਅਤੇ ਸਮਝ ਤੋਂ ਆਜ਼ਾਦ ਉਸ ਦਿਸ਼ਾ ਵੱਲ ਮੁੜ ਜਾਂਦੀਆਂ ਹਨ ਜਿਸ ਦੀ ਸਮਾਜ ਵਿਗਿਆਨੀਆਂ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਮਾਇਆ ਨਾਵਲ ਨੇ ਵੀ ਪੰਜਾਬ ਦੇ ਸਾਹਿਤਕ ਜੀਵਨ ਵਿਚ ਕੁੱਝ ਇਸੇ ਤਰ੍ਹਾਂ ਦਾ ਹੀ ਮੋੜ ਕੱਟਿਆ ਹੈ। ਹੋ ਸਕਦੈ ਸਾਹਿਤਕ ਪਿੜ ਵਿਚ ਗੁੱਟਬਾਜ਼ੀਆਂ ਨਾਲ ਜੁੜੇ ਲੋਕਾਂ ਵਲੋਂ ਖਿੱਚੀਆਂ ਲਕੀਰਾਂ ਆਪੋ-ਆਪਣੇ ਕਾਰਨਾਂ ਕਰਕੇ ਇਕੋ ਥਾਂ ‘ਤੇ ਜਾ ਮਿਲਣ ਅਤੇ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਵਸੀ ਸੁਰਿੰਦਰ ਨੀਰ ਦੇ ਨਾਵਲ ਵਿਚੋਂ ਕੁੱਝ ਵੀ ਨਵਾਂ-ਨਰੋਆ ਤੇ ਸੱਜਰੀ ਸਵੇਰ ਵਰਗਾ ਮੌਲਿਕ ਤੱਤ ਨਾ ਲੱਭੇ। ਸਾਹਿਤ ਦੇ ਇਤਿਹਾਸ ਵਿਚ ਇਹੋ ਜਿਹੇ ਦੁਖਾਂਤ ਕੋਈ ਅਲੋਕਾਰੀ ਗੱਲ ਨਹੀਂ। ਪਰ ਫਿਰ ਵੀ ਪਾਠਕਾਂ ਦੀ ਦੁਨੀਆਂ ਵਿਚ ਇਸ ਨਾਵਲ ਦੇ ‘ਸਮਸਤੁਲ ਜ਼ੁਬਾਂ’ ਬਣਨ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।