ਮੁੰਬਈ/ਬਿਊਰੋ ਨਿਊਜ਼
‘ਮੇਰੇ ਪੀਆ ਗਏ ਰੰਗੂਨ’, ‘ਕਜਰਾ ਮੁਹੱਬਤ ਵਾਲਾ’ ਸਮੇਤ ਦਰਜਨਾਂ ਬੌਲੀਵੁੱਡ ਦੇ ਪ੍ਰਸਿੱਧ ਗੀਤਾਂ ਦੀ ਆਵਾਜ਼ ਸ਼ਮਸ਼ਾਦ ਬੇਗ਼ਮ ਨਹੀਂ ਰਹੀ। 94 ਸਾਲਾ ਸ੍ਰੀਮਤੀ ਬੇਗ਼ਮ ਮੁੰਬਈ ‘ਚ ਅਪਣੀ ਰਿਹਾਇਸ਼ ਵਿਖੇ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਪੁੱਤਰੀ ਨੇ ਦਸਿਆ ਕਿ ਕੁਝ ਨਜ਼ਦੀਕੀਆਂ ਦੀ ਮੌਜੂਦਗੀ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ ਹੈ। 14 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਜਨਮੀ ਸ਼ਮਸ਼ਾਦ ਬੇਗ਼ਮ ਨੇ 16 ਦਸੰਬਰ 1947 ‘ਚ ਲਾਹੌਰ ਸਥਿਤ ਪੇਸ਼ਾਵਰ ਰੇਡਿਓ ਤੋਂ ਆਪਣਾ ਗਾਇਕੀ ਸਫ਼ਰ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਲਗਾਤਾਰ ਇਹ ਸਿਲਸਿਲਾ ਜਾਰੀ ਰਿਹਾ। ਸ਼ਮਸ਼ਾਦ ਬੇਗ਼ਮ ਬੌਲੀਵੁੱਡ ਦੇ ਮੁੱਢਲੇ ਦੌਰ ਦੀ ਮਸ਼ਹੂਰ ਪਲੇਅ ਬੈਕ ਸਿੰਗਰ ਰਹੀ ਹੈ, ਜਿਸ ਨੇ ‘ਕਭੀ ਆਰ ਕਭੀ ਪਾਰ’, ‘ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ’, ‘ਸਈਆਂ ਦਿਲ ਮੇਂ ਆਨਾ ਰੇ’, ‘ਲੇ ਕੇ ਪਹਿਲਾ ਪਹਿਲਾ ਪਿਆਰ’, ‘ਅਫ਼ਸਾਨਾ ਲਿਖ ਰਹੀ ਹੂੰ’ ਸਮੇਤ ਅਜਿਹੇ ਕਈ ਗੀਤ ਗਾਏ ਜਿਹੜੇ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ।
ਸ਼ਮਸ਼ਾਦ ਬੇਗ਼ਮ ਨੇ ਬਹੁਤ ਸਾਰੇ ਪੰਜਾਬੀ ਗੀਤ ਵੀ ਗਾਏ ਹਨ। ਉਨ੍ਹਾਂ ਦੇ ਮਸ਼ਹੂਰ ਪੰਜਾਬੀ ਗੀਤਾਂ ਵਿਚ ‘ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਾ ਬਹਿੰਦੀ’, ‘ਬੱਤੀ ਬਾਲ ਕੇ ਚੁਬਾਰੇ ਉਤੇ ਰੱਖਦੀ ਆਂ’ ਅਤੇ ‘ਅੱਖੀਆਂ ‘ਚ ਪਾਵਾਂ ਕਿਵੇਂ ਕਜਲਾ, ਵੇ ਅੱਖੀਆਂ ‘ਚ ਤੂੰ ਵਸਦਾ‘ ਸ਼ਾਮਲ ਹਨ। ਸ਼ਮਸ਼ਾਦ ਦੇ ਸਮਕਾਲੀ ਕਲਾਕਾਰ ਮੰਨਦੇ ਹਨ ਕਿ ਉਸ ਦੀ ਗਾਇਕੀ ਕਮਾਲ ਦੀ ਸੀ, ਉਸ ਦਾ ਉਚਾਰਨ ਸੁਰਾਂ ‘ਤੇ ਪਕੜ ਅਤੇ ਲੋਚਦਾਰ ਆਵਾਜ਼ ਸੀ ਜਿਸ ਨੇ ਉਸ ਨੂੰ ਇਸ ਮੁਕਾਮ ‘ਤੇ ਖੜ੍ਹਾ ਕੀਤਾ। ਤਕਰੀਬਨ 4 ਦਹਾਕੇ ਤੱਕ ਹਿੰਦੀ ਫ਼ਿਲਮਾਂ ਵਿਚ ਇਕ ਤੋਂ ਵੱਧ ਕੇ ਇੱਕ ਮਕਬੂਲ ਗਾਣਿਆਂ ਨੂੰ ਸੁਰ ਦੇਣ ਵਾਲੀ ਸ਼ਮਸ਼ਾਦ ਬੇਗ਼ਮ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ ਸੀ। ਇਸ ਤੋਂ ਇਲਾਵਾ ਵੀ ਉਨ੍ਹਾਂ ਨੂੰ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
↧
ਮਸ਼ਹੂਰ ਗਾਇਕਾ ਸ਼ਮਸ਼ਾਦ ਬੇਗ਼ਮ ਨਹੀਂ ਰਹੇ
↧