ਜਗਜੀਤ ਸਿੰਘ ਥਿੰਦ
‘ਅਸਾਂ ਤਾਂ ਜੋਬਨ ਰੁੱਤੇ ਮਰਨਾ,
ਮੁੜ ਜਾਣਾ ਅਸੀਂ ਭਰੇ ਭਰਾਏ,
ਹਿਜ਼ਰ ਤੇਰੇ ਦੀ ਕਰ ਪਰਕਰਮਾ
ਜੋਬਨ ਰੁੱਤੇ ਜੋ ਬੀ ਮਰਦਾ ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ।’
ਅੱਜ ਤੋਂ ਚਾਰ ਦਹਾਕੇ ਪਹਿਲਾ ਮਾਂ ਬੋਲੀ ਪੰਜਾਬੀ ਦੀ ਅਜ਼ੀਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਆਪਣਾ ਜੋਬਨ ਰੁੱਤੇ ਮਰਨ ਦਾ ਸਿਰਜਿਆ ਸੁਪਨਾ ਸਾਕਾਰ ਕਰਕੇ ਆਪਣੇ ਪਰਿਵਾਰ ਅਤੇ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਗਮਾਂ ਦੇ ਸਮੁੰਦਰ ਵਿਚ ਡੁੱਬਿਆ ਛੱਡ ਕੇ ਅੰਤਿਮ ਵਿਦਾਇਗੀ ਦੇ ਗਿਆ। ਸ਼ਿਵ ਦਾ ਜਨਮ 26 ਜੁਲਾਈ 1936 ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਦੇ ਨਦੀ ਕੰਢੇ ਵਸੇ ਪਿੰਡ ਲੋਹਟੀਆਂ ਵਿਖੇ ਪੰਡਿਤ ਕ੍ਰਿਸ਼ਨ ਗੋਪਾਲ ਦੇ ਗ੍ਰਹਿ ਅਤੇ ਮਾਤਾ ਸ਼ਾਂਤੀ ਦੇਵੀ ਦੀ ਸੁਚੱਜੀ ਕੁੱਖੋ ਹੋਇਆ। ਸਾਡਾ ਇਹ ਵਿਲੱਖਣ ਸ਼ਾਇਰ 37 ਸਾਲ ਦੀ ਸੰਸਾਰੀ ਉਮਰ ਵਿਚੋਂ 13 ਸਾਲ ਪੰਜਾਬੀ ਕਵਿਤਾ ਦੇ ਲੇਖੇ ਲਾ ਗਿਆ। ਇਸ ਕਾਵਿਕ ਜੀਵਨ ਵਿਚ ਉਹ ਮਾਂ ਬੋਲੀ ਪੰਜਾਬੀ ਨੂੰ ਗਿਆਰਾਂ ਕਾਵਿ ਸੰਗ੍ਰਹਿ ਦੇ ਗਿਆ। ਉਹ ਆਪਣੀ ਅਮਰ ਕ੍ਰਿਤ ‘ਲੂਣਾ’ ਲਈ ਭਾਰਤੀ ਸਾਹਿਤ ਅਕਾਦਮੀ ਦਾ ਸਭ ਤੋਂ ਛੋਟੀ ਉਮਰ ਦਾ ਪੁਰਸਕਾਰ ਵਿਜੇਤਾ ਸੀ। ਸ਼ਿਵ ਪੰਜਾਬੀ ਦੇ ਉਨ੍ਹਾਂ ਕਵੀਆਂ ਵਿਚੋਂ ਹੈ ਜਿਸ ਨੇ ਪੰਜਾਬੀ ਕਵਿਤਾ ਨੂੰ ਦੁਨੀਆ ਦੀਆਂ ਵਿਕਸਤ ਬੋਲੀਆਂ ਦੇ ਹਾਣ ਦਾ ਹੋਣ ਦਾ ਮਾਣ ਦਿੱਤਾ। ਇਹ ਅਤਿਕਥਨੀ ਨਹੀਂ ਹੋਵੇਗੀ ਕਿ ਉਸ ਨੇ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਕੀਟਸ ਦੀ ਬਰਾਬਰਤਾ ਹਾਸਲ ਕੀਤੀ। ਪੰਜਾਬੀ ਦੀ ਮਰਹੂਮ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਸ਼ਿਵ ਦੀ ਕਾਵਿ ਪੁਸਤਕ ‘ਬ੍ਰਿਹਾ ਤੂੰ ਸੁਲਤਾਨ’ ਦੀ ਭੂਮਿਕਾ ਵਿਚ ਲਿਖਦੀ ਹੈ : ‘ਇਹ ਵੀ ਸੱਚੀ ਗੱਲ ਹੈ ਕਿ ਬੜੇ ਪਿੰਡ ਲੋਹਟੀਆਂ ਦਾ ਸ਼ਿਵ ਕੁਮਾਰ ਜਦ ਜੰਮਿਆ ਤਾਂ ਵਿਸਾਖੀ ਵਾਲੇ ਦਿਨ ਉਸ ਦੀ ਮਾਂ ਨੇ ਅੱਗ ਨਦੀ ਵਿਚੋਂ ਪਾਣੀ ਲਿਆ ਕੇ ਆਪਣੇ ਪੁੱਤਰ ਨੂੰ ਚਖਾਇਆ, ਇਹ ਬਸੰਤਰ ਨਦੀ ਇਸ ਪਿੰਡ ਦੀ ਕੁੱਖ ਵਿਚ ਵਗਦੀ ਹੈ।’ ਇਹ ਨਦੀ ਉਸ ਦੇ ਨੇੜੇ ਵਸਦੇ ਵਸਨੀਕਾਂ ਲਈ ਝਨਾਂ ਦੀ ਛੋਟੀ ਭੈਣ ਦਾ ਦਰਜਾ ਰੱਖਦੀ ਹੈ ਅਤੇ ਸ਼ਿਵ ਕੁਮਾਰ ਨੂੰ ਸ਼ਾਇਦ ਇਹ ਗੁੜ੍ਹਤੀ ਨੇ ਇਸ਼ਕ ਉਸ ਦੇ ਹੱਡਾਂ ਵਿਚ ਰਚਾ ਦਿੱਤਾ ਹੋਵੇ। ਜਿਵੇਂ ਕਿ ਉਪਰ ਜ਼ਿਕਰ ਕੀਤਾ ਹੈ ਕਿ ਸਾਡਾ ਇਹ ਅਲਬੇਲਾ ਮਹਾਨ ਕਵੀ 6 ਤੇ 7 ਮਈ 1973 ਨੂੰ ਜਵਾਨੀ ਦੀ ਉਮਰ ਵਿਚ ਹੀ ਰੰਗਲੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ, ਜਿਥੋਂ ਕੋਈ ਅੱਜ ਤੱਕ ਮੁੜਕੇ ਪਰਤਿਆ ਨਹੀਂ।
ਸ਼ਿਵ ਦੀ ਕਵਿਤਾ ਦੇ ਉਘੇ ਕਦਰਦਾਨ ਮਨਮੋਹਨ ਸਿੰਘ ਆਈਏਐਸ਼ ਸ਼ਿਵ ਦੇ ਪੂਰਨ ਕਾਵਿ ਸੰਗ੍ਰਹਿ ਪੁਸਤਕ ਦੀ ਭੂਮਿਕਾ ਵਿਚ ਲਿਖਦੇ ਹਨ : ’6 ਅਤੇ 7 ਮਈ ਦੀ ਵਿਚਕਾਰਲੀ ਰਾਤ ਪੰਜਾਬੀ ਕਵਿਤਾ ਦੀ ਸਭ ਤੋਂ ਅੰਧੇਰੀ ਰਾਤ ਸੀ। ਜੀਵਨ ਵਿਚ ਹਰ ਗੱਲ ਦਾ ਸਮਾਂ ਹੁੰਦਾ ਹੈ, ਜਿਉਣ ਦਾ ਸਮਾਂ, ਲਿਖਣ ਦਾ ਸਮਾਂ ਤੇ ਸੰਸਾਰ ਨੂੰ ਛੱਡਣ ਦਾ ਸਮਾਂ, ਪਰ ਮੈਂ ਸੋਚਦਾ ਹੈ ਕਿ ਇਹ ਉਸ ਦੇ ਮਰਨ ਦਾ ਸਮਾਂ ਨਹੀਂ ਸੀ।’ ਸ਼ਿਵ ਨੂੰ ਡਰ ਸੀ ਕਿ ਜੋਬਨ ਰੁੱਤੇ ਉਸ ਦਾ ਭਰਿਆ ਭਰਾਇਆ ਜੀਵਨ ਕਿਤੇ ਊਣਾ ਨਾ ਹੋ ਜਾਵੇ। ਇਸ ਕਰਕੇ ਜੋਬਨ ਰੁੱਤੇ ਸਦਾ ਲਈ ਸਾਨੂੰ ਅਲਵਿਦਾ ਕਹਿ ਗਿਆ। ਸ਼ਾਇਦ ਸ਼ਿਵ ਨੂੰ ਇਹ ਡਰ ਹੋਵੇ ਕਿ ਉਹ ਦਿਨ ਨਾ ਵੇਖਣੇ ਪੈਣ ਜਿਵੇਂ ਪੰਜਾਬੀ ਕਵੀਆਂ ਨੰਦ ਲਾਲ ਨੂਰਪੁਰੀ ਤੇ ਦੀਪਕ ਜੈਤੋਈ ਵਾਂਗੂੰ ਢਲਦੇ ਸਮੇਂ ਜੀਵਨ ਦੀ ਆਹੂਤੀ ਨਾ ਦੇਣੀ ਪਵੇ।’
ਮੈਨੂੰ ਸੰਨ 1993 ਵਿਚ ਇੰਗਲੈਂਡ ਜਾਣ ਦਾ ਮੌਕਾ ਮਿਲਿਆ। ਇਥੇ ਲਾਸ ਏਂਜਲਸ ਰਹਿੰਦੇ ਪੰਜਾਬ ਭਾਸ਼ਾ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਰ ਸਵਰਗੀ ਸ਼ ਦਲੀਪ ਸਿੰਘ ਨੇ ਮੈਨੂੰ ਕਿਹਾ ਕਿ ਮੈਂ ਇੰਗਲੈਂਡ ਵਿਚ ਸ਼ਿਵ ਦੀ ਵਲਾਇਤ ਫੇਰੀ ਸਮੇਂ ਉਸ ਦੇ ਨਿਕਟੀਆਂ ਮਿਸਿਜ਼ ਕੈਲਾਸ਼ਪੁਰੀ, ਕੁਲਦੀਪ ਤੱਖੜ, ਗਿਆਨੀ ਦਰਸ਼ਨ ਸਿੰਘ ਤੇ ਹੋਰਨਾਂ ਨੂੰ ਮਿਲਾਂ, ਜਿਨ੍ਹਾਂ ਤੋਂ ਮਰਹੂਮ ਕਵੀ ਦੀ ਆਵਾਜ਼ ਦੀਆਂ ਕੈਸਿਟਾਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਕੋਲ ਚੰਗੀ ਤਕਨੀਕ ਨਾ ਹੋਣ ਕਾਰਨ ਸ਼ਿਵ ਦੇ ਕਾਵਿ ਉਚਾਰਨ ਦੀਆਂ ਕੈਸਿਟਾਂ ਰੱਦੀ ਹੋ ਚੁੱਕੀਆਂ ਹਨ। ਮੈਨੂੰ ਮੇਰੇ ਇੰਗਲੈਂਡ ਰਹਿੰਦੇ ਨਿਕਟੀਆਂ ਨੇ ਲਿਵਰਪੂਲ ਵਿਖੇ ਮਿਸਿਜ਼ ਕੈਲਾਸ਼ਪੁਰੀ ਨਾਲ ਮਿਲਣ ਦਾ ਮੌਕਾ ਪ੍ਰਦਾਨ ਕਰਵਾਇਆ। ਸ਼ਿਵ ਦੀ ਇੰਗਲੈਂਡ ਫੇਰੀ ਨੂੰ ਕੈਲਾਸ਼ਪੁਰੀ ਨੇ ਹੀ ਸਪਾਂਸਰ ਕੀਤਾ ਸੀ ਤੇ ਇਸ ਸਮੇਂ ਵਲਾਇਤ ਦੇ ਵੱਖ ਵੱਖ ਸ਼ਹਿਰਾਂ ਵਿਚ ਸ਼ਿਵ ਨੇ 15 ਕਾਵਿ ਸਮਾਗਮਾਂ ਵਿਚ ਸ਼ਿਰਕਤ ਕੀਤੀ। ਮੇਰੀ ਕੈਲਾਸ਼ਪੁਰੀ ਨਾਲ ਲੰਮੀ ਗੱਲਬਾਤ ਦੌਰਾਨ ਉਸ ਨੇ ਸ਼ਿਵ ਦੀਆਂ ਇਸ ਫੇਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਪਰ ਠੋਸ ਪ੍ਰਾਪਤੀ ਕੁਝ ਵੀ ਨਾ ਹੋਈ। ਬੀਬੀ ਕੈਲਾਸ਼ਪੁਰੀ ਦੇ ਮਹਿਲਨੁਮਾਂ ਘਰ ਦੇ ਉਤਲੇ ਚੁਬਾਰੇ ਜਿਥੇ ਸ਼ਿਵ ਰਹਿੰਦਾ ਸੀ ਦਰਸ਼ਨ ਕਰਵਾਏ। ਮਿਸਿਜ ਪੁਰੀ ਨੇ ਦੱਸਿਆ ਕਿ ਸ਼ਿਵ ਦੇ ਇਥੋਂ ਜਾਣ ਤੋਂ ਬਾਅਦ ਉਸ ਦੇ ਕਮਰੇ ਵਿਚੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਤੋਂ ਬਗੈਰ ਕੋਈ ਪ੍ਰਾਪਤੀ ਨਹੀਂ ਹੋਈ। ਇਸ ਸਬੰਧੀ ਮੈਨੂੰ ਉਰਦੂ ਦੇ ਇਕ ਪ੍ਰਸਿੱਧ ਸ਼ਾਇਰ ਦਾ ਇਕ ਸ਼ੇਅਰ ਯਾਦ ਆਉਂਦਾ ਹੈ : ਕੁਝ ਤਸਵੀਰੇਂ ਬੁੱਤਾਂ ਚੰਦ ਖਤੂਤਿ ਹਸੀਨਾ, ਯੇਹ ਸਾਮਾਨ ਮਰਨੇ ਕੇ ਬਾਅਦ ਮੇਰੇ ਘਰ ਸੇ ਨਿਕਲਾ।’ ਸ਼ਿਵ ਦੇ ਇੰਗਲੈਂਡ ਫੇਰੀ ਸਮੇਂ ਦੂਜੇ ਬਹੁਤ ਹੀ ਨਜ਼ਦੀਕੀ ਦੋਸਤ ਮਿ. ਕੁਲਦੀਪ ਤੱਖੜ ਨੂੰ ਅਚਾਨਕ ਮਿਲਣ ਦਾ ਮੌਕਾ ਮਿਲਿਆ ਜੋ ਇੰਗਲੈਂਡ ਤੋਂ ਹਿਜ਼ਰਤ ਕਰਕੇ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਰਹਿੰਦੇ ਹਨ। ਜਦ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਉਹੀ ਮਿ. ਤੱਖੜ ਹੋ ਜੋ ਇੰਗਲੈਂਡ ਵਿਚ ਸ਼ਿਵ ਦਾ ਬਹੁਤ ਨਿਕਟੀ ਰਿਹਾ ਹੈ ਤਾਂ ਉਸ ਨੇ ਹਾਂ ਵਿਚ ਜਵਾਬ ਦਿੱਤਾ। ਮੈਨੂੰ ਇਹ ਦੱਸਣ ਵਿਚ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮਿæ ਤੱਖੜ ਕੋਲ ਸ਼ਿਵ ਦੀਆਂ ਨਿੱਜੀ ਚੀਜ਼ਾਂ ਉਸ ਦੀ ਆਵਾਜ਼ ਦੀਆਂ ਕੈਸਿਟਾਂ ਤੋਂ ਵਗੈਰ ਸ਼ਿਵ ਦੀ ਹੱਥ ਲਿਖਤ ਵਿਚ ਕਾਵਿ ਸੰਗ੍ਰਹਿ Ḕਲੂਣਾ’ ਤੇ Ḕਮੈਂ ਤੇ ਮੈਂ’ ਸ਼ਰਧਾ ਭਾਵਨਾ ਵਾਂਗ ਸਾਂਭ ਕੇ ਰੱਖੀਆਂ ਪਈਆਂ ਹਨ। ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਮਿæ ਤੱਖੜ ਨੇ Ḕਲੂਣਾ’ ਦਾ ਹੱਥ ਲਿਖਤ ਕਿੱਸਾ ਇੰਟਰਨੈਟ ਤੇ ਪਾ ਦਿੱਤਾ ਹੈ। ਅਜਿਹੇ ਵਿਅਕਤੀ ਦੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ।
ਵੇਖਣ ਵਿਚ ਆਇਆ ਹੈ ਕਿ ਸਾਡੇ ਪੰਜਾਬੀ ਸਾਹਿਤਕਾਰਾਂ ਦੀ ਅਖੀਰਲੀ ਉਮਰ ਦਾ ਸਮਾਂ ਬਹੁਤ ਦੁੱਖਦਾਈ ਹੁੰਦਾ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪੰਜਾਬ ਦੇ ਛੇਵੇਂ ਦਰਿਆ ਸਵਰਗੀ ਮਹਿੰਦਰ ਸਿੰਘ ਰੰਧਾਵਾ ਦੀ ਰੂਹ ਦਾ ਪੁਨਰ ਜਨਮ ਹੋਵੇ ਜੋ ਸਾਡੇ ਪੰਜਾਬੀ ਸਾਹਿਤਕਾਰਾਂ ਨੂੰ ਗੁੱਲੀ, ਜੁੱਲੀ ਤੇ ਕੁੱਲੀ ਵਰਗੀਆਂ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਤੋਂ ਮੁਕਤ ਰੱਖੇ। ਡਾ. ਰੰਧਾਵਾ ਨੇ ਦਿੱਲੀ ਦੇ ਡਿਪਟੀ ਕਮਿਸ਼ਨਰ, ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਹੋਣ ਸਮੇਂ ਲੋੜਵੰਦ ਸਾਹਿਤਕਾਰਾਂ ਨੂੰ ਬਹੁਤ ਸਹਾਰਾ ਦਿੱਤਾ । ਬਾਹਰਲੇ ਦੇਸ਼ਾਂ ਵਿਚ ਵੇਖਿਆ ਹੈ ਕਿ ਸਾਹਿਤਕਾਰਾਂ ਦੀਆਂ ਯਾਦਗਾਰਾਂ ਸਥਾਪਤ ਕਰਕੇ ਉਨ੍ਹਾਂ ਦੀਆਂ ਪੁਰਾਤਨ ਰਿਹਾਇਸ਼ਗਾਹਾਂ ਉਸੇ ਰੂਪ ਵਿਚ ਸਾਂਭੀਆਂ ਪਈਆਂ ਸ਼ਿਵ ਦੀ ਬਟਾਲੇ ਵਿਚ ਬਣੀ ਯਾਦਗਾਰ ਸਰਕਾਰਾਂ ਦੇ ਨਾ ਧਿਆਨ ਕਾਰਨ ਬਹੁਤ ਹੀ ਖਸਤਾ ਹਾਲਤ ਵਿਚ ਹੋ ਚੁੱਕੀ ਸੀ। ਪਤਾ ਨਹੀਂ ਕਿ ਮੁਰੰਮਤ ਆਦਿ ਕਰ ਦਿੱਤੀ ਹੈ ਜਾਂ ਨਹੀਂ? ਕੁਝ ਸਾਲ ਪਹਿਲਾਂ ਪਿਛਲੀ ਸਰਕਾਰ ਵਿਚ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕੈਲੀਫੋਰਨੀਆ ਫੇਰੀ ਸਮੇਂ ਇਸ ਦੀ ਮੁਰੰਮਤ ਸਬੰਧੀ ਯਕੀਨ ਦੁਆਇਆ ਸੀ। ਆਓ ਮਰਹੂਮ ਕਵੀ ਸ਼ਿਵ ਕੁਮਾਰ ਦੀਆਂ ਕਾਵਿ ਰਚਨਾਵਾਂ ਤੇ ਪੰਛੀ ਝਾਤ ਮਾਰੀਏ।
ਸ਼ਿਵ ਦੀ ਪ੍ਰਸਿੱਧ ਰਚਨਾ ‘ਲੂਣਾ’ ਹੈ ਜਿਸ ਲਈ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਸਨਮਾਨਤ ਕੀਤਾ ਸੀ। ਪੁਰਾਣੇ ਕਿੱਸਿਆਂ ਵਿਚ ‘ਲੂਣਾ’ ਨੂੰ ਚਰਿਤਰਹੀਣ ਤੇ ਘ੍ਰਿਣਤ ਪਾਤਰ ਦਰਸਾਇਆ ਸੀ, ਪਰ ਸ਼ਿਵ ਨੇ ਲੂਣਾ ਨੂੰ ਦੋਸ਼ ਮੁਕਤ ਕਰ ਦਿੱਤਾ ਹੈ :
ਪਿਤਾ ਜੇ ਧੀ ਦਾ ਰੂਪ ਹੰਢਾਵੇ
ਤਾਂ ਲੋਕਾ ਵੇ ਤੈਨੂੰ ਲਾਜ ਨਾ ਆਵੇ,
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤਰਹੀਣ ਕਵੇ, ਕਿਉ ਜੀਭ ਜਹਾਨ ਦੀ।’
ਸ਼ਿਵ ਦੀ ਸਮੁੱਚੀ ਮਾਨਸਿਕਤਾ ਤੇ ਬ੍ਰਿਹਾ ਤੇ ਗ਼ਮ ਦੀਆਂ ਹੱਡੀਂ ਰਚੀਆਂ ਪੀੜਾਂ ਨੇ ਉਸ ਨੂੰ ਦੁਨੀਆ ਤੋਂ ਨਿਰਮੋਹਾ ਬਣਾ ਦਿੱਤਾ। ਉਸ ਦੇ ਮਨ ਵਿਚ ਅਜਿਹੀਆਂ ਦਰਦੀਲੀਆਂ ਹੂਕਾਂ ਉਠਦੀਆਂ ਰਹਿੰਦੀਆਂ ਸਨ, ਜਿਸ ਦਾ ਉਹ ਦਰਦ ਵੰਡਾਉਣ ਦਾ ਹੋਕਾ ਦਿੰਦਾ ਰਹਿੰਦਾ ਸੀ :
ਮੇਰੇ ਪਿੰਡ ਦੀਓ ਕੁੜੀਓ ਚਿੜੀਓ ਨੀ,
ਮੈਨੂੰ ਦਿਓ ਦਲਾਸਾ ਨੀ,
ਪੀ ਚਲਿਆ ਮੈਨੂੰ ਘੁਟ ਘੁਟ ਕਰਕੇ,
ਗ਼ਮ ਦਾ ਮਿਰਗ ਪਿਆਸਾ ਨੀ।
ਸਾਡਾ ਮਰਹੂਮ ਕਵੀ ਮੌਤ ਨੂੰ ਸਵਾਗਤੀ ਲਹਿਜੇ ਨਾਲ ਉਡੀਕ ਰਿਹਾ ਸੀ ਅਤੇ ਦਰ ਤੇ ਆਈ ਭਿਖਾਰੀ ਮੌਤ ਨੂੰ ਖਾਲੀ ਹੱਥ ਨਹੀਂ ਸੀ ਮੋੜਨਾ ਚਾਹੁੰਦਾ :
ਠਹਿਰ ਮੌਤੇ ਨੀ, ਲੈ ਜਾ ਮੈਨੂੰ
ਨਾਰਾਜ਼ ਹੋ ਕੇ ਕਿਉਂ ਮੁੜ ਚਲੀ ਏ,
ਖਾਲੀ ਮੋੜਨ ਨੂੰ ਜੀ ਨਹੀਂ ਕਰਦਾ,
ਹੁਣ ਦਰ ਤੇ ਆਈ ਸਵਾਲੀ ਨੂੰ।’
ਸ਼ਿਵ ਦੇ ਮਨ ਵਿਚ ਮਰਨ ਤੋਂ ਬਾਅਦ ਆਪਣੀ ਅਰਥੀ ਦੇ ਉਠਾਉਣ ਦਾ ਦ੍ਰਿਸ਼ ਇਸ ਤਰ੍ਹਾਂ ਅੰਕਿਤ ਕਰਦਾ ਹੈ :
ਅੱਜ ਫੁੱਲਾਂ ਦੇ ਘਰ ਮਹਿਕ ਦੀ,
ਆਈ ਦੂਰੋਂ ਚਲ ਮਕਾਣ ਵੇ
ਸਾਡੇ ਵਿਹੜੇ ਪਤਰ ਅੰਬ ਦੇ
ਟੰਗ ਗਏ ਮਰਾਸੀ ਆਣ ਵੇ,
ਕਾਗਜ਼ ਦੇ ਤੋਤੇ ਲਾ ਗਏ,
ਮੇਰੀ ਅਰਥੀ ਨੂੰ ਤ੍ਰਖਾਣ ਵੇ।
ਸ਼ਿਵ ਤਾਂ ਕਹਿੰਦਾ ਹੈ ਕਿ ਉਸ ਨੂੰ ਕਬਰਾਂ ਇਸ ਤਰ੍ਹਾਂ ਉਡੀਕਦੀਆਂ ਹਨ ਜਿਵੇਂ ਚਿਰੀਂ ਵਿਛੜੇ ਪੁੱਤਰਾਂ ਨੂੰ ਮਾਵਾਂ :
ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚਲਿਆ ਪਰਛਾਵਾਂ
ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ।
ਸ਼ਿਵ ਲਿਖਦਾ ਹੈ ਕਿ ਮੈਂ ਚਲਿਆ ਵੀ ਗਿਆ ਤਾਂ ਸੰਸਾਰ ਤੋਂ ਮੇਰੇ ਤੁਰ ਜਾਣ ਨਾਲ ਕੀ ਫਰਕ ਪੈਂਦਾ ਹੈ :
ਲੱਖ ਚੇਤਰ ਨੂੰ ਦੇਵਾਂ ਮੱਤੀਂ
ਰਾਮ ਵੀ ਮੋਇਆ ਰਾਵਣ ਮੋਇਆ,
ਕੀ ਹੋਇਆ ਸਮਿਆਂ ਤੇਰਾ
ਇਕ ਫੁੱਲ ਟਾਹਣੀ, ਨਾਲੋਂ ਖੋਹਿਆ।
ਕਵੀ ਸ਼ਿਵ ਤਾਂ ਕਬਰਾਂ ਦੀ ਕਲਰੀ ਖੁਸ਼ਬੋਈ ਮਿੱਟੀ ਦਾ ਤਿਲਕ ਆਪਣੇ ਮੱਥੇ ‘ਤੇ ਲਾਉਣਾ ਚਾਹੁੰਦਾ ਸੀ :
ਅੱਜ ਕਬਰਾਂ ਦੀ ਕਲਰੀ ਮਿੱਟੀ
ਲਾਓ ਮੇਰੇ ਮੱਥੇ ਨੀ।
ਕਵੀ ਸ਼ਿਵ ਦੇ ਮਨ ਵਿਚ ਪੱਕੇ ਤੌਰ ‘ਤੇ ਵਸਿਆ ਹੋਇਆ ਸੀ ਕਿ ਸਾਰੇ ਮੂੰਹ ਮੁਲਾਹਜੇ ਜਿਉਂਦਿਆਂ ਦੇ ਹੀ ਹਨ ਅਤੇ ਮੋਇਆਂ ਦੀਆਂ ਅੰਤਿਮ ਰਸਮਾਂ ਤੇ ਕੁਝ ਲੋਕ ਆਪਣਾ ਹੇਜ਼ ਜਤਾਉਂਦੇ ਧੜੱਲੇਦਾਰ ਤਕਰੀਰਾਂ ਤੇ ਝੂਠੇ ਵਾਅਦੇ ਕਰਕੇ ਚਲੇ ਜਾਂਦੇ ਹਨ ਅਤੇ ਮੁੜਕੇ ਕੋਈ ਬਾਤ ਨਹੀਂ ਪੁੱਛਦਾ। ਮਰਹੂਮ ਕਵੀ ਦੇ ਮਨ ਵਿਚ ਮਰਨ ਤੋਂ ਬਾਅਦ ਦਾ ਦ੍ਰਿਸ਼ ਚਿਤਵਿਆ ਹੋਇਆ ਜੋ ਬਲਵੰਤ ਗਾਰਗੀ ਨਾਲ ਹੋਈ ਗੱਲਬਾਤ ਉਸ ਦੀ ਪੁਸਤਕ ਵਿਚ ਦਰਜ ਹੈ, ਸ਼ਿਵ ਗਾਰਗੀ ਨੂੰ ਕਹਿੰਦਾ ਹੈ :-
‘ਜਦੋਂ ਮੈਂ ਮਰਿਆ ਤਾਂ ਬਲਵੰਤ ਪੰਜ ਕੁੱਤਿਆਂ ਨਹੀਂ ਆਉਣਾ। ਅੰਮ੍ਰਿਤਾ ਇਕ ਨਜ਼ਮ ਲਿਖ ਦੇਵੇਗੀ ਅਤੇ ਤੂੰ ਆਖੇਂਗਾ ਮਰ ਗਿਆ ਵਿਚਾਰਾ ਕੌਡੀਆਂ ਵਾਲਾ ਸੱਪ।’
ਸ਼ਿਵ ਨੂੰ ਲੋਕਾਈ ਤੇ ਗਿਲਾ ਹੈ, ਕਿਸੇ ਨੇ ਉਹ ਦੇ ਦਰਦ ਵੱਲ ਧਿਆਨ ਨਹੀਂ ਦਿੱਤਾ :
ਲੋਕਾਂ ਮੇਰੇ ਗੀਤ ਸੁਣ ਲਏ
ਪਰ ਦਰਦ ਨਾ ਕਿਸੇ ਜਾਣਿਆ।
ਸਾਡਾ ਕਵੀ ਆਪਣੀ ਕਵਿਤਾ Ḕਲੁੱਚੀ ਧਰਤੀ’ ਵਿਚ ਰਾਜ ਕਰ ਰਹੀਆਂ ਹਕੂਮਤਾਂ ਸਬੰਧੀ ਕਹਿੰਦਾ ਹੈ, ਕਿ ਇਨ੍ਹਾਂ ਨੇ ਹਮੇਸ਼ਾ ਸਾਮਰਾਜੀਆਂ ਦਾ ਸਾਥ ਦਿੱਤਾ ਹੈ ਅਤੇ ਗਰੀਬਾਂ ਨੂੰ ਅਣਡਿੱਠ ਕੀਤਾ ਹੈ :-
‘ਸਦਾ ਰਹੀ ਰਾਜ ਘਰਾਂ ਸੰਗ ਸੁੱਤੀ।
ਰਾਜ ਘਰਾਂ ਸੰਗ ਉਠੀ।
ਝੁੱਗੀਆਂ ਦੇ ਸੰਗ ਜਦ ਵੀ ਬੋਲੀ,
ਬੋਲੀ ਸਦਾ ਹੀ ਰੁੱਖੀ।’
ਸ਼ਿਵ ਆਖ਼ਰੀ ਸਾਹਾਂ ਤੇ ਉਹ ਦੇ ਮਨ ਵਸੀ ਕੁੜੀ ਨੂੰ ਉਡੀਕਦਾ ਰਿਹਾ ਜੋ ਪ੍ਰਦੇਸਾਂ ਵਿਚੋਂ ਮੁੜਕੇ ਵਾਪਸ ਨਹੀਂ ਆਈ। ਉਸ ਦੀ ਕਵਿਤਾ Ḕਸ਼ਿਕਰਾ’ ਵਿਚ ਇਸ ਦਰਦ ਨੂੰ ਇਸ ਤਰ੍ਹਾਂ ਬਿਆਨਦਾ ਹੈ :
‘ਮਾਏ ਨੀ ਮਾਏ ਮੈਂ, ਇਕ ਸ਼ਿਕਰਾ ਯਾਰ ਬਣਾਇਆ,
ਇਕ ਉਡਾਰੀ ਉਸ ਐਸੀ ਮਾਰੀ, ਮੁੜ ਵਤਨੀ ਨਾ ਆਇਆ।’
ਸ਼ਿਵ ਦੀ ਸਮੁੱਚੀ ਕਵਿਤਾ ਵਿਚ ਕਾਇਨਾਤ ਦੀਆਂ ਕੁਦਰਤੀ ਦਾਤਾਂ ਜਿਨ੍ਹਾਂ ਵਿਚ ਰੁੱਖ, ਦਰਿਆ, ਫੁੱਲ, ਪਰਬਤ ਆਦਿ ਆਪਦੀ ਮਨੋਦਿਸ਼ਾ ਅਨੁਸਾਰ ਵੇਖਦਾ ਹੈ :
ਕਿੱਕਰਾਂ ਦੇ ਫੁੱਲਾਂ ਦੀ ਅੜਿਆ, ਕੌਣ ਕਰੇਂਦਾ ਰਾਖੀ ਵੇ,
ਕਦ ਕੋਈ ਮਾਲੀ ਮਲ੍ਹਿਆ ਉੱਤੋਂ ਹਰੀਅਲ ਆਣ ਉਡਾਵੇ।
ਇਕ ਵਾਰੀ ਜਦੋਂ ਸ਼ਿਵ ਆਪਣੀ ਬਹੁਤ ਹੀ ਨੇੜਤਾ ਵਾਲੀ ਕੁੜੀ ਦੇ ਸ਼ਹਿਰੋਂ ਬੜੇ ਮਨ ਨਾਲ ਬੇਆਸਾ ਹੋ ਕੇ ਮੁੜਿਆ ਤਾਂ ਉਸ ਨੂੰ ਉਸ ਕਸਬੇ ਦੇ ਖੇਤ ਕੰਡਿਆਲੀ ਪੋਹਲੀ ਦੇ ਲਗਦੇ ਸਨ :
‘ਅੱਜ ਅਸੀਂ ਤੇਰੇ ਸ਼ਹਿਰ ਹਾਂ ਆਏ, ਤੇਰਾ ਸ਼ਹਿਰ ਜਿਉਂ ਖੇਤ ਪੋਹਲੀ ਦਾ,
ਅਸੀਂ ਤਾਂ ਤੇਰੇ ਸ਼ਹਿਰ ਦੀ ਜੂਹ ਵਿਚ ਮੁਰਦਾ ਦਲ ਇਕ ਦੱਬਣ ਆਏ।’
ਉਪਰੋਕਤ ਘਟਨਾ ਸਬੰਧੀ ਮੈਨੂੰ ਸਵਰਗੀ ਦਲੀਪ ਸਿੰਘ (ਸੇਵਾਮੁਕਤ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ) ਜੋ ਸ਼ਿਵ ਦਾ ਬਹੁਤ ਨਿਕਟੀ ਸੀ, ਉਸ ਸਮੇਂ ਨਾਲ ਸਨ ਦੇ ਵਿਸਥਾਰ ਨਾਲ ਦੱਸੀ। ਸ਼ਿਵ ਨੂੰ ਕਦੇ ਰੁੱਖ ਪਿਓਆਂ ਵਰਗੇ ਅਤੇ ਆਪਣੇ ਯਾਰ ਦੇ ਵਸੇਵੇ ਨਾਲ ਵਗਦਾ ਦਰਿਆ ਦਾ ਪਾਣੀ ਅਤਰ ਲਗਦਾ ਹੈ। ਸ਼ਿਵ ਦੀ ਸਮੁੱਚੀ ਕਵਿਤਾ ਵਿਚ ਇੰਨੀ ਵਿਸ਼ਾਲਤਾ ਕਿ ਉਸ ਨੂੰ ਪੜ੍ਹ ਕੇ ਮਨ ਦੀ ਪਿਆਸ ਨਹੀਂ ਬੁਝਦੀ। ਆਓ ਸਾਡੇ ਬ੍ਰਿਹਾ ਦੇ ਸੁਲਤਾਨ ਮਰਹੂਮ ਸ਼ਾਇਰ ਦੀ 40ਵੀਂ ਬਰਸੀ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਟ ਕਰੀਏ। ਸ਼ਿਵ ਦੇ ਜੋਬਨ ਰੁੱਤੇ ਵਿਛੋੜੇ ਸਬੰਧੀ ਪੰਜਾਬੀ ਸਾਹਿਤਕਾਰ ਮੋਹਣ ਕਾਹਲੋਂ ਇੰਝ ਲਿਖਦਾ ਹੈ :
‘ਸ਼ਿਵ ਛੋਟੀ ਉਮਰ ਭੋਗ ਦੇ ਆਪਣੀ ਕਵਿਤਾ ਦੀ ਉਮਰ ਯੁੱਗਾਂ ਜੇਡੀ ਕਰ ਗਿਆ।’
↧
ਜੋਬਨ ਰੁੱਤੇ ਸਦੀਵੀ ਵਿਛੋੜਾ ਦੇਣ ਵਾਲਾ ਯੁੱਗ ਕਵੀ ਸ਼ਿਵ ਬਟਾਲਵੀ
↧