ਜਗਜੀਤ ਸਿੰਘ ਥਿੰਦ
ਕਬੀਰਾ ਜਬ ਹਮ ਆਏ ਜਗਤ ਮੇਂ ਜੱਗ ਹੱਸੇ ਹਮ ਰੋਏ,
ਐਸੀ ਕਰਨੀ ਕਰ ਚਲੇ ਹਮ ਹੰਸੇ ਜੱਗ ਰੋਏ।
”ਘਲੇ ਆਏ ਨਾਨਕਾ ਸਦੇ ਉੱਠੀ ਜਾਏ” ਗੁਰਬਾਣੀ ਦੇ ਮਹਾਂ ਵਾਕ ਅਨੁਸਾਰ ਪੁਰਾਤਨ ਪੇਂਡੂ ਪੰਜਾਬੀ ਵਿਰਸੇ ਨੂੰ ਆਉਂਦੀਆਂ ਪੀੜ੍ਹੀਆਂ ਨਾਲ ਪ੍ਰੀਚਤ ਰਖਣ ਵਾਲੇ ਪ੍ਰਸਿੱਧ ਸਾਹਿਤਕਾਰ ਸ. ਹਰਕੇਸ਼ ਸਿੰਘ ਕਹਿਲ 19 ਫਰਵਰੀ 2015 ਕੈਲੀਫਰੋਨੀਆ ਦੇ ਸ਼ਹਿਰ ਕਲੋਵਿਸ ਤੋਂ ਆਪਣੇ ਸੁਖੀ ਵਸਦੇ ਪ੍ਰਫੁੱਲਤ ਪਰਿਵਾਰ ਤੇ ਰਿਸਤੇਦਾਰਾਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਇਥੇ ਸ. ਕਹਿਲ ਆਪਣੇ ਜਵਾਈ ਡਾ. ਸੁਰਿੰਦਰ ਸਿੰਘ ਸੰਧੂ ਤੇ ਸਪੁੱਤਰੀ ਹਰਪ੍ਰੀਤਪਾਲ ਕੌਰ ਕੋਲ ਇਕ ਨਾ ਮਰਾਦ ਬੀਮਾਰੀ ਦਾ ਇਲਾਜ ਕਰਵਾ ਰਹੇ ਸਨ। ਅਮਰੀਕਾ ਦੀ ਵਿਕਸਤ ਡਾਕਟਰੀ ਪ੍ਰਣਾਲੀ ਤੇ ਧੀ ਜਵਾਈ ਦੀਆਂ ਬੱਹੱਦ ਕੋਸ਼ਿਸ਼ਾਂ ਦੇ ਬਾਵਜੂਦ ਸ਼ਫਾ ਹਾਸਲ ਨਾ ਕਰ ਸਕੇ।
ਸ. ਕਹਿਲ ਦਾ ਜਨਮ 29 ਦਸੰਬਰ 1038 ਪਿੰਦ ਸੰਦੌੜ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ (ਹੁਣ ਤਹਿਸੀਲ ਮਲੇਰ ਕੋਟਲਾ ਜ਼ਿਲ੍ਹਾ ਸੰਗਰੂਰ) ਵਿਖੇ ਚੌਧਰੀ ਹਰਕਿਸ਼ਨ ਸਿੰਘ ਦੇ ਗ੍ਰਹਿ ਤੇ ਸਰਦਾਰਨੀ ਹਰਨਾਮ ਕੌਰ ਦੀ ਸੁਚੱਜੀ ਕੁਖੋਂ ਹੋਇਆ। ਬੇਸ਼ਕ ਇਹ ਪਰਿਵਾਰ ਖੇਤੀਬਾੜੀ ਕਿੱਤੇ ਨਾਲ ਰਜਿਆ ਪੁਜਾ ਸੀ ਪਰ ਅਭਿਮਾਨ ਰਹਿਤ ਸਮਾਜ ਸੇਵਾਵਾਂ ‘ਚ ਮੋਹਰੀ ਸੀ। ਆਪਣੇ ਦਸਵੀਂ ਤਕ ਦੀ ਪੜ੍ਹਾਈ ਆਪਦੇ ਪਿੰਡ ਦੇ ਹਾਈ ਸਕੂਲ ਤੋਂ ਕੀਤੀ ਅਤੇ ਬੀ ਏ ਗੌਰਮਿੰਟ ਕਾਲਜ ਮਲੇਰ ਕੋਟਲਾ ਤੋਂ ਸੰਨ 1959 ਵਿਚ ਪਾਸ ਕੀਤੀ। ਆਪਣੇ ਪੰਜਾਬ ਸਰਕਾਰ ਦੇ ਕੋਆਪਰੇਟਿਵ ਮਹਿਕਮੇ ‘ਚ ਸਰਵਿਸ ਦੀ ਸ਼ੁਰੂਆਤ ਕੀਤੀ ਅਤੇ ਤਰੱਕੀ ਕਰਦੇ ਕਰਦੇ ਡਿਪਟੀ ਰਜਿਸਟਰਾਰ (ਪੀ ਸੀ ਐਸ 1) ਦੇ ਅਹੁੱਦੇ ਤੋਂ ਦਸੰਬਰ 1996 ਵਿਚ ਰਿਟਾਇਰ ਹੋਏ। ਆਪਣੇ ਸਾਰਾ ਸਰਕਾਰੀ ਕਾਰਜ ਨਾਲ ਈਮਾਨਦਾਰੀ, ਨਿਰਪੱਖਤਾ ਤੇ ਭ੍ਰਿਸ਼ਟਾਚਾਰੀ ਰਹਿਤ ਨਿਭਾਇਆ।
ਸਾਹਿਤ ਪੜ੍ਹਣ ਦਾ ਸੌਆਪ ਨੂੰ ਆਪਣੇ ਚਾਚਾ ਜੀ ਮਹਿੰਦਰ ਸਿੰਘ, ਜੋ ਟੀਚਰ ਸਨ, ਦੇ ਗੋਡੇ ਮੁਢ ਬਹਿਣ ਨਾਲ ਹੋਇਆ। ਉਨ੍ਹਾਂ ਕੋਲ ਪੰਜਾਬੀ ਦੇ ਰਸਾਲੇ ਆਉਂਦੇ ਸਨ। ਕਾਲਜ ਵਿਚ ਪੜ੍ਹਦਿਆਂ ਉਨ੍ਹਾਂ ਕਾਲਜ ਮੈਗਜੀਨ ਦੇ ਪੰਜਾਬੀ ਸ਼ੈਕਸ਼ਨ ਦੇ ਜੁਆਇੰਟ ਐਡੀਟਰ ਦੀਆਂ ਸੇਵਾਵਾਂ ਨਿਭਾਈਆਂ। ਪਹਿਲਾਂ ਉਨ੍ਹਾਂ ਨੇ ਪੰਜਾਬੀ ਰਸਾਲਿਆਂ ਵਿਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਮਗਰੋਂ ਪੁਰਾਤਨ ਪੰਜਾਬੀ ਵਿਰਸੇ,ੰ ਜੋ ਦਿਨ ਬਦਿਨ ਅਲੋਪ ਹੋ ਰਿਹਾ ਸੀ, ਨੂੰ ਸਾਂਭਣ ਹਿਤ ਲਿਖਤ ਰੂਪ ਦੇਣ ਵਿਚ ਲਗਾਤਾਰ ਵਚਨਵੱਧਤਾ ਆਖਰੀ ਦਮਾਂ ਤਕ ਨਿਭਾਈ। ਉਨ੍ਹਾਂ ਆਪਣੀ ਸਰਵਿਸ ਦਾ ਕੋਈ 23 ਸਾਲ ਦਾ ਸਮਾਂ ਜ਼ਿਲ੍ਹਾ ਬਠਿੰਡਾ ਦੇ ਫੂਲ ਸ਼ਹਿਰ ‘ਚ ਬਿਤਾਇਆ। ਇਸ ਸ਼ਹਿਰ ਵਿਚ ਪੰਜਾਬੀ ਦੀ ਪਬਲਿਕ ਲਾਇਬਰੇਰੀ ਸੀ ਜਿਥੇ ਆਪ ਵਿਹਲਾ ਸਮਾਂ ਪੁਸਤਕਾਂ ਪੜ੍ਹਣ ਦੇ ਸ਼ੌਕ ਵਿਚ ਗੁਜ਼ਾਰਦੇ ਸਨ। ਇਥੇ ਉਹ ਸਾਹਿਤ ਨਾਲ ਇੰਨਾ ਜੁੜੇ ਗਏ ਕਿ ਆਖਿਰ ਵਿਚ ਇਸ਼ਕ ਦਾ ਰੂਪ ਧਾਰ ਗਿਆ। ਆਪਣੇ ਸਰਕਾਰੀ ਕਾਰਜ ਕਾਲ ਸਮੇਂ ਲਾਲ ਫੀਤਾਸ਼ਾਹੀ ਵਿਚੋਂ ਲੰਘਦੇ ਹੋਏ ਦੋ ਪੁਸ਼ਤਕਾਂ ”ਲੋਕ ਗੀਤ ਵਿਚ ਪੰਜਾਬੀ ਜੀਵਨ” ਤੇ ”ਪੰਜਾਬ ਲੋਕ ਵਿਰਸਾ” ਨੂੰ ਲਿਖਤੀ ਰੂਪ ਦਿੱਤਾ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਵਿਰਸੇ ਦਾ ਵੱਖ ਵੱਖ ਵਿਸ਼ਿਆਂ ਤੇ ਹਰ ਸਾਲ ਇਕ ਕਿਤਾਬ ਛਪਾਈ। ਇਨ੍ਹਾਂ ਦੀ ਗਿਣਤੀ ਤਕਰੀਬਨ ਡੇਢ ਦਰਜਨ ਦੇ ਕਰੀਬ ਹੋ ਗਈ ਹੈ।
ਪੇਂਡੂ ਵਿਰਸੇ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਗਿਆਨੀ ਗੁਰਦਿੱਤ ਸਿੰਘ ਨੇ ‘ਮੇਰਾ ਪਿੰਡ’ ਪੁਸਤਕ ਦੀ ਰਚਨਾ ਕਰਕੇ ਪਹਿਲ ਕਦਮੀ ਕੀਤੀ। ਇਸ ਤੋਂ ਬਾਅਦ ਫਕੀਰੀ ਜੀਵਨ ਵਾਲੇ ਦੇਵਿੰਦਰ ਸਤਿਆਰਥੀ, ਵਣਜਾਰਾ ਬੇਦੀ, ਰਣਜੀਤ ਸਿੰਘ (”ਮੇਰਾ ਪਿਤਾ ਬਹਾਦੂਰਪੁਰ”) ਜਸਦੇਵ ਸਿੰਘ ਧਾਲੀਵਾਲ (”ਮੇਰਾ ਪਿੰਡ ਦਸੌਂਦਾ ਸਿੰਘ ਵਾਲਾ”) ਸੌਦਾਗਰ ਸਿੰਘ ਅਤੇ ਬਰਾੜ ਡਾ.ਨਾਹਰ ਸਿੰਘ (ਲੋਕ ਗੀਤਾਂ ਦੇ ਸਮੂਹ ਕਰਤਾ) ਨੇ ਪੁਰਾਤਨ ਵਿਰਸੇ ਨੂੰ ਜੀਵਨ ਰੱਖਣ ਲਈ ਵੱਡਾ ਯੋਗਦਾਨ ਪਾਇਆ। ਡਾ. ਮਹਿੰਦਰ ਸਿੰਘ ਰੰਧਾਵਾ ਵਲੋਂ ਪੇਂਡੂ ਵਿਰਸੇ ਨਾਲ ਸਬੰਧਤ ਪੁਰਾਤਨ ਵਸਤਾਂ ਇਕੱਤਰ ਕਰਕੇ ਖੇਤੀ ਬਾੜੀਯੂਨੀਵਰਸਿਟੀ ਲੁਧਿਆਣਾ ਵਿਖੇ ਅਜਾਇਬ ਘਰ ਦੀ ਸਥਾਪਨਾ ਕਰਨਾ ਇਸ ਲਾ ਮਿਸਾਲ ਕਾਰਜ਼ ਹੈ। ਸ. ਹਰਕੇਸ਼ ਸਿੰਘ ਕਹਿਲ ਦੀ ਪਤਨੀ ਸਵਰਗੀ ਸਰਦਾਰਨੀ ਹਰਜੀਤ ਕੌਰ ਦੀ ਸੰਨ 1999 ਵਿਚ ਅਚਾਨਕ ਮ੍ਰਿਤੂ ਹੋ ਜਾਣ ਕਾਰਨ ਉਨ੍ਹਾਂ ਦੀ ਕਲਮ ਵਿਚ ਖੜੋਤ ਆ ਗਈ ਸੀ। ਪਰ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਦੇ ਮਾਨਸਿਕ ਦਰਦ ਨੂੰ ਨਿਵਾਰਨ ਵਿਚ ਵੱਡਾ ਯੋਗਦਾਨ ਪਾਇਆ। ਹਰਕੇਸ਼ ਸਿੰਘ ਕਹਿਲ ਨੇ ਪੁਰਾਤਨ ਪੰਜਾਬੀ ਪੇਂਡੂ ਵਿਰਸੇ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਜੋ ਕਾਰਜ ਕੀਤਾ ਹੈ ਉਹ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਕਰਨ ਯੋਗ ਸੀ। ਉਨ੍ਹਾਂ ਦੀਆਂ ਆਖਰੀ ਪੁਸਤਕਾਂ ਵਿਚ ”ਪੰਜਾਬੀ ਵਿਰਸਾ ਕੋਸ਼” ਦੀ ਦੁਨੀਆਂ ਦੀਆਂ ਜੁਬਾਨਾਂ ਦੇ ਮਹਾਨ ਕੋਸ਼ਾਂ ਨਾਲ ਤੁਲਨਾ ਕਰੀਏ ਤਾਂ ਕੋਈ ਅੱਥ ਕੱਥਨੀ ਨਹੀਂ ਹੋਵੇਗੀ। ਬੜੇ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬੀ ਜਬਾਨ ”ਅਧਾਰਤ ਪੰਜਾਬ ਸਰਕਾਰ ਨੇ ਸਾਡੇ ਪੁਰਾਣੇ ਸਾਹਿਤਕਾਰ ਨੂੰ ਕਦੇ ਮਾਣਤਾ ਨਹੀਂ ਦਿੱਤੀ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਪੁਰਾਤਨ ਪੰਜਾਬੀ ਸਭਿਆਚਾਰ ਨੂੰ ਸੁਰਖਿਅਤ ਰੱਖਣ ਦੇ ਲੇਖੇ ਲਾ ਦਿੱਤੀ। ਪਰ ਇਹ ਸਰਕਾਰ ਕਬੱਡੀ ਮੈਚਾਂ ਤੇ ਕੁਝ ਸਮੇਂ ਲਈ ਫਿਲਮੀ ਕਲਾਕਾਰਾਂ ਨੂੰ ਸੱਦ ਕੇ ਕਰੋੜਾਂ ਰੁਪਏ ਬਰਬਾਦ ਕਰਦੀ ਹੈ।
ਸਵਰਗਵਾਸੀ ਸ. ਕਹਿਲ ਦੀ ਦੇਹ ਦਾ ਦਾਹ ਸੰਸਕਾਰ ਫਰਿਜ਼ਨੋ ਦੇ ਟਿਕਲਰ ਫਿਓਨਰਲ ਹੋਮ ਵਿਖੇ 22 ਫਰਵਰੀ 2015 ਨੂੰ ਬਾਅਦ ਦੁਪਹਿਰ ਸਿੱਖ ਰਹੁ ਰੀਤਾਂ ਨਾਲ ਸੰਪੰਨ ਹੋਇਆ। ਗੁਰਦੁਆਰਾ ਸਿੰਘ ਸਭਾ ਦੇ ਹੈਡ ਗਰੰਥੀ ਸਾਹਿਬ ਨੇ ਪ੍ਰਮਾਇਤ ਗੁਰਬਾਣੀ ਦੇ ਪਾਠ ਤੇ ਅਰਦਾਸ ਕਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਬਟਨ ਦਬਾ ਕੇ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕੀਤਾ ਇਸ ਅੰਤਮ ਰਸਮ ਤੋਂ ਪਹਿਲਾ ਗੁਰਪ੍ਰੀਤ ਸਿੰਘ ਮਾਨ ਜਨਰਲ ਸਕੱਤਰ ਗੁਰਦੁਆਰਾ ਸਾਹਿਬ ਨੇ ਵਿਛੜੀ ਰੂਹ ਨੂੰ ਸੰਥਾਪਤ ਸ਼ਬਦਾਂ ਵਿਚ ਸ਼ਰਧਾਂਜਲੀ ਭੇਂਟ ਕੀਤੀ। ਸਵਰਗਵਾਸੀ ਸ. ਕਹਿਲ ਦੇ ਦੋਹਤਿਆਂ ਮਨਰੀਤ ਸੰਧੂ, ਮਹਿਜ ਸੰਧੂ ਤੇ ਨਵੀਤ ਸੰਧੂ ਨੇ ਆਪਣੇ ਨਾਨਾ ਜੀ ਨਾਲ ਬਿਤਾਏ ਕੁਝ ਪਲਾਂ ਦੀਆਂ ਯਾਦਾਂ ਸਾਂਝੀਆਂ ਕਰਕੇ ਅਕੀਦਤ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਦੇ ਕੈਨੇਡਾ ਤੋਂ ਆਏ ਦੋਹਤੇ ਤਰਨਵੀਰ ਸਿੰਘ ਗੋਸਲ ਨੇ ਆਪਣੇ ਨਾਨਾ ਜੀ ਦੀ ਨਮਿਤ ਸਿੱਖੀ ਪਹਿਰਾਵੇ ਵਿਚ ਅਰਦਾਸ ਕੀਤੀ। ਇਸ ਅਰਦਾਸ ਦਾ ਇਕ ਇਕ ਸ਼ਬਦ ਪ੍ਰਵਾਨਿਤ ਸਿੱਖ ਮਰਦਿਆਦਾ ਅਨੁਸਾਰ ਸੀ। ਇਸ ਤੋਂ ਪ੍ਰਭਾਵ ਲਿਆ ਸਕਦਾ ਹੈ ਕਿ ਇਹ ਪਰਿਵਾਰ ਬਦੇਸ਼ਾਂ ਵਿਚ ਵਸਦੇ ਹੋਏ ਵੀ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਯਤਨਸ਼ੀਲ ਹੈ।
ਫਿਊਨਲਰ ਹੋਮ ਵਿਚ ਰਸਮਾਂ ਤੋਂ ਬਾਅਦ ਸੰਗਤਾਂ ਗੁਰਦੁਆਰਾ ਸਾਹਿਬ ਸਿੰਘ ਸਭਾ ਫਰਿਜ਼ਨੋ ਪਹੁੰਚ ਗਈ ਜਿੱਥੇ ਵਿਛੜੀ ਆਤਮਾ ਨਮਿਤ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਹਿਜ ਪਾਠ ਦੇ ਗੁਰਸਿੱਖੀ ਰੁਹ ਰੀਤਾਂ ਨਾਲ ਪਾਏ ਗਏ। ਅੰਤਮ ਅਰਦਾਸ ਤੋਂ ਬਾਅਦ ਉਨ੍ਹਾਂ ਦੇ ਨੇੜਲੇ ਸੰਬਧੀਆਂ ਨੇ ਸੰਖੇਪ ਰੂਪ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾਨ ਨੇ ਸੁਖਦੇਵ ਸਿੰਘ ਸਿੱਧੂ ਨੂੰ ਸਟੇਜ ਤੇ ਸੱਦਾ ਦਿੱਤਾ ਜਿਨ੍ਹਾਂ ਨੇ ਸ. ਕਹਿਲ ਦੇ ਪਰਿਵਾਰ ਦੇ ਸਮਾਜ ਸੇਵਾ ਦੇ ਕੰਮਾਂ ਅਤੇ ਪੰਜਾਬੀ ਵਿਰਸੇ ਦੀ ਸੰਭਾਲ ਵਿਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਦਾ ਖੁਲਾਸਾ ਕੀਤੈ। ਬੇਕਰਜ਼ਫੀਲਡ ਤੋਂ ਆਏ ਗਿਆਨ ਸਿੰਘ ਬਿਲਗਾ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ. ਕਹਿਲ ਨੇ ਪੰਜਾਬੀ ਵਿਰਸੇ ਦੀ ਸੇਵਾ ਇਕ ਨਿਸਕਾਮ ਮਿਸ਼ਨਰੀ ਵਾਂਗ ਕੀਤੀ। ਉਨ੍ਹਾਂ ਨੇ ਕਦੇ ਸਰਕਾਰੀ ਸਨਮਾਨਾਂ ਦੀ ਝਾਕ ਵਿਚ ਕਿਸੇ ਦੀ ਚਮਚਾਗਰੀ ਨਹੀਂ ਕੀਤੀ।
ਕੈਲੀਫੋਰਨੀਆ ਦੀ ਸੈਂਟਰਲ ਵੈਲੀ ਫਰਿਜ਼ਨੋ ਦੇ ਉੱਘੇ ਸਮਾਜ ਸੇਵੀ ਸ. ਮਹਿੰਦਰ ਸਿੰਘ ਗਰੇਵਾਲ ਨੇ ਸਵਰਗਵਾਸੀ ਆਤਮਾ ਸੰਬੰਧੀ ਭਾਵਨਾ ਲਹਿਜੇ ਨਾਲ ਕਿਹਾ ਕਿ ਉਨ੍ਹਾਂ ਨਾਲ ਮੇਰੀ ਨੇੜਤਾ ਉਨ੍ਹਾਂ ਦੇ ਫਰਿਜ਼ਨੋ ਵਿਖੇ ਆਉਣ ਸਮੇਂ ਹੋਈ। ਸ. ਗਰੇਵਾਲ ਨੇ ਉਨ੍ਹਾਂ ਦੀ ਸ਼ਖ਼ਸ਼ੀਅਤ ਨੂੰ ਇਕ ਇਕੱਲਾ ਵਿਅਕਤੀ ਨਹੀਂ ਬਿਆਨਿਆ ਸਗੋ ਕਈ ਸੰਸਥਾਵਾਂ ਦਾ ਸਮੂਹ ਕਿਹਾ ਅਤੇ ਡਾ. ਇਕਬਾਲ ਦੇ ਸ਼ੇਅਰ ਨਾਲ ਤਜ਼ਵੀਰ ਦਿੱਤੀ।
ਏਕ ਦਾਨਾ ਕਾਫ਼ੀ ਹੈ, ਤਖਲੀਦਿ ਚਮਨ ਕੇ ਲੀਏ
ਮਰਦਿ ਵਾਹਦ ਸੇ, ਅਦਾਰੇ ਭੀ ਨਿਕਲ ਆਤੇ ਹੈ।
ਸ. ਗਰੇਵਾਲ ਨੇ ਕਿਹਾ ਸ. ਹਰਕੇਸ਼ ਸਿੰਘ ਕਹਿਲ ਦੀ ਮਿਕਨਾਤੀਸੀ ਸਖ਼ਸੀਤ ਵਿਚ ਇਨੀਂ ਖਿੱਚ ਸੀ ਕਿ ਜੋ ਵਿਅਕਤੀ ਉਨ੍ਹਾਂ ਦੀ ਸੰਪਰਕ ਵਿਚ ਆਇਆ ਉਦੇ ਨਾਲ ਦੋਸਤੀ ਆਖੀਰ ਤਕ ਨਿਭਾਈ ਉਨ੍ਹਾਂ ਸ. ਕਹਿਲ ਦੀ ਸਪੁੱਤਰੀ ਬੀਬੀ ਹਰਪ੍ਰਿਤਪਾਲ ਕੌਰ ਸੰਧੂ ਅਤੇ ਜਵਾਈ ਡਾ. ਸੁਰਿੰਦਰ ਦੀ ਸ਼ਲਾਘਾ ਕੀਤੀ ਜਿਨ੍ਹਾਂ ਆਪਣੇ ਪਿਤਾ ਜੀ ਦੀ ਆਖਰੀ ਦਮਾਂ ਤਕ ਤਨ ਮਨ ਤੇ ਧਨ ਨਾਲ ਸੇਵਾ ਨਿਭਾਈ। ਆਖੀਰ ਵਿਚ ਉਨ੍ਹਾਂ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਣ ਵਾਹਿਗੁਰੂ ਅੱਗੇ ਅਰਦਾਸ ਕੀਤੀ।
ਇਨ੍ਹਾਂ ਸਤਰਾਂ ਦੇ ਲੇਖਕ ਦੀ ਸ. ਹਰਕੇਸ਼ ਸਿੰਘ ਕਹਿਲ ਨਾਲ ਮੇਰੀ ਵਾਕਫੀ ਏਥੇ ਸਾਡੇ ਸ਼ਹਿਰ ਕਰਮਨ ਵਿਚ ਕਾਉਂਟੀ ਲਾਇਬਰੇਰੀ ਬ੍ਰਾਂਚ ਵਿਚ ਹੋਈ ਜਿਥੇ ਪੰਜਾਬੀ ਪੁਸਤਕਾਂ ਦਾ ਕਈ ਹਜ਼ਾਰ ਦਾ ਸਮੂਹ ਹੈ। ਉਹ ਆਪਣੇ ਪੁਸਤਕ ਪਿਆਰ ਸਦਕਾ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਸਨ। ਜਿੱਥੇ ਇਸ ਬ੍ਰਾਂਚ ਲਈ ਆਪਣੀ ਪੁਸਤਕਾਂ ਦਾਨ ਕਰਦੇ ਸਨ ਸਗੋਂ ਉਨ੍ਹਾਂ ਦੇ ਜਵਾਈ ਸੁਰਿੰਦਰ ਸਿੰਘ ਸੰਧੂ ਨੇ ਪੰਜ ਸੌ ਡਾਲਰ ਬਰਾਂਚ ਲਈ ਪੰਜਾਬੀ ਪੁਸਤਕਾਂ ਖਰੀਦਣ ਲਈ ਦਾਨ ਦਿੱਤਾ। ਮੈਨੂੰ ਉਨ੍ਹਾਂ ਨੇ 13 ਫਰਵਰੀ ਨੂੰ ਫੋਨ ਕੀਤਾ ਜਿਸ ਵਿਚ ਉਨ੍ਹਾਂ ਇੰਡੀਆ ਤੋਂ ਉਨ੍ਹਾਂ ਦੀਆਂ ਨਵੀਆਂ ਪੁਸਤਕ ਮੰਗਾਉਣ ਲਈ ਕਿਹਾ। ਉਹ ਅਖੀਰ 14 ਫਰਵਰੀ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਅਫਸੋਸ ਹੈ ਉਨ੍ਹਾਂ ਦੇ ਜਿਉਂਦੇ ਜੀ ਦਰਸ਼ਨ ਨਾ ਕਰ ਸਕਿਆ। ਅਖੀਰ ਵਿਚ ਸਵਰਗਵਾਸੀ ਸ. ਕਹਿਲ ਨੂੰ ਹੇਠ ਲਿਖੇ ਸ਼ੇਅਰ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ:
”ਕੌਨ ਕਹਿਤਾ ਹੈ ਕਿ ਉਨਹੇ ਮੌਤ ਆਈ ਹੈ, ਵੋਹ ਤੋਂ ਦਰਿਆ ਥੇ ਸਮੁੰਦਰ ਮੇਂ ਉਤਰ ਗਏ”
The post ਪੁਰਾਤਨ ਪੰਜਾਬੀ ਵਿਰਸੇ ਦੇ ਅਣਥੱਕ ਕਲਮਕਾਰ ਸ. ਹਰਕੇਸ਼ ਸਿੰਘ ਕਹਿਲ appeared first on Quomantry Amritsar Times.